Now Reading
ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਜਨਵਰੀ 2020)

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਜਨਵਰੀ 2020)

ਨਾਗਰਿਕਤਾ ਸੋਧ ਕਾਨੂੰਨ-2019 (ਸੀਏਏ) ਖਿਲਾਫ਼ ਸੂਬੇ ਭਰ ਵਿੱਚ ਜੋਰਦਾਰ ਰੋਸ ਮੁਜ਼ਾਹਰੇ
ਚਾਰ ਖੱਬੀਆਂ ਪਾਰਟੀਆਂ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) , ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ), ਭਾਰਤੀ ਕਮਿਊਨਿਸਟ ਪਾਰਟੀ (ਮ ਲ) ਲਿਬਰੇਸ਼ਨ ਅਤੇ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ ਯੂਨਾਈਟਿਡ (ਐਮਸੀਪੀਆਈ ਯੂ) ਦੇ ਸੱਦੇ ‘ਤੇ 19 ਦਸੰਬਰ ਨੂੰ ਸੂਬੇ ਦੇ ਸਾਰੇ ਜਿਲ੍ਹਾ ਕੇਂਦਰਾਂ ਅਤੇ ਨਾਮਵਰ ਕਸਬਿਆਂ ਤੇ ਪਿੰਡਾਂ ਵਿੱਚ ਜੋਰਦਾਰ ਸਾਂਝੇ ਰੋਸ ਮੁਜ਼ਾਹਰੇ ਕੀਤੇ ਗਏ।
ਉਕਤ ਰੋਸ ਪ੍ਰਦਰਸ਼ਨਾਂ ਦਾ ਸੱਦਾ, ਦੇਸ਼ ਦੀਆਂ ਪ੍ਰਮੁੱਖ ਖੱਬੀਆਂ ਪਾਰਟੀਆਂ ਵਲੋਂ, ਆਰ ਐਸ ਐਸ ਦੀਆਂ ਹਿਦਾਇਤਾਂ ਅਨੁਸਾਰ ਕੰਮ ਕਰਨ ਵਾਲੀ ਮੋਦੀ ਸਰਕਾਰ ਵਲੋਂ ਦੇਸ਼ ਦੀ ਏਕਤਾ-ਅਖੰਡਤਾ ਖੇਰੂੰ-ਖੇਰੂੰ ਕਰਨ ਦੀ ਸਾਜਿਸ਼ ਅਧੀਨ ਘੜੇ ਗਏ ਕੌਮੀ ਨਾਗਰਿਕਤਾ ਕਾਨੂੰਨ-2019 (ਸੀਸੀਏ) ਨੂੰ ਰੱਦ ਕਰਨ ਦੀ ਮੰਗ ਨੂੰ ਦੇਸ਼ ਵਿਆਪੀ ਅੰਦੋਲਨ ਦਾ ਰੂਪ ਦੇਣ ਲਈ ਦਿੱਤਾ ਗਿਆ ਸੀ। ਚੌਹਾਂ ਪਾਰਟੀਆਂ ਦੇ ਕਾਰਕੁੰਨਾਂ ਵਲੋਂ ਉਕਤ ਰੋਸ ਪ੍ਰਦਰਸ਼ਨਾਂ ਉਪਰੰਤ ਕੇਂਦਰੀ ਸਰਕਾਰ ਦੀਆਂ ਅਰਥੀਆਂ ਵੀ ਫੂਕੀਆਂ ਗਈਆਂ। ਇਨ੍ਹਾਂ ਰੋਸ ਐਕਸ਼ਨਾਂ ਰਾਹੀਂ  ਵੱਖਵਾਦੀ, ਗੈਰ ਸੰਵਿਧਾਨਕ ਅਤੇ ਫਿਰਕੂ ਧਰੁਵੀਕਰਨ ਦੇ ਸੰਦ ਵਜੋਂ ਵਰਤੇ ਜਾ ਰਹੇ ਉਕਤ ਕਾਨੂੰਨ ਖਿਲਾਫ਼ ਸੰਘਰਸ਼ ਕਰ ਰਹੇ ਲੋਕਾਂ, ਵਿਸ਼ੇਸ਼ ਕਰਕੇ ਵਿਦਿਆਰਥੀਆਂ ਖਿਲਾਫ਼ ਢਾਹੇ ਜਾ ਰਹੇ ਹੁਕੂਮਤੀ ਜਬਰ ਵਿਰੁੱਧ ਵੀ ਜੋਰਦਾਰ ਆਵਾਜ਼ ਬੁਲੰਦ ਕੀਤੀ ਗਈ।
ਉਪਰੋਕਤ ਰੋਸ ਐਕਸ਼ਨਾਂ ਦੀ ਅਗਵਾਈ ਸਰਵ ਸਾਥੀ ਮੰਗਤ ਰਾਮ ਪਾਸਲਾ, ਬੰਤ ਬਰਾੜ, ਗੁਰਮੀਤ ਸਿੰਘ ਬਖਤਪੁਰ, ਕਿਰਨਜੀਤ ਸੇਖੋਂ ਪਰਗਟ ਸਿੰਘ ਜਾਮਾਰਾਇ, ਪਿਰਥੀ ਪਾਲ ਸਿੰਘ ਮਾੜੀ ਮੇਘਾ, ਸੁਖਦਰਸ਼ਨ ਨੱਤ, ਮੰਗਤ ਰਾਮ ਲੌਂਗੋਵਾਲ, ਰਤਨ ਸਿੰਘ ਰੰਧਾਵਾ, ਕਾਮਰੇਡ ਜਗਰੂਪ, ਰਾਜਵਿੰਦਰ ਸਿੰਘ ਰਾਣਾ, ਲਾਲ ਚੰਦ ਕਟਾਰੂ ਚੱਕ, ਰਘਬੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਮਹੀਪਾਲ, ਵਿਜੇ ਮਿਸ਼ਰਾ, ਸਤਨਾਮ ਸਿੰਘ ਅਜਨਾਲਾ, ਵੇਦ ਪ੍ਰਕਾਸ਼, ਭਗਵੰਤ ਸਿੰਘ ਸਮਾਉਂ, ਕੁਲਦੀਪ ਸਿੰਘ ਭੋਲਾ ਅਤੇ ਹੋਰਨਾਂ ਸੂਬਾਈ ਆਗੂਆਂ ਨੇ ਕੀਤੀ।


ਐਸ.ਐਸ.ਪੀ. ਤਰਨ ਤਾਰਨ ਦੇ ਦਫਤਰ ਅੱਗੇ ਵਿਸ਼ਾਲ ਧਰਨਾ



ਪੁਲਸ ਜ਼ਿਆਦਤੀਆ, ਝੂਠੇ ਪਰਚੇ,ਲੁਟਾਂ-ਖੋਹਾਂ,ਚੋਰੀਆਂ, ਡਕੈਤੀਆਂ, ਵੱਧ ਰਹੇ ਨਸ਼ੇ, ਥਾਣਿਆਂ ਦਾ ਸਿਆਸੀਕਰਨ ਅਤੇ ਥਾਣਿਆਂ ‘ਚ ਆਮ ਲੋਕਾਂ ਦੀ ਬੇਪਤੀ ਵਿਰੁੱਧ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੇ ਸੱਦੇ ‘ਤੇ ਇਕੱਤਰ ਹੋਏ ਹਜਾਰਾਂ ਲੋਕਾਂ ਵੱਲੋਂ  ਐਸ.ਐਸ.ਪੀ. ਤਰਨ ਤਾਰਨ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਸ਼ੁਰੂ ਕੀਤਾ ਗਿਆ। ਪੰਜਾਬ ਸਰਕਾਰ ਅਤੇ ਪੁਲਿਸ ਦੇ ਖਿਲਾਫ ਜੰਮ ਕੇ ਨਾਹਰੇਬਾਜੀ ਕੀਤੀ ਗਈ। ਸੰਘਰਸ਼ੀ ਲੋਕਾਂ ਦੀ ਅਗਵਾਈ ਪਾਰਟੀ ਦੇ ਜਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲਾ, ਦਲਜੀਤ ਸਿੰਘ ਦਿਆਲਪੁਰਾ,  ਸੁਖਦੇਵ ਸਿੰਘ ਗੋਹਲਵੜ, ਸੁਲੱਖਣ ਸਿੰਘ ਤੁੜ ਨੇ ਕੀਤੀ। ਇਸ ਮੌਕੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਐਕਟਿੰਗ ਸਕੱਤਰ ਪਰਗਟ ਸਿੰਘ ਜਾਮਰਾਏ, ਜਸਪਾਲ ਸਿੰਘ ਝਬਾਲ, ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਹਲਕਾ ਵਿਧਾਇਕਾਂ ਦੀ ਥਾਣਿਆਂ ‘ਚ ਦਖਲ ਅੰਦਾਜੀ ਹੋਣ ਕਾਰਨ ਆਮ ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ। ਥਾਣਿਆਂ ਦਾ ਪੂਰੀ ਤਰਾਂ ਸਿਆਸੀਕਰਨ ਕੀਤਾ ਹੋਇਆ ਹੈ। ਚੋਰੀ, ਲੁੱਟਾਂ-ਖੋਹਾਂ, ਡਕੈਤੀਆਂ, ਝੂਠੇ ਪਰਚੇ, ਨਸ਼ਿਆਂ ‘ਚ ਲਗਾਤਾਰ ਵਾਧਾ ਹੋਣਾ, ਪੁਲਿਸ ਵੱਲੋਂ ਲੋਕਾਂ ਦੀਆਂ ਜਮੀਨਾਂ, ਘਰਾਂ ‘ਤੇ ਕਬਜ਼ੇ ਕਰਾਉਣਾ ਅਤੇ ਥਾਣਿਆਂ ‘ਚ ਆਮ ਲੋਕਾਂ ਦੀ ਬੇਪਤੀ ਰੋਜ਼ ਦਾ ਵਰਤਾਰਾ ਬਣ ਗਿਆ ਹੈ।
ਉਕਤ ਆਗੂਆਂ ਨੇ ਕਿਹਾ ਕਿ ਐਸ ਐਸ ਪੀ ਤਰਨ ਤਾਰਨ   ਦੇ ਦਫ਼ਤਰ ਵੱਲੋਂ ਦਰਖਾਸਤਾਂ ਹੀ ਮਾਰਕ ਕੀਤੀਆਂ ਜਾਦੀਆਂ ਹਨ, ਦਰਖਾਸਤਾਂ ਦੀਆ ਪੜਤਾਲਾਂ 6-6 ਮਹੀਨੇ ਤੋਂ ਲਟਕਦੀਆਂ ਆ ਰਹੀਆਂ  ਹਨ ਅਤੇ ਆਮ ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ। ਇਸ ਮੌਕੇ ਮਨਜੀਤ ਸਿੰਘ ਬੱਗੂ, ਕਰਮ ਸਿੰਘ ਫਤਿਆਬਾਦ, ਹਰਦੀਪ ਸਿੰਘ ਰਸੂਲਪੁਰ, ਨਿਰਪਾਲ ਸਿੰਘ ਜਾਉਣੇਕੇ, ਧਰਮ ਸਿੰਘ, ਹਰਭਜਨ ਸਿੰਘ, ਬਲਦੇਵ ਸਿੰਘ ਭੈਲ, ਜਸਬੀਰ ਸਿੰਘ ਵੈਰੋਵਾਲ, ਦਾਰਾ ਸਿੰਘ ਮੁੰਡਾ ਪਿੰਡ, ਪਾਲ ਸਿੰਘ ਜਾਮਾਰਾਏ, ਜਰਨੈਲ ਸਿੰਘ ਦਿਆਲਪੁਰਾ, ਜਸਬੀਰ ਸਿੰਘ ਗੰਡੀਵਿੰਡ, ਬਲਵਿੰਦਰ ਸਿੰਘ ਭਿੱਖੀਵਿੰਡ, ਕੁਲਵੰਤ ਸਿੰਘ, ਬਲਦੇਵ ਸਿੰਘ ਗੋਹਲਵੜ ਆਦਿ ਆਗੂਆਂ ਨੇ ਸੰਬੋਧਨ ਕੀਤਾ।



ਮਨੁੱਖੀ ਅਧਿਕਾਰ ਦਿਵਸ ਮੌਕੇ ਪਾਰਟੀ ਵਲੋਂ ਮੁਜ਼ਾਹਰਾ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਕਾਰਕੁੰਨਾਂ  ਵਲੋਂ ਬਠਿੰਡਾ ਵਿਖੇ, ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ (10 ਦਸੰਬਰ) ਮੌਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਦੇਸ਼ ਭਰ ਵਿੱਚ ਸਰਕਾਰੀ ਤੰਤਰ ਵਲੋਂ ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਰਹੇ ਘਾਣ ਵਿਰੁੱਧ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ ।
ਪਾਰਟੀ ਕਾਰਕੁੰਨਾਂ ਵਲੋਂ ਧਾਰਮਿਕ ਪਛਾਣ ਦੇ ਆਧਾਰ ‘ਤੇ ਸ਼ੱਕੀ ਅਤੇ ਬਦੇਸ਼ੀ ਕਰਾਰ ਦੇ ਕੇ ਦੇਸ਼ ਦੇ ਮੁਸਲਮਾਨਾਂ ਨੂੰ ਉਜਾੜਣ ਦੀਆਂ ਸਾਜ਼ਿਸ਼ਾਂ  ਸਿਰੇ ਚੜ੍ਹਾਉਣ ਲਈ ਪੇਸ਼ ਕੀਤੇ ਗਏ ਨਾਗਰਿਕਤਾ ਸੋਧ ਬਿੱਲ (ਸੀ.ਏ.ਬੀ.) ਅਤੇ ਕੌਮੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਵਾਪਸ ਲੈਣ ਦੀ ਮੰਗ ਕੀਤੀ ਗਈ ।
ਦੇਸ਼ ਭਰ ਵਿੱਚ ਇਸਤਰੀਆਂ, ਵਿਸ਼ੇਸ਼ ਕਰਕੇ ਮਾਸੂਮ ਬੱਚੀਆਂ ਨਾਲ ਹੋ ਰਹੀਆਂ ਬਲਾਤਕਾਰ-ਕਤਲ-ਜਿਨਸੀ ਸ਼ੋਸ਼ਣ ਦੀਆਂ ਹੌਲਨਾਕ ਵਾਰਦਾਤਾਂ ਦੇ ਦੋਸ਼ੀਆਂ ਨੂੰ ਫਾਹੇ ਲਾਉਣ ਅਤੇ ਅਜਿਹੇ ਘਿਰਣਾ ਯੋਗ ਅਪਰਾਧਾਂ ਦੇ ਦੋਸ਼ੀਆਂ ਦੀ ਸਿਆਸੀ ਸਰਪ੍ਰਸਤੀ ਬੰਦ ਕਰਨ ਦੀ ਮੰਗ ਕੀਤੀ ਗਈ।
ਜੰਮੂ ਕਸ਼ਮੀਰ ਦੇ ਲੋਕਾਂ ਦੇ ਸਮੁੱਚੇ ਜਮਹੂਰੀ ਤੇ ਸੰਵਿਧਾਨਕ ਅਧਿਕਾਰ ਅਤੇ ਸਾਰੀਆਂ ਨਾਗਰਿਕ ਸੇਵਾਵਾਂ ਬਹਾਲ ਕਰਨ ਅਤੇ ਸੂਬੇ ਦਾ 5 ਅਗਸਤ 2019 ਤੋਂ ਪਹਿਲਾਂ ਵਾਲਾ ਰੁਤਬਾ ਬਹਾਲ ਕਰਨ ਦੀ ਵੀ ਮੰਗ ਕੀਤੀ ਗਈ।
ਰੋਸ ਪ੍ਰਦਰਸ਼ਨ ਰਾਹੀਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਲੋਕਾਂ ਉੱਪਰ ਹੁਕੂਮਤ ਮਸ਼ੀਨਰੀ ਵਲੋਂ ਢਾਹੇ ਜਾ ਰਹੇ ਅਣਮਨੁੱਖੀ ਅੱਤਿਆਚਾਰਾਂ ਵਿਰੁੱਧ ਵੀ ਆਵਾਜ਼ ਬੁਲੰਦ ਕੀਤੀ ਗਈ।
ਕਾਰਕੁੰਨਾਂ ਵਲੋਂ ਹੱਥਾਂ ਵਿੱਚ ਤਖਤੀਆਂ ਫੜ ਕੇ ਸਟਰੀਟ ਮਾਰਚ ਕੀਤਾ ਗਿਆ ਅਤੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਫਿਰਕੂ ਆਧਾਰ ‘ਤੇ ਭਾਰਤ ਦੀ ਨਵੇਂ ਸਿਰਿਓਂ ਸੰਨ ਸੰਤਾਲੀ (1947) ਵਰਗੀ  ਵੰਡ ਦੀ ਮੋਦੀ-ਸ਼ਾਹ ਹੁਕੂਮਤ ਦੀ ਆਰ.ਐਸ.ਐਸ. ਦੇ ਇਸ਼ਾਰੇ ‘ਤੇ ਕੀਤੀ ਜਾ ਰਹੀ ਸਾਜ਼ਿਸ਼ ਦਾ ਮੂੰਹ ਭੰਨਣ ਲਈ ਸੰਘਰਸ਼ਾਂ ਦੇ ਮੈਦਾਨਾਂ ਵਿੱਚ ਨਿੱਤਰਨ।
ਉਨ੍ਹਾਂ ਮੋਦੀ ਸਰਕਾਰ ਦੇ ਉਪਰੋਕਤ ਅਜੰਡੇ ਅਤੇ ਲੋਕਾਂ ਦਾ ਕੰਗਾਲੀਕਰਨ ਕਰਨ ਵਾਲੀਆਂ ਨਵਉਦਾਰਵਾਦੀ ਨੀਤੀਆਂ ਖਿਲਾਫ਼ 8 ਜਨਵਰੀ 2020 ਨੂੰ ਕੇਂਦਰੀ ਟਰੇਡ ਯੂਨੀਅਨਾਂ ਅਤੇ ਕਰਮਚਾਰੀ ਸੰਗਠਨਾਂ ਵਲੋਂ ਦਿੱਤੇ ਗਏ ਕੌਮੀ ਹੜਤਾਲ ਦੇ ਸੱਦੇ ਨੂੰ ਪੰਜਾਬ  ਬੰਦ ਵਿੱਚ ਤਬਦੀਲ ਕਰਨ ਦਾ ਸੱਦਾ ਦਿੱਤਾ।
ਇਸ ਰੋਸ ਐਕਸ਼ਨ ਦੀ ਅਗਵਾਈ ਜਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਵਲੋਂ ਕੀਤੀ ਗਈ । ਸੰਪੂਰਨ ਸਿੰਘ, ਸੁਖਦੇਵ ਸਿੰਘ ਨਥਾਣਾ, ਦਰਸ਼ਨ ਸਿੰਘ ਫੁੱਲੋ ਮਿੱਠੀ, ਤਾਰਾ ਸਿੰਘ ਨੰਦਗੜ੍ਹ ਕੋਟੜਾ, ਗੁਲਜ਼ਾਰ ਸਿੰਘ ਬਦਿਆਲਾ, ਮੱਖਣ ਸਿੰਘ ਤਲਵੰਡੀ ਸਾਬੋ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਮੇਜਰ ਸਿੰਘ ਤੁੰਗਵਾਲੀ, ਕੂਕਾ ਸਿੰਘ ਨਥਾਣਾ, ਨਾਇਬ ਸਿੰਘ ਔਲਖ, ਸੱਤਪਾਲ ਗੋਇਲ ਅਮ੍ਰਿਤ ਪਾਲ ਬਾਂਸਲ  ਆਦਿ ਆਗੂ ਵੀ ਮੌਜੂਦ ਸਨ।


ਔਰਤਾਂ ‘ਤੇ ਜ਼ੁਲਮਾਂ ਖਿਲਾਫ਼ ਜੋਰਦਾਰ ਰੋਸ ਮੁਜ਼ਾਹਰਾ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਦੀ ਬਠਿੰਡਾ ਜਿਲ੍ਹਾ ਕਮੇਟੀ ਦੇ ਸੱਦੇ ਤੇ ਇਕੱਠੇ ਹੋਏ ਭਾਰੀ ਗਿਣਤੀ ਪਾਰਟੀ ਕਾਰਕੁੰਨਾਂ ਨੇ ਇੱਥੇ ਜੋਰਦਾਰ ਰੋਸ ਮੁਜ਼ਾਹਰਾ ਕੀਤਾ। ਔਰਤਾਂ ਅਤੇ ਮਾਸੂਮ ਬੱਚੀਆਂ ਖਿਲਾਫ਼,  ਦੇਸ਼ ਭਰ ਵਿੱਚ ਵਾਪਰ ਰਹੀਆਂ ਅਤੇ ਦਿਨੋਂ-ਦਿਨ ਤੇਜ ਹੋ ਰਹੀਆਂ ਕਤਲਾਂ, ਬਲਾਤਕਾਰਾਂ, ਕੰਮ ਦੇ ਸਥਾਨਾਂ ਅਤੇ ਘਰਾਂ ਵਿੱਚ ਯੌਨ ਹਿੰਸਾ ਤੇ ਮਾਨਸਿਕ ਪਰਤਾੜਣਾ ਦੀਆਂ   ਵਾਰਦਾਤਾਂ ਖਿਲਾਫ਼ ਕੀਤੇ ਗਏ ਉਕਤ ਮੁਜ਼ਾਹਰੇ ਦੀ ਅਗਵਾਈ ਕਰਨ ਲਈ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਉਚੇਚੇ ਪੁੱਜੇ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਹਾਕਮ ਜਮਾਤੀ ਪਾਰਟੀਆਂ ਅਤੇ ਹਕੂਮਤੀ ਮਸ਼ੀਨਰੀ, ਅਜਿਹੀਆਂ ਦਰਿੰਦਗੀ ਭਰਪੂਰ ਵਾਰਦਾਤਾਂ ਦੇ ਗੁਨਾਹਗਾਰਾਂ ਪ੍ਰਤੀ ਲਿਹਾਜੂ ਵਤੀਰਾ ਅਖਤਿਆਰ ਕਰਦੀਆਂ ਹਨ ਜਿਸ ਕਰਕੇ ਇਨ੍ਹਾਂ ਘਿਰਣਾ ਯੋਗ ਅਪਰਾਧੀਆਂ ਦੇ ਹੌਂਸਲੇ ਬੁਲੰਦ ਹੁੰਦੇ ਹਨ ਅਤੇ ਸਿੱਟੇ ਵੱਜੋਂ ਇਹ ਖੌਫਨਾਕ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਹਰ ਰਾਜ ਕਰਦੀ  ਪਾਰਟੀ, ਵਿਸ਼ੇਸ਼ ਕਰਕੇ ਭਾਜਪਾ ਅੰਦਰ ਅਜਿਹੇ ਚੁਣੇ ਹੋਏ ਨੁਮਾਇੰਦਿਆਂ ਦੀ ਭਰਮਾਰ ਹੈ ਜੋ ਸੰਗੀਨ ਗੁਨਾਹਾਂ ਖਾਸ ਕਰਕੇ ਇਸਤਰੀਆਂ ਵਿਰੁੱਧ ਅਪਰਾਧਾਂ ਦੇ ਦੋਸ਼ੀ ਸਾਬਤ ਹੋ ਚੁੱਕੇ ਹਨ ਹਨ । ਸਾਥੀ ਮਹੀਪਾਲ ਨੇ ਲੋਕਾਈ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਮਾਨਵਤਾ ਵਿਰੋਧੀ ਗੁਨਾਹਾਂ ਖਿਲਾਫ਼ ਹਰ ਕਿਸਮ ਦੇ ਮਤਭੇਦਾਂ ਅਤੇ ਵਖਰੇਵਿਆਂ  ਨੂੰ ਦਰਕਿਨਾਰ ਕਰਦਿਆਂ ਸੰਘਰਸ਼ਾਂ ਦੇ ਪਿੜ ਮੱਲਣ । ਉਨ੍ਹਾਂ ਇਹ ਵੀ ਸਨਿੱਮਰ ਸੁਝਾਅ ਦਿੱਤਾ ਕਿ ਜਮਹੂਰੀ ਅੰਦੋਲਨ ਦੀ ਹਰ ਧਿਰ ਔਰਤਾਂ ਖਿਲਾਫ਼ ਅਤਿਆਚਾਰ ਰੋਕਣ ਦੀਆਂ ਮੰਗਾਂ ਨੂੰ ਪ੍ਰਾਥਮਿਕ ਅਜੰਡਾ ਬਣਾਏ। ਸਾਥੀ ਮਹੀਪਾਲ ਨੇ ਸਮੁੱਚੇ ਸੱਭਿਅਕ ਸਮਾਜ ਲਈ ਘਾਤਕ ਅਜਿਹੀਆਂ ਵਾਰਦਾਤਾਂ ਨੂੰ ਫਿਰਕੂ ਰੰਗਤ ਦੇਣ ਦੀਆਂ ਕੋਝੀਆਂ ਸਾਜ਼ਿਸ਼ਾਂ ਦੀ ਡਟਵੀਂ ਨਿੰਦਾ ਕੀਤੀ । ਇਸ ਰੋਸ ਪ੍ਰਦਰਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਸਾਥੀ ਸੰਪੂਰਨ ਸਿੰਘ, ਸੁਖਦੇਵ ਸਿੰਘ ਨਥਾਣਾ, ਤਾਰਾ ਸਿੰਘ ਨੰਦਗੜ੍ਹ ਕੋਟੜਾ, ਸ਼ਿਵਜੀ ਰਾਮ, ਸੱਤਪਾਲ ਗੋਇਲ ਆਦਿ ਨੇ ਵੀ ਸ਼ਮੂਲੀਅਤ ਕੀਤੀ।



ਦਿਹਾਤੀ ਮਜ਼ਦੂਰਾਂ ਵਲੋਂ ਐਸ.ਡੀ.ਐਮ. ਦਫਤਰਾਂ ਸਾਹਮਣੇ ਧਰਨੇ
