ਫਿਲੌਰ : ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਅੱਜ ਝੋਨੇ ਦੇ ਫੂਸ ਨੂੰ ਅੱਗ ਲਗਾਈ। ਇਥੋਂ ਦੀ ਅਚਾਨਚੱਕ, ਗੜ੍ਹਾ ਰੋਡ ‘ਤੇ ਇਕੱਠੇ ਹੋਏ ਕਿਸਾਨਾਂ ਨੇ ਦੱਸਿਆ ਕਿ ਫੂਸ ਨੂੰ ਅੱਗ ਲਾਉਣ ਨਾਲ ਪ੍ਰਦੂਸ਼ਣ ਬਹੁਤ ਹੀ ਘੱਟ ਹੁੰਦਾ ਹੈ। ਰੀਪਰ ਦੀ ਵਰਤੋਂ ਕਰਨ ਉਪਰੰਤ ਸਾੜੀ ਗਈ ਮੁਕੰਮਲ ਪਰਾਲੀ ਨਾਲ ਪ੍ਰਦੂਸ਼ਣ ਬਹੁਤ ਜਿਆਦਾ ਹੁੰਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਨਅਤ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੇ ਮੁਕਾਬਲੇ ਇਹ ਬਹੁਤ ਹੀ ਨਿਗੂਣਾ ਜਿਹਾ ਪ੍ਰਦੂਸ਼ਣ ਹੈ। ਕਿਸਾਨਾਂ ਆਗੂਆਂ ਨੇ ਮੰਗ ਕੀਤੀ ਕਿ ਜੇ ਉਨ੍ਹਾਂ ਦੀ ਪਰਾਲੀ ਖੇਤਾਂ ‘ਚੋਂ ਚੁੱਕਣ ਜਾਂ ਇਸ ਨੂੰ ਜ਼ਮੀਨ ‘ਚ ਗਾਲਣ ‘ਤੇ ਆਉਣ ਵਾਲੇ ਖਰਚ ਲਈ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਜਾਂਦੀ ਤਾਂ ਉਹ ਕੀ ਕਰ ਸਕਦੇ ਹਨ। ਆਗੂਆਂ ਨੇ ਕਿਹਾ ਕਿ ਦੋਆਬੇ ‘ਚ ਜਿਆਦਾਤਰ ਛੋਟੀ ਕਿਸਾਨੀ ਹੋਣ ਕਾਰਨ ਮਹਿੰਗੀ ਮਸ਼ੀਨਰੀ ਲੈਣੀ ਵਿੱਤੋਂ ਬਾਹਰ ਦੀ ਗੱਲ ਹੈ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਜਸਬੀਰ ਸਿੰਘ, ਕੁਲਜੀਤ ਸਿੰਘ, ਬਲਰਾਜ ਸਿੰਘ, ਬਲਕਾਰ ਸਿੰਘ, ਨੰਬਰਦਾਰ ਭੁਪਿੰਦਰ ਸਿੰਘ, ਪਰਵਿੰਦਰ ਸਿੰਘ ਜੌਹਲ, ਬਲਬੀਰ ਸਿੰਘ, ਕੁਲਦੀਪ ਸਿੰਘ, ਦਵਿੰਦਰ ਸਿੰਘ, ਲਖਬੀਰ ਸਿੰਘ, ਬਲਕਾਰ ਸਿੰਘ ਆਦਿ ਨੇ ਇਕੱਠੇ ਹੋ ਕੇ ਫੂਸ ਨੂੰ ਅੱਗ ਲਾਕੇ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਵੀ ਕੀਤੀ।