
ਜਲੰਧਰ – ਦਿਹਾਤੀ ਮਜ਼ਦੂਰ ਸਭਾ ਵਲੋਂ ਸਾਰੇ ਪੰਜਾਬ ਅੰਦਰ ਬੀ.ਡੀ.ਪੀ.ਓ. ਦਫਤਰਾਂ ਅੱਗੇ ਸਾਰਾ ਹਫਤਾ ਮਾਰੇ ਜਾਣ ਵਾਲੇ ਧਰਨਿਆਂ ਦੇ ਪਹਿਲੇ ਦਿਨ 1 ਦਰਜਨ ਥਾਵਾਂ ਤੇ ਧਰਨੇ ਮਾਰੇ ਗਏ ਅਤੇ ਮੁਜ਼ਾਹਰੇ ਕੀਤੇ ਗਏ। ਅੱਜ ਇੱਥੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਦੱਸਿਆ ਕਿ ਦਿਹਾਤੀ ਮਜ਼ਦੂਰ ਸਭਾ ਵਲੋਂ ਆਪਣਾ ਮੰਗ ਪੱਤਰ ਤਿਆਰ ਕਰਕੇ ਇਸ ਹਫਤੇ ਵਿਚ ਪੰਜਾਬ ਦੇ ਸਾਰੇ ਬਲਾਕਾਂ ਤੋਂ ਇਹ ਮੰਗ ਪੱਤਰ ਪੰਜਾਬ ਦੀ ਸਰਕਾਰ ਅਤੇ ਕੇਂਦਰ ਦੀ ਸਰਕਾਰ ਨੂੰ ਭੇਜੇ ਜਾਣੇ ਹਨ ਜਿਸ ਦੇ ਪਹਿਲੇ ਦਿਨ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਵੇਰਕਾ ਅਤੇ ਬਲਾਕ ਲੋਪੋਕੇ, ਤਰਨ ਤਾਰਨ ਜ਼ਿਲ੍ਹੇ ਵਿਚ ਖਡੂਰ ਸਾਹਿਬ ਤੇ ਗੰਡੀਵਿੰਡ, ਪਠਾਨਕੋਟ ਜ਼ਿਲ੍ਹੇ ਵਿਚ ਬਮਿਆਲ, ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਕਾਦੀਆਂ ਤੇ ਬਟਾਲਾ, ਜਲੰਧਰ ਜਿਲ੍ਹੇ ਦੇ ਬਲਾਕ ਨਕੋਦਰ ਤੇ ਰੁੜਕਾ ਕਲਾਂ, ਮੁਕਤਸਰ ਜ਼ਿਲ੍ਹੇ ਦੇ ਬਲਾਕ ਲੱਖੇਵਾਲੀ, ਫਾਜ਼ਿਲਕਾ ਜਿਲ੍ਹੇ ਦੇ ਬਲਾਕ ਕੋਟ ਕਪੂਰਾ ਵਿਖੇ ਧਰਨੇ ਮਾਰ ਕੇ ਆਪਣੇ ਮੰਗ ਪੱਤਰ ਪੰਜਾਬ ‘ਤੇ ਕੇਂਦਰ ਸਰਕਾਰ ਨੂੰ ਭੇਜੇ ਗਏ। ਇਹਨਾਂ ਮੰਗ ਪੱਤਰਾਂ ਵਿਚ ਮੰਗ ਕੀਤੀ ਗਈ ਕਿ ਦਲਿਤਾਂ ਉਪਰ ਹੋ ਰਹੇ ਜਾਤ ਪਾਤੀ ਅਧਾਰ ‘ਤੇ ਅੱਤਿਆਚਾਰ ਬੰਦ ਕੀਤੇ ਜਾਣ, ਪੁਲਸ ਜਬਰ ਬੰਦ ਕੀਤੇ ਜਾਣ। ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ ਵਾਧੂ ਜ਼ਮੀਨ ਬੇਜ਼ਮੀਨੇ ਮਜ਼ਦੂਰਾਂ ਵਿਚ ਵੰਡੀ ਜਾਵੇ। ਬੇ-ਘਰੇ ਲੋਕਾਂ ਨੂੰ 10-10 ਮਰਲੇ ਦੇ ਪਲਾਟ ਤੇ ਮਕਾਨ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ। ਪੰਚਾਇਤੀ ਜ਼ਮੀਨ ਵਿਚੋਂ ਤੀਜਾ ਹਿੱਸਾ ਜ਼ਮੀਨ ਮਜ਼ਦੂਰਾਂ ਨੂੰ ਤੀਜੇ ਹਿੱਸੇ ਠੇਕੇ ‘ਤੇ ਦਿੱਤੀ ਜਾਵੇ। ਮਨਰੇਗਾ ਅਧੀਨ ਸਾਰੇ ਪਰਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਤੇ ਦਿਹਾੜੀ ਘੱਟੋ ਘੱਟ 600 ਰੁਪਏ ਪ੍ਰਤੀ ਦਿਨ ਕੀਤੀ ਜਾਵੇ। ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ ਘੱਟੋ ਘੱਟ 3000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ ਤੇ ਇਸ ਦੀ ਲਗਾਤਾਰਤਾ ਕਾਇਮ ਕੀਤੀ ਜਾਵੇ। ਪਬਲਿਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਜ਼ਿੰਦਗੀ ਦੀਆਂ ਸਾਰੀਆਂ ਵਰਤੋਂ ਵਾਲੀਆਂ ਚੀਜਾਂ ਸਬਸਿਡੀ ‘ਤੇ ਦਿੱਤੀਆਂ ਜਾਣ। ਘਰੇਲੂ ਬਿਜਲੀ ਮੁਫ਼ਤ ਦਿੱਤੀ ਜਾਵੇ। ਵਿਦਿਆ ਤੇ ਸਿਹਤ ਸਹੂਲਤਾਂ ਸਰਕਾਰ ਮੁਹੱਈਆ ਕਰਾਵੇ ਤੇ ਪੀਣ ਵਾਲਾ ਸਾਫ ਪਾਣੀ ਵੀ ਸਰਕਾਰ ਦੇਵੇ। ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ ਕੀਤੇ ਜਾਣ ਤੇ ਖੁਦਕੁਸ਼ੀ ਪੀੜਤਾਂ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ਾ ਦਿੱਤਾ ਜਾਵੇ। ਚੋਣਾਂ ਵੇਲੇ ਕੀਤੇ ਸਾਰੇ ਵਾਅਦੇ ਕੇਂਦਰ ਅਤੇ ਪੰਜਬ ਸਰਕਾਰ ਹਰ ਹੀਲੇ ਪੂਰੇ ਕਰੇ। ਬੀ.ਪੀ.ਐਲ. ਦੇ ਸਰਵੇ ਤੇ ਪੱਖਪਾਤੀ ਰਵੱਈਆ ਬੰਦ ਕੀਤਾ ਜਾਵੇ ਤੇ ਰੱਖੇ ਮਿਆਰਾਂ ਵਿਚ ਸੋਧ ਕੀਤੀ ਜਾਵੇ। ਅੰਤ ਵਿਚ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਬੰਦ ਕਰਨ ਦੀ ਵੀ ਮੰਗ ਕੀਤੀ ਗਈ। ਸਾਥੀ ਦਾਊਦ ਨੇ ਦੱਸਿਆ ਕਿ ਇਹ ਧਰਨੇ 2 ਫਰਵਰੀ ਤੱਕ ਲੱਗਦੇ ਰਹਿਣਗੇ ਅਤੇ ਸੰਘਰਸ਼ ਦੇ ਅਗਲੇ ਪੜਾਅ ਦਾ ਐਲਾਨ ਸੂਬਾ ਕਮੇਟੀ ਦੀ ਅਗਲੀ ਮੀਟਿੰਗ ਤੋਂ ਬਾਅਦ ਕੀਤਾ ਜਾਵੇਗਾ। ਇਹਨਾਂ ਧਰਨਿਆਂ ਨੂੰ ਜ਼ਿਲ੍ਹਾ ਆਗੂਆਂ ਤੋਂ ਇਲਾਵਾ ਸੂਬਾਈ ਪ੍ਰਧਾਨ ਦਰਸ਼ਨ ਨਾਹਰ, ਅਮਰੀਕ ਸਿੰਘ ਦਾਊਦ, ਨਿਰਮਲ ਸਿੰਘ ਛੱਜਲਵੱਢੀ, ਜਸਪਾਲ ਸਿੰਘ ਝਬਾਲ, ਜਸਵੀਰ ਸਿੰਘ ਵੈਰੋਵਾਲ, ਲਾਲ ਚੰਦ ਕਟਾਰੂਚੱਕ, ਗੁਰਦਿਆਲ ਸਿੰਘ ਘੁਮਾਣ, ਨਿਰਮਲ ਆਧੀ, ਪਰਮਜੀਤ ਰੰਧਾਵਾ, ਜਰਨੈਲ ਫਿਲੌਰ, ਹਰਜੀਤ ਸਿੰਘ ਮਦਰੱਸਾ, ਜਗਜੀਤ ਸਿੰਘ ਜੱਸੇਆਣਾ, ਗੁਰਤੇਜ ਸਿੰਘ ਹਰੀਨੌ ਆਦਿ ਸੂਬਾਈ ਆਗੂਆਂ ਨੇ ਵੀ ਸੰਬੋਧਨ ਕੀਤਾ।