Now Reading
ਢਹਿਢੇਰੀ ਕੀਤੀ ਗਈ ਯਾਦਗਾਰ ਦਾ ਅਰਥ

ਢਹਿਢੇਰੀ ਕੀਤੀ ਗਈ ਯਾਦਗਾਰ ਦਾ ਅਰਥ

ਸਤਨਾਮ ਚਾਨਾ
ਵਾਹਗਾ ਸਰਹੱਦ ਉੱਤੇ, ਦੇਸ਼ ਦੀ ਵੰਡ ਸਮੇਂ ਹੋਏ ਕਤਲੇਆਮ ਅਤੇ ਉਜਾੜੇ ਦੀ 1996 ‘ਚ ਤਾਮੀਰ ਕੀਤੀ ਗਈ ਇਕ ਯਾਦਗਾਰ ਉਦੋਂ ਤੋਂ ਖੜ੍ਹੀ ਸੀ, ਇਹ ਦੋਹਾਂ ਦੇਸ਼ਾਂ ਦੇ ਨਪੀੜੇ ਲੋਕਾਂ ਦੇ ਸਾਂਝੇ ਲਹੂ ਦੀ ਪ੍ਰਤੀਕ ਸੀ ਜੋ ਏਧਰੋਂ ਓਧਰ ਅਤੇ ਓਧਰੋਂ ਏਧਰ ਪ੍ਰਵਾਸ ਕਰਨ ਸਮੇਂ ਕਤਲ ਹੋਏ ਸਨ । ਇਹ ਸਾਂਝੀਆਂ ਭਾਵਨਾਵਾਂ ਦੀ ਯਾਦਗਾਰ ਹੁਣ ਦਿਖਾਈ ਨਹੀਂ ਦਿੰਦੀ, ਢਾਹ ਦਿੱਤੀ ਗਈ ਹੈ । ਉਸਦਾ ਕੋਈ ਨਾਮੋਨਿਸ਼ਾਨ ਵੀ ਨਹੀਂ ਹੈ । ਉਹ ਸਿੱਲ ਵੀ ਨਹੀਂ ਹੈ ਜਿਸਦੇ ਇਕ ਪਾਸੇ ਅਮ੍ਰਿਤਾ ਪ੍ਰੀਤਮ ਦਾ ਸ਼ੇਅਰ ‘ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ’ ਅਤੇ ਦੂਜੇ ਪਾਸੇ ਫੈਜ਼ ਅਹਿਮਦ ਫੈਜ਼ ਦਾ ਸ਼ੇਅਰ ਲਿਖਿਆ ਹੋਇਆ ਸੀ । ਯਾਦਗਾਰ ਠੀਕ ਉਸ ਥਾਂ ਦੇ ਨਜ਼ਦੀਕ, ਸੜਕ ਦੇ ਵਿਚਕਾਰ ਸੀ ਜਿੱਥੇ ਕੌਮੀ ਝੰਡੇ ਦੀ ਰਸਮ ਦੇਖਣ ਲਈ ਰੋਜ਼ਾਨਾ ਸੈਂਕੜੇ ਲੋਕ ਇਕੱਤਰ ਹੁੰਦੇ ਹਨ ਅਤੇ ਭਾਰਤ ਪਾਕ ਨੂੰ ਜੋੜਨ ਵਾਲਾ ਗੇਟ ਹੈ। ਇਸ ਯਾਦਗਾਰ ਦੇ ਗਾਇਬ ਹੋਣ ਦਾ ਓਦੋਂ ਪਤਾ ਲੱਗਾ ਜਦੋਂ ਇਸਦੀ ਸਥਾਪਨਾ ਕਰਨ ਵਾਲੀ ‘ਫੋਕਲੋਰ ਅਕਾਦਮੀ’ ਦੇ ਆਗੂ, ਕਰੋਨਾ ਦੀ ਮਹਾਂਮਾਰੀ ਦੇ ਮਾਹੌਲ ਅਨੁਸਾਰ, ਸਾਲਾਨਾ ਸਮਾਗਮ ਦੀ ਰਸਮੀ ਕਾਰਵਾਈ ਕਰਨ ਲਈ ਆਗਿਆ ਲੈਣ ਗਏ । ਕੁਝ ਸੂਚਨਾਵਾਂ ਅਨੁਸਾਰ ਇਹ ਜਾਣਕਾਰੀ ਸਭ ਤੋਂ ਪਹਿਲਾਂ, ਉਨ੍ਹਾਂ ਨੂੰ ਪੱਤਰਕਾਰਾਂ ਨੇ ਦਿੱਤੀ ਸੀ । ਦੱਸਿਆ ਗਿਆ ਹੈ ਕਿ ਯਾਦਗਾਰ ਨੈਸ਼ਨਲ ਹਾਈਵੇ ਅਥਾਰਟੀ ਨੇ ਹਟਾਈ ਹੈ ।
ਸਾਡੀ ਅਗਲੀ ਵਿਚਾਰ ਚਰਚਾ, ਦੋਹਾਂ ਦੇਸ਼ਾਂ ਦੇ ਲੋਕਾਂ ਦੀਆਂ ਭਾਵਨਾਵਾਂ ਉੱਤੇ ਕੇਂਦਰਤ ਹੈ ਜਿਸ ਦੇ ਨਾਲ-ਨਾਲ ਸਰਹੱਦ ਪਾਰੋਂ, ਹਕੂਮਤ ਦੇ ਪੱਧਰ ਤੇ ਰਚੀਆਂ ਜਾਂਦੀਆਂ ਸਾਜ਼ਸ਼ਾਂ ਅਤੇ ਕੀਤੀਆਂ ਜਾਂਦੀਆਂ ਸ਼ਰਾਰਤਾਂ ਨੂੰ ਵੀ ਧਿਆਨ ਵਿਚ ਰੱਖਿਆ ਜਾ ਸਕਦਾ ਹੈ। ਲੇਕਿਨ ਯੋਜਨਾਬੱਧ ਢੰਗ ਨਾਲ ਕੀਤੀਆਂ ਜਾਂਦੀਆਂ ਨਿੰਦਣਯੋਗ ਕਾਰਵਾਈਆਂ ਅਤੇ ਆਪਮੁਹਾਰੀ ਲੋਕ ਭਾਵਨਾ ਨੂੰ ਰਲਗੱਡ ਕੀਤਿਆਂ ਅਸੀਂ ਹਕੀਕਤ ਤੋਂ ਦੂਰ ਹੀ ਰਹਿ ਜਾਵਾਂਗੇ ਅਤੇ ਇਹ ਜਾਨਣੋਂ ਰਹਿ ਜਾਵਾਂਗੇ ਕਿ ਭਵਿੱਖ ਕਿਸ ਦਿਸ਼ਾ ਵੱਲ ਵਧ ਰਿਹਾ ਹੈ ।
ਵਿਚਾਰ ਅਧੀਨ ਪ੍ਰਸ਼ਨ ਇਹ ਨਹੀਂ ਕਿ ਯਾਦਗਾਰ ਕਿਸ ਮਨੋਰਥ ਲਈ ਢਾਹੀ ਗਈ ਹੈ । ਪ੍ਰਸ਼ਨ ਇਹ ਹੈ ਕਿ ਯਾਦਗਾਰ ਕਿਸ ਮਹੱਤਵ ਦੀ ਪ੍ਰਤੀਕ ਸੀ ਅਤੇ ਕਿਨ੍ਹਾਂ ਭਾਵਨਾਵਾਂ ਦੀ ਪ੍ਰਤੀਨਿੱਧ ਸੀ ? ਇੱਥੇ ਸਿਰਫ ਏਨਾ ਕੁ ਹੀ ਅੰਕਤ ਕਰ ਲਈਏ ਕਿ ਇਸ ਯਾਦਗਾਰ ਦੀ ਸੰਸਥਾਪਕ, ਫੋਕਲੋਰ ਅਕਾਦਮੀ ਚੰਡੀਗੜ੍ਹ ਦੇ ਅਧਿਐਨ ਅਨੁਸਾਰ ਦੇਸ਼ ਦੀ ਵੰਡ ਸਮੇਂ 10 ਲੱਖ ਲੋਕਾਂ ਦਾ ਕਤਲ ਹੋਇਆ ਸੀ, 80 ਲੱਖ ਲੋਕ ਉੱਜੜਕੇ ਏਧਰੋਂ ਓਧਰ ਗਏ ਅਤੇ ਓਧਰੋਂ ਏਧਰ ਆਏ ਸਨ, 30335 ਲੜਕੀਆਂ/ਔਰਤਾਂ ਦਾ ਉਧਾਲਾ ਹੋਇਆ ਸੀ । ਏਸ ਪਾਸੇ ਰਹਿ ਗਈਆਂ ਜਾਂ ਵਰ ਲਈਆਂ ਗਈਆਂ ਔਰਤਾਂ ਨੂੰ 860 ਬੱਚੇ ਪੈਦਾ ਹੋਏ ਸਨ ਜਿਨ੍ਹਾਂ ਦੀਆਂ ਮਾਵਾਂ ਨੂੰ ਬਾਅਦ ਵਿਚ ਖੋਹ ਕੇ ਪਾਕਿਸਤਾਨ ਭੇਜ ਦਿੱਤਾ ਗਿਆ ਸੀ ਅਤੇ ਬੱਚੇ ਮਾਂ-ਮਿਛੋਰ ਹੋ ਗਏ ਸਨ । ਇਸੇ ਤਰ੍ਹਾਂ ਦੀ ਇਕ ਸੱਚੀ ਘਟਨਾ ਉੱਤੇ ਕਿਸ਼ਨ ਸਿੰਘ ਆਰਿਫ਼ ਨੇ ਕਿੱਸਾ ਵੀ ਲਿਖਿਆ ਸੀ ਜੋ ਨਕੋਦਰ ਨਾਲ ਲੱਗਦੇ ਇਕ ਛੋਟੇ ਜਹੇ ਪਿੰਡ ਵਿਚ ਵਾਪਰੀ ਸੀ । ਵੰਡ ਦੇ ਘਟਨਾਕ੍ਰਮ ਵਾਸਤੇ ਦੁਖਾਂਤ ਸ਼ਬਦ ਬਹੁਤ ਛੋਟਾ ਲਗਦਾ ਹੈ ਜਿਸਦੀ ਪ੍ਰਤੀਨਿੱਧਤਾ ਇਹ ਯਾਦਗਾਰ ਕਰ ਰਹੀ ਸੀ । ਸਾਨੂੰ ਇਸ ਦਾ ਮਹੱਤਵ ਸਮਝਾਉਣ ਲਈ, ਹਾਲ ਹੀ ਵਿਚ ਕੁਝ ਉਦਾਹਰਣਾਂ ਸਾਡੀਆਂ ਅੱਖਾਂ ਅੱਗੇ ਘੁੰਮ ਰਹੀਆਂ ਹਨ ।
