ਮੱਲ੍ਹੀਆਂ ਕਲਾਂ – ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਅਹੁਦੇਦਾਰਾਂ ਵਲੋਂ ਪਿੰਡ ਨੂਰਪੁਰ ਚੱਠਾ (ਜਲੰਧਰ) ਵਿਖੇ ਏਰੀਆ ਕਮੇਟੀ ਮੱਲ੍ਹੀਆਂ ਦੀ ਇਕ ਭਾਰੀ ਕਾਨਫਰੰਸ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੌਰ ‘ਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਦਰਸ਼ਨ ਨਾਹਰ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਈ | ਕਾਮਰੇਡ ਨਾਹਰ ਨੇ ਭਾਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਤੇ ਰਾਜ ਕਰਨ ਵਾਲੇ ਹੁਕਮਰਾਨਾਂ ਦੀਆਂ ਗਲਤ ਨੀਤੀਆਂ ਕਾਰਨ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ 80 ਕਰੋੜ ਲੋਕ 25 ਰੁਪਏ ਪ੍ਰਤੀ ਦਿਨ ਆਪਣਾ ਜੀਵਨ ਬਸਰ ਕਰਨ ਲਈ ਮਜ਼ਬੂਰ ਹਨ, ਦੇਸ਼ ਅੰਦਰ ਕਰੋੜਾਂ ਲੋਕਾਂ ਕੋਲ ਆਪਣਾ ਸਿਰ ਢੱਕਣ ਲਈ ਕੋਈ ਥਾਂ ਮਕਾਨ ਨਹੀਂ ਹੈ | ਕਾਮਰੇਡ ਨਾਹਰ ਨੇ ਹੋਰ ਕਿਹਾ ਕਿ ਗਰੀਬ ਲੋਕਾਂ ਕੋਲ ਆਪਣਾ ਇਲਾਜ ਕਰਵਾਉਣ ਲਈ ਦਵਾਈ ਲੈਣ ਲਈ ਕੋਈ ਪੈਸਾ ਨਹੀਂ ਜਿੱਥੇ ਕਿ ਗਰੀਬ ਲੋਕ ਬਿਮਾਰੀ ਦਾ ਇਲਾਜ ਕਰਵਾਉਣ ਤੋਂ ਅਸਮਰਥ ਹਨ, ਤੇ ਗਰੀਬ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ, ਕਾਮਰੇਡ ਨਾਹਰ ਨੇ ਹੋਰ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਗਰੀਬ ਲੋਕਾਂ ਨਾਲ ਚੋਣਾਂ ਦੌਰਾਨ ਜੋ ਫੋਕੇ ਵਾਅਦੇ ਕੀਤੇ ਸਨ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ, ਕਾਮਰੇਡ ਨਾਹਰ ਨੇ ਮੌਜੂਦਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੂਬੇ ਦੀ ਸਰਕਾਰ ਨੇ ਗਰੀਬਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਗਰੀਬਾਂ ਨੂੰ ਮਜ਼ਬੂਰ ਹੋ ਕੇ ਸੜਕਾਂ ਤੇ ਉਤਰ ਕੇ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ ਇਸ ਮੌਕੇ ਕਾਮਰੇਡ ਬਲਕਾਰ ਸਿੰਘ ਨਾਹਰ ਨੂਰਪੁਰੀ ਨੂੰ ਪ੍ਰਧਾਨ ਅਤੇ ਸਰਪੰਚ ਸਰਬਣ ਸਿੰਘ ਗਿੱਲ ਨੂੰ ਸਕੱਤਰ ਚੁਣਿਆ ਗਿਆ, ਅਤੇ ਨਕੋਦਰ ਏਰੀਆ ਕਮੇਟੀ ਦੇ ਸਰਬਜੀਤ ਸਿੰਘ ਢੇਰੀਆਂ ਨੂੰ ਪ੍ਰਧਾਨ ਅਤੇ ਬਖ਼ਸ਼ੀ ਪੰਡੋਰੀ ਨੂੰ ਸਕੱਤਰ ਚੁਣਿਆ ਗਿਆ | ਇਸ ਮੌਕੇ ਸਾਥੀ ਨਿਰਮਲ ਆਧੀ, ਮੱਖਣ ਨੂਰਪੁਰੀ, ਮੱਖਣ ਸਾਹੀ, ਮਨੋਹਰ ਸਿੰਘ ਗਿੱਲ, ਸਤਪਾਲ ਸਹੋਤਾ, ਗੁਰਦਾਵਰ ਭੱਟੀ ਤੋਂ ਇਲਾਵਾ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ |