ਅਜਨਾਲਾ : ਪਹਿਲਾਂ ਪੰਜਾਬ ਸਰਕਾਰ ਤੇ ਹੁਣ ਕੌਮੀ ਗਰੀਨ ਟਿ੍ਬਿਊਨਲ ਦਿੱਲੀ ਵਲੋਂ ਪੰਜਾਬ ‘ਚ ਇੱਟਾਂ ਦੇ ਭੱਠਿਆਂ ਦੇ ਚੱਲਣ ਤੇ 31 ਜਨਵਰੀ 2019 ਤੱਕ ਲਗਾਈ ਗਈ ਪਾਬੰਦੀ ਦੇ ਰੋਸ ‘ਚ ਭੱਠਾਂ ਮਜ਼ਦੂਰਾਂ ਤੇ ਉਨ੍ਹਾਂ ਦੇ ਹੱਕਾਂ, ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਸੰਘਰਸ਼ੀਲ ਦਿਹਾਤੀ ਮਜਦੂਰ ਯੂਨੀਅਨ ‘ਚ ਸਰਕਾਰਾਂ ਵਿਰੁੱਧ ਗੁੱਸੇ ਤੇ ਰੋਹ ਦੀ ਲਹਿਰ ਉੱਠਣੀ ਸ਼ੁਰੂ ਹੋ ਗਈ ਹੈ, ਜਿਸਦਾ ਪ੍ਰਤੱਖ ਪ੍ਰਮਾਣ ਅੱਜ ਉਦੋਂ ਮਿਲਿਆ, ਜਦੋਂ ਸਥਾਨਕ ਸ਼ਹਿਰ ਦੇ ਬਾਹਰੀ ਪਿੰਡ ਗੁੱਝਾਪੀਰ ‘ਚ ਭੱਠਾ ਕੰਪਲੈਕਸ ਵਿਖੇ ਭੱਠਾ ਮਜਦੂਰਾਂ ਤੇ ਦਿਹਾਤੀ ਮਜ਼ਦੂਰਾਂ ਨੇ ਸੂਬਾਈ ਆਗੂ ਸੁਰਜੀਤ ਸਿੰਘ ਦੁਧਰਾਏ, ਭੱਠਾ ਮਜ਼ਦੂਰਾਂ ਦੇ ਨਿਕਾਸੀ ਜਮਾਂਦਾਰ ਸਰਦੂਲ ਸਿੰਘ ਤੇ ਕੱਚੀਆਂ ਇੱਟਾਂ ਦੀਆਂ ਪਥੇਰਾਂ ਦਾ ਕੰਮ ਕਰਦੇ ਭੱਠਾ ਮਜ਼ਦੂਰਾਂ ਦੇ ਜਮ੍ਹਾਂਦਾਰ ਸੁੱਖਾ ਸਿੰਘ ਦੀ ਸਾਂਝੀ ਅਗਵਾਈ ‘ਚ ਭੱਠਾ ਕੰਪਲੈਕਸ ਵਿਖੇ ਪ੍ਰਭਾਵਸ਼ਾਲੀ ਰੋਸ ਮਾਰਚ ਤੇ ਰੋਸ ਮੁਜ਼ਾਹਰਾ ਕੀਤਾ| ਮੁਜ਼ਾਹਰਾਕਾਰੀਆਂ ਨੇ ਭੱਠਿਆਂ ਦੇ ਚੱਲਣ ‘ਤੇ ਲਗਾਈ ਗਈ ਪਾਬੰਦੀ ਦੇ ਵਿਰੁੱਧ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ | ਰੋਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਭੱਠਾ ਮਜ਼ਦੂਰ ਯੂਨੀਅਨ ਆਗੂਆਂ ਸੁੱਖਾ ਸਿੰਘ ਤੇ ਸਰਦੂਲ ਸਿੰਘ ਸਮੇਤ ਪ੍ਰਭਾਵਿਤ ਮਜਦੂਰਾਂ ਨੇ ਆਪਣੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਹਿਲਾਂ ਬਰਸਾਤਾਂ ਦੇ ਮੌਸਮ ‘ਚ ਸਰਕਾਰ ਵਲੋਂ 3 ਮਹੀਨੇ ਭੱਠੇ ਬੰਦ ਰੱਖਣ ਦੇ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਹੁਣ ਸਰਕਾਰਾਂ ਦੀ ਸਰਪ੍ਰਸਤੀ ਵਾਲੇ ਪ੍ਰਦੂਸ਼ਨ ਕੰਟਰੋਲ ਬੋਰਡਾਂ ਵਲੋਂ 31 ਜਨਵਰੀ ਤੱਕ ਭੱਠਿਆਂ ਦੇ ‘ਚ ਚੱਲਣ ਤੇ ਲਾਈ ਰੋਕ ਦੇ ਨਤੀਜੇ ਵਜੋਂ ਭੱਠਾ ਮਜ਼ਦੂਰ ਜੋ ਪਹਿਲਾਂ ਹੀ ਗਰੀਬੀ ‘ਚ ਜੀਵਨ ਬਸਰ ਕਰ ਰਹੇ ਹਨ, ਅੱਗੋਂ ਬੇਰੁਜਗਾਰੀ ਦੇ ਹਲਾਤ ਪੈਦਾ ਹੋਣ ਕਾਰਨ ਭੁੱਖਮਰੀ ਦੇ ਕੰਢੇ ਜਾ ਪੁੱਜਣਗੇ | ਅਤੇ ਭੁੱਖਮਰੀ ਜਾਂ ਬਿਮਾਰੀ ‘ਚ ਇਲਾਜ ਖੁਣੋਂ ਮਰਨ ਵਾਲੇ ਭੱਠੇ ਮਜ਼ਦੂਰਾਂ ਦੀ ਜ਼ਿੰਮੇਵਾਰੀ ਸਿੱਧੀ ਪੰਜਾਬ ਤੇ ਕੇਂਦਰ ਸਰਕਾਰ ਸਿਰ ਹੋਵੇਗੀ | ਦਿਹਾਤੀ ਮਜਦੂਰ ਸਭਾ ਦੇ ਸੂਬਾਈ ਆਗੂ ਸ: ਸੁਰਜੀਤ ਸਿੰਘ ਦੁਧਰਾਏ ਨੇ ਭੱਠਾ ਮਜ਼ਦੂਰਾਂ ਨਾਲ ਸਭਾ ਵਲੋਂ ਇਕੱਜੁਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸਮੇਂ ਪੰਜਾਬ ‘ਚ ਕਾਰਜਸ਼ੀਲ 4 ਹਜਾਰ ਦੇ ਕਰੀਬ ਭੱਠੇ ਬੰਦ ਹੋਣ ਕਾਰਨ ਸਿੱਧੇ ਤੌਰ ‘ਤੇ ਸਾਢੇ 3 ਲੱਖ ਭੱਠਾ ਮਜਦੂਰ ਅਤੇ ਅਸਿੱਧੇ ਤੌਰ ‘ਤੇ 12 ਲੱਖ ਦੇ ਕਰੀਬ ਨਿਰਮਾਣ (ਉਸਾਰੀ) ਮਜਦੂਰ ਬੇਰੁਜਗਾਰੀ ਦੀ ਚੱਕੀ ‘ਚ ਪਿਸਣ ਲਈ ਮਜ਼ਬੂਰ ਹੋਣਗੇ| ਉਨ੍ਹਾਂ ਸਰਕਾਰਾਂ ‘ਤੇ ਜ਼ੋਰ ਦਿੱਤਾ ਕਿ ਜੇਕਰ ਭੱਠਿਆਂ ਨੂੰ ਬੰਦ ਰੱਖਣਾ ਅਤਿ ਜਰੂਰੀ ਹੈ ਤਾਂ ਭੱਠਾ ਮਜਦੂਰਾਂ ਲਈ ਬਦਲਵੇਂ ਰੁਜਗਾਰ ਦਾ ਪ੍ਰਬੰਧ ਕੀਤਾ ਜਾਵੇ, ਜਾਂ ਫਿਰ ਲੇਬਰ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ 18 ਹਜਾਰ ਰੁਪਏ ਪ੍ਰਤੀ ਮਹੀਨਾ ਰੁਜਗਾਰ ਭੱਤਾ ਦਿੱਤਾ ਜਾਵੇ| ਭਰਾਤਰੀ ਜਥੇਬੰਦੀ ਆਰ. ਐਮ. ਪੀ. ਆਈ. ਦੇ ਸੂਬਾ ਆਗੂ ਡਾ: ਸਤਨਾਮ ਸਿੰਘ ਅਜਨਾਲਾ ਨੇ ਸਰਕਾਰਾਂ ‘ਤੇ ਜ਼ੋਰ ਦਿੱਤਾ ਕਿ ਭੱਠੇ ਬੰਦ ਕਰਵਾਉਣ ਦੀ ਬਜਾਏ ਪ੍ਰਦੂਸ਼ਨ ਨੂੰ ਕੰਟਰੋਲ ਕਰਨ ਲਈ ਭੱਠਿਆਂ ਤੇ ਪ੍ਰਦੂਸ਼ਨ ਰੋਕੂ ਚਿਮਨੀਆਂ ਭੱਠਿਆਂ ਵਾਲਿਆਂ ਨੂੰ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਭੱਠਾ ਮਜ਼ਦੂਰ ਬੇਰੁਜਗਾਰੀ ਦੇ ਚੱਕਰਵਿਊ ‘ਚ ਫਸਣ ਅਤੇ ਪੰਜਾਬ ਦੇ ਸਮੁੱਚੇ ਵਿਕਾਸ ਕਾਰਜਾਂ ‘ਚ ਆਉਣ ਵਾਲੀ ਖੜੋਤ ਤੋਂ ਬਚਿਆ ਜਾ ਸਕੇ| ਇਸ ਮੌਕੇ ਸੁੱਚਾ ਸਿੰਘ ਘੋਗਾ, ਮੁਨਸ਼ੀ ਸੁਨੀਲ ਕੁਮਾਰ, ਰਵੇਲ ਸਿੰਘ, ਪੀਟਰ, ਜਤਿੰਦਰ ਸਿੰਘ, ਸ਼ੇਰੀ, ਮਾਣਕ, ਲੱਭਾ ਸਿੰਘ, ਕਾਕਾ ਸਿੰਘ, ਗੁਰਦੀਪ ਸਿੰਘ, ਬਿਕਰਮ ਸਿੰਘ, ਸੁਨੀਲ ਕੁਮਾਰ, ਸੋਨੂੰ ਸਿੰਘ, ਰਣਜੀਤ ਸਿੰਘ, ਜੋਧ ਸਿੰਘ, ਬਲਵਿੰਦਰ ਸਿੰਘ, ਵਿੱਕੀ, ਫੁੰਮਣ ਕੌਰ, ਗਗਨਦੀਪ ਕੌਰ, ਪਰਮਜੀਤ ਕੌਰ, ਸੰਦੀਪ ਕੌਰ, ਗੁਰਨਾਮ ਕੌਰ, ਅਨੀਤਾ ਕੌਰ ਆਦਿ ਆਗੂ ਮੌਜੂਦ ਸਨ|