Now Reading
ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਸਭ ਤੋਂ ਵੱਡੀ ਲੋੜ

ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਸਭ ਤੋਂ ਵੱਡੀ ਲੋੜ

ਡਾ. ਸਤਨਾਮ ਸਿੰਘ
ਆਸਟਰੇਲੀਆ ਦੁਨੀਆਂ ਦਾ ਸਭ ਤੋਂ ਖੁਸ਼ਕ ਟਾਪੂ ਹੈ ਮਤਲਬ ਕਿ ਇੱਥੇ ਪਾਣੀ ਦੀ ਬਹੁਤ ਘਾਟ ਹੈ, ਇਸੇ ਕਰਕੇ ਇੱਥੇ ਜ਼ਮੀਨੀ ਪਾਣੀ ਨੂੰ ਕੱਢਣ ‘ਤੇ ਮਨਾਹੀ ਹੈ। ਕਿਸਾਨ ਆਪਣੀ ਫਸਲ ਨੂੰ ਪਾਣੀ ਜਾਂ ਤਾਂ ਨਹਿਰਾਂ ਦਾ ਲਾਉਂਦੇ ਹਨ, ਜਿਸਦਾ ਉਹਨਾਂ ਨੂੰ ਮੁੱਲ ਤਾਰਨਾ ਪੈਂਦਾ ਹੈ ਜਾਂ ਫਿਰ ਆਪਣੇ ਖੇਤਾਂ ਵਿੱਚ ਆਪਣਾ ਡੈਮ ਬਣਾਉਂਦੇ ਹਨ ਜਿਸ ਵਿੱਚ ਮੀਂਹ ਦਾ ਪਾਣੀ ਇੱਕਠਾ ਹੁੰਦਾ ਹੈ ਅਤੇ ਉਸ ਡੈਮ ਵਿੱਚੋਂ ਭੇਡਾਂ, ਗਾਵਾਂ ਅਤੇ ਫਸਲਾਂ ਨੂੰ ਪਾਣੀ ਮਿਲਦਾ ਹੈ। ਪੀਣ ਵਾਲਾ ਪਾਣੀ ਵੀ ਮੀਂਹ ਦਾ ਪਾਣੀ ਹੁੰਦਾ ਹੈ ਜੋ ਡੈਮ ਤੋਂ ਫ਼ਿਲਟਰ ਹੋ ਕੇ ਘਰਾਂ ਵਿੱਚ ਪਹੁੰਚਦਾ ਹੈ। ਜਿੰਨੀ ਟੈਕਨੋਲੋਜੀ ਗੋਰਿਆਂ ਕੋਲ ਹੈ ਇਹਨਾਂ ਨੇ ਤਾਂ ਥੱਲਿਉ ਰਹਿੰਦਾ ਖੂੰਦਾ ਪਾਣੀ ਵੀ ਕੱਢ ਲੈਣਾ ਸੀ ਪਰ ਨੀਤੀ ਘਾੜਿਆਂ ਨੇ ਇਸ ਉੱਤੇ ਲੀਕ ਹੀ ਮਾਰ ਦਿੱਤੀ ਕਿ ਆਉਣ ਵਾਲ਼ੀਆਂ ਨਸਲਾਂ ਦੇ ਵਾਤਾਵਰਣ ਲ਼ਈ ਧਰਤੀ ਹੇਠਲਾ ਪਾਣੀ ਕੱਢਣਾ ਘਾਤਕ ਸਿੱਧ ਹੋਵੇਗਾ। ਆਸਟਰੇਲੀਆ ਦੇ ਅੰਬ, ਕਣਕ, ਬੇਰੀਆਂ, ਅੰਗੂਰਾਂ ਦੀ ਬਣੀ ਵਾਈਨ, ਸੰਤਰੇ ਅਤੇ ਚੌਲ ਸਾਰੀ ਦੁਨੀਆ ਵਿੱਚ ਮਸ਼ਹੂਰ ਹਨ ਅਤੇ ਖੇਤੀ-ਬਾੜੀ ਦੇਸ਼ ਦਾ ਦੂਜਾ ਵੱਡਾ ਸੈਕਟਰ ਹੈ। ਹੋਣ ਨੂੰ ਸਭ ਕੁਝ ਹੋ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਤੁਹਾਡੇ ਤੇ ਰਾਜ ਕਰਨ ਵਾਲੇ ਸਮਝਦਾਰ ਅਤੇ ਇਮਾਨਦਾਰ ਹੋਣ।

* ‘ਪਹਿਲਾ ਪਾਣੀ ਜੀਓ ਹੈ ਜਿਤੁ ਹਰਿਆ ਸਭ ਕੋਇ’-ਬਾਬਾ ਨਾਨਕ
* ‘ਬਿਨ ਪਾਣੀ ਸਭ ਸੂਨ (ਸੁੰਨ)’ -ਮਹਾਂਕਵੀ ਅਬਦੁੱਲ ਰਹੀਮ
ਪਾਣੀ ਦੀ ਮਹੱਤਤਾ ਬਾਬੇ ਜੈਨ ਮਹਾਵੀਰ ਨੇ ਕਿਹਾ ”ਜਲ ਦਾ ਉਪਯੋਗ ਘੀ ਦੇ ਉਪਯੋਗ ਦੀ ਤਰ੍ਹਾਂ ਸੰਜਮ ਨਾਲ ਕਰਨਾ ਚਾਹੀਦਾ ਹੈ।”