ਦਿਹਾਤੀ ਮਜ਼ਦੂਰ ਸਭਾ ਵਲੋਂ 2 ਅਤੇ 3 ਦਸੰਬਰ ਨੂੰ ਪੰਜਾਬ ਦੇ ਐਸ.ਡੀ.ਐਮ. ਦਫਤਰਾਂ ਸਾਹਮਣੇ ਧਰਨੇ ਮਾਰ ਕੇ, ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਗਏ।
ਭੇਜੇ ਗਏ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਸਾਰੇ ਬੇਜ਼ਮੀਨੇ/ਸਾਧਨਹੀਨ ਪਰਿਵਾਰਾਂ ਨੂੰ ਬਿਜਲੀ ਮੁਕੰਮਲ ਮੁਫ਼ਤ ਦਿੱਤੀ ਜਾਵੇ ਅਤੇ ਬਿਜਲੀ ਦੇ ਰੇਟ 2 ਰੁਪਏ ਪ੍ਰਤੀ ਯੂਨਿਟ ਕੀਤੇ ਜਾਣ, ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਦੀ ਬਰਬਾਦੀ ਰੋਕੀ ਜਾਵੇ ਅਤੇ ਲੋਕਾਂ ਨੂੰ ਪੀਣ ਵਾਲਾ ਸਵੱਛ ਪਾਣੀ ਮੁਹੱਈਆ ਕੀਤਾ ਜਾਵੇ। ਮਨਰੇਗਾ ਤਹਿਤ ਪੂਰੇ ਪਰਿਵਾਰ ਨੂੰ ਪੂਰਾ ਸਾਲ 600 ਰੁਪਏ ਦੀ ਦਿਹਾੜੀ ਅਧੀਨ ਕੰਮ ਦਿੱਤਾ ਜਾਵੇ, ਨਿੱਜੀਕਰਨ ਦੀ ਨੀਤੀ ਖਤਮ ਕਰਕੇ ਹਰ ਇਕ ਨੂੰ ਬੱਝਵਾਂ ਰੁਜ਼ਗਾਰ ਦਿੱਤਾ ਜਾਵੇ। ਬੁਢਾਪਾ, ਵਿਧਵਾ ਅੰਗਹੀਣ ਆਸ਼੍ਰਿਤ ਪੈਨਸ਼ਨਾਂ ਬਿਨਾਂ ਨਾਗਾ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੀਆਂ ਜਾਣ।





ਗੰਨਾ ਕਿਸਾਨਾਂ ਵਲੋਂ ਰੋਹ ਭਰਪੂਰ ਧਰਨਾ-ਮੁਜ਼ਾਹਰਾ
ਗੰਨਾ ਉਤਪਾਦਕ ਸੰਘਰਸ਼ ਕਮੇਟੀ (ਸਬੰਧਤ ਜਮਹੂਰੀ ਕਿਸਾਨ ਸਭਾ) ਵਲੋਂ ਗੰਨਾ ਕਿਸਾਨਾਂ ਦੀਆਂ ਮੁਸ਼ਕਿਲਾਂ ਪ੍ਰਤੀ ਸਰਕਾਰਾਂ ਦੀ ਮੁਜ਼ਰਮਾਨਾ ਅਣਗਹਿਲੀ ਖਿਲਾਫ਼ ਅਤੇ ਗੰਨੇ ਤੇ ਚੁਕੰਦਰ ਦਾ ਵਾਜ਼ਬ ਮੁੱਲ ਦਿੱਤੇ ਜਾਣ ਦੀਆਂ ਮੰਗਾਂ ਲਈ ਕਮਿਸ਼ਨਰ ਦਫਤਰ ਜਲੰਧਰ ਸਾਹਮਣੇ ਵਿਸ਼ਾਲ ਰੋਹ ਭਰਪੂਰ ਧਰਨਾ ਦਿੱਤਾ ਗਿਆ।
ਸੰਘਰਸ਼ ਕਮੇਟੀ ਦੇ ਸੱਦੇ ‘ਤੇ ਇਕੱਤਰ ਹੋਏ ਭਾਰੀ ਗਿਣਤੀ ‘ਚ ਗੰਨਾ ਉਤਪਾਦਕਾਂ ਨੇ ਸਥਾਨ ਦੇਸ਼ ਭਗਤ ਯਾਦਗਾਰ ਜਲੰਧਰ ਤੋਂ ਲੈ ਕੇ ਕਮਿਸ਼ਨਰ ਦਫਤਰ ਤੱਕ ਰੋਹੀਲਾ ਮਾਰਚ ਵੀ ਕੀਤਾ। ਰੋਸ ਧਰਨੇ-ਮੁਜ਼ਾਹਰੇ ਦੀ ਅਗਵਾਈ ਸਾਥੀ ਸਤਨਾਮ ਸਿੰਘ ਅਜਨਾਲਾ, ਰਘਬੀਰ ਸਿੰਘ ਪਕੀਵਾਂ, ਕੁਲਵੰਤ ਸਿੰਘ ਸੰਧੂ, ਪਰਗਟ ਸਿੰਘ ਜਾਮਾਰਾਏ ਵਲੋਂ ਕੀਤੀ ਗਈ।






ਕਿਸਾਨਾਂ ਵਲੋਂ ਜ਼ਿਲ੍ਹਾ ਕੇਂਦਰਾਂ ‘ਤੇ ਰੋਹਲੇ ਧਰਨੇ-ਮੁਜ਼ਾਹਰੇ
