ਦਿਹਾਤੀ ਮਜ਼ਦੂਰ ਸਭਾ ਪੰਜਾਬ ਨੇ ਦਲਿਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਤਹਿਸੀਲ ਪ੍ਰਧਾਨ ਜਸਬੀਰ ਸਿੰਘ ਵੈਰੋਵਾਲ, ਪ੍ਰੇਮ ਸਿੰਘ ਸਰਾਂ ਤਲਵੰਡੀ ਤੇ ਜੋਗਿੰਦਰ ਸਿੰਘ ਖਡੂਰ ਸਾਹਿਬ ਦੀ ਅਗਵਾਈ ਹੇਠ ਪੁਲੀਸ ਚੌਕੀ ਖਡੂਰ ਸਾਹਿਬ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਅਮਰੀਕ ਸਿੰਘ ਦਾਊਦ, ਜਸਪਾਲ ਸਿੰਘ ਝਬਾਲ, ਬਲਦੇਵ ਸਿੰਘ ਭੈਲ, ਸਵਰਨਸਿੰਘ ਨਾਗੋਕੇ ਤੇ ਹੀਰਾ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਦਲਿਤ ਅਤੇ ਗਰੀਬ ਲੋਕਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੀ ਮਿਸਾਲ ਖਡੂਰ ਸਾਹਿਬ ਦੇ ਦਲਿਤ ਪਰਿਵਾਰ ਤੋਂ ਮਿਲਦੀ ਹੈ ਜਿਸ ਦੀ ਨਾਬਾਲਿਗ ਲੜਕੀ ਨੂੰ ਭਲਾਈਪੁਰ ਦਾ ਨੌਜਵਾਨ ਵਰਗਲਾ ਕੇ ਘਰੋਂ ਲੈ ਗਿਆ ਸੀ। ਪੁਲੀਸ ਪਾਰਟੀ ਵੱਲੋਂ ਪਰਚਾ ਤਾਂ ਦਰਜ ਕੀਤਾ ਗਿਆ ਹੈ ਪਰ ਕਈ ਮਹੀਨੇ ਬੀਤ ਜਾਣ ’ਤੇ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸਗੋਂ ਲਗਾਤਾਰ ਟਾਲ-ਮਟੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨਸਾਫ ਨਾ ਮਿਲਣ ਤੱਕ ਪੁਲੀਸ ਚੌਕੀ ਅੱਗੇ ਧਰਨਾ ਜਾਰੀ ਰਹੇਗਾ।
ਇਸ ਮੌਕੇ ਡੀ.ਐੱਸ.ਪੀ. ਗੋਇੰਦਵਾਲ ਸਾਹਿਬ ਹਰਦੇਵ ਸਿੰਘ ਬੋਪਾਰਾਏ ਨੇ ਧਰਨਾਕਾਰੀਆਂ ਕੋਲ ਪੁੱਜ ਕੇ ਵਿਸ਼ਵਾਸ ਦਿੱਤਾ ਕਿ ਇੱਕ ਹਫਤੇ ਦੇ ਅੰਦਰ-ਅੰਦਰ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮਗਰੌਂ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫਤੇ ਵਿੱਚ ਪੁਲਸ ਵੱਲੋਂ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਤੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ ਵੈਰੋਵਾਲ, ਮਨੋਹਰ ਸਿੰਘ, ਮਨਜੀਤ ਸਿੰਘ ਬਗੂ, ਲੱਖਾ ਸਿੰਘ, ਚਰਨਜੀਤ ਸਿੰਘ ਜਹਾਂਗੀਰ, ਗੁਰਸੇਵਕ ਸਿੰਘ ਖਡੂਰ ਸਾਹਿਬ, ਪ੍ਰਤਾਪ ਸਿੰਘ ਹੋਠੀਆਂ ਤੇ ਪ੍ਰਗਟ ਸਿੰਘ ਭੈਲ ਹਾਜ਼ਰ ਸਨ।