Now Reading
ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਸੰਪਨ, ਮੀਟਿੰਗ ਵਿਚ ਜਥੇਬੰਦੀ ਨੂੰ ਮਜਬੂਤ ਕਰਨ ਲਈ ਕੀਤੀਆਂ ਅਹਿਮ ਵਿਚਾਰਾਂ

ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਸੰਪਨ, ਮੀਟਿੰਗ ਵਿਚ ਜਥੇਬੰਦੀ ਨੂੰ ਮਜਬੂਤ ਕਰਨ ਲਈ ਕੀਤੀਆਂ ਅਹਿਮ ਵਿਚਾਰਾਂ

ਜਲੰਧਰ, 12 ਮਾਰਚ : ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਦਰਸ਼ਨ ਨਾਹਰ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਜਲੰਧਰ ਦਫਤਰ ਵਿਚ ਸਫਲਤਾਪੂਰਕ ਸੰਪਨ ਹੋ ਗਈ। ਜਿਸ ਵਿਚ ਜਥੇਬੰਦੀ ਨੂੰ ਮਜ਼ਬੂਤ ਕਰਨ, ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਤੇਜ਼ ਕਰਨ ਤੇ ਦੂਸਰੀਆਂ ਭਰਾਤਰੀ ਖੇਤ ਮਜ਼ਦੂਰ ਜਥੇਬੰਦੀਆਂ ਨਾਲ ਸਾਂਝਾ ਮੋਰਚਾ ਬਣਾਕੇ ਸੰਘਰਸ਼ ਤੇਜ ਕਰਨ ਲਈ ਵੀ ਅਹਿਮ ਫੈਸਲੇ ਕੀਤੇ ਗਏ। ਮੀਟਿੰਗ ਦੀ ਕਾਰਵਾਈ ਨੂੰ ਪ੍ਰੈਸ ਦੇ ਨਾਂਮ ਰਲੀਜ਼ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਦੱਸਿਆ ਕਿ ਦੋ ਦਿਨ ਚੱਲੀ ਸੂਬਾ ਕਮੇਟੀ ਵਲੋਂ ਜਥੇਬੰਦੀ ਮਜ਼ਬੂਤ ਕਰਨ ਲਈ ਮੈਂਬਰਸ਼ਿਪ ਮੁਹਿੰਮ ਚਲਾਉਣ, ਜਥੇਬੰਦੀ ਦੀ ਆਰਥਿਕ ਮਜ਼ਬੂਤੀ ਲਈ ਫੰਡ ਇਕੱਠਾ ਕਰਨ ਤੇ ਜਥੇਬੰਦੀ ਦੀਆਂ ਤਹਿਸੀਲ ਕਮੇਟੀਆਂ ਦੇ ਅਜਲਾਸ ਕਰਕੇ ਅਹੁਦੇਦਾਰਾਂ ਨੂੰ ਚੁਣਨ ਦਾ ਫੈਸਲਾ ਕੀਤਾ ਗਿਆ। ਚੋਣਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਜਥੇਬੰਦੀ ਨੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਪੰਜਾਬ ਭਰ ਵਿਚ ਮਨਾਉਣ, 13 ਅਪ੍ਰੈਲ ਨੂੰ ਜਲ੍ਹਿਆ ਵਾਲਾ ਬਾਗ ਦੇ ਸ਼ਹੀਦੀ ਦਿਹਾੜਾ ਮਨਾਉਣ ਤੇ 14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਪੰਜਾਬ ਭਰ ਵਿਚ ਮਨਾਉਣ ਦਾ ਵੀ ਫੈਸਲਾ ਕੀਤਾ ਗਿਆ। ਸਾਥੀ ਦਾਊਦ ਨੇ ਦੱਸਿਆ ਕਿ ਬੇਘਰੇ ਤੇ ਲੋੜਵੰਦ ਗਰੀਬ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟਾਂ ਦੀ ਪ੍ਰਾਪਤੀ ਲਈ ਪੰਜਾਬ ਭਰ ਵਿਚ ਅੰਦੋਲਨ ਚਲਾਇਆ ਜਾਵੇਗਾ ਅਤੇ ਮਨਰੇਗਾ ਅਧੀਨ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦੇਣ, ਦਿਹਾੜੀ 600 ਰੁਪਏ ਕਰਨ, ਰਾਸ਼ਨ ਡਿਪੂਆਂ ਉਪਰ ਨਿੱਤ ਵਰਤੋਂ ਦੀਆਂ ਜ਼ਰੂਰੀ ਖਾਣ-ਪੀਣ ਵਾਲੀਆਂ ਸਾਰੀਆਂ ਵਸਤਾਂ ਅੱਧੀ ਕੀਮਤ ‘ਤੇ ਦੇਣ, ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨਾਂ ਵਿਚ ਵਾਧਾ ਕਰਵਾਉਣ, ਮਜ਼ਦੂਰਾਂ ਦੇ ਬਿਜਲੀ ਬਿਲ ਮਾਫ ਕਰਾਉਣ ਤੇ ਮਜ਼ਦੂਰਾਂ ਤੇ ਸਮਾਜਿਕ ਜਬਰ ਬੰਦ ਕਰਾਉਣ ਲਈ ਵੀ ਸੰਘਰਸ਼ ਤੇਜ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਜਥੇਬੰਦੀ ਵਲੋਂ ਪੰਜਾਬ ਭਰ ਵਿਚ ਐਸ.ਡੀ.ਐਮ. ਦਫਤਰਾਂ ਸਾਹਮਣੇ ਮਾਰੇ ਗਏ ਧਰਨਿਆਂ ਤੇ ਤਸੱਲੀ ਪ੍ਰਗਟ ਕੀਤੀ ਗਈ। ਮੀਟਿੰਗ ਵਿਚ ਉਪਰੋਕਤ ਆਗੂਆਂ ਤੋਂ ਇਲਾਵਾ, ਸਾਥੀ ਅਮਰੀਕ ਦਾਊਦ, ਜਗਜੀਤ ਸਿੰਘ ਜੱਸੇਆਣਾ, ਜਸਪਾਲ ਸਿੰਘ ਝਬਾਲ, ਚਮਨ ਲਾਲ ਦਰਾਜਕੇ, ਨਿਰਮਲ ਸਿੰਘ ਛੱਜਲਵੱਡੀ, ਗੁਰਤੇਜ ਸਿੰਘ ਹਰੀਨੌ, ਮਿੱਠੂ ਸਿੰਘ ਘੁੱਦਾ, ਮੱਖਣ ਸਿੰਘ ਤਲਵੰਡੀ, ਨਿਰਮਲ ਸਿੰਘ ਆਧੀ, ਬਲਦੇਵ ਸਿੰਘ ਭੈਲ ਤੇ ਗੁਰਨਾਮ ਸਿੰਘ ਭਿੰਡਰ ਵੀ ਸ਼ਾਮਲ ਹੋਏ।

Scroll To Top