ਕੁੱਲ ਹਿੰਦ ਕਿਸਾਨ ਸੰਘਰਸ਼ ਅਤੇ ਤਾਲਮੇਲ ਕਮੇਟੀ ਦੇ ਫੈਸਲੇ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਾ ਕੇਂਦਰਾਂ ‘ਤੇ 27 ਨਵੰਬਰ ਨੂੰ ਵਿਸ਼ਾਲ ਧਰਨਾ/ਪ੍ਰਦਰਸ਼ਨ ਕੀਤੇ ਗਏ ਅਤੇ ਅਧਿਕਾਰੀਆਂ ਰਾਹੀਂ ਕੇਂਦਰੀ ਤੇ ਸੂਬਾਈ ਸਰਕਾਰਾਂ ਨੂੰ ਮੰਗ ਪੱਤਰ ਭੇਜੇ ਗਏ। ਸੰਘਰਸ਼ ਕਮੇਟੀ ਵਿਚ ਸ਼ਾਮਲ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਕਾਰਕੁੰਨ ਉਕਤ ਕਿਸਾਨ ਧਰਨਿਆਂ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਏ।


ਨੌਜਵਾਨਾਂ ਵਲੋਂ ਮਨੁੱਖੀ ਅਧਿਕਾਰ ਦਿਵਸ ‘ਤੇ ਵੱਖ-ਵੱਖ ਥਾਵਾਂ ‘ਤੇ ਰੋਸ ਮੁਜ਼ਾਹਰੇ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਹਰਿਆਣਾ, ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵਲੋਂ 10 ਦਸੰਬਰ ‘ਮਨੁੱਖੀ ਅਧਿਕਾਰ ਦਿਵਸ’ ‘ਤੇ ਨਾਗਰਿਕਤਾ ਸੋਧ ਬਿੱਲ ਵਾਪਸ ਲੈਣ, ਕਸ਼ਮੀਰੀ ਲੋਕਾਂ ਤੇ ਵੱਧ ਰਹੇ ਜ਼ੁਲਮਾਂ ਖਿਲਾਫ਼, ਧਾਰਾ 370 ਤੇ 35ਏ ਦੀ ਬਹਾਲੀ ਲਈ, ਸਭ ਲਈ ਮੁਫ਼ਤ ਵਿਦਿਆ ਅਤੇ ਯੋਗਤਾ ਅਨੁਸਾਰ ਰੁਜ਼ਗਾਰ ਦੇਣ ਆਦਿ ਮੰਗਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਥਾਵਾਂ ‘ਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਮੁਜ਼ਾਹਰੇ ਕੀਤੇ ਗਏ। ਜਿਸ ਦੀ ਰਿਪੋਰਟ ਇਸ ਤਰ੍ਹਾਂ ਹੈ :
ਜਲੰਧਰ : ਤਹਿਸੀਲ ਫਿਲੌਰ ਅਤੇ ਨਕੋਦਰ ਵਿਖੇ ਰੋਸ ਮੁਜ਼ਾਹਰੇ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ। ਇਸ ਸਮੇਂ ਹੋਏ ਇਕੱਠ ਨੂੰ ਮੱਖਣ ਸੰਗਰਾਮੀ, ਗੁਰਦੀਪ ਗੋਗੀ, ਦਲਵਿੰਦਰ ਕੁਲਾਰ, ਸੰਨੀ ਫਿਲੌਰ, ਪ੍ਰਭਾਤ ਕਵੀ, ਭਾਰਤੀ ਮਾਹੂੰਵਾਲ ਆਦਿ ਸਾਥੀਆਂ ਨੇ ਸੰਬੋਧਨ ਕੀਤਾ।
ਅੰਮ੍ਰਿਤਸਰ : ਅਜਨਾਲਾ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਕਸਬਾ ਰਈਆ ਵਿਖੇ ਬਜ਼ਾਰਾਂ ਵਿਚ ਹੱਥਾਂ ਵਿਚ ਤਖਤੀਆਂ ਫੜਕੇ ਰੋਸ ਮੁਜ਼ਾਹਰਾ ਕੀਤਾ। ਜਿਸਨੂੰ ਕੁਲਵੰਤ ਮੱਲੂ ਨੰਗਲ, ਸੁਰਜੀਤ ਦੁਧਰਾਏ, ਤਸਵੀਰ ਸਿੰਘ ਖਿਲਚੀਆਂ, ਹਰਮੀਤ ਦਾਊਦ, ਗੁਰਜੰਟ ਮੁੱਛਲ, ਸਤਵਿੰਦਰ ਉਠੀਆ ਅਤੇ ਇਕਬਾਲ ਭੌਰਸ਼ੀ ਨੇ ਸੰਬੋਧਨ ਕੀਤਾ।
