Now Reading
ਤਾਲਿਬਾਨੀ ਮਾਨਸਿਕਤਾ ਵਾਲੀਆਂ ਸ਼ਕਤੀਆਂ ਨੂੰ ਪੂਰੀ ਤਾਕਤ ਨਾਲ ਰੋਕਣਾ ਹੋਵੇਗਾ

ਤਾਲਿਬਾਨੀ ਮਾਨਸਿਕਤਾ ਵਾਲੀਆਂ ਸ਼ਕਤੀਆਂ ਨੂੰ ਪੂਰੀ ਤਾਕਤ ਨਾਲ ਰੋਕਣਾ ਹੋਵੇਗਾ

ਮੰਗਤ ਰਾਮ ਪਾਸਲਾ

ਅਫਗਾਨਿਸਤਾਨ ’ਤੇ ‘ਤਾਲਿਬਾਨ’ ਵਲੋਂ ਫਿਰ ਤੋਂ ਕਬਜ਼ਾ ਕਰ ਲੈਣ ਉਪਰੰਤ ਇਸ ਖਿੱਤੇ ਸਮੇਤ ਸਾਰੀ ਦੁਨੀਆਂ ਅੰਦਰ ਧਾਰਮਿਕ ਕੱਟੜਤਾ ਦੀ ਸਿਖਲਾਈ ਪ੍ਰਾਪਤ ਅੱਤਵਾਦੀਆਂ ਦੇ ਖ਼ਤਰੇ ਬਾਰੇ ਚੁੰਝ ਚਰਚਾ ਜ਼ੋਰਾਂ ’ਤੇ ਹੈ। ਅਮਰੀਕਣ ਸਾਮਰਾਜ ਨੇ ਆਪਣੇ ਮੁਫ਼ਾਦਾਂ ਲਈ ਜਿਸ ਢੰਗ ਨਾਲ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ’ਚ ਸਿੱਧੀ ਦਖ਼ਲ ਅੰਦਾਜ਼ੀ ਕੀਤੀ ਤੇ ਹੁਣ ਅਫਗਾਨਿਸਤਾਨ ਦੀ ਤਬਾਹੀ ਕਰਕੇ ਜਿਸ ਤਰੀਕੇ ਨਾਲ ਆਪਣੀਆਂ ਫੌਜਾਂ ਦੀ ਅਫਗਾਨ ਧਰਤੀ ਤੋਂ ਵਾਪਸੀ ਕੀਤੀ ਹੈ, ਉਸਨੇ ਇਸ ‘ਮਹਾਂਸ਼ਕਤੀ’ ਦੇ ਅੰਦਰੂਨੀ ਖੋਖਲੇਪਨ ਤੇ ਦੋਗਲੇਪਨ ਨੂੰ ਜਗ ਜ਼ਾਹਰ ਕਰ ਦਿੱਤਾ ਹੈ। ਡਾ. ਨਜ਼ੀਬ ਉਲਾ ਦੀ ਅਗਵਾਈ ਹੇਠਲੀ ਅਫਗਾਨਿਸਤਾਨ ਦੀ ਅਗਾਂਹਵਧੂ ਸਰਕਾਰ ਨੂੰ ਖਤਮ ਕਰਨ ਲਈ ‘ਅਲ ਕਾਇਦਾ’ ਨਾਮੀ ‘ਮਹਿਸਾਸੁਰ’ ਰਾਖਸ਼ ਨੂੰ ਪੈਦਾ ਕੀਤਾ ਗਿਆ, ਪਾਲਿਆ ਗਿਆ ਤੇ ਫਿਰ ਅਫਗਾਨ ਸਰਕਾਰ ਨੂੰ ਡੇਗਣ ਲਈ ਇਸਤੇਮਾਲ ਕੀਤਾ ਗਿਆ। ਡਾ. ਨਜ਼ੀਬ ਉਲਾ ਸਰਕਾਰ ਦੀ ਕਾਇਮੀ ਲਈ ਸੋਵੀਅਤ ਸੰਘ ਵਲੋਂ ਨਿਭਾਈ ਗਈ ਭੂਮਿਕਾ ਬਾਰੇ ਤਾਂ ਕਿਸੇ ਨੂੰ ਮੱਤਭੇਦ ਹੋ ਸਕਦੇ ਹਨ। ਪ੍ਰੰਤੂ ਇਸ ਸਰਕਾਰ ਦੇ ਲੋਕ ਪੱਖੀ ਕਿਰਦਾਰ, ਧਰਮ ਨਿਰਪੱਖਤਾ ਦੇ ਸੰਕਲਪ ਪ੍ਰਤੀ ਦਿ੍ਰੜ੍ਹਤਾ ਤੇ ਔਰਤਾਂ ਦੀ ਆਜ਼ਾਦੀ ਲਈ ਅਪਣਾਈ ਸ਼ਾਨਦਾਰ ਨੀਤੀ ਬਾਰੇ ਆਮ ਲੋਕਾਂ ਦਾ ਵੱਡਾ ਭਾਗ ਤਾਂ ਡਾਢਾ ਪ੍ਰਸੰਨ ਸੀ। ਸਿਰਫ ਮੁੱਠੀ ਭਰ ਸਰਮਾਏਦਾਰੀ ਸਮਰਥਕਾਂ ਦੇ ਸਾਮਰਾਜੀ ਆਕਿਆਂ ਤੇ ਤਾਲਿਬਾਨੀ ਮਾਨਸਿਕਤਾ ਵਾਲੇ ਫਿਰਕੂ ਤੱਤਾਂ ਦੇ ਹੀ ਢਿੱਡੀਂ ਪੀੜ ਹੋ ਰਹੀ ਸੀ। ਘੱਟੋ ਘੱਟ ਫ਼ਜ਼ੀਬ ਉਲਾ ਸਰਕਾਰ ਨੇ ਅਮਰੀਕਣ ਸਾਮਰਾਜ ਤੇ ਉੇਸਦੇ ਪਾਕਿ ਦੇ ਹਾਕਮ ਮਿੱਤਰਾਂ ਵਾਂਗ ‘ਤਾਲਿਬਾਨ’ ਤਾਂ ਪੈਦਾ ਨਹੀਂ ਕਰਨੇ ਸਨ, ਸਗੋਂ ਆਤੰਕਵਾਦ ਉਪਰ ਨਕੇਲ ਕੱਸਣੀ ਸੀ। ਅਗਲੇ ਪੜਾਅ ’ਚ ਜਦੋਂ ਤਾਲਿਬਾਨੀ (ਅਲਕਾਇਦਾ ਦਾ ਬਦਲਿਆ ਨਾਂਅ) ਸੱਤਾ ਨੇ ਆਪਣਾ ਖੂਨੀ ਦੌਰ ਸ਼ੁਰੂ ਕਰ ਦਿੱਤਾ, ਤਾਂ ਨਾਟੋ ਸੈਨਾਵਾਂ ਨੇ ਇਸ ਆਪ ਸਿਰਜੇ ‘ਦੈਂਤ’ ਨੂੰ ਭਸਮ ਕਰਨ ਦੇ ਬਹਾਨੇ ਅਫਗਾਨਿਸਤਾਨ ਦੀ ਧਰਤੀ ’ਤੇ ਚੜ੍ਹਾਈ ਕਰ ਦਿੱਤੀ। ਅਫਗਾਨ ਲੋਕਾਂ ਨੂੰ ‘ਤਾਲਿਬਾਨ’ ਵਿਰੁੱਧ ਜੰਗ ਵਿਚ ਸ਼ਾਮਿਲ ਕਰਨ ਲਈ ਅਰਬਾਂ ਡਾਲਰ ਚੋਣਾਂ ਉਪਰ ਖਰਚ ਕਰਕੇ ਆਪਣੀ ਹੱਥਠੋਕਾ ਸਰਕਾਰ ਬਣਾਈ ਗਈ। ਅਮਰੀਕਾ ਵਲੋਂ ਪਿਛਲੇ 20 ਸਾਲਾਂ ’ਚ 1 ਟਰਿਲੀਅਨ ਡਾਲਰ ਖਰਚ ਕਰਕੇ 3 ਲੱਖ ਅਫਗਾਨ ਫੌਜ ਖੜੀ ਕੀਤੀ ਗਈ, ਜਿਸ ਨੇ ਨਾਟੋ ਫੋਜਾਂ ਨਾਲ ਮਿਲਕੇ ‘ਤਾਲਿਬਾਨ’ ਦਾ ਮੁਕਾਬਲਾ ਕਰਨਾ ਸੀ। ਪ੍ਰੰਤੂ ਜਿਉਂ ਹੀ ਤਾਲਿਬਾਨਾਂ ਨੇ ਕਾਬੁਲ ਵੱਲ ਪੇਸ਼ ਕਦਮੀ ਆਰੰਭੀ, ਅਫਗਾਨ ਫੌਜ ਦੇ ਵੱਡੇ ਹਿੱਸੇ ਨੇ ਹਥਿਆਰਾਂ ਸਮੇਤ ‘ਤਾਲਿਬਾਨ’ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਲੋਕਾਂ ਸਿਰ ਆਪਣੀ ਹੱਥਠੋਕਾ ਸਰਕਾਰ ਥੋਪਣ ਤੇ ਸਾਰੀ ਫੌਜੀ ਤਾਕਤ ਝੋਕਣ ਦੇ ਬਾਵਜੂਦ ਵੀ ਹੁਣ ਜਦੋਂ ‘ਤਾਲਿਬਾਨੀ’ ਖੂੰਖਾਰ ਗਿਰੋਹ ਆਪਣੀ ਖੇਡ ਜਾਰੀ ਰੱਖਦਿਆਂ ਨਵੀਆਂ ਪੇਸ਼ਕਦਮੀਆਂ ਰਾਹੀਂ ਅੱਗੇ ਵੱਧਣ ਲੱਗੇ, ਤਾਂ ਉਸੇ ‘ਸ਼ਕਤੀਸ਼ਾਲੀ’ ਅਮਰੀਕਾ ਨੇ ਆਪਣੀਆਂ ਧਾੜਵੀ ਫੌਜਾਂ ਨੂੰ ਦੁੰਮ ਦਬਾ ਕੇ ਅਫਗਾਨਿਸਤਾਨ ’ਚੋਂ ਭੱਜਣ ਦੇ ਹੁਕਮ ਦੇ ਦਿੱਤੇ। ਇਸ ਘਟਨਾ ਨਾਲ ਪਾਕਿਸਤਾਨ ਦੀ ਹਮਾਇਤ ਨਾਲ ਫਰਵਰੀ 2020 ਨੂੰ ਕੀਤਾ ਅਮਰੀਕਾ-ਤਾਲਿਬਾਨ ਸਮਝੌਤਾ (ਦੋਹਾ ਡੀਲ) ਵੀ ਕੁਝ ਨਾ ਸੁਆਰ ਸਕਿਆ, ਜਿਹੜਾ ਡੋਨਾਲਡ ਟਰੰਪ ਦੇ ਕਾਰਜਕਾਲ ’ਚ ਅਫਗਾਨ ਅੰਦਰਲੇ ਵੱਖ-ਵੱਖ ਧੜਿਆਂ ਵਿਚਕਾਰ ਰਾਜਸੀ ਸਮਝੌਤੇ ਲਈ ਗੱਲਬਾਤ ਰਾਹੀਂ ਪੱਕੀ ਤੇ ਵਿਸਤਰਤ ਜਗਬੰਦੀ ਲਈ ਕੀਤਾ ਗਿਆ ਸੀ। ਬੇਕਸੂਰ ਅਫਗਾਨੀ ਨਾਗਰਿਕਾਂ ਨੂੰ ‘ਤਾਲਿਬਾਨਾਂ’ ਦੇ ਹਥਿਆਰਾਂ ਸਾਹਮਣੇ ਖੜ੍ਹੇ ਕਰਕੇ ਮੌਤ ਦੇ ਮੂੰਹ ਧਕੇਲਣ ਲਈ ਦੁਨੀਆਂ ਭਰ ’ਚ ਸਾਮਰਾਜੀ ਅਮਰੀਕਾ ਦੀ ਥੂ-ਥੂ ਹੋ ਰਹੀ ਹੈ। ਤਾਲਿਬਾਨ ਵਲੋਂ ਅਫਗਾਨਿਸਤਾਨ ਦੀ ਸੱਤਾ ਉਪਰ ਕਬਜ਼ਾ ਕਰਕੇ ਭਾਵੇਂ ਆਪਣੇ ਖੂੰਖਾਰ ਅੱਤਵਾਦੀ ਸੁਭਾਅ ਤੇ ਨੀਤੀਆਂ ’ਚ ਨਰਮ ਰੁੱਖ ਲਿਆਉਣ ਦਾ ਨਾਟਕ ਰਚਿਆ ਜਾ ਰਿਹਾ ਹੈ, ਪ੍ਰੰਤੂ ਜਿਸ ਫਿਰਕੂ ਸੰਕੀਰਨਤਾਵਾਦੀ ਸੋਚ ਅਧੀਨ ਤਾਲਿਬਾਨੀਆਂ ਦਾ ਪਾਲਣ ਪੋਸ਼ਣ ਤੇ ਟਰੇਨਿੰਗ ਹੋਈ ਹੈ, ਉਸ ਨੂੰ ਦੇਖਦਿਆਂ ਹੋਇਆਂ ‘ਤਾਲਿਬਾਨੀ ਮਾਨਸਿਕਤਾ’ ’ਚ ਕਿਸੇ ਕਿਸਮ ਦਾ ਬੁਨਿਆਦੀ ਬਦਲਾਅ ਆਉਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਹਾਂ, ਆਪਣੇ ਪੈਰ ਜਮਾਉਣ ਤੇ ਲੋਕਾਂ ਦੀ ਹਮਾਇਤ ਹਾਸਲ ਕਰਨ ਲਈ ਹਰ ਸ਼ਾਸ਼ਕ ਕੁਝ ਸਮੇਂ ਲਈ ਨਵੇਂ ਤੌਰ ਤਰੀਕੇ ਜ਼ਰੂਰ ਵਰਤਦਾ ਹੈ, ਜਿਸਦਾ ਇਕ ਨਮੂਨਾ ਅਫਗਾਨਿਸਤਾਨ ਦੇ ‘ਤਾਲਿਬਾਨੀ ਸ਼ਾਸ਼ਕਾਂ’, ਅੰਦਰ ਵੀ ਦੇਖਿਆ ਜਾ ਸਕਦਾ ਹੈ। ‘ਤਾਲਿਬਾਨ’ ਨੂੰ ਕਿਸੇ ਵਿਸ਼ੇਸ਼ ਧਰਮ, ਜਾਤ, ਨਸਲ ਜਾਂ ਰੰਗ ਦੇ ਲੋਕਾਂ ਨਾਲ ਜੋੜ ਕੇ ਦੇਖਣਾ ਤਰਕਸੰਗਤ ਨਹੀਂ ਹੋਵੇਗਾ, ਬਲਕਿ ਇਸ ਵਿਵਹਾਰ ਨੂੰ ‘ਤਾਲਿਬਾਨੀ ਮਾਨਸਿਕਤਾ’’ ਕਿਹਾ ਜਾਣਾ ਚਾਹੀਦਾ ਹੈ, ਜੋ ਕਿਸੇ ਵਿਸ਼ੇਸ਼ ਧਰਮ ਜਾਂ ਨਸਲ ਦੇ ਹਿਤਾਂ ਦੀ ਰਾਖੀ ਦੇ ਨਾਮ ’ਤੇ ਮਨੁੱਖਤਾ ਦੇ ਖੂਨ ਦੀ ਪਿਆਸੀ ਬਣ ਜਾਂਦੀ ਹੈ। ਇਹ ਮਾਨਸਿਕਤਾ ਅਮਰੀਕਾ ਦੇ ਸਮੁੱਚੇ ਸਰਕਾਰੀ ਤੰਤਰ ਤੇ ਪਾਕਿਸਤਾਨ ਹਾਕਮਾਂ ’ਚ ਵੀ ਪਾਈ ਜਾਂਦੀ ਹੈ। ਅਮਰੀਕਾ ਅੰਦਰ ਕਾਲੇ ਲੋਕਾਂ ਉਪਰ ਜਿਸ ਢੰਗ ਨਾਲ ਵਹਿਸ਼ੀ ਹਮਲੇ ਕੀਤੇ ਜਾਂਦੇ ਹਨ, ਸਭ ਉਸੇ ਮਾਨਸਿਕਤਾ ਦਾ ਸਿੱਟਾ ਹੈ। ਵੀਅਤਨਾਮ ਤੇ ਕਿਊਬਾ ’ਚ ਅਮਰੀਕਣ ਫੌਜਾਂ ਦੇ ਖੁੱਲ੍ਹੇ ਫੌਜੀ ਦਖ਼ਲ ਨੂੰ ਸਾਮਰਾਜ ਦੀ ‘‘ਤਾਲਿਬਾਨੀ ਮਾਨਸਿਕਤਾ’’ ਦਾ ਨਾਂ ਹੀ ਦਿੱਤਾ ਜਾ ਸਕਦਾ ਹੈ, ਜੋ ਉਥੋਂ ਦੇ ਲੋਕਾਂ ਉਪਰ ਅਕਹਿ ਤੇ ਅਸਹਿ ਜ਼ੁਲਮ ਢਾਹੁਦਾ ਰਿਹਾ ਹੈ, ਜਿਹੜੇ ਆਪਣੇ ਦੇਸ਼ ਦੀ ਆਜ਼ਾਦੀ, ਆਰਥਿਕ ਬਰਾਬਰੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ‘ਕੌਮੀ ਮੁਕਤੀ’ ਦੀ ਲੜਾਈ ਲੜ ਰਹੇ ਸਨ। ਅਫਗਾਨਿਸਤਾਨ ਅੰਦਰ ਅਮਰੀਕਣ ਤੇ ਨਾਟੋ ਫੌਜਾਂ ਵਲੋਂ ਸਿੱਧਾ ਦਖ਼ਲ ਤਾਲਿਬਾਨ ਨਾਲ ਲੜਨ ਦੇ ਨਾਂਅ ’ਤੇ ਉਸ ਧਰਤੀ ਦੇ ਕੁਦਰਤੀ ਖਜ਼ਾਨੇ ਲੁੱਟਣ ਤੇ ਇਸ ਖਿੱਤੇ ਅੰਦਰ ਆਪਣੇ ਰਾਜਨੀਤਕ ਹਿਤਾਂ ਦੀ ਪੂਰਤੀ ਕਰਨ ਲਈ ਦਿੱਤਾ ਗਿਆ। ਹੁਣ ਅਫਗਾਨਿਸਤਾਨ ਦੇ ਸਧਾਰਣ ਨਾਗਰਿਕਾਂ ਨੂੰ ਉਨ੍ਹਾਂ ਹੀ ਤਾਲਿਬਾਨਾਂ ਦੇ ਹਵਾਲੇ ਕਰਕੇ ਅਮਰੀਕਣ ਫੌਜਾਂ ਵਾਪਸ ਜਾ ਰਹੀਆਂ ਹਨ, ਜਿਨ੍ਹਾਂ ਦੇ ਖਾਤਮੇ ਦਾ ਇਹ ਸਾਮਰਾਜੀ ਸ਼ਕਤੀਆਂ ਦਾਅਵਾ ਕਰਦੀਆਂ ਸਨ। ਕਈ ਵਾਰ ਸਾਡੇ ਦੇਸ਼ ਦੇ ਸੱਜ ਪਿਛਾਖੜੀ ਤੇ ਸਾਮਰਾਜ ਪੱਖੀ ਸੁਆਰਥੀ ਲੋਕ ਵੀਅਤਨਾਮ ਤੇ ਕਿਊਬਾ ਅੰਦਰ ਸਾਮਰਾਜੀ ਗੁਲਾਮੀ ਤੋਂ ਮੁਕਤੀ ਹਾਸਲ ਕਰਕੇ ਇਨਕਲਾਬੀ ਤਾਕਤਾਂ ਹੱਥੋਂ ਅਮਰੀਕਣ ਫੌਜਾਂ ਦੀ ਬੇਇੱਜ਼ਤੀ ਭਰੀ ਹਾਰ ਨੂੰ ਸੋਮਾਲੀਆ ਤੇ ਅਫਗਾਨਿਸਤਾਨ ਵਿਚੋਂ ਅਮਰੀਕਣ ਫੌਜਾਂ ਦੀ ਰਵਾਨਗੀ ਨਾਲ ਤੁਲਨਾ ਦਿੰਦੇ ਹੋਏ ‘ਸੱਚੀ ਤੇ ਝੂਠੀ’, ‘ਹੱਕੀ ਤੇ ਨਿਹੱਕੀ’ ਜੰਗ ਨੂੰ ਰਲਗੱਡ ਕਰਕੇ ਸਾਮਰਾਜ ਸਾਜਿਸ਼ਾਂ ਉਪਰ ਪਰਦਾ ਪਾਉਣ ਦਾ ਯਤਨ ਕਰਦੇ ਹਨ। ਅਸਲ ’ਚ ਅਫਗਾਨਿਸਤਾਨ ਪ੍ਰਤੀ ਅਮਰੀਕਣ (ਸਮੇਤ ਨਾਟੋ) ਵਿਦੇਸ਼ ਨੀਤੀ ਪੂਰੀ ਤਰ੍ਹਾਂ ਅਸਫਲ ਸਿੱਧ ਹੋਈ ਹੈ, ਜਿਸ ਨਾਲ ਅਮਰੀਕਾ ਦਾ ਚਿਹਰਾ ਹਮੇਸ਼ਾ-ਹਮੇਸ਼ਾ ਲਈ ਦਾਗ਼ਦਾਰ ਬਣਿਆ ਰਹੇਗਾ। ‘ਤਾਲਿਬਾਨੀ ਮਾਨਸਿਕਤਾ’ ਭਾਰਤ ਦੇ ਵੱਖ ਵੱਖ ਭਾਗਾਂ ਅੰਦਰ ਫਿਰਕੂ ਤੱਤਾਂ ਹੱਥੋਂ ਧਾਰਮਿਕ ਕੱਟੜਵਾਦੀ ਨਜ਼ਰੀਏ ਅਧੀਨ ਨਿਹੱਥੇ ਤੇ ਬੇਕਸੂਰ ਲੋਕਾਂ ਦੀਆਂ ਹੱਤਿਆਵਾਂ ਦੇ ਰੂਪ ’ਚ ਵੀ ਦੇਖੀ ਜਾ ਸਕਦੀ ਹੈ। ਸੰਸਾਰ ਭਰ ’ਚ ‘ਤਾਲਿਬਾਨੀ ਮਾਨਸਿਕਤਾ’ ਵੱਖ-ਵੱਖ ਰੂਪਾਂ, ਰੰਗਾਂ ਤੇ ਧਰਮਾਂ ਦੇ ਨਾਂਅ ਹੇਠ ਕੰਮ ਕਰਦੀ ਹੈ ਤੇ ਮਨੁੱਖ ਨੂੰ ਮਨੁੱਖ ਦੇ ਵੈਰੀ ਬਣਾ ਕੇ ਉਸਦੇ ਖੂਨ ਦੀ ਹੋਲੀ ਖੇਡਦੀ ਹੈ। ‘ਤਾਲਿਬਾਨ’ ਚਾਹੁੰਦਾ ਹੈ ਕਿ ਲੋਕ ਉਸਦੇ ਜ਼ੁਲਮਾਂ ਨੂੰ ਦੇਖ ਕੇ ਖੌਫ਼ਜ਼ਦਾ ਹੋ ਜਾਣ ਤੇ ਉਸਦੇ ਹੁਕਮਾਂ ਅਨੁਸਾਰ ਪਹਿਰਾਵਾ ਪਹਿਨਣ, ਖੁਰਾਕ ਖਾਣ ਅਤੇ ਸੱਭਿਆਚਾਰਕ ਤੇ ਸਮਾਜਿਕ ਪ੍ਰਕਿਰਿਆਵਾਂ ਨੂੰ ਸਵੀਕਾਰ ਕਰਨ। ਅਫਗਾਨਿਸਤਾਨ ਅੰਦਰ ਤਾਲਿਬਾਨ ਵਲੋਂ ਮੁਸਲਮਾਨ ਔਰਤਾਂ ਨੂੰ ਫਿਰ ਤੋਂ ਪੂਰੀ ਤਰ੍ਹਾਂ ਗੁਲਾਮ ਤੇ ਇਕ ਬਾਜ਼ਾਰ ਦੀ ਵਿਕਾਊ ਵਸਤੂ ਬਣਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਢੰਗ ਨਾਲ ਸਧਾਰਣ ਔਰਤਾਂ, ਬੱਚਿਆਂ ਤੇ ਦੂਸਰੇ ਨਾਗਰਿਕਾਂ ਨੂੰ ਸ਼ਰੇ ਬਾਜ਼ਾਰ ਬੇਤਰਸੀ ਨਾਲ ਮਾਰਨ-ਕੁੱਟਣ ਦੀਆਂ ਖਬਰਾਂ ਟੀ.ਵੀ. ਚੈਨਲਾਂ ਤੇ ਅਖਬਾਰਾਂ ’ਚ ਦਿਖਾਈਆਂ ਜਾਂਦੀਆਂ ਹਨ, ਉਹ ਸੱਚਮੁੱਚ ਹੀ ਅਣਮਨੁੱਖੀ ਤੇ ਡਰਾਉਣਾ ਹੈ। ‘ਤਾਲਿਬਾਨ’ ਨਵੇਂ ਰੰਗਰੂਟਾਂ ਨੂੰ ਭਰਤੀ ਕਰਨ ਵਾਸਤੇ ਜਿਹੜੀ ਸਿੱਖਿਆ ਦਿੰਦੇ ਹਨ, ਅਸਲ ’ਚ ਉਹ ਉਨ੍ਹਾਂ ਨੂੰ ‘ਅਨਪੜ੍ਹ’ ਬਣਾਉਣ ਦਾ ਹੀ ਇਕ ਢੰਗ ਹੈ। ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੇ ਹੁਕਮਰਾਨ ਤੇ ਉਥੋਂ ਦੀ ਫ਼ੌਜ਼ ਇਸ ਤਰ੍ਹਾਂ ਦੇ ‘ਤਾਲਿਬਾਨੀ’ ਕਾਰਨਾਮੇ ਕਰਨ ’ਚ ਹਮੇਸ਼ਾ ਮਸ਼ਰੂਫ ਰਹਿੰਦੇ ਹਨ, ਤਾਂ ਕਿ ਉਹ ਆਪਣੇ ਲੋਕਾਂ ਦੀ ਜ਼ਿੰਦਗੀ ਦੇ ਦੁੱਖਾਂ ਪ੍ਰਤੀ ਦਿਖਾਈ ਜਾ ਰਹੀ ਘੋਰ ਅਣਗਹਿਲੀ ਤੇ ਉਨ੍ਹਾਂ ’ਤੇ ਕੀਤੇ ਜਾ ਰਹੇ ਜ਼ੁਲਮਾਂ ਉਪਰ ਪਰਦਾ ਪਾ ਸਕਣ। ਜਦੋਂ ਭਾਰਤ ਅੰਦਰ ਕਿਸੇ ਵਿਅਕਤੀ ਨੂੰ ਉਸਦੇ ਧਰਮ, ਪਹਿਰਾਵੇ, ਭਾਸ਼ਾ ਤੇ ਸਮਾਜਿਕ ਵਰਤਾਰੇ ਨਾਲ ਜੁੜੇ ਹੋਣ ਕਾਰਨ ਸ਼ਰੇਆਮ ਗੁੰਡਾ ਤੇ ਫਿਰਕੂ ਤੱਤਾਂ ਵਲੋਂ ਬੇਦਰਦੀ ਨਾਲ ਮਾਰਿਆ ਜਾਂਦਾ ਹੈ ਤੇ ਹਰ ਤਰ੍ਹਾਂ ਬੇਇੱਜ਼ਤ ਕੀਤਾ ਜਾਂਦਾ ਹੈ, ਤਾਂ ਇਸਨੂੰ ਭਾਰਤੀ ਰੰਗ ਦੀ ‘ਤਾਲਿਬਾਨੀ ਮਾਨਸਿਕਤਾ’ ਕਿਹਾ ਜਾਣਾ ਚਾਹੀਦਾ ਹੈ। ਜਿਸ ਤਰ੍ਹਾਂ ਅਫਗਾਨਿਸਤਾਨ ਦੀ ਫੌਜ ਤੇ ਅਫਸਰਸ਼ਾਹੀ ਦੇ ਵੱਡੇ ਹਿੱਸੇ ਨੇ ਤਾਲਿਬਾਨੀ ਹਤਿਆਰਿਆਂ ਸਾਹਮਣੇ ਹਥਿਆਰ ਸੁੱਟ ਕੇ ਆਮ ਲੋਕਾਂ ਦੀ ਜਾਨ-ਮਾਲ ਦੀ ਰਾਖੀ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਤਿਲਾਂਜਲੀ ਦੇ ਦਿੱਤੀ ਹੈ, ਇਸੇ ਤਰ੍ਹਾਂ ਭਾਰਤ ਦੀ ਪੁਲਸ, ਦੂਸਰੇ ਅਰਧ ਸੈਨਿਕ ਬਲਾਂ, ਅਫਸਰਸ਼ਾਹੀ ਤੇ ਨਿਆਂਪਾਲਕਾ ਦੇ ਇਕ ਹਿੱਸੇ ਨੇ ਵੀ ਸ਼ਾਸ਼ਤਰਧਾਰੀ ਸੱਜੇ ਪੱਖੀ ਹੜਦੁੰਗੀਆਂ ਦੀਆਂ ਹਿੰਸਕ ਤੇ ਸਮਾਜ ਵਿਰੋਧੀ ਕਾਰਵਾਈਆਂ ਵੱਲ ‘‘ਅਮੂਕ ਦਰਸ਼ਕਾਂ’’ ਵਾਲਾ ਵਤੀਰਾ ਧਾਰਨ ਕੀਤਾ ਹੋਇਆ ਹੈ। ਇਸ ਸਥਿਤੀ ’ਚ ਸਾਡੇ ਸਮਾਜ ਅੰਦਰ ਫਿਰਕੂ ਵੰਡ, ਅਸਹਿਨਸ਼ੀਲਤਾ ਤੇ ਆਪਸੀ ਬੇਭਰੋਸਗੀ ਦੀ ਸਥਿਤੀ ਪੈਦਾ ਹੁੰਦੀ ਜਾ ਰਹੀ ਹੈ। ਅਫਗਾਨਿਸਤਾਨ ਅੰਦਰ ਤਾਲਿਬਾਨ ਦੇ ਸੱਤਾ ਉਪਰ ਕਬਜ਼ੇ ਨਾਲ ਇਸ ਸਮੁੱਚੇ ਖਿੱਤੇ, ਤੇ ਖਾਸਕਰ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਵਧ ਗਈਆਂ ਹਨ। ਜਿਵੇਂ ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਫੜਦਾ ਹੈ, ਇਵੇਂ ਕਿਸੇ ਦੇਸ਼ ਜਾਂ ਇਲਾਕੇ ’ਚ ‘ਤਾਲਿਬਾਨੀ ਮਾਨਸਿਕਤਾ’ ਦਾ ਪਸਾਰ ਦੂਸਰੇ ਲੋਕਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸਾਡੇ ਦੇਸ਼ ਦੀ ਅਜੋਕੀ ਵਿਦੇਸ਼ ਨੀਤੀ ਵੀ ਅਮਰੀਕਣ ਤਰਜੀਹਾਂ ਨੂੰ ਧਿਆਨ ’ਚ ਰੱਖ ਕੇ ਬਣਾਈ ਗਈ ਹੈ, ਜਿਸ ਨਾਲ ਸਥਿਤੀ ਹੋਰ ਵੀ ਚਿੰਤਾਜਨਕ ਬਣੀ ਹੋਈ ਹੈ। ਅਸੀਂ ਕਈ ਪਾਸਿਆਂ ਤੋਂ ਭਾਰਤ ਪ੍ਰਤੀ ਦੁਸ਼ਮਣੀ ਭਰੇ ਸੰਬੰਧਾਂ ਵਾਲੀਆਂ ਸ਼ਕਤੀਆਂ ਨਾਲ ਘਿਰੇ ਹੋਏ ਹਾਂ, ਜਿਨ੍ਹਾਂ ’ਚੋਂ ਕਈਆਂ ਨੂੰ ਤਾਂ ਸਾਡੀ ਸਰਕਾਰ ਦੀ ਆਪਣੀ ਨਲਾਇਕੀ ਤੇ ਇਕ ਪਾਸੜ ਪਹੁੰਚ ਨੇ ਸਾਡੇ ਵਿਰੋਧ ’ਚ ਲਿਆ ਖੜ੍ਹਾ ਕਰ ਦਿਤਾ ਹੈ। ਇਸ ਪੂਰੀ ਵਿਦੇਸ਼ ਨੀਤੀ ਨੂੰ ਭਾਰਤੀ ਹਿਤਾਂ ਦੇ ਅਨੁਕੂਲ ਤੇ ਸੰਸਾਰ ਸ਼ਾਂਤੀ ਦੇ ਅਲੰਬਰਦਾਰ ਵਜੋਂ ਨਵੇਂ ਸਿਰਿਓਂ ਨਿਰਧਾਰਤ ਕਰਨ ਦੀ ਜ਼ਰੂਰਤ ਹੈ। ਇਸ ਤੋਂ ਵੀ ਜ਼ਿਆਦਾ ਜ਼ਰੂਰਤ ਹੈ ਕਿ ਦੇਸ਼ ਅੰਦਰ ਕਿਸੇ ਵੀ ‘ਤਾਲਿਬਾਨੀ ਮਾਨਸਿਕਤਾ’ ਵਾਲੀ ਸ਼ਕਤੀ ਜਾਂ ਸੰਗਠਨ ਨੂੰ ਕਿਸੇ ਕਿਸਮ ਦੀਆਂ ਹਿੰਸਕ, ਫਿਰਕੂ ਤੇ ਸੰਕੀਰਨਤਾ ਵਾਲੀਆਂ ਕਾਰਵਾਈਆਂ ਜਾਂ ਪ੍ਰਚਾਰ ਕਰਨ ਤੋਂ ਪੂਰੀ ਸ਼ਕਤੀ ਨਾਲ ਰੋਕਣਾ ਹੋਵੇਗਾ ਤੇ ਧਰਮ ਨਿਰਪੱਖਤਾ, ਜਮਹੂਰੀਅਤ ਤੇ ਬਰਾਬਰਤਾ ਦੇ ਅਸੂਲਾਂ ਪ੍ਰਤੀ ਪ੍ਰਤੀਬੱਧਤਾ ਨੂੰ ਮੁੜ ਦਹਰਾਉਣਾ ਤੇ ਮਜ਼ਬੂਤ ਕਰਨ ਹੋਵੇਗਾ।

ਧੰਨਵਾਦ- ਜਗ ਬਾਣੀ

Scroll To Top