ਪਿਛਲੇ ਸੰਖੇਪ ਜਹੇ ਸਮੇਂ ਤੋਂ, ਅਸੀਂ ਲਗਾਤਾਰ ਦੇਖਦੇ ਆ ਰਹੇ ਹਾਂ ਕਿ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਦਰਮਿਆਨ ਸਾਂਝ ਅਤੇ ਵਿਛੋੜੇ ਦੇ ਸੱਲ ਦੀ ਚਰਚਾ ਨੇ ਜ਼ੋਰ ਫੜਿਆ ਹੋਇਆ ਹੈ । ਇਸ ਦਾ ਪ੍ਰਗਟਾਵਾ ਭਾਰਤ ਅਤੇ ਪਾਕਿਸਤਾਨ ਦੇ ਸੋਸ਼ਲ ਮੀਡੀਆ ਵਿਚ ਹੋਰ ਵੀ ਉਭਰ ਕੇ ਆ ਰਿਹਾ ਹੈ । ਇਸਨੂੰ ਪੱਤਰਕਾਰਾਂ ਅਤੇ ਸੁਚੇਤ ਹਲਕਿਆਂ ਦਾ ਵਿਸ਼ੇਸ਼ ਯਤਨ ਵੀ ਕਿਹਾ ਜਾ ਸਕਦਾ ਹੈ । ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਅਜਿਹੇ ਬਜ਼ੁਰਗ ਦੀ ਇੰਟਰਵੀਊ ਦੇਖਦੇ ਸੁਣਦੇ ਹਾਂ ਜਿਸ ਨੇ ਦੇਸ਼ ਦੀ ਵੰਡ ਦਾ ਸੰਤਾਪ ਆਪਣੇ ਤਨ-ਮਨ ਤੇ ਹੰਢਾਇਆ ਸੀ ਤੇ ਅਜੇ ਵੀ ਉਸਦੇ ਹਿਰਦੇ ਵਿਚ ਜਿਉਂ ਦਾ ਤਿਉਂ ਜਿਊਂਦਾ ਹੈ । ਹੁਣ ਵਾਲਾ ਉਹ ਬਜ਼ੁਰਗ, ਉਸ ਸਮੇਂ ਮੁੱਛ ਫੁੱਟ ਸੀ ਜਾਂ ਉਸਨੇ ਅਜੇ ਗਲੀਆਂ ਵਿਚ ਦੜੰਗੇ ਮਾਰਨੇ ਹੀ ਸਿੱਖੇ ਸਨ । ਦੋਹਾਂ ਪੰਜਾਬਾਂ ਵਿਚ ਹੀ ਏਹੋ ਜਹੇ ਬਜ਼ੁਰਗਾਂ ਨੂੰ ਲੱਭਿਆ ਜਾ ਰਿਹਾ ਹੈ ਜਿਨ੍ਹਾਂ ਨੇ ਉਜਾੜੇ ਅਤੇ ਕਤਲੋਗਾਰਤ ਨੂੰ ਅੱਖੀਂ ਦੇਖਿਆ ਸੀ । ਉਹ ਜਦੋਂ ਬੋਲਦੇ ਹਨ ਤਾਂ ਸੁਣਨ ਵਾਲੇ ਦਾ ਗੱਚ ਭਰ ਆਉਂਦਾ ਹੈ । ਉਹ ਧਰਮਾਂ ਦੇ ਆਰ-ਪਾਰ ਆਪਣੀਆਂ ਦੋਸਤੀਆਂ, ਸਮਾਜਿਕ ਸਾਂਝਾਂ ਅਤੇ ਜੱਦੀ ਪਿੰਡਾਂ ਦੇ ਖੂਹਾਂ, ਗਲੀਆਂ, ਪਿੱਪਲਾਂ ਦੀਆਂ ਯਾਦਾਂ ਫਰੋਲਦੇ ਹੋਏ, ਅੱਖਾਂ ਵਿਚੋਂ ਆਪਣੇ ਮਾਨਵੀ ਰਿਸ਼ਤਿਆਂ ਦੇ ਨਕਸ਼ੇ, ਅਥਰੂ ਬਣਾ ਕੇ ਬਾਹਰ ਡੋਲ੍ਹ ਰਹੇ ਹਨ । ਲਗਦਾ ਹੈ ਘਟਨਾਵਾਂ ਅਜੇ ਵੀ ਕਹਾਣੀਆਂ ਨਹੀਂ ਬਣੀਆਂ, ਸਾਹਿਤ ਵਿਚ ਨਹੀਂ ਬਣੀਆਂ, ਸਗੋਂ ਅਸਲੀ ਪਾਤਰਾਂ ਦੇ ਹੱਡਾਂ ਵਿੱਚ ਹੀ ਰੜਕ ਰਹੀਆਂ ਹਨ । ਜਿਵੇਂ ਵਾਰਤਾਵਾਂ ਜਿਊਂਦੀਆਂ ਤੁਰੀਆਂ ਫਿਰਦੀਆਂ ਹੋਣ । ਹੱਡ-ਮਾਸ ਦੀਆਂ ਇਨ੍ਹਾਂ ਕਥਾਵਾਂ ਦਾ ਇਸ ਤਰ੍ਹਾ ਲਗਾਤਾਰ ਪ੍ਰਗਟ ਹੋਣਾ, ਸਾਨੂੰ ਸੋਸ਼ਲ ਮੀਡੀਆ ਦਾ ਸੁਚੇਤ ਯਤਨ ਕਿਉਂ ਲੱਗਦਾ ਹੈ ? ਸ਼ਾਇਦ, ਇਸ ਲਈ ਕਿ ਇਤਿਹਾਸਕਾਰੀ ਨੂੰ ਅਪਣੇ ਨਿਖਾਰ ਲਈ ਇਸਦੀ ਸਖਤ ਜ਼ਰੂਰਤ ਹੈ । ਬੀਤੇ ਦਿਨੀ ਪਾਠਕਾਂ ਨੇ ਵੀ ਉੱਘੇ ਇਤਿਹਾਸਕਾਰ ਡਾ. ਹਰੀਸ਼ ਪੁਰੀ ਨੂੰ, ਇਕ ਟੀ ਵੀ ਇੰਟਰਵੀਊ ਸਮੇਂ ਕਹਿੰਦੇ ਸੁਣਿਆ ਹੋਵੇਗਾ ਕਿ ਇਹੋ ਜਿਹੇ ਵਿਅਕਤੀਆਂ ਨੂੰ ਲੱਭਕੇ ਉਨ੍ਹਾਂ ਦੀਆਂ ਯਾਦਾਂ ਰਿਕਾਰਡ ਕਰ ਲੈਣੀਆਂ ਚਾਹੀਦੀਆਂ ਹਨ । ਇਹ ਪੁਰੀ ਸਾਹਿਬ ਦਾ ਵੱਡਮੁੱਲਾ ਵਿਚਾਰ ਹੈ, ਭਾਵੇਂ ਕਿ ਕਾਫੀ ਪਛੜਕੇ ਆਇਆ ਹੈ । ਕਿਉਂਕਿ ਸੈਂਕੜੇ ਹੀ ਅਜਿਹੇ ਬਜ਼ੁਰਗ ਸੂਚਨਾਵਾਂ ਦਾ ਭੰਡਾਰ ਲੈਕੇ ਜਹਾਨ ਛੱਡ ਕੇ ਤੁਰ ਗਏ ਹਨ । ਫਿਰ ਵੀ, ਦੇਖਣ ਵਿਚ ਆਇਆ ਹੈ ਕਿ ਜਿਹੜੇ ਪੱਤਰਕਾਰ ਇਹ ਕੰਮ ਕਰ ਰਹੇ ਹਨ ਉਹ ਨੌਜਵਾਨ ਹਨ । ਉਹ ਖੁਦ ਵੀ ਉਨ੍ਹਾਂ ਨੂੰ ਭਾਵੁਕਤਾ ਨਾਲ ਸੁਣਦੇ ਅਤੇ ਸਵਾਲ ਕਰਦੇ ਹਨ । ਜੋ ਇਸ ਗੱਲ ਦਾ ਸਬੂਤ ਹੈ ਕਿ ਨੌਜਵਾਨ ਪੀੜ੍ਹੀ ਬੀਤੇ ਨੂੰ ਪੜਚੋਲਣ ਅਤੇ ਭਵਿਖ ਨੂੰ ਸੰਭਾਲਣ ਵਿਚ ਗਹਿਰੀ ਤਰ੍ਹਾਂ ਰੁਚਿਤ ਹੋਈ ਪਈ ਹੈ । ਇੱਥੇ ਹੀ ਦੱਸ ਦੇਈਏ ਕਿ ਜਿਸ ਯਾਦਗਾਰ ਨੂੰ ਢਾਅ ਦਿੱਤਾ ਗਿਆ ਹੈ ਉਸਨੂੰ ਉਸਾਰਨ ਵਾਲੇ ਵੀ ਉਸ ਸਮੇਂ ਭਰ ਜਵਾਨ ਸਨ ਜਿਨ੍ਹਾਂ ਦੇ ਉੱਦਮ ਪਿੱਛੇ, ਅਨੇਕ ਬੁੱਧੀਮਾਨ ਬਜ਼ੁਰਗ, ਆਗੂ ਅਤੇ ਦੇਸ਼ ਭਗਤਾਂ ਦੀ ਲਾਮਬੰਦੀ ਸੀ । ਉਹ ਮਹਿਸੂਸ ਕਰਨ ਲੱਗੇ ਸਨ ਕਿ ਇਹ ਕੰਮ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ । ਜਿਸਦਾ ਜ਼ਿਕਰ ਅੱਗੇ ਚੱਲਕੇ ਵੀ ਕਰਾਂਗੇ । ਪਰੰਤੂ ਇਸ ਤੋਂ ਸੰਕੇਤ ਮਿਲਦਾ ਹੈ ਕਿ ਹਰ ਆਈ ਨਵੀਂ ਪੀੜ੍ਹੀ ਪਿਛੋਕੜ ਦੇ ਦੁਖਾਂਤ ਨੂੰ ਭਾਵੁਕਤਾ ਅਤੇ ਵਧਦੀ ਸੰਜੀਦਗੀ ਨਾਲ ਦੇਖਣ ਲੱਗੀ ਹੈ ।
ਦੂਜੇ ਪਾਸੇ, ਜਦੋਂ ਵੀ ਸਰਹੱਦ ਦੇ ਆਰਪਾਰ ਬੈਠੇ ਲੋਕਾਂ ਨੂੰ ਮੇਲ-ਮਿਲਾਪ ਦੀ ਉਮੀਦ ਜਾਗਦੀ ਹੈ ਤਾਂ ਉਹ ਭਾਵੁਕ ਹੋ ਜਾਂਦੇ ਹਨ । ਉਨ੍ਹਾਂ ਨੂੰ ਲੱਗਦਾ ਹੈ ਕਿ ਜੋ ਕੁਝ ਵਾਪਰਿਆ ਸੀ ਉਹ ਉਨ੍ਹਾਂ ਦੀ ਮਰਜ਼ੀ ਨਹੀਂ ਸੀ । ਸਗੋਂ ਉਹ ਤਾਂ ਇਹ ਵੀ ਠੀਕ ਤਰ੍ਹਾਂ ਨਾ ਜਾਣ ਸਕੇ ਕਿ ਉਨ੍ਹਾਂ ਨਾਲ ਕੀ ਵਾਪਰ ਰਿਹਾ ਹੈ । ਇਹ ਭਾਵਨਾ, ਪੱਤਰਕਾਰਾਂ ਵੱਲੋਂ ਇੰਟਰਵੀਊ ਕੀਤੇ ਜਾਂਦੇ ਬਜ਼ੁਰਗਾਂ ਦੀਆਂ ਭਾਵੁਕ ਗੱਲਾਂ ਵਿੱਚੋਂ ਉੱਭਰਦੀ ਹੈ । ਪਿੱਛੇ ਜਹੇ, ਇਕ ਟੀ ਵੀ ਸ਼ੋਅ ਦੀ ਬਹਿਸ ਵਿਚ ਹਿੱਸਾ ਲੈਂਦਿਆਂ ਉੱਘੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਸਾਡੀ ਵੰਡ ਧਾਰਮਿਕ ਅਧਾਰ ਤੇ ਨਹੀਂ ਸਗੋਂ ਰਾਜਸੀ ਕਾਰਨਾਂ ਕਰਕੇ ਹੋਈ ਸੀ । ਉਹ ਸ਼ਾਇਦ ਉਪਰੋਕਤ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਦਾ ਹੀ ਯਤਨ ਕਰ ਰਹੇ ਸਨ । ਇਹੋ ਕਾਰਨ ਹੈ ਕਿ ਜਦੋਂ ਸਰਹੱਦ ‘ਤੇ ਤਣਾਓ ਘੱਟਦਾ ਹੈ ਤਾਂ ਦੋਹਾਂ ਦੇਸ਼ਾਂ ਦੇ ਲੋਕਾਂ ਵਿਚ ਭਾਵਨਾਤਮਕ ਸਾਂਝ ਉਛਾਲੇ ਮਾਰਨ ਲੱਗ ਪੈਂਦੀ ਹੈ । ਜਿਵੇਂ ਕਿ ਪ੍ਰੋਫੈਸਰ ਈਸ਼ਵਰ ਦਿਆਲ ਗੌੜ ਨੇ ਇਕ ਟੀਵੀ ਚੈਨਲ ‘ਤੇ ਵਾਰਤਾਲਾਪ ਕਰਦਿਆਂ ਸਮੂਹਕ ਭਾਵਨਾਵਾਂ ਅਤੇ ਸੰਵੇਦਨਾਵਾਂ ਦੇ ਇਤਿਹਾਸ ਵੱਲ ਧਿਆਨ ਦੁਆਇਆ ਹੈ । ਉਨ੍ਹਾਂ ਦਾ ਮੰਨਣਾ ਹੈ ਕਿ ਇਤਿਹਾਸ ਭਾਵਨਾਵਾਂ ਦਾ ਵੀ ਹੁੰਦਾ ਹੈ । ਇਹ ਵਿਚਾਰ ਸਾਨੂੰ ਇਹ ਸਮਝਣ ਦੇ ਸਮੱਰਥ ਬਣਾਉਂਦਾ ਹੈ ਕਿ ਏਨੇ ਭਿਆਨਕ ਕਤਲੇਆਮ ਅਤੇ ਉਜਾੜੇ ਦੇ ਬਾਵਜੂਦ, ਸਰਹੱਦ ਦੇ ਆਰਪਾਰ ਧੜਕਦੇ ਹੋਏ ਜ਼ਖਮੀਂ ਦਿਲ ਇਕ ਦੂਜੇ ਤੋਂ ਦੂਰ ਕਿਉਂ ਨਹੀਂ ਗਏ? ਹਾਲਾਂ ਕਿ ਜੰਗੀ ਝੜਪਾਂ ਅਤੇ ਪਾਕ ਦੀਆਂ ਆਤੰਕੀ ਕਾਰਵਾਈਆਂ ਕੁੜੱਤਣ ਪੈਦਾ ਹੋਣ ਦੇ ਮੌਕੇ ਪ੍ਰਦਾਨ ਕਰਦੀਆਂ ਹੀ ਰਹਿੰਦੀਆਂ ਹਨ । ਇਸ ਪ੍ਰਸੰਗ ਵਿਚ ਦੇਖੀਏ ਤਾਂ ਇਹ ਯਾਦਗਾਰ ਮੁਹੱਬਤ ਦੇ ਹੋਰ ਵੀ ਪੀਡੇ ਹੋਣ ਦੀ ਯਾਦਗਾਰ ਸੀ ਜਿਸ ਵਿੱਚੋਂ ਦਰਦ ਹੀ ਨਹੀਂ ਬਿਰਹਾ ਦੀ ਧੁੰਨ ਵੀ ਸੁਣਾਈ ਦਿੰਦੀ ਸੀ ।
ਇਸ ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਇਕ ਹੋਰ ਟੀ ਵੀ ਇੰਟਰਵੀਊ ਬਾਰੇ ਗੱਲ ਕਰ ਲਈਏ । ਇਹ ਇੰਟਰਵੀਊ ਡਾ. ਭੀਮ ਰਾਓ ਅੰਬੇਡਕਰ ਦੇ ਪੋਤੇ ਰਾਜ ਰਤਨ ਅਸ਼ੋਕ ਅੰਬੇਡਕਰ ਦੀ ਹੈ ਜੋ ਵ੍ਹਟਸੈਐਪ ਅਤੇ ਫੇਸਬੁਕ ਤੇ ਸ਼ੇਅਰ ਹੋ ਰਹੀ ਹੈ । ਰਾਜ ਰਤਨ ਅੰਬੇਡਕਰ, ਪਾਕਿਸਤਾਨ ਵਿਚ ਸੰਵਿਧਾਨਕ ਅਧਿਕਾਰਾਂ ਬਾਰੇ ਹੋਈ ਕੌਮਾਂਤਰੀ ਕਾਨਫਰੰਸ ਵਿਚ ਹਿੱਸਾ ਲੈਣ ਗਏ ਹੋਏ ਸਨ । ਉਨ੍ਹਾਂ ਨੇ ਇਕ ਟੀਵੀ ਇੰਟਰਵੀਊ ਵਿਚ ਕਿਹਾ ਕਿ ਮੈਨੂੰ ਇਥੇ ਆ ਕੇ ਪਤਾ ਲੱਗਾ ਕਿ ਪਾਕਿਸਤਾਨ ਦੇ ਲੋਕਾਂ ਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਇੰਡੀਆ ਦੀ ਆਰਥਿਕਤਾ ਵਿਚ ਜਾਂ ਇੰਡੀਆ ਵਿਚ ਕੀ ਚੱਲ ਰਿਹਾ ਹੈ । ਸਾਨੂੰ ਲੋਕਾਂ ਨੂੰ ਇਕ ਹੋ ਕੇ ਕੰਮ ਕਰਨਾ ਪਵੇਗਾ । ਇੰਡੀਆ ਵਿਚ ਵੀ ਮੈਂ ਇਹੀ ਸੁਨੇਹਾ ਲੈ ਕੇ ਜਾ ਰਿਹਾ ਹਾਂ ਕਿ ਪਾਕਿਸਤਾਨ ਸਾਨੂੰ ਬੜੇ ਪਿਆਰ ਨਾਲ ਬੁਲਾਉਂਦਾ ਹੈ, ਪਿਆਰ ਨਾਲ ਵਰਤਾਓ ਕਰਦਾ ਹੈ । ਮੈਂ ਇਹ ਸੰਦੇਸ਼ ਲੈ ਕੇ ਜਾ ਰਿਹਾ ਹਾਂ ਕਿ ਸਾਨੂੰ ਸਰਹੱਦਾਂ ਦੇ ਝਗੜੇ ਛੱਡਕੇ, ਇਨਸਾਨਾਂ ਦੇ ਨਾਤੇ ਇਕ ਹੋਣਾ ਚਾਹੀਦਾ ਹੈ..। ਸਪੱਸ਼ਟ ਹੈ ਕਿ ਉਹ ਪਾਕਿ ਹਕੂਮਤ ਦੀ ਨਹੀਂ ਸਗੋਂ ਪਾਕਿ ਲੋਕਾਂ ਦੀ ਤਮੰਨਾ ਦੀ ਗੱਲ ਕਰ ਰਹੇ ਹਨ ।
ਇਸੇ ਪ੍ਰਕਾਰ ਆਮ ਲੋਕਾਂ ਦੀ ਆਪਸੀ ਖਿੱਚ ਦਾ ਜ਼ੋਰਦਾਰ ਪ੍ਰਗਟਾਵਾ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹਵੇਂ ਪ੍ਰਕਾਸ਼ ਪੁਰਬ ਸਮੇਂ ਹੋਇਆ ਸੀ । ਜੋ ਭਾਵੁਕਤਾ ਪ੍ਰਕਾਸ਼ ਪੁਰਬ ਸਮੇਂ ਦਿਖਾਈ ਦਿੱਤੀ ਸੀ ਉਹ ਨਵੀਂ ਨਹੀਂ ਸੀ ਸਗੋਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੇ ਦਿਲਾਂ ਵਿਚ ਦੱਬੀ ਪਈ ਸੀ ਜੋ ਪੁਰਬ ਦੇ ਮੌਕੇ ਉੱਛਲਕੇ ਬਾਹਰ ਆ ਗਈ । ਨਿਰਸੰਦੇਹ, ਇਹ ਪਿਆਰ ਦੀਆਂ ਭਾਵਨਾਵਾਂ ਦੀ ਮੁਕੰਮਲ ਜਿੱਤ ਸੀ । ਢਾਹੀ ਗਈ ਯਾਦਗਾਰ ਨੂੰ ਇਸੇ ਦ੍ਰਿਸ਼ਟੀ ਤੋਂ ਦੇਖਣ ਦੀ ਲੋੜ ਹੈ ।
ਇਸ ਯਾਦਗਾਰ ਦੀ ਸਥਾਪਨਾ ਦਾ ਸਿਹਰਾ ਪੰਜਾਬ ਫੋਕਲੋਰ ਅਕਾਦਮੀ ਚੰਡੀਗੜ੍ਹ ਦੇ ਸਿਰ ਹੈ ਜਿਸਦੇ ਰੂਹੇਰਵਾਂ ਡਾ. ਤਾਰਾ ਸਿੰਘ ਸੰਧੂ ਅਤੇ ਡਾ. ਈਸ਼ਵਰ ਦਿਆਲ ਗੌੜ ਤੇ ਉਨ੍ਹਾਂ ਦੇ ਸਾਥੀ ਹਨ ਜਿਨ੍ਹਾਂ ਨੇ ਲੰਬੀ ਖੋਜ ਉਪਰੰਤ ਇਸ ਯਾਦਗਾਰ ਦਾ ਸੰਕਲਪ ਲਿਆ ਅਤੇ ਉਸਨੂੰ ਅਮਲੀ ਜਾਮਾ ਪਹਿਨਾਉਣ ਵਿਚ ਮੋਹਰੀ ਰੋਲ ਨਿਭਾਇਆ । ਓਦੋਂ ਉਨ੍ਹਾਂ ਦੇ ਸਾਥੀਆਂ ਵਿਚ ਨਾਜ਼ਰ ਸਿੰਘ ਮਾਨਸਾ, ਸੋਹਨ ਸਿੰਘ ਸਲੇਮਪੁਰ, ਕੁਲਬੀਰ ਸਿੰਘ ਸਿੱਧੂ ਆਦਿ ਵੀ ਸ਼ਾਮਿਲ ਸਨ । ਸਾਰੇ ਨੌਜਵਾਨ ਸਨ ਜਿਨ੍ਹਾਂ ਨੇ ਵੱਡਾ ਸੋਚਿਆ ਅਤੇ ਵੱਡੀਆਂ ਹਸਤੀਆਂ ਤੇ ਵੱਡੀਆਂ ਸੰਸਥਾਵਾਂ ਦਾ ਸਮੱਰਥਨ ਪ੍ਰਾਪਤ ਕਰ ਲਿਆ । ਪੰਜ ਕੋਨੀ ਸਤੰਭ ਦੀ ਨੀਂਹ ਵਿਚ ਪੰਜ ਦਰਿਆਵਾਂ ਦਾ ਜਲ ਪਾਇਆ ਗਿਆ ਅਤੇ ਪੰਜ ਪੰਜਾਬੀ ਅਖ਼ਬਾਰਾਂ ਦੇ ਸੰਪਾਦਕਾਂ ਨੇ ਇਸਦਾ ਨੀਂਹ ਪੱਥਰ ਰੱਖਿਆ । ਪਹਿਲੀ ਜੋਤ ਗ਼ਦਰ ਲਹਿਰ ਦੇ ਸਿਰਮੌਰ ਬਾਬਾ ਭਗਤ ਸਿੰਘ ਬਿਲਗਾ ਨੇ ਜਗਾਈ ਅਤੇ ਉਦਘਾਟਨ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਕਰਨਾ ਸੀ ਪਰ ਉਨ੍ਹਾਂ ਦੇ ਨਾ ਪਹੁੰਚ ਸਕਣ ਕਾਰਨ ਜਗਮੀਤ ਸਿੰਘ ਬਰਾੜ ਨੇ ਕੀਤਾ ਕਿਉਂਕਿ ਤੱਤਕਾਲੀਨ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵੀ ਉਨ੍ਹਾਂ ਹੀ ਕਾਰਨਾਂ ਕਰਕੇ ਨਹੀਂ ਪਹੁੰਚ ਸਕੀ ਸੀ । ਇਸ ਉਪਰੰਤ ਯਾਦਗਾਰ ਦੀ ਸ਼ਾਨ ਵਧਦੀ ਗਈ । ਐਸ.ਜੀ.ਪੀ.ਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਪਿੰਗਲਵਾੜਾ ਦੀ ਮੁਖੀ ਡਾ. ਇੰਦਰਜੀਤ ਕੌਰ ਸਮੇਤ ਕਰਤਾਰ ਸਿੰਘ ਦੁੱਗਲ, ਕੁਲਦੀਪ ਨਈਅਰ, ਡਾ. ਸਰਦਾਰਾ ਸਿੰਘ ਜੌਹਲ, ਡਾ. ਜੋਗਿੰਦਰ ਸਿੰਘ ਪਵਾਰ, ਡਾ. ਸੁੱਚਾ ਸਿੰਘ ਗਿੱਲ, ਡਾ. ਰਜਿੰਦਰ ਸਿੰਘ ਘੁੰਮਣ, ਬਲਵੰਤ ਸਿੰਘ ਰਾਮੂਵਾਲੀਆ, ਸਾਹਿਬਾਂ ਫਰੂਕੀ ਵਰਗੀਆਂ ਹਸਤੀਆਂ ਅਤੇ ਫਿਲਮ ਸਨਅਤ ਦੇ ਨਾਮੀ ਕਲਾਕਾਰ ਜੁੜਦੇ ਗਏ, ਜਿਨ੍ਹਾਂ ਨੇ ਵੱਖ-ਵੱਖ ਸਾਲਾਨਾ ਸਮਾਗਮਾਂ ਵਿਚ ਹਿੱਸਾ ਲਿਆ । ਇਸੇ ਤਰ੍ਹਾਂ ਪਾਕਿਸਤਾਨ ਤੋਂ ਫਖ਼ਰ ਜ਼ਮਾਨ ਅਤੇ ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਗੱਦੀਨਸ਼ੀਨ ਚੰਨ ਜੀ ਸਮੇਤ ਅਨੇਕ ਨਾਮੀ ਹਸਤੀਆਂ ਯਾਦਗਾਰ ‘ਤੇ ਲੱਗਦੇ ਮੇਲਿਆਂ/ਸਮਾਗਮਾਂ ਵਿਚ ਪਹੁੰਚਦੀਆਂ ਰਹੀਆਂ । ਪਾਕਿਸਤਾਨੀ ਡੈਲੀਗੇਸ਼ਨ, ਗੁਰੂ ਅਰਜਨ ਸਾਹਿਬ ਦੀ ਮਹਿਲਾਂ ਦੀ ਸਿਮਰਨ ਮਾਲਾ ਦੇ ਦਰਸ਼ਨ ਕਰਾਉਣ ਲਈ ਨਾਲ ਲੈ ਕੇ ਆਇਆ । ਨਵਾਬ ਰਾਏਕੋਟ ਦੇ ਯੂ.