Now Reading
ਦਸਤਾਵੇਜ਼ : ਆਰਐਮਪੀਆਈ ਦੀ ਪੰਜਾਬ ਰਾਜ ਕਮੇਟੀ ਦੀ 15-16 ਜਨਵਰੀ 2019 ਨੂੰ ਹੋਈ ਮੀਟਿੰਗ ਵਿਚ ਪ੍ਰਵਾਨ ਕੀਤੀ ਗਈ ਰਾਜਨੀਤਕ-ਜਥੇਬੰਦਕ ਰਿਪੋਰਟ ਦੇ ਕੁੱਝ ਅੰਸ਼

ਦਸਤਾਵੇਜ਼ : ਆਰਐਮਪੀਆਈ ਦੀ ਪੰਜਾਬ ਰਾਜ ਕਮੇਟੀ ਦੀ 15-16 ਜਨਵਰੀ 2019 ਨੂੰ ਹੋਈ ਮੀਟਿੰਗ ਵਿਚ ਪ੍ਰਵਾਨ ਕੀਤੀ ਗਈ ਰਾਜਨੀਤਕ-ਜਥੇਬੰਦਕ ਰਿਪੋਰਟ ਦੇ ਕੁੱਝ ਅੰਸ਼

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੀ 15-16 ਜਨਵਰੀ 2019 ਨੂੰ ਹੋਈ ਮੀਟਿੰਗ ਵਿਚ ਪ੍ਰਵਾਨ ਕੀਤੀ ਗਈ ਰਾਜਨੀਤਕ-ਜਥੇਬੰਦਕ ਰਿਪੋਰਟ ਦੇ ਕੁੱਝ ਅੰਸ਼

ਅੰਤਰ ਰਾਸ਼ਟਰੀ ਅਵਸਥਾ
1.     ਆਲਮੀ ਆਰਥਕ ਮੰਦਵਾੜੇ ‘ਤੇ ਕਾਬੂ ਪਾਉਣ ਦੀ ਦਿਸ਼ਾ ਵਿਚ ਸਾਮਰਾਜੀ ਸ਼ਕਤੀਆਂ ਦਾ ਕੋਈ ਵੀ ਉਪਾਅ ਕਾਮਯਾਬ ਨਹੀਂ ਹੋ ਰਿਹਾ। ਹੁਣ ਤੱਕ ਇਹ ਵੀ ਸਪੱਸ਼ਟ ਹੋ ਚੁੱਕਾ ਹੈ ਕਿ ਲਗਭਗ 10 ਵਰ੍ਹੇ ਪਹਿਲਾਂ ਸ਼ੁਰੂ ਹੋਇਆ ਇਹ ਮੰਦਵਾੜਾ ਪੂੰਜੀਵਾਦੀ ਪ੍ਰਣਾਲੀ ਦਾ ਸਾਧਾਰਨ ਮਿਆਦੀ (Per}od}c) ਸੰਕਟ ਨਹੀਂ ਹੈ; ਬਲਕਿ ਇਹ ਇਸ ਪ੍ਰਣਾਲੀ ਦਾ ਅੰਤਰ-ਵਿਆਪੀ (9nherent) ਸੰਕਟ ਹੈ ਅਤੇ ਪੂੰਜੀਵਾਦੀ ਲੁੱਟ ਦਾ ਇਕ ਮੰਤਕੀ ਸਿੱਟਾ ਹੈ। ਇਸ ਲਈ, ਇਸ ਪ੍ਰਣਾਲੀ ‘ਤੇ ਚਲਦਿਆਂ ਇਸ ਸੰਕਟ ਉਪਰ ਕਾਬੂ ਪਾਏ ਜਾਣ, ਇਸ ਨੂੰ ਸੰਕਟ-ਮੁਕਤ ਕਰਨ ਅਤੇ ਸਥਿਰਤਾ ਪ੍ਰਦਾਨ ਕਰਨ ਦੀਆਂ ਕੋਈ ਸੰਭਾਵਨਾਵਾਂ ਨਹੀਂ ਹਨ।
2.     ਇਸ ਚਲੰਤ ਮੰਦਵਾੜੇ ਨੇ ਸਭ ਤੋਂ ਵੱਡੀ ਸੱਟ ਰੁਜ਼ਗਾਰ ਦੇ ਵਸੀਲਿਆਂ ਨੂੰ ਮਾਰੀ ਹੈ। ਜਿਸ ਨਾਲ ਬੇਰੋਜ਼ਗਾਰੀ, ਅਰਧ ਬੇਰੋਜ਼ਗਾਰੀ, ਕੁਪੋਸ਼ਨ, ਕਰਜ਼ਦਾਰੀ ਤੇ ਕੰਗਾਲੀ ਵਿਚ ਤਿੱਖਾ ਵਾਧਾ ਹੋਇਆ ਹੈ। ਇਸ ਪਿਛੋਕੜ ਵਿਚ ਸਾਮਰਾਜੀ ਸ਼ਕਤੀਆਂ, ਵਿਸ਼ੇਸ਼ ਤੌਰ ‘ਤੇ ਅਮਰੀਕਣ ਸਾਮਰਾਜ ਦੀਆਂ ਧੌਂਸਵਾਦੀ ਕਾਰਵਾਈਆਂ ਵੀ ਤਿੱਖੀਆਂ ਹੋਈਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸ਼ੁਰੂ ਕੀਤੀ ਗਈ ਵਪਾਰ-ਜੰਗ ਇਸ ਲੋਕਮਾਰੂ ਪਹੁੰਚ ਦਾ ਇਕ ਉਭਰਵਾਂ ਰੂਪ ਹੀ ਹੈ। ਇਸ ਨਾਲ ਅਮਰੀਕਾ ਨੇ ਅੰਤਰਰਾਸ਼ਟਰੀ ਵਪਾਰ ਨੂੰ ਹੋਰ ਵਧੇਰੇ ਅਸਥਿਰ ਬਣਾ ਦਿੱਤਾ ਹੈ ਅਤੇ ਆਪਣੀਆਂ ਕਈ ਦਰਾਮਦਾਂ ਉਪਰ ਟੈਕਸ ਦਰਾਂ ਵਿਚ 25 ਤੋਂ 50% ਤੱਕ ਦਾ ਵਾਧਾ ਕਰ ਦਿੱਤਾ ਹੈ। ਜਿਸ ਨਾਲ ਯੂਰਪ ਦੇ ਦੇਸ਼ਾਂ, ਚੀਨ ਅਤੇ ਭਾਰਤ ਸਮੇਤ ਕਈ ਹੋਰ ਵਿਕਾਸਸ਼ੀਲ ਦੇਸ਼ਾਂ ਦਾ ਰੁਜ਼ਗਾਰ ਅਤੇ ਸਨਅਤੀ ਉਤਪਾਦਨ ਪ੍ਰਭਾਵਤ ਹੋਇਆ ਹੈ। ਇਸ ਪੱਖੋਂ ਅਮਰੀਕਾ ਨੇ ਸਭ ਤੋਂ ਵੱਧ ਆਡਾ ਚੀਨ ਨਾਲ ਲਾਇਆ ਹੋਇਆ ਹੈ। ਜਿਸਦਾ ਚੀਨ ਨੇ ਮੋੜਵਾਂ ਜਵਾਬ ਵੀ ਦਿੱਤਾ ਹੈ। ਜਿਸ ਦੇ ਫਲਸਰੂਪ ਸੰਸਾਰ ਦੇ ਆਰਥਕ ਤਾਣੇ-ਬਾਣੇ ਪ੍ਰਤੀ ਵਧੀਆਂ ਨਵੀਆਂ ਚਿੰਤਾਵਾਂ ਨੂੰ ਸਨਮੁੱਖ ਦੇਖਦਿਆਂ ਹੀ, ਜੀ-20 ਮੁਲਕਾਂ ਦੀ ਅਰਜਨਟਾਈਨਾ ਵਿਚ ਹੋਈ ਮੀਟਿੰਗ ਨੇ ਦੋਵਾਂ ਦੇਸ਼ਾਂ ਨੂੰ, ਇਸ ਪੱਖੋਂ, ਜੰਗਬੰਦੀ ਕਰਨ ਦੀ ਸਲਾਹ ਦਿੱਤੀ ਹੈ। ਅਤੇ, ਆਪੋ ਵਿਚ ਵਿਚਾਰ-ਵਟਾਂਦਰੇ ਕਰਨ ਲਈ ਕਿਹਾ ਹੈ।
3.     ਇਸ ਮੰਦਵਾੜੇ ਨੇ ਰੋਜ਼ਗਾਰ ਦੀ ਭਾਲ ਵਿਚ ਘਰੋਂ ਬੇਘਰ ਹੋਣ ਲਈ ਮਜ਼ਬੂਰ ਹੋਣ ਵਾਲੇ ਕਿਰਤੀਆਂ ਦੇ ਪ੍ਰਵਾਸ ਉਪਰ ਅਤੇ ਜੰਗਾਂ-ਯੁਧਾਂ, ਨਸਲੀ ਨਫਰਤ ਤੇ ਭੁਖਮਾਰੀ ਦੇ ਸ਼ਿਕਾਰ ਬਣੇ ਸ਼ਰਨਾਰਥੀਆਂ ਦੇ ਪੁਨਰਵਾਸ ਉਪਰ ਵੀ ਹੋਰ ਪਾਬੰਦੀਆਂ ਲਾ ਦਿੱਤੀਆਂ ਹਨ। ਇਹੋ ਕਾਰਨ ਹੈ ਕਿ ਮੱਧ ਏਸ਼ੀਆ ਅਤੇ ਉਤਰੀ ਅਫਰੀਕਾ ਤੋਂ ਯੂਰਪ ਦੇ ਦੇਸ਼ਾਂ ਵੱਲ ਜਾ ਰਹੇ ਸ਼ਰਨਾਰਥੀ ਪਰਿਵਾਰਾਂ ਦਾ ਉਥੇ ਮੁੜ ਵਸੇਬੇ ਦਾ ਮਾਨਵਵਾਦੀ ਮੁੱਦਾ, ਹੁਣ ਇਕ ਅਹਿਮ ਸਿਆਸੀ ਮੁੱਦਾ ਬਣਿਆ ਹੋਇਆ ਹੈ। ਜਿਹੜਾ ਯੂਰਪੀ ਦੇਸ਼ਾਂ ਅੰਦਰ ਹਿਟਲਰਵਾਦੀ ਨਸਲੀ ਨਫਰਤ ਨੂੰ ਭੜਕਾਅ ਰਿਹਾ ਹੈ। ਅਤੇ, ਪਿਛਾਖੜੀ ਤਾਕਤਾਂ ਨੂੰ ਬਲ ਦੇ ਰਿਹਾ ਹੈ। ਅਮਰੀਕਾ ਵਿਚ ਟਰੰਪ-ਪ੍ਰਸ਼ਾਸਨ ਤਾਂ, ਸਿੱਧੇ ਤੌਰ ‘ਤੇ, ਪ੍ਰਵਾਸੀਆਂ ਦੇ ਆਉਣ ਤੇ ਰੋਕਾਂ ਸਖਤ ਕਰ ਰਿਹਾ ਹੈ। ਉਸ ਦੀ ਇਸ ਪਹੁੰਚ ਨੇ ਹੀ ਅਮਰੀਕਾ ਅੰਦਰ ਇਕ ਗੰਭੀਰ ਪ੍ਰਸ਼ਾਸਨਿਕ ਸੰਕਟ ਨੂੰ ਜਨਮ ਦਿੱਤਾ ਹੈ, ਜਿਸ ਨਾਲ ਓਥੇ ਦੋ ਹਫਤਿਆਂ ਤੋਂ ਵੀ ਵੱਧ ਸਮੇਂ ਤੋਂ ਸਰਕਾਰੀ ਕੰਮਕਾਰ ਠੱਪ ਪਿਆ ਹੈ, ਅਤੇ, 8 ਲੱਖ ਮੁਲਾਜ਼ਮਾਂ ਦੀ ਛੁੱਟੀ ਕਰ ਦਿੱਤੀ ਗਈ ਹੈ ਜਾਂ ਉਹਨਾਂ ਨੂੰ ਬਿਨਾਂ ਤਨਖਾਹ ਕੰਮ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਰਾਸ਼ਟਰਪਤੀ ਟਰੰਪ ਉਥੇ ਅੰਦਰੂਨੀ ਐਮਰਜੈਂਸੀ ਲਾਗੂ ਕਰਨ ਤੱਕ ਦੀਆਂ ਧਮਕੀਆਂ ਦੇ ਰਿਹਾ ਹੈ। ਉਹ, ਸਾਮਰਾਜੀ ਲੁੱਟ ਦਾ ਸ਼ਿਕਾਰ ਰਹੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਤੋਂ ਮੈਕਸੀਕੋ ਰਾਹੀਂ ਆਉਂਦੇ ਕਿਰਤੀਆਂ ਨੂੰ ਰੋਕਣ ਵਾਸਤੇ ਮੈਕਸੀਕੋ ਨਾਲ ਲੱਗਦੀ ਸਮੁੱਚੀ ਸਰਹੱਦ ‘ਤੇ ਬਣਾਈ ਜਾ ਰਹੀ ਲੋਹੇ ਦੀ ਦਿਵਾਰ ਲਈ 5.6 ਕਰੋੜ ਡਾਲਰ ਖਰਚਣੇ ਚਾਹੁੰਦਾ ਹੈ। ਜਿਸ ਦੀ ਨਿਚਲੇ ਸਦਨ ਵਿਚ ਬਹੁਸੰਮਤੀ ਵਾਲੀ ਭਾਰੂ ਵਿਰੋਧੀ ਧਿਰ ਆਗਿਆ ਨਹੀਂ ਦੇ ਰਹੀ। ਏਸੇ ਗੁੱਸੇ ਵਿਚ ਟਰੰਪ ਨੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਖਰਚੇ ਵੀ ਰੋਕੇ ਹੋਏ ਹਨ।
4.     ਅਮਰੀਕਾ ਦੇ ਧੜਵੈਲ ਵਪਾਰਕ ਹਿੱਤਾਂ ਖਾਤਰ ਹੀ ਪਿਛਲੇ ਦਿਨੀਂ ਟਰੰਪ ਨੇ, ਆਪਣੇ ਨਾਟੋ ਭਾਈਵਾਲਾਂ ਦੀ ਬਾਂਹ ਮਰੋੜਨ ਲਈ, ਸੀਰੀਆ ‘ਚੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਦਾ ਐਲਾਨ ਕੀਤਾ ਹੈ। ਜਦੋਂਕਿ ਅਮਰੀਕਾ ਸੰਸਾਰ ਪੁਲਸੀਏ ਵਜੋਂ ਬਦਨਾਮ ਹੈ ਅਤੇ ”ਅਮਰੀਕਣ ਹਿੱਤਾਂ ਨੂੰ ਖਤਰੇ”, ”ਜਮਹੂਰੀਅਤ ਦੀ ਮਜ਼ਬੂਤੀ” ਅਤੇ ”ਅਮਨ ਸ਼ਾਂਤੀ ਕਾਇਮ ਰੱਖਣ” ਆਦਿ ਦੇ ਬਹਾਨੇ ਹੇਠ ਸੰਸਾਰ ਦੇ ਕਈ ਦੇਸ਼ਾਂ ਵਿਚ ਆਪਣੇ ਫੌਜੀ ਅੱਡੇ ਬਣਾਈ ਬੈਠਾ ਹੈ। ਇਸ ਲਈ ਉਸਦਾ ਇਹ ਨਵਾਂ ਐਲਾਨ ਵੀ, ਕੁਝ ਸਮਾਂ ਪਹਿਲਾਂ, ਅਫਗਾਨਿਸਤਾਨ ‘ਚੋਂ ਅਮਰੀਕੀ ਫੌਜਾਂ ਕੱਢ ਲੈਣ ਵਰਗੀ ਬਿਆਨਬਾਜ਼ੀ ਹੀ ਦਿਖਾਈ ਦਿੰਦਾ ਹੈ। ਏਥੇ ਇਹ ਨੋਟ ਕਰਨਾ ਵੀ ਜ਼ਰੂਰੀ ਹੈ ਕਿ ਅਮਰੀਕਣ ਸਾਮਰਾਜ ਹਥਿਆਰਾਂ ਦਾ ਨਿਰਮਾਣ ਕਰਦੀ ਆਪਣੀ ਸ਼ਕਤੀਸ਼ਾਲੀ ਸਨਅਤ ਦੇ ਹਿੱਤਾਂ ਅਨੁਸਾਰ ਖੇਤਰੀ ਝਗੜਿਆਂ ਅਤੇ ਸੀਮਤ ਫੌਜੀ ਟੱਕਰਾਂ ਨੂੰ ਹਮੇਸ਼ਾ ਹਵਾ ਦਿੰਦਾ ਆਇਆ ਹੈ। ਇਹੋ ਕਾਰਨ ਹੈ ਕਿ ਯਮਨ ਉਪਰ ਸਊਦੀ ਅਰੇਬੀਆ ਵਲੋਂ ਕੀਤੇ ਜਾ ਰਹੇ ਹਮਲਿਆਂ ਅਤੇ ਅਮਾਨਵੀ ਅਤਿਆਚਾਰਾਂ ਦਾ ਉਸ ਵਲੋਂ ਉਕਾ ਹੀ ਵਿਰੋਧ ਨਹੀਂ ਕੀਤਾ ਜਾ ਰਿਹਾ, ਬਲਕਿ ਸਊਦੀ ਅਰਬੇਆਂ ਦੀ ਪਿੱਠ ਠੋਕੀ ਜਾ ਰਹੀ ਹੈ।
5.     ਇਸ ਆਲਮੀ ਆਰਥਕ ਸੰਕਟ ਕਾਰਨ ਸਾਰੇ ਹੀ ਪੂੰਜੀਵਾਦੀ ਦੇਸ਼ਾਂ ਅੰਦਰ ਕਿਰਤੀ ਲੋਕਾਂ ਦੀਆਂ ਸੇਵਾ ਹਾਲਤਾਂ ‘ਚ ਆਏ ਨਿਘਾਰ ਵਿਰੁੱਧ, ਸਰਕਾਰਾਂ ਦੀਆਂ ਬੱਚਤਕਾਰੀ ਯੋਜਨਾਵਾਂ ਵਿਰੁੱਧ, ਰੋਜ਼ਗਾਰ ਦੀ ਪ੍ਰਾਪਤੀ ਲਈ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਵਿਰੁੱਧ ਲੋਕ ਬੇਚੈਨੀ ਵੱਧ ਰਹੀ ਹੈ ਅਤੇ ਜਨਤਕ ਸੰਘਰਸ਼ ਉਭਰ ਰਹੇ ਹਨ। ਫਰਾਂਸ ਵਿਚ ਪਿਛਲੇ ਦਿਨੀਂ ਡੀਜ਼ਲ ਦੀਆਂ ਕੀਮਤਾਂ ਵੱਧਣ ਵਿਰੁੱਧ ਉਭਰੇ ”ਪੀਲੀ ਜੈਕਟ” ਅੰਦੋਲਨ ਨੇ ਸਾਰੇ ਦੇਸ਼ ਅੰਦਰ ਹੀ ਨਹੀਂ ਬਲਕਿ ਗੁਆਂਢੀ ਦੇਸ਼ਾਂ ਜਿਵੇਂ ਕਿ ਇਟਲੀ, ਸਪੇਨ ਤੇ ਪੁਰਤਗਾਲ ਅੰਦਰ ਵੀ ਜਨ ਮਾਨਸਿਕਤਾ ਨੂੰ ਪ੍ਰਭਾਵਤ ਕੀਤਾ ਹੈ। ਐਪਰ ਚਿੰਤਾ ਦੀ ਗੱਲ ਹੈ ਕਿ  ਲਗਾਤਾਰ ਵੱਧ ਰਹੀ ਇਹ ਲੋਕ ਬੇਚੈਨੀ ਕਿਧਰੇ ਵੀ ਇਨਕਲਾਬੀ ਦਿਸ਼ਾ ਵਿਚ ਧਾਰਾਬੱਧ ਹੁੰਦੀ ਦਿਖਾਈ ਨਹੀਂ ਦੇ ਰਹੀ। ਸਗੋਂ ਇਸ ਬੇਚੈਨੀ ਨੂੰ ਵਰਤਕੇ ਕਈ ਥਾਵਾਂ ‘ਤੇ ਸੱਜ ਪਿਛਾਖੜੀ ਨਸਲਵਾਦੀ ਤੇ ਫਿਰਕੂ ਤੱਤ ਅੱਗੇ ਆ ਰਹੇ ਹਨ। ਬਰਾਜ਼ੀਲ ਵਿਚ ਹੋਇਆ ਸੱਤਾ ਪਰਿਵਰਤਨ ਇਸ ਦੀ ਉਘੜਵੀਂ ਉਦਾਹਰਣ ਹੈ, ਜਿੱਥੇ ਸਾਮਰਾਜ ਵਿਰੋਧੀ ਖੱਬੇ ਪੱਖੀ ਸਰਕਾਰ ਨੇ, ਆਰਥਕ ਤੇ ਰਾਜਨੀਤਕ ਖੇਤਰਾਂ ਵਿਚ ਤਿੱਖੀਆਂ ਤੇ ਬੁਨਿਆਦੀ ਲੋਕ-ਪੱਖੀ ਤਬਦੀਲੀਆਂ ਕਰਨ ਅਤੇ ਭਰਿਸ਼ਟਾਚਾਰ ਨੂੰ ਨੱਥ ਪਾਉਣ ਵਿਚ ਅਸਫਲ ਰਹਿਣ ਕਾਰਨ, ਲੋਕਾਂ ਦਾ ਵਿਸ਼ਵਾਸ਼ ਗੁਆਇਆ ਹੈ ਅਤੇ ਉਥੇ ਇਕ ਅਤੀ ਪਿਛਾਖੜੀ ਨੇਤਾ ਬਾਲਸੋਨੋਰੋ ਰਾਸ਼ਟਰਪਤੀ ਦੀ ਚੋਣ ਜਿੱਤ ਗਿਆ ਹੈ। ਉਂਝ ਹੌਂਸਲਾ ਦੇਣ ਵਾਲੀ ਗੱਲ ਇਹ ਵੀ ਹੈ ਕਿ ਜਿੱਥੇ ਕਿਧਰੇ ਵੀ ਲੁਟੇਰੇ ਤੇ ਸਾਮਰਾਜਪੱਖੀ ਆਗੂਆਂ ਦਾ ਵਿਰੋਧ ਕਰਦੀ ਹੋਈ ਕੋਈ ਧਿਰ ਆਮ ਲੋਕਾਂ ਨੂੰ ਦਿਖਾਈ ਦਿੰਦੀ ਹੈ, ਲੋਕ ਉਸਦਾ ਵੀ ਸਮਰਥਨ ਕਰਦੇ ਹਨ। ਮੈਕਸੀਕੋ ਦੇ ਰਾਸ਼ਟਰਪਤੀ ਦੀ ਚੋਣ ਵਿਚ ਇਹੋ ਤੱਥ ਹੀ ਸਾਹਮਣੇ ਆਏ ਹਨ।
6.     ਅੰਤਰ ਰਾਸ਼ਟਰੀ ਅਵਸਥਾ ਦਾ ਦੂਜਾ ਵੱਡਾ ਤੇ ਉਭਰਵਾਂ ਪੱਖ ਹੈ, ਅਮਰੀਕੀ ਸਾਮਰਾਜ ਵਲੋਂ ਸਮਾਜਵਾਦੀ ਚੀਨ ਨੂੰ ਘੇਰਨ ਲਈ ਕੀਤੇ ਜਾ ਰਹੇ ਜ਼ੋਰਦਾਰ ਉਪਰਾਲੇ। ਉਸ ਵਲੋਂ ਚੀਨ ਨਾਲ ਐਲਾਨੀ ਹੋਈ ਵਪਾਰ-ਜੰਗ ਦੇ ਨਾਲ ਨਾਲ, ਇਹ ਯਤਨ ਵੀ ਕੀਤੇ ਜਾ ਰਹੇ ਹਨ ਕਿ ਚੀਨ ਦੇ ਏਸ਼ੀਆ, ਅਫਰੀਕਾ ਤੇ ਯੂਰਪ ਦੇ ਦੇਸ਼ਾਂ ਅੰਦਰ ਵੱਧ ਰਹੇ ਰਾਜਨੀਤਕ ਤੇੇ ਵਪਾਰਕ ਸਬੰਧਾਂ ਨੂੰ ਢਾਅ ਲਾਈ ਜਾਵੇ ਅਤੇ ਚੀਨ ਦੀ ਫੌਜੀ ਸ਼ਕਤੀ ਨੂੰ ਚਨੌਤੀ ਦੇਣ ਲਈ ਭਾਰਤ, ਜਪਾਨ ਤੇ ਅਸਟਰੇਲੀਆ ਨਾਲ ਯੁਧਨੀਤਕ ਸਾਂਝਾਂ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ। ਮੋਦੀ ਸਰਕਾਰ ਦੇ ਕਾਰਜ ਕਾਲ ਦੌਰਾਨ ਅਮਰੀਕਾ ਦੇ ਇਹਨਾਂ ਯਤਨਾਂ ਨੂੰ ਨਵਾਂ ਹੁਲਾਰਾ ਮਿਲਿਆ ਹੈ। ਅਤੇ, ਇਸ ਦਿਸ਼ਾ ਵਿਚ ਹੁਣ ਅਮਰੀਕਾ ਵਲੋਂ ਭਾਰਤ ਦੇ ਸਬੰਧ ਵਿਚ ਇਕ ਉਚੇਚੀ ਕਾਨੂੰਨੀ ਵਿਵਸਥਾ ਵੀ ਕੀਤੀ ਗਈ ਹੈ। ਇਸ ਪ੍ਰਸੰਗ ਵਿਚ ਉਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਕਾਰ ਭਰਾਤਰੀ ਇਕਜੁਟਤਾ ਦਾ ਨਿਰੰਤਰ ਵੱਧਦੇ ਜਾਣਾ ਇਕ ਸ਼ੁਭ ਸ਼ਗਨ ਹੈ। ਜਦੋਂਕਿ ਅਮਰੀਕੀ ਪ੍ਰਸ਼ਾਸ਼ਨ ਦੀਆਂ ਹਿੰਦ ਮਹਾਸਾਗਰ ਅਤੇ ਪ੍ਰਸ਼ਾਂਤ ਮਹਾਂਸਾਗਰ ਵਿਚਕਾਰਲੇ (ਇੰਡੋ-ਪੈਸਫਿਕ) ਖੇਤਰ ਨੂੰ ਚੀਨ ਵਿਰੁੱਧ ਜੰਗ ਦਾ ਮੈਦਾਨ ਬਨਾਉਣ ਦੀਆਂ ਚਾਲਾਂ ਵਿਚ ਭਾਰਤ ਸਰਕਾਰ ਦਾ ਤੇਜ਼ੀ ਨਾਲ ਭਾਈਵਾਲ ਬਣਦੇ ਜਾਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਜਿਹੜਾ ਕਿ ਸਾਡੇ ਦੇਸ਼ ਲਈ ਬਹੁਤ ਹੀ ਖਤਰਨਾਕ ਸਿੱਧ ਹੋ ਸਕਦਾ ਹੈ।
7.     ਬੰਗਲਾ ਦੇਸ਼ ਵਿਚ ਸ਼ੇਖ ਹੁਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਨੂੰ 30 ਦਸੰਬਰ ਨੂੰ ਹੋਈਆਂ ਪਾਰਲੀਮੈਂਟ ਦੀਆਂ ਚੋਣਾਂ ਵਿਚ 298 ‘ਚੋਂ 288 ਸੀਟਾਂ ਦੀ ਭਾਰੀ ਜਿੱਤ ਪ੍ਰਾਪਤ ਹੋਈ ਹੈ। ਇਸ ਨਾਲ ਉਥੇ ਪੈਰ ਜਮਾ ਰਹੇ ਆਤੰਕਵਾਦੀਆਂ ਅਤੇ ਰੂੜੀਵਾਦੀਆਂ ਨੂੰ ਵੱਡੀ ਸੱਟ ਵੱਜੀ ਹੈ ਅਤੇ ਬੰਗਲਾ ਦੇਸ਼ ਦੇ ਭਾਰਤ ਨਾਲ ਸੰਬੰਧਾਂ ਦੇ ਹੋਰ ਸਾਜ਼ਗਾਰ ਹੋਣ ਦੀ ਸੰਭਾਵਨਾ ਬਣੀ ਹੈ।
8.     ਪਾਕਿਸਤਾਨ ਅਤੇ ਭਾਰਤ ਅੰਦਰ ਦੋਵੇਂ ਪਾਸੇ ਹੀ, ਕਰਤਾਰਪੁਰ-ਲਾਂਘੇ ਲਈ ਨੀਂਹ ਪੱਥਰ ਰੱਖੇ ਜਾਣ ਦੇ ਬਾਵਜੂਦ, ਦੋਵਾਂ ਦੇਸ਼ਾਂ ਵਿਚਕਾਰ ਰਾਜਨੀਤਕ ਸੰਬੰਧ ਅਜੇ ਸੁਖਾਵੇਂ ਹੁੰਦੇ ਦਿਖਾਈ ਨਹੀਂ ਦੇ ਰਹੇ। ਪੰਜਾਬ ਵਾਸੀਆਂ ਅਤੇ ਭਾਰਤ-ਪਾਕਿ ਸੰਬੰਧਾਂ ਨੂੰ ਸੁਖਾਵਾਂ ਬਨਾਉਣਾ ਲੋਚਦੇ ਸਮੂਹ ਲੋਕਾਂ ਦੀ ਇਸ ਚਿਰ ਸਥਾਈ ਮੰਗ ਦੀ ਪੂਰਤੀ ਪੱਖੋਂ ਇਸ ਸ਼ਲਾਘਾਜਨਕ ਪਹਿਲਕਦਮੀ ਤੋਂ ਸਿਆਸੀ ਲਾਹਾ ਖੱਟਣ ਵਾਸਤੇ, ਭਾਰਤ ਅੰਦਰ ਅਕਾਲੀ-ਭਾਜਪਾ ਅਤੇ ਕਾਂਗਰਸ ਵਿਚਕਾਰ ਦੌੜ ਲੱਗੀ ਹੋਈ ਹੈ। ਪ੍ਰੰਤੂ ਭਾਰਤ-ਪਾਕਿ ਸਬੰਧਾਂ ਨੂੰ ਬੇਹਤਰ ਬਨਾਉਣ ਅਤੇ ਵਪਾਰਕ ਸੰਬੰਧਾਂ ਦਾ ਪਸਾਰ ਕਰਨ ਪ੍ਰਤੀ ਕਿਸੇ ਵਲੋਂ  ਉਕਾ ਹੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। 