ਅਟਾਰੀ : ਸੂੂਬੇ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ 18 ਜੂਨ ਤੱਕ ਬਿਜਲੀ ਦਫ਼ਤਰਾਂ ਸਾਹਮਣੇ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਵਜੋਂ ਅੱਜ ਸਬ ਤਹਿਸੀਲ ਅਟਾਰੀ ਵਿੱਚ ਕਿਸਾਨਾਂ ਨੇ ਪੰਜਾਬ ਰਾਜ ਪਾਵਰਕੌਮ ਦੇ ਐੱਸਡੀਓ ਦਫ਼ਤਰ ਦੇ ਬਾਹਰ ਬਾਬਾ ਅਰਜਨ ਸਿੰਘ ਹੁਸ਼ਿਆਰਨਗਰ, ਬੂਟਾ ਸਿੰਘ ਮੋਦੇ ਅਤੇ ਮਾਹਨ ਸਿੰਘ ਮੁਹਾਵਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਰਤਨ ਸਿੰਘ ਰੰਧਾਵਾ ਅਤੇ ਸੁਖਵਿੰਦਰ ਸਿੰਘ ਲਾਹੌਰੀਮੱਲ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਕਿਸਾਨਾਂ-ਮਜ਼ਦੂਰਾਂ ਨੂੰ ਉਜਾੜਨ ’ਤੇ ਤੁਲੀਆਂ ਹੋਈਆਂ ਹਨ। ਕਿਸਾਨ ਆਗੂਆਂ ਨੇ ਕਿਸਾਨਾਂ-ਮਜ਼ਦੂਰਾਂ ਨੂੰ ਪਾਏ ਜਾ ਰਹੇ ਜ਼ੁਰਮਾਨੇ ਮੁਆਫ਼ ਕਰਨ, 20 ਜੂਨ ਤੋਂ 16 ਘੰਟੇ ਨਿਰੰਤਰ ਬਿਜਲੀ ਸਪਲਾਈ ਦੇਣ, ਸੜੇ ਟਰਾਂਸਫਾਰਮਰ 24 ਘੰਟਿਆਂ ਵਿੱਚ ਬਦਲੀ ਕਰਨ, ਗਰੀਬ ਮਜ਼ਦੂਰਾਂ ਦੀ ਖੋਹੀ 200 ਯੂਨਿਟ ਬਿਜਲੀ ਮੁਆਫ਼ੀ ਬਹਾਲ ਕਰਨ, ਗਰੀਬ ਕਿਸਾਨਾਂ ਨੂੰ ਮੁਫ਼ਤ ਬਿਜਲੀ ਕੁਨੈਕਸ਼ਨ ਮਹੱਈਆ ਕਰਨ ਅਤੇ ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਲਈ ਵੱਖਰਾ ਬਿਜਲੀ ਫੀਡਰ ਗਠਿਤ ਕਰਨ, ਨੇਸ਼ਟਾ 3 ਫੇਸ ਫੀਡਰ 20 ਜੂਨ ਤੋਂ ਪਹਿਲਾਂ ਚਾਲੂ ਕਰਨ, ਕੰਡਿਆਲੀ ਤਾਰ ਤੋਂ ਪਾਰ 10 ਦਿਨ ਪਹਿਲਾਂ ਝੋਨਾਂ ਲਾਉਣ ਦੀ ਛੋਟ ਦਿੱਤੀ ਜਾਣ ਸਬੰਧੀ ਮੰਗ ਪੱਤਰ ਐੱਸਡੀਓ ਅਟਾਰੀ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ। ਇਸ ਉਪਰੰਤ ਕਿਸਾਨਾਂ ਨੇ ਪੈਦਲ ਮਾਰਚ ਕਰਕੇ ਸਬ ਤਹਿਸੀਲ ਅਟਾਰੀ ਵਿੱਚ ਇੱਕ ਵੱਖਰਾ ਮੰਗ ਪੱਤਰ ਦਿੱਤਾ ਜਿਸ ਵਿੱਚ ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਦੇ ਬਕਾਇਆ ਚੈੱਕ ਮੁਹੱਈਆ ਕਰਨ, ਰਿਸ਼ਵਤਖੋਰੀ ਬੰਦ ਕਰਨ, ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ ਕੀਤਾ ਅਥਾਹ ਵਾਧਾ ਵਾਪਸ ਲੈਣ ਸਬੰਧੀ ਮੰਗਾਂ ਸ਼ਾਮਲ ਸਨ।