ਰਾਸ਼ਨ ਦੀ ਕਾਣੀ ਵੰਡ ਖਿਲਾਫ ਦਿਹਾਤੀ ਮਜ਼ਦੂਰਾਂ ਵੱਲੋਂ ਸੈਂਕੜੇ ਪਿੰਡਾਂ ’ਚ ਰੋਸ ਮੁਜ਼ਾਹਰੇ
ਦਿਹਾਤੀ ਮਜ਼ਦੂਰ ਸਭਾ ਪੰਜਾਬ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀਆਂ ਸੂਬਾਈ ਇਕਾਈਆਂ ਦੇ ਸੱਦੇ ਤਹਿਤ, ਪੰਜਾਬ ਸਰਕਾਰ ਦੀ ਵਿਤਕਰੇ ਪੂਰਨ ਰਾਸ਼ਨ ਵੰਡ ਨੀਤੀ ਖਿਲਾਫ਼, 20 ਮਈ ਨੂੰ ਸੂਬੇ ਦੇ ਸੈਂਕੜੇ ਪਿੰਡਾਂ ਵਿੱਚ ਬੇਜ਼ਮੀਨੇ-ਸਾਧਨਹੀਣ ਪੇਂਡੂ ਕਿਰਤੀਆਂ ਵੱਲੋਂ ਪਰਿਵਾਰਾਂ ਸਮੇਤ ਜੋਰਦਾਰ ਰੋਸ ਮੁਜ਼ਾਹਰੇ ਕੀਤੇ ਗਏ।
ਸੂਬੇ ਦੇ ਸਾਰੇ ਜਿਲ੍ਹਿਆਂ ਵਿੱਚ ਕੀਤੇ ਗਏ ਉਕਤ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਫੂਡ ਸਪਲਾਈ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਭੇਜੇ ਗਏ।
ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਸਾਥੀ ਦਰਸ਼ਨ ਨਾਹਰ ਅਤੇ ਗੁਰਨਾਮ ਸਿੰਘ ਦਾਊਦ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਪ੍ਰਧਾਨ ਅਤੇ ਜਨਰਲ ਸਕੱਤਰ ਸਾਥੀ ਬਬਲੀ ਅਟਵਾਲ ਅਤੇ ਸੁਖਪਾਲ ਸਿੰਘ ਖਿਆਲੀ ਵਾਲਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਿੰਡਾਂ ਅੰਦਰ ਰਸੂਖਵਾਨ ਸਿਆਸੀ ਟੱਬਰਾਂ ਦੇ ਦਬਾਅ ਅਧੀਨ ਲਾੱਕ ਡਾਊਨ ਦਰਮਿਆਨ ਭੁੱਖਮਰੀ ਦਾ ਸ਼ਿਕਾਰ ਹੋਏ ਕਿਰਤੀਆਂ ਨੂੰ ਰਾਸ਼ਨ ਵੰਡਣ ਸਮੇਂ ਘੋਰ ਵਿਤਕਰਾ ਕੀਤਾ ਜਾਂਦਾ ਹੈ ਜਿਸ ਕਾਰਨ ਬੇਜਮੀਨੇ, ਸਾਧਨਹੀਣ, ਦਲਿਤ ਕਿਰਤੀਆਂ ਦੇ ਮਨਾਂ ਵਿੱਚ ਅੰਤਾਂ ਦਾ ਰੋਹ ਹੈ। ਪੰਜਾਬ ਸਰਕਾਰ ਦੀ ਕੇਵਲ ਨੀਲੇ ਕਾਰਡ ਧਾਰਕਾਂ ਨੂੰ ਰਾਸ਼ਨ ਵੰਡਣ ਦੀ ਨੀਤੀ ਸਦਕਾ ਵੀ ਹਜ਼ਾਰਾਂ ਗਰੀਬ ਪਰਿਵਾਰ ਰਾਸ਼ਨ ਵੰਡ ਤੋਂ ਵਾਂਝੇ ਰਹਿ ਜਾਂਦੇ ਹਨ।
ਭੇਜੇ ਗਏ ਮੰਗ ਪੱਤਰਾਂ ਰਾਹੀਂ ਮੰਗ ਕੀਤੀ ਕਿ ਰਾਸ਼ਨ ਵੰਡ ਸਮੇਂ ਲਾਈਆਂ ਜਾ ਰਹੀਆਂ ਸਾਰੀਆਂ ਫਿਜ਼ੂਲ ਸ਼ਰਤਾਂ ਖਤਮ ਕਰਦਿਆਂ ਸਾਰੇ ਬੇਜਮੀਨੇ, ਸਾਧਨਹੀਣ ਪੇਂਡੂ ਅਤੇ ਸ਼ਹਿਰੀ ਕਿਰਤੀ ਪਰਿਵਾਰਾਂ ਨੂੰ ਬਿਨਾਂ ਵਿਤਕਰੇ ਤੋਂ ਰਾਸ਼ਨ ਮੁਹੱਈਆ ਕਰਵਾਇਆ ਜਾਵੇ ।
ਇਹ ਵੀ ਮੰਗ ਕੀਤੀ ਗਈ ਕਿ ਜੀਵਨ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਹਰ ਕਿਰਤੀ ਪਰਿਵਾਰ ਨੂੰ ਘੱਟੋ ਘੱਟ 10000 ਰੁਪਏ ਪ੍ਰਤੀ ਪਰਿਵਾਰ ਨਗਦ ਮੁਆਵਜ਼ਾ ਰਾਸ਼ੀ ਵੀ ਦਿੱਤੀ ਜਾਵੇ।
ਇਸ ਮੌਕੇ ਹੋਈਆਂ ਇਕੱਤਰਤਾਵਾਂ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਨੇ ਕਿਹਾ ਕਿ ਜੇ ਸੂਬਾ ਸਰਕਾਰ ਨੇ ਉਕਤ ਹੱਕੀ ਮੰਗਾਂ ਪ੍ਰਤੀਕ੍ਰਮ ਹਾਂਪੱਖੀ ਹੁੰਗਾਰਾ ਨਾ ਭਰਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਉਚੇਰੇ ਪੱਧਰ ਦੇ ਤਿੱਖੇ ਅਤੇ ਵਿਸ਼ਾਲ ਐਕਸ਼ਨ ਲਾਮਬੰਦ ਕੀਤੇ ਜਾਣਗੇ।
ਵੱਖੋ-ਵੱਖ ਜਿਲ੍ਹਿਆਂ ਅੰਦਰ ਹੋਈਆਂ ਰੋਸ ਰੈਲੀਆਂ ਨੂੰ ਮਹੀਪਾਲ, ਬਲਵੰਤ ਸਿੰਘ ਮਖੂ, ਜਗਜੀਤ ਜੱਸੇਆਣਾ, ਕੁਲਵੰਤ ਸਿੰਘ ਸੇਲਬਰਾਹ, ਚਮਨ ਲਾਲ ਦਰਾਜ ਕੇ, ਹਰਜੀਤ ਸਿੰਘ ਮਦਰਸਾ, ਪਰਮਜੀਤ ਰੰਧਾਵਾ, ਅਮਰੀਕ ਸਿੰਘ ਦਾਊਦ, ਬਲਦੇਵ ਸਿੰਘ ਭੈਲ, ਗੁਰਨਾਮ ਸਿੰਘ ਭਿੰਡਰ, ਨਿਰਮਲ ਆਧੀ, ਨਿਰਮਲ ਮਲਸੀਆਂ, ਜਰਨੈਲ ਫਿਲੌਰ, ਨਿਰਮਲ ਮਲਸੀਆਂ, ਮਿੱਠੂ ਸਿੰਘ ਘੁੱਦਾ, ਪਰਕਾਸ਼ ਸਿੰਘ ਨੰਦਗੜ੍ਹ, ਆਤਮਾ ਰਾਮ ਸਰਦੂਲਗੜ੍ਹ, ਗੁਰਤੇਜ ਸਿੰਘ ਹਰੀ ਨੌਂ, ਬਲਕਾਰ ਸਿੰਘ ਔਲਖ , ਜੱਗਾ ਸਿੰਘ ਖੂਹੀਆਂ ਸਰਵਰ, ਗੁਰਮੇਜ ਲਾਲ ਗੇਜੀ, ਭੋਲਾ ਸਿੰਘ ਕਲਾਲ ਮਾਜਰਾ, ਬਲਵਿੰਦਰ ਸਿੰਘ ਸਮਾਣਾ, ਗੁਰਮੇਸ਼ ਸਿੰਘ ਕਪੂਰਥਲਾ, ਪਲਵਿੰਦਰ ਸਿੰਘ ਮਹਿਸਮਪੁਰ, ਸੁਰਜੀਤ ਸਿਘ ਦੁਧਰਾਇ ਗੁਰਦਿਆਲ ਘੁਮਾਣ ਨੇ ਸੰਬੋਧਨ ਕੀਤਾ ।
ਕਿਸਾਨਾਂ ਦੇ ਦੇਸ਼ ਵਿਆਪੀ ਰੋਸ ਪ੍ਰਦਰਸ਼ਨ