2019 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਫਿਰਕੂ ਭਾਜਪਾ ਨੂੰ ਤਾਂ ਸ਼ਾਇਦ ਅਜੇਹਾ ਕਰਨਾ ਸੁਖਾਂਦਾ ਹੀ ਨਹੀਂ। ਜਦੋਂਕਿ ਪਾਕਿਸਤਾਨ ਵਿਚ ਹੋਈਆਂ ਚੋਣਾਂ ਸਮੇਂ ਉਥੇ ਆਤੰਕਵਾਦੀਆਂ ਦੀ ਵੱਡੀ ਹਾਰ ਇਕ ਬਹੁਤ ਹੀ ਉਤਸ਼ਾਹਜਨਕ ਵਰਤਾਰਾ ਹੈ। ਇਹ ਵੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਚੋਣਾਂ ਵਿਚ ਦੋ ਮਾਰਕਸਿਸਟ ਵੀ ਜਿੱਤੇ ਹਨ। ਕਸ਼ਮੀਰ ਦੀ ਵਾਦੀ ਵਿਚ ਸਮਾਜਿਕ-ਰਾਜਨੀਤਕ ਸਥਿਤੀ ਦੇ ਪੱਖੋਂ ਅਜੇ ਕੋਈ ਸੁਧਾਰ ਨਹੀਂ ਹੋ ਰਿਹਾ। ਮੋਦੀ ਸਰਕਾਰ ਇਸ ਗੰਭੀਰ ਸਿਆਸੀ ਮੁੱਦੇ ਨੂੰ ਪ੍ਰਸ਼ਾਸਕੀ ਤੇ ਫੌਜੀ ਤਾਕਤ ਨਾਲ ਹੀ ਹੱਲ ਕਰਨ ਤੇ ਅੜੀ ਹੋਈ ਹੈ। ਜਦੋਂਕਿ ਲੋੜ ਹੈ ਕਸ਼ਮੀਰੀਆਂ ਅੰਦਰ ਪੈਦਾ ਹੋਈ ਬੇਗਾਨਗੀ ਦੀ ਭਾਵਨਾ ਨੂੰ ਖਤਮ ਕਰਨ ਵਾਸਤੇ ਬਹੁਪੱਖੀ ਪਹੁੰਚ ਅਪਨਾਉਣ ਦੀ ਅਤੇ ਸੁਹਿਰਦ ਸਿਆਸੀ ਯਤਨਾਂ ਦੀ।
ਅਗਲੇ ਕਾਰਜ
31.     ਅਗਲੇਰੇ ਕਾਰਜਾਂ ਵਜੋਂ ਪਾਰਟੀ ਦੇ ਸਨਮੁੱਖ ਹੇਠ ਲਿਖੇ ਫੌਰੀ ਕਾਰਜ ਹਨ :
(})       ਪਾਰਟੀ ਦੀ ਕੇਂਦਰੀ ਕਮੇਟੀ ਦੇ ਫੈਸਲੇ ਅਨੁਸਾਰ ਸਾਰੇ ਜ਼ਿਲ੍ਹਾ ਕੇਂਦਰਾਂ ‘ਤੇ 30 ਜਨਵਰੀ ਤੋਂ 6 ਫਰਵਰਤੀ ਤੱਕ ਜਨਤਕ ਲਾਮਬੰਦੀ ‘ਤੇ ਅਧਾਰਤ ਧਰਨੇ ਅਤੇ ਮੁਜ਼ਾਹਰੇ ਕਰਕੇ ਕਿਰਤੀ ਲੋਕਾਂ ਦੇ ਭੱਖਵੇਂ ਮੁੱਦਿਆਂ ਦੇ ਹੱਲ ਲਈ ਜਨਤਕ ਦਬਾਅ ਬਣਾਇਆ ਜਾਵੇਗਾ।
(}})     ਕੇਂਦਰੀ ਕਮੇਟੀ ਦੇ ਫੈਸਲੇ ਅਨੁਸਾਰ ਹੀ 13 ਫਰਵਰੀ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ”ਜਮਹੂਰੀਅਤ ਤੇ ਧਰਮ ਨਿਰਪੱਖਤਾ ਦੀ ਰਾਖੀ” ਦੇ ਵਿਸ਼ੇ ‘ਤੇ ਇਕ ਵਿਸ਼ਾਲ ਸੈਮੀਨਾਰ ਕਰਵਾਇਆ ਜਾਵੇਗਾ, ਜਿਸ ਨੂੰ ਉਘੇ ਵਿਦਵਾਨ ਡਾ. ਰਾਮ ਪੁਨਿਆਨੀ ਸੰਬੋਧਨ ਕਰਨਗੇ।
