Now Reading
ਨਸ਼ਾ ਤਸਕਰਾਂ ਖ਼ਿਲਾਫ਼ ਖੱਬੀਆਂ ਪਾਰਟੀਆਂ ਨੇ ਮੰਗ-ਪੱਤਰ ਸੌਂਪਿਆ

ਨਸ਼ਾ ਤਸਕਰਾਂ ਖ਼ਿਲਾਫ਼ ਖੱਬੀਆਂ ਪਾਰਟੀਆਂ ਨੇ ਮੰਗ-ਪੱਤਰ ਸੌਂਪਿਆ

ਫ਼ਰੀਦਕੋਟ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਿਨਵਾਦੀ ਵੱਲੋਂ ਬਲਰਾਜ ਸਿੰਘ ਅਤੇ ਗੁਰਤੇਜ ਹਰੀ ਦੀ ਅਗਵਾਈ ਹੇਠ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਲਈ ਨਸ਼ਾ ਤਸਕਰਾਂ ਖਿਲਾਫ਼ ਸਖ਼ਤੀ ਵਰਤਣ ਦੀ ਮੰਗ ਨੂੰ ਲੈ ਕੇ ਸਹਾਇਕ ਕਮਿਸ਼ਨਰ ਖੁਸ਼ਦਿਲ ਸਿੰਘ ਸੰਧੂ ਨੂੰ ਮੰਗ-ਪੱਤਰ ਸੌਂਪਿਆ।
ਪਾਰਟੀ ਆਗੂ ਬਲਰਾਜ ਸਿੰਘ ਅਤੇ ਗੁਰਤੇਜ ਹਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ ਚੋਣਾਂ ਵੇਲੇ ਹੱਥ ’ਚ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ ਸੀ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਕਾਂਗਰਸ ਦੀ ਸਰਕਾਰ ਆਉਣ ’ਤੇ 15 ਦਿਨਾਂ ਅੰਦਰ ਪੰਜਾਬ ’ਚੋਂ ਨਸ਼ਿਆਂ ਦੇ ਕਾਰੋਬਾਰ ਨੂੰ ਖਤਮ ਕਰਨਗੇ ਪਰ ਕੈਪਟਨ ਸਰਕਾਰ ਇੱਕ ਸਾਲ ਤੋਂ ਵੱਧ ਸਮਾਂ ਲੰਘਣ ’ਤੇ ਵੀ ਨਸ਼ਿਆਂ ਨੂੰ ਲਗਾਮ ਨਹੀਂ ਪਾ ਸਕੀ। ਆਗੂ ਜਗਜੀਤ ਸਿੰਘ, ਮੰਦਰ ਸਿੰਘ, ਮਿੱਠੂ ਸਿੰਘ, ਦਰਸ਼ਨ ਸਿੰਘ, ਕੁਲਦੀਪ ਸਿੰਘ ਨੇ ਕਿਹਾ ਕਿ ਅਸਲ ਵਿੱਚ ਨਸ਼ਿਆਂ ਦੇ ਕਾਰੋਬਾਰ ਵਿੱਚ ਰਾਜਨੀਤਿਕ ਆਗੂ, ਪੁਲੀਸ ਅਫ਼ਸਰ ਅਤੇ ਸਮੱਗਲਰ ਆਪਸ ਵਿੱਚ ਜੁੜੇ ਹੋਏ ਹਨ, ਇਸ ਕਰਕੇ ਇਸ ਕਾਰੋਬਾਰ ਨੂੰ ਸਖ਼ਤੀ ਨਾਲ ਨਹੀਂ ਰੋਕਿਆ ਜਾ ਰਿਹਾ।
ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਨਸ਼ੇ ਕਰਨ ਵਾਲੇ ਨੌਜਵਾਨਾਂ ਦਾ ਆਪਣੇ ਪੱਧਰ ’ਤੇ ਮੁਫ਼ਤ ਇਲਾਜ ਕਰਵਾਏ, ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਣ, ਬੇਰੁਜ਼ਗਾਰ ਨੌਜਵਾਨਾਂ ਨੂੰ ਯੋਗਤਾ ਮੁਤਾਬਿਕ ਬਿਨਾ ਸ਼ਰਤ ਰੁਜ਼ਗਾਰ ਦਿੱਤਾ ਜਾਵੇ, ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸੰਬੰਧਤ ਤਸਕਰ ਅਤੇ ਸਬੰਧਤ ਥਾਣੇ ਦੇ ਅਧਿਕਾਰੀਆਂ ਖਿਲਾਫ਼ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਰੁਪਿੰਦਰ ਸਿੰਘ, ਦਵਿੰਦਰ ਸਿੰਘ, ਜਸਵਿੰਦਰ ਸਿੰਘ, ਜਗਸੀਰ ਸਿੰਘ ਆਦਿ ਵੀ ਹਾਜ਼ਰ ਸਨ।

Scroll To Top