ਪਾਰਟੀ ਵਲੋਂ ਅੰਮ੍ਰਿਤਸਰ ‘ਚ ਪ੍ਰਭਾਵਸ਼ਾਲੀ ਅਮਨ ਮਾਰਚ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸੱਦੇ ‘ਤੇ 3 ਮਾਰਚ ਨੂੰ ਅੰਮ੍ਰਿਤਸਰ ਸ਼ਹਿਰ ਵਿਚ ਇਕ ਪ੍ਰਭਾਵਸ਼ਾਲੀ ਅਮਨ-ਮਾਰਚ ਕੀਤਾ ਗਿਆ। ਛੇਹਰਟਾ ਰੋਡ ‘ਤੇ ਨਹਿਰੀ ਦਫਤਰ ਦੇ ਨੇੜੇ ਸੈਂਕੜਿਆਂ ਦੀ ਗਿਣਤੀ ਵਿਚ ਇਕੱਠੇ ਹੋਏ ਮਜ਼ਦੂਰਾਂ, ਕਿਸਾਨਾਂ ਤੇ ਔਰਤਾਂ ਨੇ ਰੇਲਵੇ ਸਟੇਸ਼ਨ ਰੋਡ, ਉਚਾ ਪੁਲ, ਹਾਲ ਗੇਟ ‘ਚੋਂ ਲੰਘਦਿਆਂ ਟਾਊਨ ਹਾਲ ਤੱਕ ਬੜਾ ਹੀ ਅਨੁਸ਼ਾਸਨਬੱਧ ਅਮਨ ਮਾਰਚ ਕੀਤਾ। ਪਾਰਟੀ ਦੇ ਆਗੂਆਂ ਸਰਵਸਾਥੀ ਮੰਗਤ ਰਾਮ ਪਾਸਲਾ, ਰਤਨ ਸਿੰਘ ਰੰਧਾਵਾ, ਡਾ. ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਦਾਊਦ, ਜਗਤਾਰ ਸਿੰਘ ਕਰਮਪੁਰਾ ਆਦਿ ਦੀ ਅਗਵਾਈ ਵਿਚ ਕੀਤੇ ਗਏ ਇਸ ਅਮਨ-ਮਾਰਚ ‘ਚ ਸ਼ਾਮਲ ਮਰਦਾਂ ਤੇ ਔਰਤਾਂ ਨੇ ਪਾਰਟੀ ਦੇ ਝੰਡਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਜੰਗ ਦਾ ਵਿਰੋਧ ਕਰਦੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ। ਜਿਹਨਾਂ ਉਪਰ ‘ਅੱਤਵਾਦ-ਵੱਖਵਾਦ ਮੁਰਦਾਬਾਦ’, ‘ਸਾਰੇ ਵਿਵਾਦਤ ਮਸਲਿਆਂ ਦਾ ਗੱਲਬਾਤ ਰਾਹੀਂ ਹੱਲ ਕਰਨ’ ਅਤੇ ‘ਜੰਗ ਦਾ ਵਿਰੋਧ ਕਰਨ’ ਦੇ ਸੁਨੇਹੇ ਦਿੱਤੇ ਗਏ ਸਨ। ਅਮਨ-ਮਾਰਚ ਤੋਂ ਪਹਿਲਾਂ ਪਾਰਟੀ ਦੇ ਸੂਬਾਈ ਪ੍ਰਧਾਨ ਕਾਮਰੇਡ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਨਹਿਰੀ ਵਿਭਾਗ ਦੀ ਗਰਾਊਂਡ ਵਿਚ ਇਕ ਵਿਸ਼ਾਲ ਕਨਵੈਨਸ਼ਨ ਕੀਤੀ ਗਈ। ਇਸ ਕਨਵੈਨਸ਼ਨ ਨੂੰ ਪਾਰਟੀ ਦੇ ਆਗੂਆਂ ਵਿਸ਼ੇਸ਼ ਤੌਰ ‘ਤੇ ਕਾਮਰੇਡ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਰਘਬੀਰ ਸਿੰਘ, ਲਾਲ ਚੰਦ ਕਟਾਰੂਚੱਕ, ਪਰਗਟ ਸਿੰਘ ਜਾਮਾਰਾਏ ਅਤੇ ਐਮ.ਸੀ.ਪੀ.ਆਈ.(ਯੂ) ਦੇ ਸਕੱਤਰ ਕਾਮਰੇਡ ਕਿਰਨਜੀਤ ਸਿੰਘ ਸੇਖੋਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦਹਿਸ਼ਤਗਰਦਾਂ ਦੀਆਂ ਘਿਨਾਉਣੀਆਂ ਕਾਰਵਾਈਆਂ ਕਾਰਨ ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਪੁੱਜ ਰਹੇ ਜਾਨੀ ਨੁਕਸਾਨ, ਵਿਸ਼ੇਸ਼ ਤੌਰ ‘ਤੇ ਪੁਲਵਾਮਾ ਵਿਖੇ ਆਤਮਘਾਤੀ ਹਮਲੇ ਵਿਚ ਸ਼ਹੀਦ ਹੋਏ 40 ਜਵਾਨਾਂ ਦੀ ਮੌਤ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਇਸ ਮੰਦਭਾਗੀ ਘਟਨਾ ਉਪਰੰਤ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧੇ ਜੰਗੀ ਤਣਾਅ ਉਪਰ ਵੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਪਾਕਿਸਤਾਨੀ ਹਾਕਮਾਂ ਵਲੋਂ ਦਹਿਸ਼ਤਗਰਦਾਂ ਨੂੰ ਆਪਣੇ ਦੇਸ਼ ਅੰਦਰ ਪਨਾਹ ਦੇਣ ਦੀ ਜ਼ੋਰਦਾਰ ਮੁਜੱਮਤ ਕੀਤੀ ਅਤੇ ਉਹਨਾਂ ਨੂੰ ਅਜੇਹੀ ਖਤਰਨਾਕ ਪਹੁੰਚ ਤਿਆਗਣ ਲਈ ਚਿਤਾਵਨੀ ਦਿੱਤੀ। ਉਹਨਾਂ ਇਸ ਗੱਲ ‘ਤੇ ਵੀ ਚਿੰਤਾ ਪ੍ਰਗਟ ਕੀਤੀ ਕਿ ਲੋਕ ਸਭਾ ਚੋਣਾਂ ਨੂੰ ਸਨਮੁੱਖ ਰੱਖਕੇ ਇਸ ਮੰਦਭਾਗੀ ਘਟਨਾ ਅਤੇ ਇਸ ਤੋਂ ਉਪਰੰਤ ਹੋਈਆਂ ਫੌਜੀ ਕਾਰਵਾਈਆਂ ਦੀ ਸਾਡੇ ਦੇਸ਼ ਅੰਦਰ ਜੰਗ ਦਾ ਮਾਹੌਲ ਸਿਰਜਣ ਲਈ ਵਰਤੋਂ ਹੋ ਰਹੀ ਹੈ। ਸੰਘ-ਪਰਿਵਾਰ ਇਸ ਦਿਸ਼ਾ ਵਿਚ ਦਿਨ-ਰਾਤ ਇਕ ਕਰ ਰਿਹਾ ਹੈ। ਬੁਲਾਰਿਆਂ ਨੇ ਇਸ ਨੂੰ ਫੌਜੀ ਜੁਆਨਾਂ ਦੀਆਂ ਸ਼ਹਾਦਤਾਂ ਤੋਂ ਸਿਆਸੀ ਲਾਹਾ ਖੱਟਣ ਵਰਗਾ ਕੁਕਰਮ ਕਰਾਰ ਦਿੰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਅਜੇਹਾ ਜੰਗੀ ਬੁਖਾਰ ਪੈਦਾ ਕਰਨ ਵਾਲਿਆਂ ਨੂੰ ਨੱਥ ਪਾਈ ਜਾਵੇ। ਉਹਨਾਂ ਕਿਹਾ ਕਿ ਜੰਗ ਦੋਵਾਂ ਗੁਆਂਢੀ ਦੇਸ਼ਾਂ ਦੇ ਹਿੱਤ ਵਿਚ ਨਹੀਂ ਹੈ ਅਤੇ ਦੋਵੇਂ ਪਾਸੇ ਲੋਕੀ ਦਹਿਲੇ ਹੋਏ ਹਨ। ਬੁਲਾਰਿਆਂ ਨੇ ਭਾਰਤ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਦਹਿਸ਼ਤਗਰਦਾਂ ਤੇ ਵੱਖਵਾਦੀ ਤੱਤਾਂ ਦੇ ਮਨਹੂਸ ਮਨਸੂਬਿਆਂ ਨੂੰ ਭਾਂਜ ਦੇਣ ਲਈ ਦੋਹਾਂ ਦੇਸ਼ਾਂ ਨਾਲ ਸਬੰਧਤ ਸਾਰੇ ਮਸਲੇ ਗੱਲਬਾਤ ਰਾਹੀਂ ਹੱਲ ਕਰਨ ਲਈ ਕੂਟਨੀਤਕ ਉਪਰਾਲੇ ਤੇਜ ਕੀਤੇ ਜਾਣ। ਉਹਨਾਂ ਇਹ ਵੀ ਮੰਗ ਕੀਤੀ ਕਿ ਕਸ਼ਮੀਰ ਵਾਦੀ ‘ਚ ਵਸਦੇ ਲੋਕਾਂ ਅੰਦਰ ਵੱਧ ਰਹੀ ਬੇਗਾਨਗੀ ਦੀ ਭਾਵਨਾ ਨੂੰ ਠਲ੍ਹ ਪਾਉਣ ਲਈ ਠੋਸ ਪਹਿਲਕਦਮੀਆਂ ਕੀਤੀਆਂ ਜਾਣ ਅਤੇ ਇਸ ਮਸਲੇ ਦਾ ਰਾਜਨੀਤਕ ਹੱਲ ਕਰਨ ਨੂੰ ਪਹਿਲ ਦਿੱਤੀ ਜਾਵੇ। ਬੁਲਾਰਿਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਮਨ ਸ਼ਾਂਤੀ ਬਣਾਈ ਰੱਖਣ ਅਤੇ ਸਰਕਾਰ ਵਲੋਂ ਲੋਕਾਂ ਦਾ ਧਿਆਨ ਉਹਨਾਂ ਦੇ ਅਸਲ ਮੁੱਦਿਆਂ ਜਿਵੇਂ ਕਿ ਵਿਆਪਕ ਰੂਪ ਵਿਚ ਫੈਲੀ ਹੋਈ ਬੇਰੁਜ਼ਗਾਰੀ, ਮਹਿੰਗਾਈ, ਗਰੀਬੀ, ਖੇਤੀ ਸੰਕਟ, ਔਰਤਾਂ ਅਤੇ ਦਲਿਤਾਂ ਉਪਰ ਵੱਧ ਰਹੇ ਅੱਤਿਆਚਾਰ, ਅਤੀ ਮਹਿੰਗੀਆਂ ਹੋ ਚੁੱਕੀਆਂ ਸਿੱਖਿਆ ਤੇ ਸਿਹਤ ਸੇਵਾਵਾਂ, ਸੰਸਥਾਗਤ ਰੂਪ ਧਾਰਨ ਕਰ ਚੁੱਕੇ ਭਰਿਸ਼ਟਾਚਾਰ ਅਤੇ ਪ੍ਰਸ਼ਾਸਨਿਕ ਲੁੱਟ ਖਸੁੱਟ ਆਦਿ ਤੋਂ ਲਾਂਭੇ ਲਿਜਾਣ ਦੀਆਂ ਚਾਲਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਰਹਿਣ।
ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ 23 ਮਾਰਚ ਦਾ ਸ਼ਹੀਦੀ ਦਿਵਸ
ਇਸ ਵਾਰ ਵੀ ਸ਼ਹੀਦ-ਇ-ਆਜ਼ਮ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਸ਼ਹੀਦਾਂ ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦ ਦਿਵਸ, 23 ਮਾਰਚ ਨੂੰ ਸਾਰੇ ਪ੍ਰਾਂਤ ਅੰਦਰ ਵੱਖ-ਵੱਖ ਥਾਵਾਂ ‘ਤੇ ਵਿਸ਼ਾਲ ਜਨਤਕ ਇਕੱਠ, ਸੈਮੀਨਾਰ ਤੇ ਰਾਜਨੀਤਕ ਕਾਨਫਰੰਸਾਂ ਕਰਕੇ ਮਨਾਇਆ ਗਿਆ। ਹੁਸੈਨੀਵਾਲਾ ਦੇ ਸ਼ਹੀਦੀ ਸਮਾਰਕ ਅਤੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 7 ਰਾਜਨੀਤਕ ਪਾਰਟੀਆਂ ‘ਤੇ ਅਧਾਰਤ ”ਪੰਜਾਬ ਜਮਹੂਰੀ ਗਠਜੋੜ” ਦੇ ਸਾਂਝੇ ਸੱਦੇ ‘ਤੇ ਵਿਸ਼ਾਲ ਇਕੱਤਰਤਾਵਾਂ ਕੀਤੀਆਂ ਗਈਆਂ। ਖਟਕੜ ਕਲਾਂ : ਏਥੇ ”ਪੰਜਾਬ ਦੀਆਂ 7 ਰਾਜਨੀਤਕ ਪਾਰਟੀਆਂ-ਬੀ.ਐਸ.ਪੀ.; ਸੀ.ਪੀ.ਆਈ.; ਆਰ.ਐਮ.ਪੀ.ਆਈ.; ਪੰਜਾਬ ਏਕਤਾ ਪਾਰਟੀ, ਲੋਕ ਇਨਸਾਫ ਪਾਰਟੀ, ਨਵਾਂ ਪੰਜਾਬ ਪਾਰਟੀ ਅਤੇ ਐਮ.ਸੀ.ਪੀ.ਆਈ.(ਯੂ) ‘ਤੇ ਆਧਾਰਤ ”ਪੰਜਾਬ ਜਮਹੂਰੀ ਗਠਜੋੜ” (ਪੀ.ਡੀ.ਏ.) ਵਲੋਂ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਕ ਸ਼ਹੀਦੀ ਕਾਨਫਰੰਸ ਕੀਤੀ ਗਈ। ਸਰਵ ਸਾਥੀ ਸੋਹਣ ਸਿੰਘ ਸਲੇਮਪੁਰੀ, ਰਛਪਾਲ ਸਿੰਘ ਰਾਜੂ, ਸੂਬਾਈ ਪ੍ਰਧਾਨ, ਬਹੁਜਨ ਸਮਾਜ ਪਾਰਟੀ ਅਤੇ ਰਾਮ ਲਾਲ ਚੱਕ ਗੁਰੂ ਦੀ ਪ੍ਰਧਾਨਗੀ ਹੇਠ ਹੋਈ ਇਸ ਵਿਸ਼ਾਲ ਕਾਨਫਰੰਸ ਨੂੰ ਪੀ.ਡੀ.ਏ. ਦੇ ਸਥਾਨਕ ਆਗੂਆਂ ਤੋਂ ਇਲਾਵਾ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਸੀ.ਪੀ.ਆਈ. ਦੇ ਸੂਬਾਈ ਸਕੱਤਰੇਤ ਦੇ ਮੈਂਬਰ ਕਾਮਰੇਡ ਭੁਪਿੰਦਰ ਸਾਂਬਰ ਅਤੇ ਨਿਰਮਲ ਸਿੰਘ ਧਾਲੀਵਾਲ, ਬੀ.ਐਸ.ਪੀ. ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਸੋਢੀ ਵਿਕਰਮ ਸਿੰਘ, ਨਵਾਂ ਪੰਜਾਬ ਪਾਰਟੀ ਦੇ ਪ੍ਰਧਾਨ ਡਾ. ਧਰਮਬੀਰ ਗਾਂਧੀ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਾਥੀ ਸਿਮਰਜੀਤ ਸਿੰਘ ਬੈਂਸ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਵਲੋਂ ਦੇਸ਼ ਨੂੰ ਬਸਤੀਵਾਦੀ ਗੁਲਾਮੀ ਤੋਂ ਮੁਕਤ ਕਰਾਉਣ ਲਈ ਕੀਤੀਆਂ ਗਈਆਂ ਅਦੁੱਤੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਦੇਸ਼ ਤੇ ਦੇਸ਼ਵਾਸੀਆਂ ਦੀ ਇਕਜੁੱਟਤਾ ਦੀ ਸਲਾਮਤੀ ਲਈ ਉਹਨਾਂ ਵਲੋਂ ਦਰਸਾਏ ਗਏ ”ਨਿਰਸਵਾਰਥ ਸੇਵਾ ਤੇ ਸੰਘਰਸ਼” ਦੇ ਮਾਰਗ ‘ਤੇ ਅਡੋਲ ਚਲਦੇ ਰਹਿਣ ਦਾ ਪ੍ਰਣ ਦਰਿੜਾਇਆ। ਸਾਰੇ ਬੁਲਾਰਿਆਂ ਨੇ ਇਸ ਗੱਲ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਦੇਸ਼ ਨੂੰ ਆਜ਼ਾਦ ਹੋਇਆਂ 72 ਸਾਲ ਦਾ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਅਮਰ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਅਜੇ ਨਹੀਂ ਸਿਰਜਿਆ ਜਾ ਸਕਿਆ। ਉਹਨਾਂ ਕਿਹਾ ਕਿ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਸਮਾਜਕ ਤੇ ਆਰਥਕ ਬਰਾਬਰਤਾ ‘ਤੇ ਆਧਾਰਤ ਇਕ ਜਮਹੂਰੀ ਤੇ ਧਰਮ ਨਿਰਪੱਖ ਭਾਰਤ ਲਈ ਜਾਨਾਂ ਵਾਰੀਆਂ ਸਨ। ਪ੍ਰੰਤੂ ਦੇਸ਼ ਦੇ ਹਾਕਮਾਂ ਦੀਆਂ ਸਾਮਰਾਜ ਤੇ ਸਰਮਾਏਦਾਰ ਪੱਖੀ ਨੀਤੀਆਂ ਕਾਰਨ ਅੱਜ ਦੇਸ਼ ਦਾ ਮਜ਼ਦੂਰ ਤੇ ਕਿਸਾਨ ਨਿਰਾਸ਼ਾ ਵਸ ਖੁਦਕੁਸ਼ੀਆਂ ਕਰ ਰਿਹਾ ਹੈ। ਬੇਰੁਜ਼ਗਾਰ ਜੁਆਨੀ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ ਅਤੇ ਰੋਟੀ ਪ੍ਰਾਪਤ ਕਰਨ ਖਾਤਰ ਕਈ ਤਰ੍ਹਾਂ ਦੇ ਅਸਮਾਜਿਕ ਧੰਦੇ ਅਪਨਾਉਣ ਲਈ ਮਜ਼ਬੂਰ ਹੋ ਰਹੀ ਹੈ। ਪ੍ਰਾਂਤ ਅੰਦਰ ਨਸ਼ਾਖੋਰੀ ਦੇ ਕੋਹੜ ਨੇ ਅਨੇਕਾਂ ਪਰਿਵਾਰਾਂ ਨੂੰ ਬਰਬਾਦ ਕਰ ਦਿੱਤਾ ਹੈ। ਭਰਿਸ਼ਟਾਚਾਰ ਤੇ ਰਿਸ਼ਵਤਖੋਰੀ ਦਾ ਹਰ ਥਾਂ ਬੋਲਬਾਲਾ ਹੈ। ਗਰੀਬੀ ਤੇ ਅਮੀਰੀ ਵਿਚਕਾਰ ਪਾੜਾ ਲਗਾਤਾਰ ਵੱਧਦਾ ਗਿਆ ਹੈ, ਜਿਸਨੇ ਸਮਾਜਿਕ ਜਬਰ ਵਿਚ ਵੀ ਘਿਨਾਉਣਾ ਵਾਧਾ ਕੀਤਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਦੌਰਾਨ ਜਿੱਥੇ ਇਹਨਾਂ ਸਾਰੇ ਹੀ ਪੱਖਾਂ ਤੋਂ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧੇਰੇ ਗੰਭੀਰ ਹੋਈਆਂ ਹਨ ਉਥੇ ਇਸ ਸਰਕਾਰ ਨੇ ਫਿਰਕਾਪ੍ਰਸਤੀ ਨੂੰ ਹਵਾ ਦੇ ਕੇ ਦੇਸ਼ ਦੇ ਜਮਹੂਰੀ ਤੇ ਸੇਕੂਲਰ ਤਾਣੇਬਾਣੇ ਲਈ ਵੀ ਨਵੇਂ ਖਤਰੇ ਪੈਦਾ ਕਰ ਦਿੱਤੇ ਹਨ। ਜਿਸ ਨਾਲ ਆਜਾਦੀ ਸੰਗਰਾਮ ਦੌਰਾਨ ਬਣੀ ਕੌਮੀ ਇਕਜੁਟਤਾ ਕਮਜ਼ੋਰ ਹੋਈ ਹੈ, ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ਉਪਰ ਹਿੰਸਕ ਹਮਲੇ ਤਿੱਖੇ ਹੋਏ ਹਨ ਅਤੇ ਦੇਸ਼ ਦੀ ਏਕਤਾ-ਅਖੰਡਤਾ ਵੀ ਖਤਰੇ ਵਿਚ ਹੈ। ਬੁਲਾਰਿਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਦੇਸ਼ ਦੀ ਆਜ਼ਾਦੀ, ਏਕਤਾ-ਅਖੰਡਤਾ, ਜਮਹੂਰੀਅਤ ਤੇ ਧਰਮ ਨਿਰਪੱਖਤਾ ਦੀ ਰਾਖੀ ਲਈ ਅਤੇ ਦੇਸ਼ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਲੋੜਾਂ ਥੋੜਾਂ ਤੋਂ ਮੁਕਤੀ ਦਿਵਾਉਣ ਵਾਸਤੇ ਇਕਜੁੱਟ ਹੋਵੋ ਅਤੇ ਆਉਂਦੀਆਂ ਚੋਣਾਂ ਵਿਚ ਅਕਾਲੀ-ਭਾਜਪਾ ਦੇ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਪੀ.ਡੀ.ਏ. ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।
ਦਿਹਾਤੀ ਮਜ਼ਦੂਰ ਸਭਾ ਦੇ ਸਬ-ਡਵੀਜ਼ਨ ਪੱਧਰ ‘ਤੇ ਤਿੰਨ ਦਿਨਾ ਧਰਨੇ
