Now Reading
ਜਮਹੂਰੀ ਕਿਸਾਨ ਸਭਾ ਵੱਲੋਂ ਕਨਵੈਨਸ਼ਨ ਆਯੋਜਿਤ

ਜਮਹੂਰੀ ਕਿਸਾਨ ਸਭਾ ਵੱਲੋਂ ਕਨਵੈਨਸ਼ਨ ਆਯੋਜਿਤ

ਮਜੀਠਾ – ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੱਦੇ ’ਤੇ ਸਬ-ਡਵੀਜ਼ਨ ਮਜੀਠਾ ਵਿੱਚ ਮਾਸਟਰ ਹਰਭਜਨ ਸਿੰਘ ਟਰਪਈ ਦੀ ਅਗਵਾਈ ਵਿੱਚ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਰਤਨ ਸਿੰਘ ਰੰਧਾਵਾ ਅਤੇ ਹਰਭਜਨ ਸਿੰਘ ਟਰਪਈ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮਿਲਦੀ ਨਿਗੂਣੀ ਸਬਸਿਡੀ ਉਨ੍ਹਾਂ ਦੇ ਟਿਊਬਵੈੱਲਾਂ ’ਤੇ ਬਿਜਲੀ ਮੀਟਰ ਲਗਾ ਕੇ ਖੋਹਣ ਦਾ ਫੈਸਲਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਬਹੁਤ ਸਾਰੇ ਬਿਜਲੀ ਕੁਨੈਕਸ਼ਨ ਪੀੜ੍ਹੀ ਦਰ ਪੀੜ੍ਹੀ ਕਿਸਾਨਾਂ ਦੇ ਬਜ਼ੁਰਗਾਂ ਦੇ ਨਾਵਾਂ ’ਤੇ ਹਨ ਅਤੇ ਕਈ ਕੁਨੈਕਸ਼ਨ ਕਿਸਾਨਾਂ ਦੇ ਸਾਂਝੇ ਹਨ ਜੋ ਝਗੜੇ ਦਾ ਕਾਰਨ ਬਣਨਗੇ। ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਟਿਊਬਵੈੱਲਾਂ ਦੀ ਸਬਸਿਡੀ ਪਹਿਲਾਂ ਦੀ ਤਰ੍ਹਾਂ ਹੀ ਸਰਕਾਰ ਪਾਵਰਕੌਮ ਨੂੰ ਅਦਾ ਕਰੇ। ਜਿਹੜੇ ਥਰਮਲ ਪਲਾਂਟ ਸਰਕਾਰ ਨੇ ਬੰਦ ਕੀਤੇ ਹਨ ਉਨ੍ਹਾਂ ’ਤੇ ਲੋਕਾਂ ਦਾ ਪੈਸਾ ਲੱਗਾ ਹੈ ਤੇ ਇਨ੍ਹਾਂ ਤੋਂ ਸਸਤੀ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਸੀ। ਇਹ ਪਲਾਂਟ ਸਰਕਾਰ ਨੇ ਬੰਦ ਕਰ ਦਿੱਤੇ ਹਨ। ਆਗੂਆਂ ਨੇ ਕੈਪਟਨ ਸਰਕਾਰ ’ਤੇ ਵਾਅਦਾ-ਖ਼ਿਲਾਫ਼ੀ ਦੇ ਦੋਸ਼ ਲਾਏ ਤੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਵੀ ਖੋਹ ਲਈਆਂ ਗਈਆਂ ਹਨ। ਇਸ ਉਪਰੰਤ ਕਿਸਾਨਾਂ ਨੇ ਆਪਣੀਆਂ ਮੰਗਾਂ ਸਬੰਧੀ ਸਬ-ਡਵੀਜਨ ਮਜੀਠਾ ਦੇ ਤਹਿਸੀਲਦਾਰ ਦੇ ਰੀਡਰ ਤੇ ਐਸਡੀਐਮ ਦਫ਼ਤਰ ਦੇ ਨੁਮਾਇੰਦਿਆਂ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ। ਇਸ ਮੌਕੇ ਨਵਤੇਜ ਸਿੰਘ, ਭੁਪਿੰਦਰ ਸਿੰਘ, ਮਨਿੰਦਰ ਸਿੰਘ, ਸਵਰਨ ਸਿੰਘ, ਦਿਲਬੀਰ ਸਿੰਘ, ਮੁਖਤਾਰ ਸਿੰਘ ਟਰਪਈ, ਨੰਬਰਦਾਰ ਕੁਲਵੰਤ ਸਿੰਘ, ਲੱਖਾ ਸਿੰਘ, ਹਰਭਜਨ ਸਿੰਘ ਪੰਡੋਰੀ ਵੜੈਚ, ਬਲਕਾਰ ਸਿੰਘ, ਹਰਦੇਵ ਸਿੰਘ ਹਾਜ਼ਰ ਸਨ।

Scroll To Top