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ ਵੱਲੋਂ 27 ਮਈ ਨੂੰ ਥਾਂ-ਥਾਂ ਪ੍ਰਭਾਵਸ਼ਾਲੀ ਰੋਸ ਪ੍ਰਦਰਸ਼ਨ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਾਜ ਦੇ ਮੁਖ ਮੰਤਰੀ ਨੂੰ ਡਿਪਟੀ ਕਮਿਸ਼ਨਰਜ਼ ਅਤੇ ਐਸ.ਡੀ.ਐਮਜ਼ ਰਾਹੀਂ ਮੰਗ ਪੱਤਰ ਭੇਜੇ ਗਏ।
250 ਕਿਸਾਨ ਜਥੇਬੰਦੀਆਂ ਅਧਾਰਿਤ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਸਾਰੇ ਭਾਰਤ ’ਚ ‘ਕਿਸਾਨ ਬਚਾਓ-ਦੇਸ਼ ਬਚਾਓ ਦਿਵਸ’ ਮਨਾਇਆ ਗਿਆ, ਜਿਸ ਵਿਚ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਵੱਧ ਚੜ੍ਹ ਕੇ ਸ਼ਾਮਲ ਹੋਈਆਂ ਰਾਜ ਅੰਦਰ ਵੱਖ-ਵੱਖ ਥਾਵਾਂ ’ਤੇ ਕਿਸਾਨਾਂ ਦੀਆਂ ਖੇਤੀ ਨਾਲ ਜੁੜੀਆਂ ਮੰਗਾਂ, ਕਰੋਨਾਂ ਮਹਾਂਮਾਰੀ ਅਤੇ ਬਿਨ੍ਹਾਂ ਤਿਆਰੀ ਤੋਂ ਲਾਗੂ ਕੀਤੇ ਲੌਕ ਡਾਊਨ ਕਰਕੇ ਉਪਜੀਆਂ ਮੰਗਾਂ, ਅਤੇ 20 ਲੱਖ ਕਰੋੜ ਦੇ ਕਿਸਾਨ ਪੈਕੇਜ ਦੇ ਪਰਦੇ ਥੱਲੇ ਖੇਤੀ ਦੇ ਨਿਗ਼ਮੀਕਰਣ ਅਤੇ ਨਿਜੀਕਰਣ ਦੇ ਲਏ ਗਏ ਫੈਸਲਿਆਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾ ਕੇ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ।
25 ਨੁਕਾਤੀ ਮੰਗ ਪੱਤਰ ’ਚ ਜਿਣਸਾਂ ਦੇ ਮੰਡੀਕਰਨ, ਕਰਜ਼ਾ ਮੁਆਫ਼ੀ, ਫ਼ਸਲਾਂ ਦੇ ਭਾਅ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੁਤਾਬਿਕ ਦੇਣ, ਫਲ, ਸਬਜ਼ੀਆਂ, ਦੁੱਧ, ਲੱਕੜ, ਮੀਟ ਦੇ ਭਾਅ ਸੀ ਟੂ ਫਾਰਮੂਲਾ (ਲਾਗਤ ਖਰਚੇ ਜਮ੍ਹਾਂ 50 ਪ੍ਰਤੀਸ਼ਤ) ਮੁਤਾਬਿਕ ਤਹਿ ਕੀਤੇ ਜਾਣ, ਕਿਸਾਨਾਂ ਦੇ ਖਾਤਿਆਂ ‘ਚ ਛੇ ਮਹੀਨੇ ਲਈ 10-10 ਹਜ਼ਾਰ ਰੁਪਏ ਪਾਉਣ, ਸਿੱਧੀ ਬਿਜਾਈ ਅਤੇ ਝੋਨੇ ਦੀ ਲਵਾਈ ਲਈ 16 ਘੰਟੇ ਬਿਜਲੀ ਦੇਣ, ਦੂਜੇ ਸੂਬਿਆਂ ਤੋਂ ਮਜ਼ਦੂਰਾਂ ਨੂੰ ਮੰਗਵਾਉਣ ਲਈ ਪੁਖਤਾ ਪ੍ਰਬੰਧ ਕਰਨ, ਪੰਜਾਬ ’ਚ ਗੰਨੇ ਦੇ 400 ਕਰੋੜ ਰੁਪਏ ਦੇ ਅਤੇ ਦੇਸ਼ ਭਰ ਦੇ 1300 ਕਰੋੜ ਰੁਪਏ ਦੇ ਬਕਾਏ 15 ਪ੍ਰਤੀਸ਼ਤ ਵਿਆਜ਼ ਸਮੇਤ ਦਿੱਤੇ ਜਾਣ ਤੋਂ ਇਲਾਵਾ ਯੂਨੀਵਰਸਿਟੀ ਤੇ ਖੇਤੀਬਾੜੀ ਵਿਭਾਗ ਦੇ ਨੱਕ ਹੇਠ ਨਕਲੀ ਬੀਜਾਂ ਸਬੰਧੀ ਹੋਏ ਘਪਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਗਈ।
ਰਾਜ ਦੇ ਵੱਖ-ਵੱਖ ਕੋਨਿਆਂ ’ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਡਾ. ਦਰਸ਼ਨ ਪਾਲ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਜਨਰਲ ਸਕੱਤਰ ਜਗਮੋਹਣ ਸਿੰਘ, ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਪ੍ਰਧਾਨ ਭੁਪਿੰਦਰ ਸਿੰਘ ਸਾਂਭਰ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ, ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਗੁਰਚੇਤਨ ਸਿੰਘ ਅਤੇ ਜਨਰਲ ਸਕੱਤਰ ਮੇਜਰ ਸਿੰਘ ਪੁੰਨ੍ਹਾਂਵਾਲ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਜਨਰਲ ਸਕੱਤਰ ਜਤਿੰਦਰ ਸਿੰਘ ਛੀਨਾ, ਕਿਸਾਨ ਸੰਘਰਸ਼ ਕਮੇਟੀ (ਕੋਟ ਬੱਢਾ) ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਤੇ ਜਨਰਲ ਸਕੱਤਰ ਹਰਜੀਤ ਸਿੰਘ, ਆਜਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਅਤੇ ਜਨਰਲ ਸਕੱਤਰ ਨਿਰਵੈਲ ਸਿੰਘ ਦਾਲੇਕੇ, ਜੈ ਕਿਸਾਨ ਅੰਦੋਲਨ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਬਰਨਾਲਾ, ਭੀਮ ਸਿੰਘ ਆਲਮਪੁਰ, ਰਤਨ ਸਿੰਘ ਰੰਧਾਵਾ, ਰਘਬੀਰ ਸਿੰਘ ਪਕੀਵਾਂ, ਪਰਗਟ ਸਿੰਘ ਜਾਮਾਰਾਏ, ਯਸ਼ਪਾਲ ਮਹਿਲ ਕਲਾਂ, ਜਸਵਿੰਦਰ ਢੇਸੀ, ਮਨੋਹਰ ਗਿੱਲ ਤੇ ਹੋਰਨਾਂ ਨੇ ਕਿਸਾਨਾਂ ਦੇ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰੋਨਾਂ ਮਹਾਂਮਾਰੀ ਦੇ ਦੌਰ ਵਿੱਚ ਕਿਸਾਨਾਂ ਵਾਸਤੇ 20 ਲੱਖ ਕਰੋੜ ਦੇ ਪੈਕੇਜ ’ਚੋਂ ਕਿਸਾਨਾਂ ਪੱਲੇ ਕਾਣੀ ਕੌਡੀ ਵੀ ਨਹੀਂ ਪਈ ਅਤੇ ਇਸ ਦੇ ਪਰਦੇ ਪਿਛੇ ਸੰਸਾਰ ਵਪਾਰ ਸੰਸਥਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀ ਪੈਦਾਵਾਰ, ਮਾਰਕੀਟ ਕਮੇਟੀ ਕਾਨੂੰਨ ਅਤੇ ਜਰੂਰੀ ਵਸਤਾਂ ਕਾਨੂੰਨ ਦਾ ਭੋਗ ਪਾਕੇ ਠੇਕਾ ਖੇਤੀ ਕਾਨੂੰਨ, ਕੇਂਦਰੀਕਿ੍ਰਤ ਇਲੈਕਟਰਾਨਿਕ ਦੇਸ਼ ਵਿਆਪੀ ਖੇਤੀ ਮੰਡੀ, ਸਬਸਿਡੀਆਂ ਬੰਦ ਕਰਨ ਅਤੇ ਖੇਤੀ ਸੈਕਟਰ ਵਿੱਚ ਸੱਟਾ ਬਾਜ਼ਾਰੀ ਨੂੰ ਲਾਗੂ ਕਰਨ ਵੱਲ ਇੱਕ ਵੱਡਾ ਕਦਮ ਪੁੱਟਕੇ, ਸਮਰੱਥਨ ਮੁੱਲ ਖਤਮ ਕਰਕੇ ਅਤੇ ਮੰਡੀਆਂ ਅਤੇ ਜਮੀਨ ਦੇ ਅਧਿਗ੍ਰਹਿਣ ਲਈ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆ ਦੇ ਖੂੰਨੀ ਜਬਾੜਿਆਂ ਵਿੱਚ ਸੁੱਟਣ ਲਈ ਰਾਹ ਪੱਧਰਾ ਕਰ ਲਿਆ ਹੈ।
ਆਗੂਆਂ ਨੇ ਕਾਰਪੋਰੇਟ ਪੱਖੀ, ਕਿਸਾਨ ਤੇ ਦੇਸ਼ ਵਿਰੋਧੀ ਨਿੱਜੀਕਰਣ ਅਤੇ ਨਿਗਮੀਕਰਣ ਦੀਆਂ ਨੀਤੀਆਂ ਤਹਿਤ ਕੀਤੇ ਉਪਰੋਕਤ ਫੈਸਲਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ। ਬਿਜਲੀ ਸੋਧ ਬਿਲ-2020 ਰੱਦ ਕਰਨ ਦੀ ਮੰਗ ਕਰਦਿਆਂ ਆਗੂਆਂ ਨੇ ਕਿਹਾ ਕਿ ਇਸ ਨਾਲ ਲੋਕਾਂ ’ਤੇ ਹੋਰ ਭਾਰ ਵਧੇਗਾ। ਇਸ ਮੌਕੇ ਸਾਰੇ ਕਿਸਾਨ ਪਰਿਵਾਰਾਂ ਖਾਸ ਕਰੇ 10 ਏਕੜ ਤੱਕ ਦੇ ਕਿਸਾਨਾਂ, ਬੇਜ਼ਮੀਨੇ ਕਾਸ਼ਤਕਾਰਾਂ, ਪੇਂਡੂ ਮਜ਼ਦੂਰਾਂ ਅਤੇ ਸਾਰੇ ਸੀਮਾਂਤ, ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਬੈਂਕ ਖਾਤਿਆਂ ਵਿੱਚ ਛੇ ਮਹੀਨਿਆਂ ਲਈ 10,000 ਰੁਪਏ ਪ੍ਰਤੀ ਮਹੀਨਾਂ ਜਮ੍ਹਾਂ ਕਰਵਾਉਣ ਦੀ ਮੰਗ ਵੀ ਜ਼ੋਰਦਾਰ ਤਰੀਕੇ ਨਾਲ ਉਠਾਈ ਗਈ।