ਦਿਹਾਤੀ ਮਜ਼ਦੂਰ ਸਭਾ ਨੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਭਰ ਵਿਚ 5-6-7 ਮਾਰਚ ਨੂੰ ਰਾਤ-ਦਿਨ ਦੇ ਧਰਨੇ ਮਾਰੇ। ਇਹ ਧਰਨੇ ਕੁੱਝ ਤਹਿਸੀਲਾਂ ਵਿਚ 3 ਦਿਨਾਂ ਦੇ ਰਾਤ-ਦਿਨ ਦੇ ਧਰਨੇ ਸਨ। ਕੁਝ ਤਹਿਸੀਲਾਂ ਵਿਚ 2 ਦਿਨ ਦੇ ਅਤੇ ਕੁੱਝ ਤਹਿਸੀਲਾਂ ਵਿਚ 1 ਦਿਨ ਦੇ ਧਰਨੇ ਲਾਏ ਗਏ। ਕੁਝ ਕੁ ਤਹਿਸੀਲਾਂ ਵਿਚ ਵੱਡੇ ਵਫਦਾਂ ਰਾਹੀਂ ਮੰਗ ਪੱਤਰ ਦਿੱਤੇ ਗਏ। ਇਹਨਾਂ ਧਰਨਿਆਂ ਵਿਚ ਪਿੰਡਾਂ ਵਿਚੋਂ ਰਾਸ਼ਨ ਇਕੱਠਾ ਕਰਕੇ ਲਗਾਤਾਰ ਲੰਗਰ ਵੀ ਚਲਾਇਆ ਗਿਆ। ਜਿੰਨ੍ਹਾ ਥਾਵਾਂ ਉਤੇ ਪਿੰਡਾਂ ਵਿਚ ਆਟਾ, ਪੈਸੇ ਅਤੇ ਲੰਗਰ ਨਾਲ ਸਬੰਧਤ ਸਮਾਨ ਇਕੱਠਾ ਕੀਤਾ ਗਿਆ ਉਥੇ ਧਰਨਿਆਂ ਤੋਂ ਬਾਅਦ ਰਾਸ਼ਨ ਵੱਧ ਗਿਆ ਕਿਤੇ ਵੀ ਕੋਈ ਟੋਟ ਨਹੀਂ ਆਈ। ਧਰਨਿਆਂ ਵਿਚ ਇਕ ਮੰਗ ਪੱਤਰ ਸਬੰਧਤ ਐਸ.ਡੀ.ਐਮ. ਰਾਹੀਂ ਪੰਜਾਬ ਸਰਕਾਰ ਨੂੰ ਭੇਜ ਕੇ ਮੰਗ ਕੀਤੀ ਗਈ ਕਿ :
ਸਾਰੇ ਬੇਜ਼ਮੀਨੇ ਲੋੜਵੰਦਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ, ਰੂੜੀਆਂ ਸੁੱਟਣ ਲਈ ਟੋਏ ਦਿੱਤੇ ਜਾਣ ਅਤੇ ਮਕਾਨ ਬਨਾਉਣ ਲਈ ਘੱਟੋ ਘੱਟ 3 ਲੱਖ ਰੁਪਏ ਗ੍ਰਾਂਟ ਦਿੱਤੀ ਜਾਵੇ।
ਮਨਰੇਗਾ ਯੋਜਨਾ ਰਾਹੀਂ ਸਾਰੇ ਲੋੜਵੰਦਾਂ ਨੂੰ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ ਘੱਟੋ ਘੱਟ 600 ਰੁਪਏ ਦਿੱਤੀ ਜਾਵੇ। ਪਿਛਲੇ ਕੀਤੇ ਕੰਮ ਦੇ ਬਕਾਏ ਤੁਰੰਤ ਦਿੱਤੇ ਜਾਣ।
ਮਹਿੰਗਾਈ ਤੋਂ ਰਾਹਤ ਦੇਣ ਲਈ ਸਰਕਾਰੀ ਡੀਪੂਆਂ ਰਾਹੀਂ ਨਿੱਤ ਵਰਤੋਂ ਦੀਆਂ ਸਾਰੀਆਂ ਚੀਜ਼ਾਂ ਸਬਸਿਡੀ ਦੇ ਕੇ ਸਸਤੇ ਭਾਅ ‘ਤੇ ਦਿੱਤੀਆਂ ਜਾਣ।
ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤ ਪੈਨਸ਼ਨ ਘੱਟੋ ਘੱਟ 3000 ਰੁਪਏ ਮਹੀਨਾ ਕੀਤੀ ਜਾਵੇ ਅਤੇ ਇਸ ਦੀ ਲਗਾਤਾਰਤਾ ਯਕੀਨੀ ਬਣਾਈ ਜਾਵੇ।
ਜਾਤ, ਧਰਮ ਤੇ ਲੋਡ ਆਦਿ ਵਰਗੀਆਂ ਬੇਲੋੜੀਆਂ ਸ਼ਰਤਾਂ ਖਤਮ ਕਰਕੇ ਸਾਰੇ ਬੇਜ਼ਮੀਨੇ ਲੋੜਵੰਦਾਂ ਦੇ ਬਿਜਲੀ ਦੇ ਸਮੁੱਚੇ ਘਰੇਲੂ ਬਿੱਲ ਮੁਆਫ ਕੀਤੇ ਜਾਣ। ਪਿਛਲੇ ਬਕਾਏ ਮੁਆਫ ਕਰਕੇ ਕੱਟੇ ਹੋਏ ਕੁਨੈਕਸ਼ਨ ਤੁਰੰਤ ਜੋੜੇ ਜਾਣ।
ਜਾਤਪਾਤ ਅਧਾਰਤ ਹੁੰਦੇ ਅੱਤਿਆਚਾਰ ਅਤੇ ਵਿਤਕਰੇ ਬੰਦ ਕੀਤੇ ਜਾਣ ਅਤੇ ਦੋਸ਼ੀਆਂ ਖਿਲਾਫ਼ ਲਿਹਾਜੂ ਵਤੀਰਾ ਧਾਰਨ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹਨਾਂ ਧਰਨਿਆਂ ਵਿਚ 50 ਤੋਂ ਲੈ ਕੇ 300 ਤੱਕ ਦੀ ਗਿਣਤੀ ਰਹੀ ਅਤੇ ਮਜ਼ਦੂਰ ਔਰਤਾਂ ਨੇ ਵੀ ਧਰਨਿਆਂ ਵਿਚ ਸ਼ਮੂਲੀਅਤ ਕੀਤੀ। ਸੂਬਾ ਦਫਤਰ ਵਿਖੇ ਪ੍ਰਾਪਤ ਵੱਖ ਵੱਖ ਜ਼ਿਲ੍ਹਿਆਂ ਵਿਚ ਧਰਨਿਆਂ ਦਾ ਵੇਰਵਾ : ਅੰਮ੍ਰਿਤਸਰ : ਜ਼ਿਲ੍ਹੇ ਦੀਆਂ ਤਿੰਨ ਤਹਿਸੀਲਾਂ ਵਿਚ ਧਰਨੇ ਮਾਰੇ ਗਏ। ਬਾਬਾ ਬਕਾਲਾ ਅਤੇ ਅੰਮ੍ਰਿਤਸਰ ਤਹਿਸੀਲਾਂ ਵਿਚ 3 ਦਿਨਾਂ ਧਰਨੇ ਮਾਰੇ ਗਏ ਅਤੇ ਅਜਨਾਲਾ ਤਹਿਸੀਲ ਵਿਚ ਦੋ ਦਿਨ ਦਾ ਧਰਨਾ ਲਾਇਆ ਗਿਆ। ਲੰਗਰ ਵੀ ਲਗਾਤਾਰ ਚੱਲਿਆ।
ਤਰਨ ਤਾਰਨ : ਇਸ ਜ਼ਿਲ੍ਹੇ ਦੀਆਂ ਤਿੰਨਾ ਤਹਿਸੀਲਾਂ ਪੱਟੀ, ਖਡੂਰ ਸਾਹਿਬ ਤੇ ਤਰਨ ਤਾਰਨ ਵਿਚ ਧਰਨਾ ਲਾਇਆ ਗਿਆ ਜੋ ਲਗਾਤਾਰ 3 ਦਿਨ ਰਾਤ-ਦਿਨ ਚਲਦਾ ਰਿਹਾ। ਲੰਗਰ ਦਾ ਪ੍ਰਬੰਧ ਵੀ ਬਹੁਤ ਵਧੀਆ ਸੀ।
ਮੁਕਤਸਰ : ਮੁਕਤਸਰ ਵਿਚ 3 ਦਿਨ ਲਗਾਤਾਰ ਧਰਨਾ ਚਲਦਾ ਰਿਹਾ ਤੇ ਲੰਗਰ ਵੀ ਚੱਲਿਆ।
ਬਠਿੰਡਾ : ਸੰਗਤ ਮੰਡੀ ਵਿਚ 2 ਦਿਨ ਧਰਨਾ ਚਲਿਆ ਅਤੇ ਇਕ ਦਿਨ ਬਠਿੰਡੇ ਵਿਚ ਧਰਨਾ ਲਾਇਆ ਗਿਆ।
ਜ਼ਿਲ੍ਹਾ ਗੁਰਦਾਸਪੁਰ ਅਤੇ ਫਾਜ਼ਿਲਕਾ ਵਿਚ ਤਹਿਸੀਲ ਬਟਾਲਾ ਅਤੇ ਅਬੋਹਰ ਵਿਚ 1-1 ਦਿਨ ਦਾ ਧਰਨਾ ਲਾਇਆ ਗਿਆ।
ਜਲੰਧਰ : ਇਸ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਵਿਚ ਦੋ ਦਿਨ ਦਾ ਧਰਨਾ ਮਾਰਿਆ ਗਿਆ ਅਤੇ ਲੰਗਰ ਵੀ ਲਗਾਤਾਰ ਚਲਾਇਆ ਗਿਆ ਅਤੇ ਫਿਲੌਰ ਤਹਿਸੀਲ, ਸ਼ਾਹਕੋਟ ਤਹਿਸੀਲ ਵਿਚ ਵੱਡੇ ਵਫਦਾਂ ਨੇ ਮੰਗ ਪੱਤਰ ਆਪੋ ਆਪਣੇ ਐਸ.ਡੀ.ਐਮ. ਰਾਹੀਂ ਸਰਕਾਰ ਨੂੰ ਭੇਜੇ।