(}}})     8 ਮਾਰਚ ਦੇ ਕੌਮਾਂਤਰੀ ਮਹਿਲਾ ਦਿਵਸ ‘ਤੇ ਜਨਵਾਦੀ ਇਸਤਰੀ ਸਭਾ ਵਲੋਂ ਕੀਤੇ ਜਾਣ ਵਾਲੇ ਫੰਕਸ਼ਨਾਂ ਦਾ ਭਰਵਾਂ ਸਮਰਥਨ ਕੀਤਾ ਜਾਵੇਗਾ।
(v})     23 ਮਾਰਚ ਦੇ ਸ਼ਹੀਦੀ ਦਿਵਸ ਤੇ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਵਿਸ਼ਾਲ ਜਨਤਕ ਲਾਮਬੰਦੀ ਕਰਕੇ ਆਪਣੇ ਭੱਖਦੇ ਮਸਲੇ ਉਭਾਰਨ ਲਈ ਪ੍ਰੇਰਿਤ ਕੀਤਾ ਜਾਵੇਗਾ।
(v)    ਹੋਰ ਜਨਤਕ ਜਥੇਬੰਦੀਆਂ ਵਲੋਂ ਆਪੋ ਆਪਣੀਆਂ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ਾਂ ਲਈ ਵੱਧ ਤੋਂ ਵੱਧ ਸਮਰਥਨ ਜੁਟਾਇਆ ਜਾਵੇਗਾ।
(v})    ਪਾਰਟੀ ਦੇ ਸੂਬਾਈ ਕੇਂਦਰ ਨੂੰ ਮਜ਼ਬੂਤ ਕਰਨ ਤੇ ਵਧੇਰੇ ਕਿਰਿਆਸ਼ੀਲ ਬਨਾਉਣ ਵਾਸਤੇ ਅਤੇ ਪਾਰਟੀ ਦੀਆਂ ਸਰਗਰਮੀਆਂ ਵਿਚ ਹੋਏ ਵਾਧੇ ਨੂੰ ਮੁੱਖ ਰੱਖਦਿਆਂ ਜਨਤਕ ਉਗਰਾਹੀ ਰਾਹੀਂ ਲੋੜ ਅਨੁਸਾਰ ਵਿੱਤੀ ਵਸੀਲੇ ਪੈਦਾ ਕਰਨ ਲਈ ਠੋਸ ਉਪਰਾਲੇ ਕੀਤੇ ਜਾਣਗੇ।
(v}})    ਪਾਰਲੀਮਾਨੀ ਚੋਣਾਂ ਵਿਚ ਪ੍ਰਭਾਵਕਾਰੀ ਦਖਲ ਦੇਣ ਲਈ ਪ੍ਰਾਂਤ ਦੀਆਂ ਸਾਰੀਆਂ ਖੱਬੀਆਂ ਧਿਰਾਂ ਅਤੇ ਭਾਜਪਾ-ਵਿਰੋਧੀ, ਕਾਂਗਰਸ ਵਿਰੋਧੀ ਤੇ ਹਰ ਪ੍ਰਕਾਰ ਦੇ ਫਿਰਕਾਪ੍ਰਸਤਾਂ ਵਿਰੋਧੀ, ਸਾਰੀਆਂ ਸੈਕੂਲਰ ਤੇ ਜਮਹੂਰੀ ਸ਼ਕਤੀਆਂ ਨੂੰ ਇਕਜੁੱਟ ਕਰਨ ਲਈ ਸਾਰੀਆਂ ਸੰਭਾਵਨਾਵਾਂ ਤਲਾਸ਼ ਕੀਤੀਆਂ ਜਾਣਗੀਆਂ।
(v}}})    ਪਾਰਟੀ ਮੈਂਬਰਸ਼ਿਪ ਦੇ ਨਵੀਨੀਕਰਨ ਦੀ ਪ੍ਰਕਿਰਿਆ ਨੂੰ 15 ਮਾਰਚ ਤੱਕ ਮੁਕੰਮਲ ਕੀਤਾ ਜਾਵੇਗਾ।
(}x)    ਨੌਜਵਾਨਾਂ ਦਾ, ਵਿਸ਼ੇਸ਼ ਤੌਰ ‘ਤੇ 10 ਦਸੰਬਰ ਦੀ ਅਧਿਕਾਰ ਰੈਲੀ ਵਿਚ ਵਾਲੰਟੀਅਰਾਂ ਵਜੋਂ ਸ਼ਾਨਦਾਰ ਭੂਮਿਕਾ ਨਿਭਾਉਣ ਵਾਲੇ ਨੌਜਵਾਨਾਂ ਦਾ, ਇਕ 3 ਦਿਨਾਂ ਸਕੂਲ ਆਯੋਜਤ ਕੀਤਾ ਜਾਵੇਗਾ।

Scroll To Top