ਭਿਖੀਵਿੰਡ/ ਤਰਨ ਤਾਰਨ : ਦਿਹਾਤੀ ਮਜ਼ਦੂਰ ਸਭਾ ਵੱਲੋਂ ਆਰੰਭੇ ਜਥਾ ਮਾਰਚ ਦੇ ਦੂਜੇ ਦਿਨ ਅੱਜ ਵੱਖ-ਵੱਖ ਪਿੰਡਾਂ ‘ਚ ਵੱਡੇ ਜਲਸੇ ਕੀਤੇ ਗਏ, ਜਿਸ ‘ਚ ਮਜ਼ਦੂਰਾਂ ਸਮੇਤ ਹੋਰ ਮਿਹਨਤਕਸ਼ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਹੋਈ ਭਾਰੀ ਇੱਕਠਾਂ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਪ੍ਰਧਾਨ ਸਾਥੀ ਦਰਸ਼ਨ ਨਾਹਰ, ਮੀਤ ਪ੍ਰਧਾਨ ਚਮਨ ਲਾਲ ਦਰਾਜਕੇ, ਮੀਤ ਸਕੱਤਰ ਜਸਪਾਲ ਝਬਾਲ, ਨਿਰਮਲ ਆਧੀ, ਸਤਪਾਲ ਸ਼ਰਮਾ ਪੱਟੀ, ਹਰਬੰਤ ਸਿੰਘ ਚੀਮਾ ਆਦਿ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ‘ਸਮਾਜਿਕ ਸੁਰੱਖਿਆਂ’ ਦਾ ਸਾਦਾ ਭਾਵ ਇਹ ਹੈ ਕਿ ਜਿਹੜੇ ਲੋਕ ਹਰ ਹੀਲ ਵਰਤਣ ਦੇ ਬਾਵਜੂਦ ਜੀਉਂਦੇ ਰਹਿਣ ਤੋਂ ਅਸਮਰਥ ਹੋਣ, ਉਨ•ਾਂ ਵਾਸਤੇ ਸਰਕਾਰਾਂ ਸਾਧਨ ਜੁਟਾਉਣ। ਇਸ ਦ੍ਰਿਸ਼ਟੀਕੋਣ ਤੋਂ ਬੇਜ਼ਮੀਨੇ, ਸਾਧਨਹੀਣ, ਦਲਿਤ, ਆਦਿਵਾਸੀ ਤੇ ਹੋਰ ਹਾਸ਼ੀਆਗਤ ਸਮੂਹ ਸਰਕਾਰੀ ਇਮਦਾਦ ਦੇ ਹੱਕਦਾਰ ਹਨ। ਰੁਜ਼ਗਾਰ, ਰੋਟੀ, ਕੱਪੜਾ, ਮਕਾਨ, ਇਕਸਾਰ ਮਿਆਰੀ ਸਿੱਖਿਆ, ਸਿਹਤ ਸਹੂਲਤਾਂ, ਬੁਢਾਪਾ-ਵਿਧਵਾ-ਅੰਗਹੀਣ ਆਸ਼੍ਰਿਤ ਪੈਨਸ਼ਨਾਂ, ਜਨਤਕ ਵੰਡ ਪ੍ਰਣਾਲੀ ਆਦਿ ਬੁਨਿਆਦੀ ਲੋੜਾਂ ਹਨ ਜਿਨ•ਾਂ ਨੂੰ ਪੂਰਾ ਕਰਨਾ ਸਰਕਾਰਾਂ ਦਾ ਫਰਜ ਹੈ। ਇਸ ਦੇ ਉਲਟ ਹਕੂਮਤਾਂ ਉਨ•ਾਂ ਕਾਰਪੋਰੇਟ ਘਰਾਣਿਆਂ, ਜਿਨ•ਾਂ ਦੀਆਂ ਤਿਜੌਰੀਆਂ ਧਨ ਨਾਲ ਨੱਕੋ-ਨੱਕ ਭਰੀਆਂ ਹੋਈਆਂ ਹਨ, ਦੇ ਨਾਵਾਜਬ ਕਰਜ਼ੇ ਮੁਆਫ਼ ਕਰ ਰਹੀਆਂ ਹਨ ਤੇ ਗ਼ਰੀਬਾਂ ‘ਤੇ ਮਣਾ ਮੂੰਹੀ ਟੈਕਸਾਂ ਦਾ ਬੋਝ ਪਾ ਕੇ ਉਨ•ਾਂ ਦਾ ਜਿਉਣਾ ਦੁਭਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਸ ਕਾਣੀ ਵੰਡ ਅਤੇ ਬੇਇਨਸਾਫ਼ੀ ਵਿਰੁੱਧ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਸੰਘਰਸ਼ ਵਿੱਢਣ ਲਈ ਇਹ ਜਥਾ ਮਾਰਚ ਕੀਤਾ ਜਾ ਰਿਹਾ ਹੈ।
ਅੱਜ ਕੀਤੇ ਜਥਾ ਮਾਰਚ ਦੌਰਾਨ ਚੀਮਾ, ਰਸੂਲਪੁਰ, ਭਿਖੀਵਿੰਡ, ਬਾਠ, ਲੋਹਕਾ, ਵੈਰੋਵਾਲ ਆਦਿ ਪਿੰਡਾਂ ‘ਚ ਭਰਵੇਂ ਜਲਸੇ ਕੀਤੇ ਗਏ।