ਫਰੀਦਕੋਟ : ਇਸ ਜ਼ਿਲ੍ਹੇ ਦੀ ਤਹਿਸੀਲ ਕੋਟ ਕਪੂਰਾ ਵਿਚ ਦੋ ਦਿਨ ਦਾ ਧਰਨਾ ਲਾਇਆ ਗਿਆ। ਦੂਜੀਆਂ ਭਰਾਤਰੀ ਜਥੇਬੰਦੀਆਂ ਵੀ ਮਦਦ ‘ਤੇ ਆਈਆਂ। ਦੋ ਤਹਿਸੀਲਾਂ ਜੈਤੋ ਅਤੇ ਫਰੀਦਕੋਟ ਵਿਚ ਵਫਦਾਂ ਨੇ ਮੰਗ ਪੱਤਰ ਸਬੰਧਤ ਐਸ.ਡੀ.ਐਮ. ਰਾਹੀਂ ਸਰਕਾਰ ਨੂੰ ਭੇਜੇ।
ਪਠਾਨਕੋਟ : ਜ਼ਿਲ੍ਹੇ ਦੀ ਪਠਾਨਕੋਟ ਤਹਿਸੀਲ ਵਿਚ ਵਫਦ ਨੇ ਮੰਗ ਪੱਤਰ ਐਸ.ਡੀ.ਐਮ. ਨੂੰ ਦਿੱਤਾ।
”ਆਤਮ-ਸਨਮਾਨ ਦਿਵਸ” ਵਜੋਂ ਮਨਾਇਆ ਗਿਆ ਕੌਮਾਂਤਰੀ ਮਹਿਲਾ ਦਿਵਸ
ਜਲੰਧਰ ਵਿਖੇ 8 ਮਾਰਚ ਦੇ ਕੌਮਾਂਤਰੀ ਮਹਿਲਾ ਦਿਵਸ ਨੂੰ ‘ਔਰਤਾਂ ਲਈ ਆਤਮ-ਸਨਮਾਨ ਦੀ ਰਾਖੀ’ ਦੇ ਦਿਵਸ ਵਜੋਂ ਮਨਾਉਂਦਿਆਂ, ਜਨਵਾਦੀ ਇਸਤਰੀ ਸਭਾ ਪੰਜਾਬ ਨੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕ ਬਹੁਤ ਹੀ ਪ੍ਰਭਾਵਸ਼ਾਲੀ ਇਕੱਠ ਕੀਤਾ। ਡਾ. ਰਘਬੀਰ ਕੌਰ, ਕੰਚਨ ਸਿੰਘ, ਜਸਬੀਰ ਕੌਰ ਤਰਨਤਾਰਨ ਅਤੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਜਨਰਲ ਸਕੱਤਰ ਬੀਬੀ ਰਾਜਿੰਦਰ ਕੌਰ ਕਾਕੜਾ ‘ਤੇ ਆਧਾਰਤ ਪ੍ਰਧਾਨਗੀ ਮੰਡਲ ਦੀ ਦੇਖ ਰੇਖ ਵਿਚ ਕੀਤੀ ਗਈ ਇਸ ਇਕੱਤਰਤਾ ਵਿਚ ਭਾਰਤੀ ਸਮਾਜ ਅੰਦਰ ਔਰਤਾਂ ਨਾਲ ਹੋ ਰਹੇ ਵਿਤਕਰੇ ਤੇ ਬੇਇਨਸਾਫੀਆਂ ਵਿਰੁੱਧ ਅਤੇ ਔਰਤਾਂ ਉਪਰ ਵੱਧ ਰਹੇ ਜਿਨਸੀ ਹਮਲਿਆਂ ਵਿਰੁੱਧ ਬੱਝਵੇਂ ਸੰਘਰਸ਼ ਦੀ ਲੋੜ ਨੂੰ ਜ਼ੋਰਦਾਰ ਢੰਗ ਨਾਲ ਉਭਾਰਿਆ ਗਿਆ। ਇਸ ਇਕੱਠ ਨੂੰ ਸਭਾ ਦੀ ਜਨਰਲ ਸਕੱਤਰ ਨੀਲਮ ਘੁਮਾਣ, ਮੀਤ ਪ੍ਰਧਾਨ ਡਾ. ਰਘਬੀਰ ਕੌਰ, ਰਾਜਿੰਦਰ ਕੌਰ ਕਾਕੜਾ ਤੋਂ ਇਲਾਵਾ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਸੂਬਾ ਸਕੱਤਰ ਕਾਮਰੇਡ ਹਰਕੰਵਲ ਸਿੰਘ ਨੇ ਵੀ ਸੰਬੋਧਨ ਕੀਤਾ। ਕੇਰਲਾ ਵਿਚ ਇਸਾਈ ਸਾਧਵੀਆਂ (ਨੰਨਜ਼) ਦੇ ਆਤਮ-ਸਨਮਾਨ ਦੀ ਰਾਖੀ ਲਈ ਜੂਝ ਰਹੀ ਜਥੇਬੰਦੀ, ਐਸ.ਓ.ਐਸ. (ਸੇਵ ਅਵਰ ਸਿਸਟਰਜ਼) ਐਕਸ਼ਨ ਕਾਊਂਸਲ ਦੀਆਂ ਤਿੰਨ ਆਗੂ ਭੈਣਾਂ, ਪ੍ਰੋ. ਕੁਸਮਮ ਜ਼ੌਸਫ, ਔਡਵੋਕੇਟ ਅਨੀਲਾ ਜੌਰਜ ਅਤੇ ਲੈਲਾ ਰਸ਼ੀਦ ਨੇ ਇਸ ਵਿਸ਼ਾਲ ਇਕੱਠ ਨੂੰ ਉਚੇਚੇ ਤੌਰ ‘ਤੇ ਸੰਬੋਧਨ ਕੀਤਾ। ਉਹਨਾਂ ਨੇ ਬਲਾਤਕਾਰ ਦੇ ਇਕ ਕੇਸ ਵਿਚ ਲਿਪਤ ਜਲੰਧਰ ਦੇ ਬਿਸ਼ਪ ਫਰਾਂਕੋ ਮੁਲੱਕਲ ਵਲੋਂ ਆਪਣੇ ਸੰਗੀਨ ਜ਼ੁਰਮ ਨਾਲ ਸੰਬੰਧਤ ਸਬੂਤਾਂ ਨੂੰ ਖੁਰਦ ਬੁਰਦ ਕਰਨ ਲਈ ਆਰੰਭੇ ਹੋਏ ਅਨੈਤਿਕ ਕਦਮਾਂ ਨੂੰ ਵਿਸਥਾਰ ਸਹਿਤ ਬੇਪਰਦ ਕੀਤਾ। ਇਕੱਤਰਤਾ ਵਲੋਂ ਇਸ ਸੰਦਰਭ ਵਿਚ ਇਕ ਵਿਸ਼ੇਸ ਮਤਾ ਵੀ ਪਾਸ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਦੋਸ਼ੀ ਬਿਸ਼ਪ ਦੀ ਜਮਾਨਤ ਰੱਦ ਕਰਕੇ ਉਸਨੂੰ ਤੁਰੰਤ ਢੁਕਵੀਂ ਸਜ਼ਾ ਦਿੱਤੀ ਜਾਵੇ। ਇਸ ਕਨਵੈਨਸ਼ਨ ਦੀ ਸਟੇਜ ‘ਤੇ ਕੇਰਲ ਤੋਂ ਆਈਆਂ ਇਹਨਾ ਤਿੰਨ ਮਹਿਲਾ ਆਗੂਆਂ ਤੋਂ ਇਲਾਵਾ ਆਰ.ਐਮ.ਪੀ.ਆਈ. ਦੀ ਸਟੈਂਡਿੰਗ ਕਮੇਟੀ ਦੇ ਮੈਂਬਰ ਕਾਮਰੇਡ ਹਰੀਹਰਨ, ਜਨਵਾਦੀ ਇਸਤਰੀ ਸਭਾ ਦੀਆਂ ਆਗੂ ਬਿਮਲਾ ਦੇਵੀ, ਸੁਰਿੰਦਰ ਜੈਪਾਲ ਤੇ ਕੁਲਦੀਪ ਕੌਰ ਫਰੀਦਕੋਟ ਅਤੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀਆਂ ਆਗੂ ਭੈਣਾਂ ਜਸਵਿੰਦਰ ਟਾਹਲੀ, ਅਵਤਾਰ ਕੌਰ ਬਾਸੀ, ਕਮਲਜੀਤ ਕੌਰ, ਸੁਖਵਿੰਦਰ ਕੌਰ ਝਬਾਲ, ਆਸ਼ਾ ਰਾਣੀ, ਬਿਮਲਾ ਦੇਵੀ ਅਤੇ ਰਜਵੰਤ ਕੌਰ ਬਟਾਲਾ ਵੀ ਸਸ਼ੋਭਤ ਸਨ। ਕਨਵੈਨਸ਼ਨ ਦੇ ਅੰਤ ਵਿਚ ਇਹ ਵਿਸ਼ਾਲ ਇਕੱਠ ਇਕ ਰੋਹ ਭਰਪੂਰ ਮੁਜ਼ਾਹਰੇ ਦਾ ਰੂਪ ਵਟਾ ਗਿਆ ਅਤੇ ਦੇਸ਼ ਭਗਤ ਯਾਦਗਾਰ ਤੋਂ ਕੰਪਣੀ ਬਾਗ ਚੌਕ ਤੋਂ ਬੀ.ਐਮ.ਸੀ. ਚੌਕ ਤੱਕ ਮੁਜ਼ਾਹਰਾ ਕੀਤਾ ਗਿਆ। ਔਰਤਾਂ ਨੇ ਆਪਣੇ ਹੱਥਾਂ ਵਿਚ ਆਪਣੀਆਂ ਮੰਗਾਂ ਦੇ ਮਾਟੋ ਚੁੱਕੇ ਹੋਏ ਸਨ ਅਤੇ ਉਹਨਾਂ ਨੇ ‘ਔਰਤਾਂ ਨਾਲ ਇਨਸਾਫ ਕਰਨ’, ‘ਔਰਤਾਂ ਲਈ ਮਰਦਾਂ ਬਰਾਬਰ ਅਧਿਕਾਰਾਂ ਦੀ ਗਾਰੰਟੀ ਕਰਨ’ ਆਦਿ ਤੋਂ ਇਲਾਵਾ ‘ਬਲਾਤਕਾਰੀ ਬਿਸ਼ਪ ਫਰਾਂਕੋ ਮੁਲੱਕਲ ਦੀ ਜ਼ਮਾਨਤ ਰੱਦ ਕਰੋ’ ਦੇ ਵੀ ਜ਼ੋਰਦਾਰ ਨਾਅਰੇ ਲਾਏ।
ਨੌਜਵਾਨਾਂ ਤੇ ਵਿਦਿਆਰਥੀਆਂ ਵਲੋਂ 11 ਤੋਂ 23 ਮਾਰਚ ਤੱਕ ਜੱਥਾ ਮਾਰਚ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਵਸ ਅਤੇ 13 ਅਪ੍ਰੈਲ 1919 ਦੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ”ਵਿਦਿਆ, ਸਿਹਤ ਤੇ ਰੁਜਗਾਰ ਅਧਿਕਾਰ ਮਾਰਚ” 11 ਮਾਰਚ ਨੂੰ ਹੂਸੈਨੀਵਾਲ ਦੇ ਸ਼ਹੀਦੀ ਸਮਾਰਕ ਤੋਂ ਜਥਾ ਮਾਰਚ ਦੇ ਰੂਪ ਵਿਚ ਆਰੰਭ ਕੀਤਾ ਗਿਆ। ਇਸ ਜਥੇ ਦੀ ਅਗਵਾਈ ਸਭਾ ਦੇ ਸੂਬਾਈ ਪ੍ਰਧਾਨ ਮਨਦੀਪ ਰਤੀਆ, ਸੂਬਾ ਕਮੇਟੀ ਮੈਂਬਰ ਮੱਖਣ ਸੰਗਰਾਮੀ ਅਮਰਜੀਤ ਲਾਲੀ ਅਤੇ ਨਿਰਭੈ ਰਤੀਆ ਨੇ ਸਾਂਝੇ ਰੂਪ ਵਿਚ ਕੀਤੀ। ਇਹ ਜਥਾ ਮਾਰਚ ਦੌਰਾਨ ਪੰਜਾਬ ਤੇ ਹਰਿਆਣਾ ਦੇ ਵੱਖ ਵੱਖ ਜ਼ਿਲ੍ਹਿਆਂ ਅੰਦਰ ਨੌਜਵਾਨ ਅਤੇ ਵਿਦਿਆਰਥੀਆਂ ਦੇ ਭੱਖਦੇ ਮੁੱਦੇ ਮੁਫ਼ਤ ਲਾਜ਼ਮੀ ਅਤੇ ਇਕਸਾਰ ਵਿਦਿਆ ਦੀ ਪ੍ਰਾਪਤੀ ਲਈ, ਯੋਗਤਾ ਅਨੁਸਾਰ ਰੁਜ਼ਗਾਰ ਦੀ ਪ੍ਰਾਪਤੀ ਲਈ, ਸਭ ਲਈ ਮੁਫ਼ਤ ਸਿਹਤ ਸੇਵਾਵਾਂ, ਨਸ਼ਿਆਂ ਅਤੇ ਗੁੰਡਾਗਰਦੀ ਦੇ ਖਾਤਮੇਂ ਲਈ, ਲੱਚਰ ਤੇ ਅਸ਼ਲੀਲ ਗੀਤ, ਸੰਗੀਤ ਤੇ ਫਿਲਮਾਂ ‘ਤੇ ਰੋਕ ਲਈ, ਕੰਮ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਵਿਚ ਸ਼ਾਮਲ ਕਰਵਾਉਣ ਲਈ, ਨਵਉਦਾਰਵਾਦੀ ਨੀਤੀਆਂ ਅਤੇ ਫਿਰਕਾਪ੍ਰਸਤੀ ਦੇ ਖਾਤਮੇਂ ਲਈ, ਵਿਦਿਆਰਥੀਆਂ ਦੀ ਬਸ ਪਾਸ ਦੀ ਸਹੂਲਤ ਦੀ ਪ੍ਰਾਪਤੀ ਹਿੱਤ ਨੌਜਵਾਨਾਂ ਤੇ ਵਿਦਿਆਰਥੀਆਂ ਦੀ ਜਨਤਕ ਲਾਮਬੰਦੀ ਲਈ ਅਤੇ ਕੇਂਦਰ, ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਵਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਨਾ ਪੂਰੇ ਕਰਨ ਦੀ ਵਾਅਦਾ ਖਿਲਾਫੀ ਵਿਰੁੱਧ ਵੱਖ-ਵੱਖ ਥਾਵਾਂ ‘ਤੇ 50 ਜਲਸੇ ਤੇ ਮੀਟਿੰਗਾਂ ਕੀਤੀਆਂ ਗਈਆਂ ਅਤੇ 13 ਅਪ੍ਰੈਲ 2019 ਦੀ ਅੰਮ੍ਰਿਤਸਰ ਵਿਖੇ ਕੀਤੀ ਜਾਣ ਵਾਲੀ ਵਿਸ਼ਾਲ ਰੈਲੀ ਤੇ ਮਾਰਚ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ। ਹੁਸੈਨੀਵਾਲਾ ਤੋਂ ਸ਼ੁਰੂ ਹੋਇਆ ਜਥਾ ਮਾਰਚ ਫਿਰੋਜ਼ਪੁਰ ਸ਼ਹਿਰ ਵਿਚ ਮਾਰਚ ਕਰਕੇ ਫਰੀਦਕੋਟ ਜਿਲ੍ਹੇ ਅੰਦਰ ਦਾਖਲ ਹੋਇਆ ਜਿੱਥੇ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਜਤਿੰਦਰ ਕੁਮਾਰ, ਜ਼ਿਲ੍ਹਾ ਪ੍ਰਧਾਨ ਸਿਮਰਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਜਥਾ ਮਾਰਚ ਵਿਚ ਸ਼ਾਮਲ ਸਾਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਸ਼ਹਿਰ ਫਰੀਦਕੋਟ ਵਿਚ ਮਾਰਚ ਕਰਕੇ ਇਕ ਪ੍ਰਭਾਵਸ਼ਾਲੀ ਜਨਤਕ ਇਕੱਠ ਕੀਤਾ ਗਿਆ। ਇਸ ਤੋਂ ਬਾਅਦ ਜਥਾ ਰਾਤ ਬਠਿੰਡਾ ਸ਼ਹਿਰ ਵਿਚ ਠਹਿਰਿਆ। ਅਗਲੇ ਦਿਨ 12 ਮਾਰਚ ਨੂੰ ਬਠਿੰਡਾ ਜਿਲ੍ਹੇ ਦੇ ਪਿਡ ਕੋਟ ਜਗੀਰ ਦੇ ਪਿੰਡ ਵਾਸੀਆਂ, ਖਾਸ ਕਰਕੇ ਔਰਤਾਂ ਵਲੋਂ ਜਥੇ ਦਾ ਸਵਾਗਤ ਕੀਤਾ ਗਿਆ ਅਤੇ ਫੇਰ ਸਿਰਸਾ ਜ਼ਿਲ੍ਹਾ (ਹਰਿਆਣਾ) ਦੇ ਨਾਲ ਲੱਗਦੇ ਪਿੰਡ ਰੌੜੀ ਵਿਖੇ ਮੀਟਿੰਗ ਕੀਤੀ ਗਈ। ਪਿੰਡ ਰੌੜੀ ਤੋਂ ਮਾਨਸਾ ਜ਼ਿਲ੍ਹੇ ਦੇ ਸਾਥੀਆਂ ਬੰਸੀ ਲਾਲ, ਸੰਦੀਪ ਕੁਮਾਰ ਝੰਡਾ ਖੁਰਦ, ਮਨਦੀਪ ਸਰਦੂਲਗੜ੍ਹ, ਰਵਿੰਦਰ ਲੋਹਗੜ੍ਹ ਅਤੇ ਗਗਨ ਸਰਦੂਲਗੜ੍ਹ ਦੀ ਅਗਵਾਈ ਹੇਠ ਮੋਟਰ ਸਾਇਕਲ ਮਾਰਚ ਕਰਕੇ ਜਥੇ ਨੂੰ ਆਪਣੇ ਜ਼ਿਲ੍ਹੇ ਮਾਨਸਾ ਅੰਦਰ ਦਾਖਲ ਕਰਵਾਇਆ। ਏਥੇ ਪਿੰਡ ਜਟਾਣਾ ਕਲਾਂ, ਫੱਤਾ ਮਾਲੋਕਾ, ਰੋੜਕੀ, ਝੰਡਾ ਖੁਰਦ, ਲੋਹਗੜ੍ਹ ਅਤੇ ਸਰਦੂਲਗੜ੍ਹ ਵਿਖੇ ਮੀਟਿੰਗਾਂ ਤੇ ਜਲਸੇ ਹੋਏ। ਅਗਲੇ ਦਿਨ 13 ਮਾਰਚ ਨੂੰ ਰਤੀਆ (ਹਰਿਆਣਾ) ਸਥਿਤ ਖਾਲਸਾ ਕਾਲਜ ਵਿਖੇ ਹਰਿਆਣਾ ਸਟੂਡੈਂਟਸ ਯੂਨੀਅਨ (8S”) ਦੇ ਸਾਥੀਆਂ ਵਲੋਂ ਵਿਸ਼ਾਲ ਜਲਸਾ ਕਾਲਜ ਦੇ ਗੇਟ ਅੱਗੇ ਕਰਵਾਇਆ ਗਿਆ ਤੇ ਅੱਗੋਂ ਜ਼ਿਲ੍ਹਾ ਫਤਿਆਬਾਦ ਦੇ ਪਿੰਡ ਹਾਸੰਗਾ, ਢਾਣੀ ਭੋਜਰਾਜ, ਢਾਣੀ ਡੁਲਟ ਅਤੇ ਭੂਨਾ ਵਿਖੇ ਮੀਟਿੰਗਾਂ ਤੇ ਜਲਸੇ ਹੋਏ। 14 ਮਾਰਚ ਨੂੰ ਫਤਿਆਬਾਦ (ਹਰਿਆਣਾ) ਦੇ ਪਿੰਡ ਚੀਗਸਰਾਂ, ਹਜੌਲੀ, ਰੱਤਾ ਖੇੜਾ, ਰਤੀਆ ਵਿਖੇ ਜਲਸੇ ਹੋਏ। ਅਗਲੇ ਦਿਨ 15 ਮਾਰਚ ਨੂੰ ਜਾਖਲ, ਪਾਤੜਾਂ (ਪਟਿਆਲਾ) ਆਦਿ ਥਾਵਾਂ ‘ਤੇ ਮੀਟਿੰਗਾਂ ਹੋਈਆਂ। 16 ਮਾਰਚ ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੌਫੀਪੁਰ ਕਲਾਂ ਵਿਖੇ ਪਿੰਡ ਵਾਸੀਆਂ ਨੇ ਜਥੇ ਦਾ ਸਵਾਗਤ ਕੀਤਾ ਅਤੇ ਮੀਟਿੰਗ ਕਰਵਾਈ। 17 ਮਾਰਚ ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪੱਖੋਵਾਲ ਤੋਂ ਲੈ ਕੇ ਪਿੰਡ ਸਰਾਭਾ ਤੱਕ ਸਾਥੀ ਹਰਨੇਕ ਗੁੱਜਰਵਾਲ, ਡਾ. ਜਸਵਿੰਦਰ ਕਾਲਖ ਦੀ ਅਗਵਾਈ ਹੇਠ ਮੋਟਰਸਾਇਕਲ ਮਾਰਚ ਕੀਤਾ ਗਿਆ ਅਤੇ ਇਸ ਤੋਂ ਬਾਅਦ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਦੇ ਸਾਹਮਣੇ ਵਿਸ਼ਾਲ ਮੀਟਿੰਗ ਕੀਤੀ ਗਈ। ਇਸ ਤੋਂ ਬਾਅਦ ਪਿੰਡ ਕਟਾਰੂਚੱਕ (ਪਠਾਨਕੋਟ) ਵਿਖੇ ਸ਼ਾਮ 7.30 ਵਜੇ ਸਾਥੀ ਰਵੀ ਕਟਾਰੂਚੱਕ, ਰਜਿੰਦਰ ਕੁਮਾਰ ਅਤੇ ਪਵਨ ਕੁਮਾਰ ਦੀ ਅਗਵਾਈ ਵਿਚ ਜਲਸਾ ਕੀਤਾ ਗਿਆ। ਜਿਸ ਵਿਚ 100 ਤੋਂ ਵੱਧ ਸਾਥੀ ਸਨ। ਇਸ ਤੋਂ ਪਹਿਲਾਂ ਜਥਾ ਮਾਰਚ ਦਾ ਪਿੰਡ ਕਟਾਰੂਚੱਕ ਪਹੁੰਚਣ ‘ਤੇ ਸਾਥੀਆਂ ਨੂੰ ਹਾਰ ਪਾ ਕੇ ਸਵਾਗਤ ਕੀਤਾ ਗਿਆ। 18 ਮਾਰਚ ਨੂੰ ਪਿੰਡ ਸਿਹੋੜਾ ਕਲਾਂ (ਪਠਾਨਕੋਟ) ਵਿਖੇ ਜਥੇ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਜਥਾ ਮਾਰਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਘਸੀਟਪੁਰ ਵਿਖੇ ਪਹੁੰਚਣ ‘ਤੇ ਸਾਥੀਆਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਅਤੇ ਫੇਰ ਵਿਸ਼ਾਲ ਜਲਸਾ ਸਭਾ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ, ਪ੍ਰੇਮ ਸਿੰਘ ਘਸੀਟਪੁਰ ਦੀ ਅਗਵਾਈ ਹੇਠ ਹੋਇਆ। ਜਿਸ ਵਿਚ 125 ਤੋਂ ਵੱਧ ਸਾਥੀਆਂ ਨੇ ਹਿੱਸਾ ਲਿਆ। ਸ਼ਾਮ 7 ਵਜੇ ਪਿੰਡ ਖਾਨਫੱਤਾ ਵਿਖੇ ਵਿਸ਼ਾਲ ਮੀਟਿੰਗ ਤਹਿਸੀਲ ਪ੍ਰਧਾਨ ਵਿਰਗਟ ਖਾਨਫੱਤਾ ਦੀ ਅਗਵਾਈ ਹੇਠ ਹੋਈ। 19 ਮਾਰਚ ਨੂੰ ਜਥਾ ਮਾਰਚ ਜ਼ਿਲ੍ਹਾ ਅੰਮ੍ਰਿਤਸਰ ਵਿਚ ਦਾਖਲ ਹੋਇਆ। ਸ਼ਹਿਰ ਅਜਨਾਲਾ ਵਿਖੇ ਜਥੇਬੰਦੀ ਦੇ ਸੂਬਾਈ ਆਗੂਆਂ ਕੁਲਵੰਤ ਸਿੰਘ ਮੱਲੂਨੰਗਲ, ਸੁਰਜੀਤ ਸਿੰਘ ਦੁਧਰਾਏ, ਤਹਿਸੀਲ ਪ੍ਰਧਾਨ ਸਤਿੰਦਰ ਉਠੀਆਂ, ਸੁੱਚਾ ਸਿੰਘ ਘੌਗਾ ਦੀ ਅਗਵਾਈ ਹੇਠ ਆਰ.ਐਮ.ਪੀ.ਆਈ. ਤਹਿਸੀਲ ਅਜਨਾਲਾ ਦੇ ਦਫਤਰ ਕੰਪਲੈਕਸ ਵਿਖੇ ਜਲਸਾ ਕੀਤਾ ਗਿਆ। ਇਸ ਤੋਂ ਬਾਅਦ ਕਾਲਿਆਂ ਵਾਲੇ ਸ਼ਹੀਦੀ ਖੂਹ ਵਿਖੇ ਜਥੇ ਦਾ ਸਵਾਗਤ ਕੀਤਾ ਗਿਆ। 20 ਮਾਰਚ ਨੂੰ ਛੇਹਰਟਾ (ਅੰਮ੍ਰਿਤਸਰ ਸ਼ਹਿਰ) ਵਿਖੇ ਸਾਥੀ ਸਰਬਜੀਤ ਹੈਰੀ ਦੀ ਅਗਵਾਈ ਹੇਠ ਜਥੇ ਦਾ ਸਵਾਗਤ ਕੀਤਾ ਗਿਆ ਅਤੇ ਪਿੰਡ ਠੱਠਾ ਵਿਖੇ ਸਭਾ ਦੇ ਸੂਬਾਈ ਆਗੂ ਸੁਲੱਖਣ ਸਿੰਘ ਤੁੜ, ਸੁਖਦੇਵ ਸਿੰਘ ਜਵੰਦਾ ਅਤੇ ਕਰਮਬੀਰ ਮੱਖੋਕੇ ਦੀ ਅਗਵਾਈ ਹੇਠ ਵੀ ਜਥੇ ਦਾ ਸਵਾਗਤ ਕੀਤਾ ਗਿਆ ਅਤੇ ਪਿੰਡ ਠੱਠਾ ਤੋਂ ਲੈ ਕੇ ਝਬਾਲ (ਤਰਨਤਾਰਨ ਜ਼ਿਲ੍ਹਾ) ਤੱਕ 40 ਮੋਟਰਸਾਇਕਲ ਅਤੇ ਗੱਡੀਆਂ ਦਾ ਮਾਰਚ ਕੀਤਾ ਗਿਆ। ਕਸਬਾ ਝਬਾਲ ਵਿਖੇ ਵਿਸ਼ਾਲ ਜਲਸਾ ਕੀਤਾ ਗਿਆ। ਜਲਸਾ ਖਤਮ ਹੋਣ ਉਪਰੰਤ ਝਬਾਲ ਤੋਂ ਚੌਧਰੀਵਾਲਾ ਤੱਕ ਮੋਟਰਸਾਇਕਲ ਮਾਰਚ ਕੀਤਾ ਗਿਆ। 