12ਵੀਂ ਸਦੀ ਵਿਚ ਜਦ ਪਾਣੀ ਦੀ ਬਿਲਕੁਲ ਕਿੱਲਤ ਨਹੀਂ ਸੀ, ਲੰਕਾ ਦੇ ਮਹਾਨ ਸਮਰਾਟ ਸ਼੍ਰੀ ਪਰਕਰਮਾ ਬਾਹੂ ਨੇ ਲਿਖਿਆ ”ਪ੍ਰਿਥਵੀ ਉਤੇ ਉਤਰੇ ਪਾਣੀ ਦੀ ਇਕ-ਇਕ ਬੂੰਦ ਮਾਨਵ ਦੀ ਸੇਵਾ ਬਿਨਾਂ ਸਮੁੰਦਰ ਵਿਚ ਨਹੀਂ ਜਾਣੀ ਚਾਹੀਦੀ।”
ਸਪੱਸ਼ਟ ਹੈ ਅਤੇ ਹੋ ਚੁੱਕਾ ਹੈ ਕਿ ਪਾਣੀ ਸਾਡੀ ਆਰਥਿਕਤਾ, ਸਮਾਜਿਕ ਤਾਣੇ-ਬਾਣੇ ਤੇ ਜੀਵਨ ਦੀ ਮੁੱਢਲੀ ਲੋੜੀਂਦੀ ਸ਼ਕਤੀ ਹੈ। ਭਾਵੇਂ ਕਿ ਕੁਦਰਤ ਵਿਚ ਅਨੇਕਾਂ ਪਦਾਰਥ ਉਪਲੱਬਧ ਹਨ ਪਰ ਪਾਣੀ ਵੀ ਬਹੁਤ ਸਾਰੇ ਭੌਤਿਕ ਗੁਣਾਂ ਵਾਲਾ ਦੁਰਲੱਭ ਪਦਾਰਥ ਹੈ। ਇਹ ਇਕ ਵਿਗਿਆਨਕ ਸੱਚਾਈ ਹੈ ਕਿ ਕਰੋੜਾਂ ਸਾਲਾਂ ਤੋਂ ਪਾਣੀ ਤਰਲ, ਠੋਸ ਤੇ ਗੈਸ ਦੇ ਰੂਪ ਵਿਚ ਧਰਤੀ ‘ਤੇ ਪਾਇਆ ਜਾਂਦਾ ਹੈ, ਜਿਸਦੀ ਮਾਤਰਾ ਉਕਤ ਰੂਪਾਂ ਵਿਚ ਜਿਉੂਂ ਦੀ ਤਿਉਂ ਹੈ। ਚਿੰਤਾਜਨਕ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਸੋਚਣ ਤੇ ਸਮਝਣ ਦੀ ਸਮਰੱਥਾ ਰੱਖਣ ਵਾਲੀ ਮਨੁੱਖ ਜਾਤੀ ਅੰਨ੍ਹਾ ਸਰਮਾਇਆ ਲੁੱਟਣ ਦੀ ਦੌੜ ‘ਚ ਧਰਤੀ ਹੇਠਲੇ ਮੁੱਕ ਰਹੇ ਵੱਡਮੁੱਲੇ ‘ਰਤਨ’ ਪਾਣੀ ਦੇ ਬਚਾਓ ਤੇ ਇਸ ਨੂੰ ਪ੍ਰਦੂਸ਼ਤ ਹੋਣ ਤੋਂ ਰੋਕਣ ਲਈ ਕੋਈ ਸਾਰਥਕ ਹੀਲਾ ਵਸੀਲਾ ਵੀ ਕਰਨ ਨੂੰ ਤਿਆਰ ਨਹੀਂ। ਅਜੇ ਸਰਮਾਏਦਾਰ-ਜਾਗੀਰਦਾਰ ਪੱਖੀ ਭਾਰਤ ਤੇ ਸੂਬਿਆਂ ਦੀਆਂ ਸਰਕਾਰਾਂ ਵੀ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਕੋਈ ਢੁੱਕਵੀਂ ਨੀਤੀ ਬਨਾਉਣ ਲਈ ਤਿਆਰ ਨਹੀਂ ਹਨ। ਸਿਰਫ ਜੁਬਾਨੀ ਕਲਾਮੀ ਗੱਲਾਂ ਹੀ ਕੀਤੀਆਂ ਜਾ ਰਹੀਆਂ ਹਨ।
ਪਾਣੀ ਦੀ ਵਰਤੋਂ ਸਦੀਆਂ ਤੋਂ ਪਹਿਲਾਂ ਘਰੇਲੂ ਲੋੜਾਂ, ਫਿਰ ਖੇਤੀ ਦੀ ਸਿੰਚਾਈ ਤੇ ਬਾਅਦ ‘ਚ ਉਦਯੋਗਾਂ ਵਿਚ ਹੁੰਦੀ ਆ ਰਹੀ ਹੈ ਅਤੇ ਹੁਣ ਸਰਮਾਏਦਾਰਾਂ ਵਲੋਂ ਪਾਣੀ ਦਾ ਵਪਾਰੀਕਰਨ ਕਰਦਿਆਂ ਬਾਜ਼ਾਰ ‘ਚ ਬੋਤਲ ਬੰਦ ਪਾਣੀ ਉਤਾਰਿਆ ਗਿਆ ਹੈ। ਪਾਣੀ ਦੀ ਉਦਯੋਗਾਂ, ਖੇਤੀ ਤੇ ਘਰੇਲੂ ਲੋੜਾਂ ‘ਚ ਅੰਨ੍ਹੀ ਵਰਤੋਂ ਨੇ ਪੰਜਾਬ ਸਮੇਤ ਪੂਰੇ ਦੇਸ਼ ਵਿਚ ਸਵੱਛ ਪੀਣ ਵਾਲੇ ਪਾਣੀ ਦਾ ਸੰਕਟ ਖੜ੍ਹਾ ਕਰ ਦਿੱਤਾ ਹੈ। ਪਿਛਲੇ ਦਿਨੀਂ ਨੀਤੀ ਆਯੋਗ ਵਲੋਂ ਵੀ ਕਿਹਾ ਗਿਆ ਹੈ ਕਿ 2020 ਤੱਕ ਪੰਜਾਬ ਸਮੇਤ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿਚ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ। ਕੇਂਦਰੀ ਜਲ ਟ੍ਰਿਬਿਊਨਲ ਨੇ ਵੀ ਕਹਿ ਦਿੱਤਾ ਹੈ ਕਿ ਪੰਜਾਬ ‘ਚ 2025, ਤੱਕ 300 ਮੀਟਰ ਦੀ ਡੂੰਘਾਈ ਤੀਕਰ ਪਾਣੀ ਖਤਮ ਹੋ ਜਾਵੇਗਾ। ਕਿਉਂਕਿ ਪੰਜਾਬ ‘ਚ ਹਰੇਕ ਸਾਲ ਧਰਤੀ ਹੇਠਲੇ ਪਾਣੀ ਦਾ ਪੱਧਰ 0.37 ਮੀਟਰ ਥੱਲੇ ਜਾ ਰਿਹਾ ਹੈ। ਇਸ ਵੇਲੇ ਧਰਤੀ ਹੇਠਾਂ ਰੀਚਾਰਜ ਹੋਏ ਪਾਣੀ ਨਾਲੋਂ ਉਸਦਾ ਨਿਕਾਲ 165 ਫੀਸਦੀ ਹੋ ਗਿਆ ਹੈ। ਨਤੀਜੇ ਵਜੋਂ ਪੰਜਾਬ ਦੇ 149 ਬਲਾਕਾਂ ਵਿਚੋਂ ਤਿੰਨ-ਚੌਥਾਈ ਤੋਂ ਵੱਧ ਬਲਾਕਾਂ ਦਾ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ, ਹਰ ਸਾਲ 0.49 ਮੀਟਰ ਥੱਲੇ ਜਾ ਰਿਹਾ ਹੈ। ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਬਰਨਾਲਾ, ਬਠਿੰਡਾ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਜਲੰਧਰ, ਮੋਗਾ, ਮੁਹਾਲੀ, ਪਠਾਨਕੋਟ, ਪਟਿਆਲਾ ਤੇ ਸੰਗਰੂਰ ਹਨ, ਜਿੱਥੇ ਹਰ ਸਾਲ 0.49 ਮੀਟਰ ਦੇ ਕਰੀਬ ਪਾਣੀ ਥੱਲੇ ਜਾ ਰਿਹਾ ਹੈ। ਬਾਕੀ ਜ਼ਿਲ੍ਹਿਆਂ ਵਿਚ ਵੀ ਸਭ ਅੱਛਾ ਨਹੀਂ ਹੈ। ਇਸ ਸਮੇਂ ਪੰਜਾਬ ‘ਚ 60 ਮੀਟਰ ਦੀ ਡੂੰਘਾਈ ਤੱਕ ਵੀ 50-60 ਫੀਸਦੀ ਹੀ ਤਾਜ਼ਾ ਪਾਣੀ ਹੈ ਜਿਹੜਾ ਸਿੰਚਾਈ ਲਈ ਤਾਂ ਠੀਕ ਹੈ, 20-30 ਫੀਸਦੀ ਪਾਣੀ ਪੂਰਾ ਹੈ ਜੋ ਸਿੰਚਾਈ ਲਈ ਵੀ ਹਾਸ਼ੀਏ ‘ਤੇ ਹੈ ਜਦੋਂਕਿ 15-25 ਫੀਸਦੀ ਦੇ ਕਰੀਬ ਜੋ ਖਾਰਾ ਹੈ ਤੇ ਸਿੰਚਾਈ ਲਈ ਵੀ ਯੋਗ ਨਹੀਂ ਹੈ। ਪੰਜਾਬ ‘ਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਥੱਲੇ ਜਾਣ ਕਾਰਨ ਖਤਰੇ ਦੀ ਘੰਟੀ ਵੱਜ ਗਈ ਹੈ। ਅਤੇ ਬਹੁਤ ਸਾਰੇ ਪਿੰਡਾਂ ਸ਼ਹਿਰਾਂ ਵਿਚ ਪਾਣੀ ਦੀ ਥੁੜ੍ਹ ਦੀ ਸਮੱਸਿਆ ਆ ਗਈ ਹੈ। ਪਿੰਡਾਂ ਦੀ ਇਹ ਗਿਣਤੀ ਜਿਹੜੀ 2007 ਵਿਚ 8515 ਸੀ ਉਹ ਹੁਣ ਦਸੀਆਂ ਹਜ਼ਾਰਾਂ ਵਿਚ ਪਹੁੰਚ ਗਈ ਹੈ। ਦੂਸਰੇ ਬੰਨੇ ਜਿਹੜਾ ਪਾਣੀ ਪੀਣ ਲਈ ਵੀ ਉਪਲੱਬਧ ਹੈ ਉਹ ਵੀ ਪੀਣ ਲਈ ਠੀਕ ਨਹੀਂ ਉਸ ਵਿਚ ਉਦਯੋਗ ਦੀ ਜਹਿਰੀਲੀ ਰਹਿੰਦ ਖੂੰਦ ਤੇ ਖੇਤੀ ਲਈ ਵਰਤੀਆਂ ਜਾ ਰਹੀਆਂ ਕੀਟਨਾਸ਼ਕ ਤੇ ਨਦੀਨ ਨਾਸ਼ਕ ਅਤੇ ਹੋਰ ਅਜਿਹੀਆਂ ਸੀਵਰੇਜ਼ ਦੀਆਂ ਜਹਿਰਾਂ ਮਿਲਣ ਕਾਰਨ ਉਹ ਬੁਰੀ ਤਰ੍ਹਾਂ ਪਲੀਤ ਹੋ ਚੁੱਕਿਆ ਹੈ। ਸ਼ਰੇਆਮ ਲੁਧਿਆਣਾ ਸ਼ਹਿਰ ਵਿਚੋਂ ਲੰਘਦਾ ਬੁੱਢੇ ਨਾਲੇ ਦਾ ਜ਼ਹਿਰੀਲਾ ਪਾਣੀ ਸਾਹਮਣੇ ਨਜ਼ਰ ਆਉਂਦਾ ਹੈ ਜੋ ਦਰਿਆ ਸਤਲੁਜ ਵਿਚ ਪੈਂਦਾ ਹੈ। ਇਸੇ ਤਰ੍ਹਾਂ ਬਿਆਸ, ਰਾਵੀ ਦਰਿਆਵਾਂ ਵਿਚ ਵੀ ਅਜਿਹਾ ਹੋ ਰਿਹਾ ਹੈ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਪਹੁੰਚ ਪੱਤਰ ਅਨੁਸਾਰ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉਚਾ ਚੁੱਕਣ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਸਾਰਥਿਕ ਹੱਲ ਲਈ ਹੇਠ ਲਿਖੇ ਵਿਗਿਆਨਕ ਢੰਗਾਂ ਤਰੀਕਿਆਂ ਨੂੰ ਲਾਗੂ ਕਰਨ ਲਈ ਪੱਕੀ ਯੋਜਨਾਬੰਦੀ ਕੀਤੀ ਜਾਵੇ ਨਹੀਂ ਤਾਂ ਦੇਰ ਹੋ ਚੁੱਕੀ ਹੋਵੇਗੀ।
(1) ਪੰਜਾਬ ‘ਚ ਬਾਰਸ਼ਾਂ ਦੇ ਪਾਣੀ ਨੂੰ ਮੁੜ ਧਰਤੀ ਵਿਚ ਰੀਚਾਰਜ ਕਰਨ ਲਈ ਸਮੁੱਚੇ ਪੰਜਾਬ ‘ਚ ਥਾਂ-ਥਾਂ ਤੇ ਯੰਤਰ ਲਗਾਏ ਜਾਣ। ਪੰਜਾਬ ਵਿਚ ਮੌਨਸੂਨ ਦੇ ਸਮੇਂ 15 ਜੂਨ ਤੋਂ 15 ਸਤੰਬਰ ਤੀਕਰ ਜੋ ਔਸਤਨ ਬਾਰਸ਼ 525-550 ਮਿਲੀਮੀਟਰ ਪੈਂਦੀ ਹੈ ਜੇਕਰ ਉਸਦਾ ਤੀਜਾ ਹਿੱਸਾ ਹੀ ਰੁੜ੍ਹਨ ਤੋਂ ਬਚਾਇਆ ਜਾਵੇ ਤਾਂ ਆਉਂਦੇ 4-5 ਸਾਲਾਂ ਵਿਚ  ਹੀ ਧਰਤੀ ਹੇਠਲੇ ਪਾਣੀ ਦਾ ਪੱਧਰ 1960ਵਿਆਂ ‘ਤੇ ਲਿਆਂਦਾ ਜਾ ਸਕਦਾ ਹੈ। ਜਿਸ ਲਈ ਯੰਤਰਾਂ ਦੇ ਨਾਲ ਨਾਲ ਚੈਕ ਡੈਮ ਲਗਾਏ ਜਾਣ, ਜਲ ਭੰਡਾਰ ਸਾਫ ਕੀਤੇ ਜਾਣ। ਪਿੰਡਾਂ ‘ਚ ਛੱਪੜਾਂ ਆਦਿ ਦੀ ਮੁੜ ਉਸਾਰੀ ਕੀਤੀ ਜਾਵੇ। ਇੱਥੇ ਜ਼ਿਕਰਯੋਗ ਹੈ ਕਿ ਅੱਜ ਤੋਂ ਡੇਢ-ਦੋ ਸਦੀਆਂ ਪਹਿਲਾਂ ਜਦੋਂ ਪਾਣੀ ਦੀ ਕਿੱਲਤ ਨਹੀਂ ਸੀ ਉਸ ਸਮੇਂ ਮੁਲਕ ਦੇ ਕਈ ਹਿੱਸਿਆਂ ‘ਚ ਬਜ਼ੁਰਗਾਂ ਨੇ ਘਰਦੇ ਪਛਵਾੜੇ ਡੂੰਘੇ ਹੌਜ ਬਣਾਏ ਹੋਏ ਸਨ, ਵਰਖਾ ਦਾ ਪਾਣੀ ਇਕੱਠਾ ਕਰਨ ਲਈ।
(2) ਦਰਿਆਵਾਂ, ਨਦੀਆਂ ਤੇ ਨਾਲਿਆਂ ਦਾ ਨਹਿਰੀ ਕਰਨ ਕੀਤਾ ਜਾਵੇ। ਇਹਨਾਂ ਵਿਚ ਲੋੜੀਂਦੀਆਂ ਥਾਵਾਂ ‘ਤੇ ਚੈਕ ਡੈਮ ਉਸਾਰੇ ਜਾਣ ਤਾਂ ਜੋ ਪੰਜਾਬ ਦੇ ਦਰਿਆਵਾਂ ਦਾ ਪਾਣੀ ਸਮੁੰਦਰ ਵਿਚ ਘੱਟ ਤੋਂ ਘੱਟ ਜਾਵੇ। ਅਜਿਹਾ ਕਰਨ ਨਾਲ 3-4 ਸਾਲਾਂ ਵਿਚ ਪਾਣੀ ਦਾ ਪੱਧਰ ਉਪਰ ਆ ਜਾਵੇਗਾ ਤੇ ਗਰੀਬਾਂ ਦੇ ਘਰਾਂ ‘ਚ ਪਹਿਲਾਂ ਦੀ ਤਰ੍ਹਾਂ ਬਹਾਲ ਹੋ ਜਾਵੇਗਾ।
(3) ਖੇਤੀ ਲਈ ਸਿੰਚਾਈ ਦੀ ਨਿਰਭਰਤਾ ਟਿਊਬਵੈਲਾਂ ਤੋਂ ਉਕਾ ਹੀ ਖਤਮ ਕਰਨ ਲਈ ਜਿੱਥੇ ਬਾਰਸ਼ਾਂ ਦੇ ਪਾਣੀ ਦੀ ਸੰਭਾਲ ਕਰਨੀ, ਦਰਿਆਵਾਂ ਆਦਿ ਦਾ ਪਾਣੀ ਸਮੁੰਦਰ ਵਿਚ ਨਹੀਂ ਜਾਣ ਦੇਣਾ ਉਥੇ ਪੰਜਾਬ ‘ਚ ਨਹਿਰੀ ਪਾਣੀ ਦੀ ਢਹਿ ਢੇਰੀ ਹੋਏ ਤੇ ਹੋ ਰਹੇ ਨਹਿਰੀ ਤਾਣੇਬਾਣੇ ਨੂੰ ਪੂਰੀ ਤਰ੍ਹਾਂ ਦਰੁਸਤ ਕੀਤਾ ਜਾਵੇ। ਰਾਵੀ ਦਰਿਆ ਦਾ ਪਾਣੀ ਮਾਧੋਪੁਰ ਤੋਂ ਪੰਜਾਬ ਦੀਆਂ ਹੋਰ ਲੋੜਾਂ ਲਈ ਉਪਲੱਬਧ ਕਰਵਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਸ਼ਾਹਪੁਰ ਕੰਢੀ ਬੈਰਾਜ ਦੀ ਪਬਲਿਕ ਖੇਤਰ ਵਿਚ ਉਸਾਰੀ ਕਰਵਾ ਕੇ ਖੇਤੀ ਲਈ ਪਾਣੀ ਤੇ ਲੋਕਾਂ ਲਈ ਸਸਤੀ ਪਣ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਉਕਤ ਪ੍ਰਬੰਧ ਕਰਨ ਨਾਲ ਪੰਜਾਬ ‘ਚ ਫਿਰ ਅੱਧਾ ਰਕਬਾ ਨਹਿਰੀ ਪਾਣੀ ਤੋਂ ਸਿੰਜਿਆ ਜਾ ਸਕਦਾ ਹੈ। ਗੱਲ ਕੀ ਦਰਿਆਵਾਂ ਦੇ ਨਹਿਰੀਕਰਨ ਤੇ ਨਹਿਰੀ ਪ੍ਰਬੰਧ ਨੂੰ ਸੁਧਾਰਨ ਨਾਲ ਆਰ.ਐਮ.ਪੀ.ਆਈ. ਦੇ ਵਿਸ਼ਲੇਸ਼ਨਕਾਰਾਂ ਦੀ ਪਰਪੱਕ ਰਾਏ ਹੈ ਕਿ ਕੁਝ ਸਾਲਾਂ ਵਿਚ ਪੰਜਾਬ ਦੇ 14 ਲੱਖ 75 ਹਜ਼ਾਰ ਟਿਊਬਵੈਲ (ਬਿਜਲੀ ਤੇ ਇੰਜਣ) ਤੋਂ ਉਕਾ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ। ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਪੂਰੀ ਤਰ੍ਹਾਂ ਠੀਕ ਤੇ ਪੀਣ ਲਈ ਸਵੱਛ ਪਾਣੀ ਵੀ ਲੋੜੀਂਦਾ ਉਪਲੱਬਧ ਕੀਤਾ ਜਾ ਸਕਦਾ ਹੈ।
(4) ਉਕਤ ਵਿਗਿਆਨਕ ਤੇ ਅਪਨਾਉਣ ਯੋਗ ਪ੍ਰਬੰਧਾਂ ਤੋਂ ਇਲਾਵਾ ਪਾਰਟੀ ਦੇ ਆਰਥਿਕ ਤੇ ਖੇਤੀ ਮਾਹਰਾਂ ਦੀ ਪ੍ਰਪੱਕ ਰਾਏ ਹੈ ਕਿ ਖੇਤੀ ਵਿਚ ਕਿਸਾਨ ਹਿਤੂ ਫਸਲੀ ਵਭਿੰਨਤਾ ਅਪਨਾਉਣ ਨਾਲ ਵੀ ਸਿੰਚਾਈ ਦੀ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਉਚਾ ਚੁੱਕਿਆ ਜਾ ਸਕਦਾ ਹੈ। ਪੰਜਾਬ ਵਿਚ ਇਸ ਵੇਲੇ ਤਕਰੀਬਨ 25 ਲੱਖ ਹੈਕਟੇਅਰ ਝੋਨਾ ਤੇ 5 ਲੱਖ ਹੈਕਟੇਅਰ ਇਸ ਵਿਚ ਬਾਸਮਤੀ ਸ਼ਾਮਲ ਕਰ ਲਈਏ ਤਾਂ ਇਹ 30 ਲੱਖ ਹੈਕਟੇਅਰ ਰਕਬਾ ਬਣ ਜਾਂਦਾ ਹੈ। ਖੇਤੀ ਮਾਹਰਾਂ ਅਨੁਸਾਰ ਜੇਕਰ ਬਾਸਮਤੀ ਨਿਰਧਾਰਤ ਸਮੇਂ ‘ਤੇ ਲਾਈ ਜਾਵੇ ਤਾਂ ਇਹ ਝੋਨੇ ਦਾ ਤੀਸਰਾ ਹਿੱਸਾ ਪਾਣੀ ਲੈਂਦੀ ਹੈ ਕਿਉਂਕਿ ਉਸ ਵਕਤ ਮਾਨਸੂਨ ਦੀ ਬਾਰਸ਼ ਵੀ ਸ਼ੁਰੂ ਹੋ ਜਾਂਦੀ ਹੈ। ਜੇਕਰ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਬਾਸਮਤੀ ਦਾ ਵਾਜਬ ਭਾਅ ਬੰਨ੍ਹ ਦੇਣ ਤੇ ਉਸ ਸਰਕਾਰੀ ਭਾਅ ‘ਤੇ ਇਸ ਦੀ ਖਰੀਦ ਲਾਜ਼ਮੀ ਕੀਤੀ ਜਾਵੇ ਤਾਂ ਅਜਿਹਾ ਕਰਨ ਨਾਲ ਝੋਨੇ ਥੱਲਿਓਂ ਹੋਰ 20 ਲੱਖ ਹੈਕਟੇਅਰ ਰਕਬਾ ਕੱਢਿਆ ਜਾ ਸਕਦਾ ਹੈ ਜਿਹੜਾ ਬਾਸਮਤੀ ਥੱਲੇ ਆ ਜਾਵੇਗਾ। ਇਸੇ ਤਰ੍ਹਾਂ ਮੱਕੀ ਦੇ ਖੇਤਰਾਂ/ਇਲਾਕਿਆਂ ਵਿਚ ਇਸ ਦੀ ਬਿਜਾਈ 3-4 ਲੱਖ ਹੈਕਟੇਅਰ ਤੇ ਨਰਮੇਂ ਦੀ ਬਿਜਾਈ ਥੱਲੇ ਵੀ ਮੌਜੁਦਾ 4-5 ਲੱਖ ਹੈਕਟੇਅਰ ਤੋਂ ਵਧਾ ਕੇ 7-8 ਲੱਖ ਹੈਕਟੇਅਰ ਕਮਾਦ (ਗੰਨਾ) ਥੱਲੇ ਵੀ ਜੇਕਰ ਭਾਅ ਠੀਕ ਹੋਵੇ ਤੇ ਸਮੇਂ ਸਿਰ ਗੰਨੇ ਦੀ ਅਦਾਇਗੀ ਹੋਵੇ, ਚੁਕੰਦਰ ਦੀ ਖੇਤੀ ਹਰੇਕ ਕੋਆਪਰੇਟਿਵ ਮਿਲ ਦੇ ਖੇਤਰ ਵਿਚ ਕਰਾਈ ਜਾਵੇ ਤਾਂ ਪਾਰਟੀ ਦੀ ਨੀਤੀ ਅਨੁਸਾਰ ਝੋਨੇ/ਬਾਸਮਤੀ ਦਾ ਕਾਫੀ ਰਕਬਾ ਅਜਿਹੀਆਂ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਥੱਲੇ ਲਿਆਂਦਾ ਜਾ ਸਕਦਾ ਹੈ। ਅਜੇ ਦਾਲਾਂ ਦਾ ਜੇਕਰ ਸਰਕਾਰੀ ਮੰਡੀਕਰਨ ਹੋਵੇ ਤਾਂ ਇਹ ਵੀ ਦੋ ਲੱਖ ਹੈਕਟੇਅਰ ਕੀਤਾ ਜਾ ਸਕਦਾ ਹੈ ਜਿਸ ਨੂੰ ਨਾ ਮਾਤਰ ਹੀ ਪਾਣੀ ਦੀ ਲੋੜ ਹੁੰਦੀ ਹੈ।
