ਤਰਨ ਤਾਰਨ, 3 ਮਾਰਚ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਬੋਲਦਿਆਂ ਕਿਹਾ ਕਿ ਦਿਹਾਤੀ ਮਜ਼ਦੂਰ ਸਭਾ ਦੇ ਬਾਨੀ ਕਾਮਰੇਡ ਦਰਸ਼ਨ ਸਿੰਘ ਝਬਾਲ ਦੀ ਬਰਸੀ 13 ਮਾਰਚ ਨੂੰ ਝਬਾਲ ਵਿਖੇ ਮਨਾਈ ਜਾ ਰਹੀ ਹੈ। ਉਸ ਵਿੱਚ ਜ਼ਿਲ੍ਹਾ ਤਰਨ ਤਾਰਨ ਦੀ ਦਿਹਾਤੀ ਮਜ਼ਦੂਰ ਸਭਾ ਵੱਡੇ ਪੱਧਰ ‘ਤੇ ਸ਼ਾਮਲ ਹੋਵੇਗੀ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਚਮਨ ਲਾਲ ਦਰਾਜਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਹਾਤੀ ਮਜ਼ਦੂਰਾਂ ਦੀਆਂ ਭਖਦੀਆ ਮੰਗਾਂ ਨੂੰ ਲੈ ਕਿ ਜ਼ਿਲ੍ਹਾ ਅੰਦਰ ਭਰਵੀਆਂ ਕਾਨਫਰੰਸਾਂ ਕਰਕੇ ਸੰਘਰਸ਼ ਦਾ ਬਿਗੁਲ ਵਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੀ ਕਾਨਫਰੰਸ 13 ਮਾਰਚ ਨੂੰ ਝਬਾਲ ਵਿਖੇ ਦੂਸਰੀ ਕਾਨਫਰੰਸ ਖੰਡੂਰ ਸਾਹਿਬ ਵਿਖੇ ਅਤੇ ਤੀਸਰੀ ਕਾਨਫਰੰਸ ਸ਼ਹੀਦੇ ਆਜਮ ਭਗਤ ਸਿੰਘ ਦੇ ਸ਼ਹੀਦੀ ਦਿਨ ‘ਤੇ 23 ਮਾਰਚ ਨੂੰ ਭਿੱਖੀਵਿੰਡ ਵਿਖੇ ਹੋਵੇਗੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਸੀਨੀਅਰ ਆਗੂ ਸੱਤਪਾਲ ਸ਼ਰਮਾ ਪੱਟੀ, ਹਰਜਿੰਦਰ ਸਿੰਘ ਚੂਘ, ਸੁਖਵੰਤ ਸਿੰਘ ਮਨਿਆਲਾ, ਜਰਨੈਲ ਸਿੰਘ ਰਸੂਲਪੁਰ, ਕੁਲਵੰਤ ਸਿੰਘ ਜਾਮਾਰਾਏ, ਲਾਜਰ ਲਾਖਣਾ ਆਦਿ ਆਗੂ ਹਾਜ਼ਰ ਸਨ।