ਕੇ. ਰਹਿੰਦੇ ਵਾਰਿਸ, ‘ਗੰਗਾ ਸਾਗਰ’ ਦਾ ਪ੍ਰਦਰਸ਼ਨ ਕਰਨ ਲਈ ਲਿਆਏ । ਵਿਸ਼ੇਸ਼ ਯੋਗਦਾਨ ਨਾਮਧਾਰੀ ਸਤਿਗੁਰੂ ਜਗਜੀਤ ਸਿੰਘ ਦਾ ਰਿਹਾ ਜਿਹੜੇ ਸਾਲਾਨਾ ਸਮਾਗਮਾਂ ਮੌਕੇ ਲੰਗਰ ਦੀ ਸੇਵਾ ਕਰਦੇ ਰਹੇ । ਇੱਥੇ ਇਹ ਵੀ ਯਾਦ ਰੱਖਿਆ ਜਾਏ ਕਿ ਯਾਦਗਾਰ ਦੇ ਸਥਾਪਨਾ ਦਿਵਸ ਮੌਕੇ ‘ਇੰਡੀਅਨ ਐਕਸਪ੍ਰੈਸ’ ਨੇ 70 ਹਜ਼ਾਰ ਦੇ ਇਸ਼ਤਿਹਾਰ ਮੁਫਤ ਵਿਚ ਛਾਪੇ ਸਨ ।
ਜਦੋਂ ਸਾਲਾਨਾ ਸਮਾਗਮ ਹੁੰਦਾ ਸੀ ਤਾਂ ਵੰਡ ਤੋਂ ਪੀੜਤ 29 ਜ਼ਿਲ੍ਹਿਆਂ ਲਈ 29 ਦੀਵੇ ਰੱਖੇ ਜਾਂਦੇ ਸਨ ਜਿਨ੍ਹਾਂ ਨੂੰ ਵੱਖ-ਵੱਖ ਹਸਤੀਆਂ ਰੌਸ਼ਨ ਕਰਦੀਆਂ ਸਨ ਅਤੇ ਪੰਜ ਕੋਨੇ ਸਤੰਭ ਅਗੇ ਸਮਾਰਕ ਤੇ ਫੁੱਲਮਾਲਾ ਚੜ੍ਹਾਈ ਜਾਂਦੀ ਸੀ ਜਿਸ ਦੇ ਸਿਖਰ ਉੱਤੇ ਦੋ ਹੱਥ ਇੱਕ ਦੂਜੇ ਨੂੰ ਘੁੱਟਕੇ ਮਿਲ ਰਹੇ ਸਨ । ਫੋਕਲੋਰ ਅਕਾਦਮੀ ਵੱਲੋਂ, ਅਜਿਹੇ ਹੀ ਇਕ ਸਾਲਾਨਾ ਸਮਾਗਮ ਸਮੇਂ, ਫੁੱਲਮਾਲਾ ਚੜ੍ਹਾਉਣ ਅਤੇ ਇਕ ਦੀਵਾ ਰੌਸ਼ਨ ਕਰਨ ਦਾ ਮਾਣ ਲੇਖਕ ਨੂੰ ਵੀ ਬਖਸ਼ਿਆ ਗਿਆ ਸੀ । ਮਾਨਵੀ ਭਾਵਨਾਵਾਂ ਦੀ ਪ੍ਰਤੀਕ ਬਣ ਚੁਕੀ ਇਸ ਯਾਦਗਾਰ ਨੂੰ, ਭਾਵਨਾਵਾਂ ਤੋਂ ਸੱਖਣੇ ਅਫਸਰਾਂ ਨੇ ਇੱਟਾਂ ਦਾ ਢਾਂਚਾ ਸਮਝਕੇ ਢਹਿਢੇਰੀ ਕਰ ਦਿੱਤਾ । ਇਸ ਕਾਰਵਾਈ ਉੱਤੇ ਟਿੱਪਣੀ ਕਰਦਿਆਂ ਫੋਕਲੋਰ ਅਕਾਦਮੀ ਦੇ ਜਨਰਲ ਸਕੱਤਰ ਡਾ. ਤਾਰਾ ਸਿੰਘ ਸੰਧੂ ਨੇ ਕਿਹਾ ਹੈ ਕਿ ਦਸ ਲੱਖ ਸ਼ਹੀਦਾਂ ਦਾ ਇਕ ਬਾਰ ਫਿਰ ਕਤਲ ਕਰ ਦਿੱਤਾ ਗਿਆ ਹੈ । ਇਹ ਚਲਾਕੀ ਸੀ ਜਾਂ ਗਲਤੀ ਸੀ ਇਹ ਤਾਂ ਸਮਾਂ ਹੀ ਦੱਸੇਗਾ ਪਰ ਪਤਾ ਲੱਗਾ ਹੈ ਕਿ ਯਾਦਗਾਰ ਨੂੰ ਦੁਬਾਰਾ ਬਣਾਉਣ ਦੀ ਗੱਲ ਚੱਲ ਪਈ ਹੈ । ਜੇਕਰ ਅਜਿਹਾ ਹੁੰਦਾ ਹੈ ਤਾਂ ਯਾਦਗਾਰ ਇਸ ਦੇ ਪਹਿਲੇ ਸੰਸਥਾਪਕਾਂ ਨੂੰ ਹੀ ਬਣਾਉਣੀ ਚਾਹੀਦੀ ਹੈ ਯਾਨਿ ਕਿ ਫੋਕਲੋਰ ਅਕਾਦਮੀ ਚੰਡੀਗੜ੍ਹ ਨੂੰ । ਦਰਦਮੰਦ ਲੋਕ, ਸ਼ਖਸ਼ੀਅਤਾਂ ਅਤੇ ਸੰਸਥਾਵਾਂ ਇਸ ਵਿਚ ਬਣਦਾ ਹਿੱਸਾ ਪਾਉਣ ।

Scroll To Top