(5) ਘਰੇਲੂ ਪਾਣੀ ਦੀ ਵਰਤੋਂ ਅਤਿ ਸੰਜਮ ਨਾਲ ਕੀਤੀ ਜਾਵੇ। ਸ਼ਹਿਰਾਂ ਤੇ ਪਿੰਡਾਂ ਵਿਚ ਸ਼ਹਿਰੀ ਕਮੇਟੀ ਤੇ ਪੰਚਾਇਤਾਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਲੋਕਾਂ ਨੂੰ ਜਾਗਰੂਕ ਕਰਨ ਕਿ ਪਾਣੀ ਦੀ ਇਕ ਇਕ ਬੂੰਦ ਸੋਨੇ ਨਾਲੋਂ ਵੀ ਕੀਮਤੀ ਹੈ, ਜਿਸ ਨੂੰ ਹਰੇਕ ਪੱਧਰ ‘ਤੇ ਬਚਾਉਣ ਦੀ ਲੋੜ ਹੈ। ਘਰ ਘਰ ਵਿਚ ਜਿੱਥੇ ਕਿਤੇ ਵਿਹੜੇ ਦੀ ਵਿਵਸਥਾ ਹੈ ਉਥੇ ਬਾਰਸ਼ਾਂ ਦਾ ਪਾਣੀ ਇਕੱਠਾ ਕੀਤਾ ਜਾਵੇ ਜਿਸ ਦੀ ਵਰਤੋਂ ਪੀਣ ਤੋਂ ਇਲਾਵਾ ਬਾਕੀ ਘਰੇਲੂ ਕੰਮ ਕਾਜ ਲਈ ਕੀਤੀ ਜਾਵੇ। ਇਸ ਤਰ੍ਹਾਂ ਘਰਾਂ ਦੀਆਂ ਛੱਤਾਂ ‘ਤੇ ਵੀ ਜਿੰਨਾਂ ਵੀ ਸੰਭਵ ਹੋ ਸਕੇ ਪਾਣੀ ਇਕੱਠਾ ਕੀਤਾ ਜਾਵੇ।
(6) ਉਦਯੋਗਾਂ ਵਿਚ ਪਾਣੀ ਦੀ ਹੋ ਰਹੀ ਬਰਬਾਦੀ ਨੂੰ ਬਚਾਇਆ ਜਾਵੇ। ਇਸ ਵੇਲੇ ਇਕ ਲੀਟਰ ਪੈਟਰੋਲ ਪੈਦਾ ਕਰਨਾ, ਇਕ ਕਿਲੋ ਕਾਗਜ਼ ਬਨਾਉਣ, ਇਕ ਟਨ ਸੀਮੈਂਟ ਬਨਾਉਣ, ਇਕ ਟਨ ਲੋਹਾ ਬਣਾਉਣ ‘ਤੇ ਕ੍ਰਮਵਾਰ 100, 100, 5000, 20000 ਲੀਟਰ ਪਾਣੀ ਦੀ ਵਰਤੋਂ ਹੋ ਰਹੀ ਹੈ ਇਸ ਵਿਚ ਜੇਕਰ ਸੁਧਾਰ ਕੀਤਾ ਜਾਵੇ ਤਾਂ ਪਾਣੀ ਦੀ ਉਦਯੋਗਾਂ ਵਿਚ ਲਾਗਤ ਇਕ ਚੌਥਾਈ ਰਹਿ ਜਾਵੇਗੀ। ਉਦਯੋਗ ਦੇ ਗੰਦੇ ਪਾਣੀ ਨੂੰ ਸਾਫ ਕਰਕੇ ਧਰਤੀ ਵਿਚ ਮੁੜ ਰੀਚਾਰਜ ਕੀਤਾ ਜਾਵੇ। ਉਦਯੋਗਾਂ ਦਾ ਇਸ ਵੇਲੇ ਪ੍ਰਦੂਸ਼ਤ ਪਾਣੀ ਨਦੀਆਂ ਨਾਲਿਆਂ ਆਦਿ ਵਿਚ ਅਤੇ ਸਿੱਧਾ ਧਰਤੀ ਵਿਚ ਜਿਹੜਾ ਪਾਇਆ ਜਾ ਰਿਹਾ ਹੈ ਉਹ ਬੰਦ ਕੀਤਾ ਜਾਵੇ।
(7) ਮੁਨਾਫ਼ੇ ਦੀ ਹਵਸ ਪੂਰੀ ਕਰਨ ਲਈ ਕੀਤੀ ਜਾ ਰਹੀ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਅਤੇ ਬਨਸਪਤੀ ਦੀ ਬਰਬਾਦੀ ‘ਤੇ ਰੋਕ ਲਾਉਂਦਿਆਂ ਵਧੇਰੇ ਤੋਂ ਵਧੇਰੇ ਰਕਬਾ ਜੰਗਲਾਂ ਅਧੀਨ ਲਿਆਂਦੇ ਜਾਣ ਦੇ ਕਦਮ ਚੁੱਕੇ ਜਾਣ। ਦਰਖਤ ਨਾ ਕੇਵਲ ਹੜ੍ਹਾਂ ਦੀ ਮਾਰ ਤੋਂ ਬਚਾਉਂਦੇ ਹਨ ਬਲਕਿ ਜਲ ਭੰਡਾਰਨ ਵੀ ਕਰਦੇ ਹਨ।