21 ਮਾਰਚ ਨੂੰ ਪਿੰਡ ਤੁੜ ਵਿਖੇ ਮੀਟਿੰਗ ਹੋਈ ਅਤੇ ਪਿੰਡ ਤੁੜ ਤੋਂ ਲੈ ਕੇ ਪਿੰਡ ਵੇਈਂਪੁਈ ਤੱਕ ਮੋਟਰ ਸਾਇਕਲ ਮਾਰਚ ਕੀਤਾ ਗਿਆ ਅਤੇ ਪਿੰਡ ਭਰੋਵਾਲ ਅਤੇ ਫਤਿਆਬਾਦ ਵਿਖੇ ਜਥੇ ਦਾ ਸਵਾਗਤ ਕੀਤਾ ਗਿਆ। ਫਤਿਆਬਾਦ ਤੋਂ ਗੋਇੰਦਵਾਲ ਤੱਕ ਮਾਰਚ ਕੀਤਾ ਗਿਆ। ਗੋਇੰਦਵਾਲ ਵਿਖੇ ਸਭਾ ਦੇ ਆਗੂ ਗੁਰਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਨਾਟਕ ਮੇਲਾ ਕਰਵਾਇਆ ਜਿੱਥੇ ਰੈਡ ਆਰਟਸ ਦੀ ਟੀਮ ਨੇ ਨਾਟਕ ਖੇਡਿਆ ਅਤੇ ਇਨਕਲਾਬੀ ਗੀਤਕਾਰ ਜਗਸੀਰ ਜੀਦਾ ਨੇ ਇਨਕਲਾਬੀ ਗੀਤ ਪੇਸ਼ ਕੀਤਾ। 22 ਮਾਰਚ ਨੂੰ ਪਿੰਡ ਦੁਸਾਂਝ ਕਲਾਂ (ਜਲੰਧਰ) ਵਿਖੇ ਭਾਈ ਰਣਬੀਰ ਸਿੰਘ ਮੌਲਵੀ ਯਾਦਗਾਰ ਟਰੱਸਟ ਦੀ ਗਰਾਊਂਡ ਵਿਖੇ ਸਭਾ ਦਾ ਝੰਡਾ ਸਾਥੀ ਮਨਦੀਪ ਰਤੀਆ ਨੇ ਚੜ੍ਹਾਉਣ ਦੀ ਰਸਮ ਅਦਾ ਕੀਤੀ ਅਤੇ ਫੇਰ ਜਲਸਾ ਕੀਤਾ ਗਿਆ ਜਿਸਦੀ ਹਾਜਰੀ 110 ਸਾਥੀ ਸੀ। ਇਸ ਤੋਂ ਬਾਅਦ ਪਿੰਡ ਹੁਸੈਨਾਬਾਦ (ਨਕੋਦਰ) ਵਿਖੇ ਸਭਾ ਦਾ ਤਹਿਸੀਲ ਨਕੋਦਰ-ਸ਼ਾਹਕੋਟ ਦਾ ਡੈਲੀਗੇਟ ਅਜਲਾਸ ਕੀਤਾ ਗਿਆ। ਜਿੱਥੇ ਡੈਲੀਗੇਟਾਂ ਦੀ ਹਾਜ਼ਰੀ 120 ਸਾਥੀ ਸੀ। ਇਸ ਅਜਲਾਸ ਵਿਚ ਤਹਿਸੀਲ ਪ੍ਰਧਾਨ ਦਲਵਿੰਦਰ ਕੁਲਾਰ ਅਤੇ ਤਹਿਸੀਲ ਸਕੱਤਰ ਜਰਨੈਲ ਜੈਲੀ ਚੁਣੇ ਗਏ। ਇਸ ਤੋਂ ਬਾਅਦ ਪਿੰਡ ਭੈਣੀ, ਬੇਗਮਪੁਰ ਵਿਖੇ ਜਲਸੇ ਹੋਏ ਅਤੇ ਫੇਰ ਸ਼ਹੀਦ ਸੋਹਣ ਸਿੰਘ ਢੇਸੀ ਦੀ ਸਮਾਰਕ ‘ਤੇ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਜਥਾ ਮਾਰਚ ਪਿੰਡ ਕਾਹਨਾ ਢੇਸੀਆਂ ਵਿਖੇ ਪੁੱਜਾ ਜਿੱਥੇ ਜਥੇ ਦਾ ਜ਼ੋਰ ਸ਼ੋਰ ਨਾਲ ਸਵਾਗਤ ਕੀਤਾ ਗਿਆ ਅਤੇ ਸ਼ਾਮ ਨੂੰ ਮਸ਼ਾਲ ਮਾਰਚ ਕੀਤਾ ਗਿਆ ਜਿਸਦੀ ਹਾਜ਼ਰੀ 100 ਤੋਂ ਵੱਧ ਸਾਥੀ ਸਨ। 23 ਮਾਰਚ ਨੂੰ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੈ ਫਿਲੌਰ, ਮੱਖਣ ਸੰਗਰਾਮੀ, ਗੁਰਦੀਪ ਬੇਗਮਪੁਰ ਦੀ ਅਗਵਾਈ ਹੇਠ ਫਿਲੌਰ ਸ਼ਹਿਰ ਅੰਦਰ ਮੋਟਰਸਾਇਕਲ ਮਾਰਚ ਕੀਤਾ ਗਿਆ ਅਤੇ ਫੇਰ ਇਸ ਤੋਂ ਬਾਅਦ ਫਿਲੌਰ ਤੋਂ ਲੈ ਕੇ ਖਟਕੜ ਕਲਾਂ ਤੱਕ ਮੋਟਰਸਾਇਕਲ ਮਾਰਚ ਕੀਤਾ ਗਿਆ। ਜਿੱਥੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੇ ਮੂਹਰੇ ਦੀ ਮਾਰਚ ਇਨਕਲਾਬੀ ਨਾਅਰਿਆਂ ਦੀ ਗੂੰਜ ਨਾਲ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਪੁੱਜਾ। ਜਿੱਥੇ ਸਾਥੀ ਮਨਦੀਪ ਰਤੀਆ, ਅਜੈ ਫਿਲੌਰ, ਮੱਖਣ ਸੰਗਰਾਮੀ ਅਤੇ ਹੋਰ ਸਾਥੀਆਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਜਥੇ ਮਾਰਚ ਨੂੰ ਅੰਤਿਮ ਪੜਾਅ ਤੱਕ ਪਹੁੰਚਾ ਕੇ ਸਮਾਪਤੀ ਕੀਤੀ। ਇਸ ਜਥਾ ਮਾਰਚ ਦੀ ਸਫਲਤਾ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾਈ ਤੇ ਜ਼ਿਲ੍ਹਾ ਆਗੂਆਂ ਨੇ ਦਿਨ-ਰਾਤ ਮਿਹਨਤ ਕੀਤੀ। ਵੱਖ-ਵੱਖ ਥਾਵਾਂ ‘ਤੇ ਹੋਏ ਜਲਸੇ ਮੀਟਿੰਗਾਂ ਨੂੰ ਸਭਾ ਦੇ ਪ੍ਰਧਾਨ ਮਨਦੀਪ ਰਤੀਆ, ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ, ਅਜੈ ਫਿਲੌਰ ਜਨਰਲ ਸਕੱਤਰ ਪੀ.ਐਸ.ਐਫ., ਰਵੀ ਕਟਾਰੂਚੱਕ, ਕੁਲਵੰਤ ਮੱਲੂਨੰਗਲ, ਸੁਰਜੀਤ ਦੁਧਰਾਏ, ਸੁਲੱਖਣ ਤੁੜ, ਮੱਖਣ ਸੰਗਰਾਮੀ, ਮਨਜਿੰਦਰ ਢੇਸੀ, ਜਤਿੰਦਰ ਕੁਮਾਰ, ਹਰਨੇਕ ਗੁੱਜਰਵਾਲ, ਬੰਸੀ ਲਾਲ, ਸੰਦੀਪ ਕੁਮਾਰ, ਸੁਰੇਸ਼ ਸਮਾਣਾ, ਸੁਖਦੇਵ ਜਵੰਦਾ, ਦਲਵਿੰਦਰ ਕੁਲਾਰ, ਗੁਰਦੀਪ ਬੇਗਮਪੁਰ, ਡਾ. ਜਸਵਿੰਦਰ ਕਾਲਖ, ਪਰਮਜੀਤ ਲਾਲੀ ਅਤੇ ਨਿਰਭੈ ਰਤੀਆ ਨੇ ਸੰਬੋਧਨ ਕੀਤਾ।
ਰਿਪੋਰਟ : ਸ਼ਮਸੇਰ ਸਿੰਘ