ਗੁਰਦਾਸਪੁਰ : ਸ਼ਹਿਰ ਬਟਾਲਾ ਵਿਚ ਨੌਜਵਾਨਾਂ ਨੇ ਹੱਥਾਂ ਵਿਚ ਤਖਤੀਆਂ ਲੈ ਕੇ ਬਜ਼ਾਰਾਂ ਵਿਚ ਮਾਰਚ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਅੱਡਾ ਧਰਮਕੋਟ ਬੱਗਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸਨੂੰ ਸਭਾ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ, ਵਿਰਗਟ ਖਾਨਫੱਤਾ, ਪ੍ਰੇਮ ਸਿੰਘ ਘਸੀਟਪੁਰ, ਗੁਰਿੰਦਰ ਸਿੰਘ ਅਤੇ ਕੁਲਦੀਪ ਰਾਜੂ ਨੇ ਸੰਬੋਧਨ ਕੀਤਾ।
ਤਰਨਤਾਰਨ : ਜ਼ਿਲ੍ਹੇ ਅੰਦਰ 5 ਥਾਵਾਂ ਤੇ ਐਕਸ਼ਨ ਕੀਤੇ ਗਏ ਕਸਬਾ ਹਰੀਕੇ ਤੇ ਭਿੱਖੀਵਿੰਡ ਵਿਖੇ ਰੋਸ ਮੁਜ਼ਾਹਰੇ ਕੀਤੇ ਗਏ ਅਤੇ ਬਜਾਰਾਂ ਵਿਚ ਮਾਰਚ ਕੀਤਾ ਗਿਆ ਅਤੇ ਜਵੰਦਾ ਕਲਾਂ, ਖੱਬੇ ਰਾਜਪੂਤਾਂ ਸਕੂਲਾਂ ਅੰਦਰ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ। ਜਿਸਨੂੰ ਸੁਲੱਖਣ ਤੂੜ, ਸੁਖਦੇਵ ਜਵੰਦਾ, ਅਮਰਜੀਤ ਹਰੀਕੇ, ਮੰਗਲ ਸਿੰਘ ਜਵੰਦਾ ਆਦਿ ਨੇ ਸੰਬੋਧਨ ਕੀਤਾ।
ਲੁਧਿਆਣਾ : ਕਸਬਾ ਜੋਧਾਂ ਵਿਖੇ ਨੌਜਵਾਨਾਂ ਤੇ ਵਿਦਿਆਰਥੀਆਂ ਵਲੋਂ ਰੋਸ ਮਾਰਚ ਕਰਕੇ ਮੁਜ਼ਾਹਰਾ ਕੀਤਾ ਗਿਆ। ਜਿਸਨੂੰ ਹਰਨੇਕ ਗੁੱਜਰਵਾਲ, ਡਾ. ਜਸਵਿੰਦਰ ਕਾਲਖ, ਦਵਿੰਦਰ ਸਿੰਘ ਰਾਣਾ ਲਤਾਲਾ, ਸਿਕੰਦਰ ਸਿੰਘ ਮਨੂਸਰਾਂ, ਡਾ. ਸੰਤੋਖ ਸਿੰਘ, ਬਲਵਿੰਦਰ ਸਿੰਘ ਡਾਗੋ, ਵਿਦਿਆਰਥੀ ਆਗੂ ਮਨਪ੍ਰੀਤ ਯੋਧਾ ਆਦਿ ਨੇ ਸੰਬੋਧਨ ਕੀਤਾ।
ਮਾਨਸਾ : ਤਹਿਸੀਲ ਸਰਦੂਲਗੜ੍ਹ ਵਿਖੇ ਬਸ ਅੱਡੇ ਅਤੇ 2 ਹੋਰ ਥਾਵਾਂ ‘ਤੇ ਨੁੱਕੜ ਨਾਟਕ ‘ਤੂੰ ਜ਼ਿੰਦਾ ਹੈ’ ਪੇਸ਼ ਕੀਤਾ ਗਿਆ ਅਤੇ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ। ਜਿਸਨੂੰ ਬੰਸੀ ਲਾਲ, ਗਗਨਦੀਪ, ਸੰਦੀਪ ਝੰਡੇ ਖੁਰਦ, ਰਵਿੰਦਰ ਲੋਹਗੜ੍ਹ ਤੇ ਮਨਪ੍ਰੀਤ ਨੇ ਸੰਬੋਧਨ ਕੀਤਾ।
ਹਰਿਆਣਾ : ਜ਼ਿਲ੍ਹਾ ਫਤਿਆਬਾਦ ਦੇ ਅੰਦਰ ਸ਼ਹਿਰ ਰਤੀਆ ਤੇ ਜਾਖਲ ਵਿਖੇ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਹੱਥਾਂ ਵਿਚ ਤਖਤੀਆਂ ਲੈ ਕੇ ਰੋਸ ਮੁਜ਼ਾਹਰੇ ਕੀਤੇ ਗਏ। ਜਿਸਨੂੰ ਸਭਾ ਦੇ ਸੂਬਾ ਪ੍ਰਧਾਨ ਮਨਦੀਪ ਰਤੀਆ, ਪਰਮਜੀਤ ਲਾਲੀ, ਨਿਰਭੈ ਰਤੀਆ, ਮਨਜੀਤ ਅਲਿਕਾ, ਰਵੀ ਰਤੀਆ, ਨਵਜੀਤ, ਹਰਵਿੰਦਰ ਆਦਿ ਨੇ ਸੰਬੋਧਨ ਕੀਤਾ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ

Scroll To Top