Now Reading
ਦਿਹਾਤੀ ਮਜ਼ਦੂਰ ਸਭਾ ਨੇ ਫਰੀਡਮ ਫਾਈਟਰ ਬਾਬੂ ਮੰਗੂ ਰਾਮ ਦੀ ਸਮਾਰਕ ‘ਤੇ ਜਥਾ ਮਾਰਚ ਦਾ ਕੀਤਾ ਸਮਾਪਨ

ਦਿਹਾਤੀ ਮਜ਼ਦੂਰ ਸਭਾ ਨੇ ਫਰੀਡਮ ਫਾਈਟਰ ਬਾਬੂ ਮੰਗੂ ਰਾਮ ਦੀ ਸਮਾਰਕ ‘ਤੇ ਜਥਾ ਮਾਰਚ ਦਾ ਕੀਤਾ ਸਮਾਪਨ

ਮਾਹਿਲਪੁਰ : ਦਿਹਾਤੀ ਮਜ਼ਦੂਰ ਸਭਾ ਵੱਲੋਂ ਆਰੰਭੇ ”ਮਨੂੰਵਾਦੀ ਗ਼ੁਲਾਮੀ ਵਿਰੁੱਧ ਦਲਿਤ ਜਗਾਓ ਮਾਰਚ” ਦਾ ਅੰਤਿਮ ਪੜਾਅ ਉੱਘੇ ਦੇਸ਼ ਭਗਤ ਬਾਬੂ ਮੰਗੂ ਰਾਮ ਮੁੱਗੋਵਾਲ ਦੇ ਪਿੰਡ ‘ਚ ਕੀਤਾ ਗਿਆ। ਇਹ ਮਾਰਚ ਭਾਈ ਜੈਤਾ ਜੀ ਦੇ ਜਨਮ ਸਥਾਨ ਤੋਂ ਆਰੰਭ ਹੋ ਕੇ ਪੰਜਾਬ ਦੇ ਵੱਖ-ਵੱਖ ਪਿੰਡਾਂ ‘ਚ ਜਲਸੇ ਕਰਨ ਉਪਰੰਤ ਅੱਜ ਸਮਾਪਤ ਹੋ ਗਿਆ। ਦਿਹਾਤੀ ਮਜ਼ਦੂਰ ਸਭਾ ਵੱਲੋਂ ਬੇਜ਼ਮੀਨੇ, ਸਾਧਨ ਹੀਣ, ਦਲਿਤ ਮਜ਼ਦੂਰਾਂ ‘ਤੇ ਹਜ਼ਾਰਾਂ ਸਾਲਾਂ ਤੋਂ ਹੁੰਦੇ ਆ ਰਹੇ ਜਾਤੀਪਾਤੀ ਅੱਤਿਆਚਾਰਾਂ ਦੇ ਖ਼ਾਤਮੇ ਲਈ ਫ਼ੈਸਲਾਕੁਨ ਸੰਗਰਾਮਾਂ ਦਾ ਹੋਕਾ ਦੇਣ ਉਪਰੰਤ ਅੱਜ ਇੱਥੇ ਇੱਕ ਸਮਾਗਮ ਕਰਵਾਇਆ ਗਿਆ। ਆਰੰਭ ‘ਚ ਬਾਬੂ ਮੰਗੂ ਰਾਮ ਜੀ ਦੇ ਸਮਾਰਕ ‘ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ। ਇੱਥੇ ਇਹ ਵਰਨਣਯੋਗ ਹੈ ਕਿ ਬਾਬੂ ਮੰਗੂ ਰਾਮ ਮੁੱਗੋਵਾਲ ਦੀ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ‘ਚ ਭਰਵਾਂ ਯੋਗਦਾਨ ਰਿਹਾ ਸੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਸਭਾ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਆਰਐਮਪੀਆਈ ਦੇ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ, ਸਾਥੀ ਪਿਆਰਾ ਸਿੰਘ ਪਰਖ, ਜਸਵੰਤ ਰਾਏ, ਸਤੀਸ਼ ਰਾਣਾ, ਸ਼ਿਵ ਕੁਮਾਰ, ਲਾਲ ਚੰਦ ਕਟਾਰੂਚੱਕ, ਸੇਵਾ ਮੁਕਤ ਪ੍ਰਿੰਸੀਪਲ ਪਿਆਰਾ ਸਿੰਘ ਆਦਿ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਬੁਲਾਰਿਆਂ ਨੇ ਮੌਜੂਦਾ ਰਾਜਨੀਤਕ ਪਾਰਟੀਆਂ ਦੇ ਕਿਰਦਾਰ ਅਤੇ ਮਜ਼ਦੂਰਾਂ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਬਾਰੇ ਚਾਨਣਾ ਪਾਇਆ। ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਅਤੇ ਬਾਬੂ ਮੰਗੂ ਰਾਮ ਵੱਲੋਂ ਸਮਾਜ ਦੇ ਲਿਤਾੜੇ ਵਰਗ ਲਈ ਪਾਏ ਯੋਗਦਾਨ ਦੀ ਚਰਚਾ ਕੀਤੀ ਗਈ। ਇਸ ਮੌਕੇ ਬਖਰਾਜਪ੍ਰੀਤ ਸਿੰਘ ਮੈਮੋਰੀਅਲ ਟਰੱਸਟ ਵੱਲੋਂ ਖੇਡਾਂ ਦੇ ਖੇਤਰ ‘ਚ ਪਾਏ ਯੋਗਦਾਨ ਲਈ ਫੁਟਬਾਲ ਖਿਡਾਰਨ ਮਨੀਸ਼ਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਸ ਦਾ ਦੋ ਸਾਲਾਂ ਦਾ ਖ਼ਰਚ ਉਠਾਉਣ ਦਾ ਐਲਾਨ ਵੀ ਕੀਤਾ ਗਿਆ।

Scroll To Top