ਪਾਣੀ ਸਾਡੀ ਜੀਵਨ ਰੇਖਾ ਹੈ, ਜਲ ਘੱਟ ਰਿਹਾ ਹੈ, ਇਹ ਠੋਸ ਤੋਂ ਵੀ ਗੈਸ ਬਣ ਰਿਹਾ ਹੈ। ਜੇ ਪਾਣੀ ਨਾ ਰਿਹਾ ਤਾਂ ਸੋਚੇ ਕੀ ਹੋਵੇਗਾ? ਦੇਖੋ ਸਾਡੀ ਧਰਤੀ ਦਾ ਕੁੱਲ ਜਲ ਭੰਡਾਰ 146 ਕਰੋੜ ਘਣ ਕਿਲੋਮੀਟਰ ਹੈ। ਉਸ ਵਿਚੋਂ 97.3 ਫੀਸਦੀ ਪਾਣੀ ਸਮੁੰਦਰਾਂ ਵਿਚ ਹੈ ਜਿਹੜਾ ਲੂਣ ਵਾਲਾ ਹੈ, ਨਾ ਹੀ ਪੀਣਯੋਗ ਤੇ ਨਾ ਹੀ ਖੇਤੀ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ। ਬਾਕੀ ਬਚੇ ਨਾ ਮਾਤਰ 2.7 ਫੀਸਦੀ ਪਾਣੀ (14 ਕਰੋੜ ਘਣ ਕਿਲੋਮੀਟਰ) ਵਿਚੋਂ ਵੀ ਕੁੱਝ ਉਤਰੀ ਤੇ ਦੱਖਣੀ ਧਰੁਵਾਂ ਵਿਚ ਬਰਫ ਦੇ ਰੂਪ ਵਿਚ ਪਿਆ ਹੈ। ਕੁਝ ਹਿੱਸਾ ਜਮੀਨ ਵਿਚ 800 ਤੋਂ 4000 ਮੀਟਰ ਦੀ ਡੂੰਘਾਈ ਤੇ ਪਿਆ ਹੈ ਜੋ ਵਰਤਿਆ ਨਹੀਂ ਜਾ ਸਕਦਾ। ਹਵਾ ਦੀ ਨਮੀਂ ਵਿਚ ਵੀ 0.04 ਫੀਸਦੀ, ਮਿੱਟੀ ਵਿਚ ਨਮੀਂ ਦੇ ਰੂਪ ਵਿਚ 0.19 ਫੀਸਦੀ। ਉਪਰੰਤ ਬਾਕੀ ਬਚਿਆ ਕੁਲ ਧਰਤੀ ਦੇ ਜਲ ਭੰਡਾਰ ਦਾ ਅੰਸ਼ ਮਾਤਰ 0.004 ਫੀਸਦੀ ਹੀ ਨਦੀਆਂ, ਨਾਲਿਆਂ ਅਤੇ ਝੀਲਾਂ ਆਦਿ ਵਿਚ ਭਰਿਆ ਹੋਇਆ ਹੈ। ਉਸ ਸਬੰਧੀ ਉਪਰ ਵਿਸਥਾਰ ਨਾਲ ਚਰਚਾ ਕੀਤੀ ਜਾ ਚੁੱਕੀ ਹੈ ਕਿ ਇਸ ਨੂੰ ਹਰ ਹੀਲੇ ਬਚਾਇਆ ਜਾਵੇ। ”ਜਲ ਹੋਵੇਗਾ ਤਦ ਹੀ ਜ਼ਿੰਦਗੀ ਸੰਭਵ ਹੋਵੇਗੀ” ਧਰਤੀ ਦੀ ਵੀ ਪੁਕਾਰ ਹੈ ਕਿ ਜੇਕਰ ਪਾਣੀ ਦੀ ਤਰਕ ਸੰਗਤ ਵਰਤੋਂ ਨਾ ਕੀਤੀ ਗਈ ਤਾਂ ਵਿਨਾਸ਼ ਹੋ ਸਕਦਾ ਹੈ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਸਭ ਨੂੰ ਸੱਦਾ ਦਿੰਦੀ ਹੈ ਕਿ ਆਓ ਪਾਣੀ ਦੇ ਸੋਮੇ ਬਚਾਉਣ, ਪੀਣ ਵਾਲੇ ਸਵੱਛ ਪਾਣੀ ਨੂੰ ਕੈਂਸਰ ਤੇ ਹੋਰ ਬਿਮਾਰੀਆਂ ਤੋਂ ਮੁਕਤ ਰੱਖਣ ਲਈ, ਸਿੰਚਾਈ ਯੋਗ ਪਾਣੀ ਦੀ ਉਲਪੱਬਧਤਾ ਵਧਾਉਣ ਲਈ ਅਤੇ ਪਾਣੀ ਨੂੰ ਪ੍ਰਦੂਸ਼ਤ ਕਰ ਰਹੀਆਂ ਸਰਮਾਏਦਾਰ/ਕਾਰਪੋਰੇਟ ਸ਼ਕਤੀਆਂ ਦੀਆਂ ਨੀਤੀਆਂ ਨੂੰ ਭਾਂਜ ਦੇਣ ਲਈ ਪਾਰਟੀ ਵਲੋਂ ਵਿੱਢੇ ਸੰਘਰਸ਼ਾਂ ਦਾ ਹਿੱਸਾ ਬਣੋ।

Scroll To Top