ਦੇਸ਼ ਦੇ ਸਾਰੇ ਸੀਮਾਂਤ, ਛੋਟੇ ਅਤੇ ਦਰਮਿਆਨੇ ਕਿਸਾਨਾਂ ਅਤੇ ਮਜ਼ਦੂਰਾਂ, ਜੋ ਅੰਤਰਰਾਜੀ ਮਜ਼ਦੂਰ ਹੁਣ ਘਰਾਂ ਨੂੰ ਵਾਪਸ ਜਾ ਰਹੇ ਅਤੇ ਆ ਰਹੇ ਹਨ ਲਈ ਮੁਫ਼ਤ ਗੱਡੀਆਂ ਅਤੇ ਬੱਸਾਂ, ਭੋਜਨ, ਸਿਹਤ ਸੇਵਾਵਾਂ ਅਤੇ ਉਹਨਾਂ ਦੀਆਂ ਤਨਖਾਹਾਂ ਦਾ ਪ੍ਰਬੰਧ ਕਰਨ ਅਤੇ ਜ਼ਰੂਰਤਮੰਦਾਂ ਲਈ ਖਾਣ-ਪੀਣ ਦਾ ਜ਼ਰੂਰੀ ਸਮਾਨ ਦੇਣ ਦੀ ਮੰਗ ਕੀਤੀ ਗਈ। ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਹਰ ਉਸ ਕਿਸਾਨ, ਜਿਸਦੀ ਕਰੋਨਾਂ ਕਰਕੇ, ਜਾਂ ਕੰਮ ਕਰਦਿਆਂ ਐਕਸੀਡੈਂਟ ਕਰਕੇ ਜਾਂ ਘਰਾਂ ਨੂੰ ਵਾਪਿਸ ਜਾਂਦਿਆਂ ਐਕਸੀਡੈਂਟ ਕਰਕੇ ਜਾਂ ਭੁੱਖ ਕਰਕੇ ਮੌਤ ਹੋਈ ਹੈ, ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਗਈ। ਸਾਉਣੀ ਦੀ ਫ਼ਸਲ ਲਈ ਕਿਸਾਨਾਂ ਨੂੰ ਬੀਜ, ਖਾਦਾਂ, ਨਦੀਨਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ, ਖੇਤੀ ਮਸ਼ੀਨਰੀ ਅਤੇ ਕਲਪੁਰਜੇ 50% ਸਬਸਿਡੀ ‘ਤੇ ਦੇਣ ਅਤੇ ਡੀਜ਼ਲ ਦਾ ਰੇਟ 22.00 ਰੁਪਏ ਪ੍ਰਤੀ ਲਿਟਰ ਦੀ ਮੰਗ ਕਰਦਿਆਂ ਹਾੜ੍ਹੀ ਦੀ ਕਰਜੇ ਦੀ ਕਿਸ਼ਤ ਸਮੇਤ ਵਿਆਜ ਰੱਦ ਕਰਨ ਦੀ ਮੰਗ ਵੀ ਕੀਤੀ ਗਈ।
ਰਿਪੋਰਟ : ਪਰਗਟ ਸਿੰਘ ਜਾਮਾਰਾਏ
ਮੈਡੀਕਲ ਫੀਸਾਂ ਦੇ ਲੱਕਤੋੜਵੇਂ ਵਾਧੇ ਵਿਰੁੱਧ ਪੀ.ਐਸ.ਐਫ. ਦਾ ਸੰਘਰਸ਼
ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਮੈਡੀਕਲ ਕਾਲਜਾਂ ਦੀਆਂ ਫੀਸਾਂ ਵਿੱਚ ਸੂਬਾ ਸਰਕਾਰ ਵੱਲੋਂ ਕੀਤੇ ਗਏ ਲੱਕ ਤੋੜ ਵਾਧੇ ਖਿਲਾਫ਼ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕਰਕੇ ਡਿਪਟੀ ਕਮਿਸਨਰਾਂ/ਐਸ ਡੀ ਐਮਜ਼ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਅਤੇ ਫੀਸਾਂ ’ਚ ਕੀਤਾ ਵਾਧਾ ਵਾਪਸ ਲੈਣ ਦੀ ਪੁਰਜ਼ੋਰ ਮੰਗ ਕੀਤੀ ਗਈ। ਸੰਖੇਪ ਰਿਪੋਰਟਾਂ :-
ਫਿਲੋਰ- ਪੰਜਾਬ ਸਟੂਡੈਂਟਸ ਫੈਡਰੇਸ਼ਨ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪੀ ਐਸ ਐਫ ਦੇ ਸੂਬਾਈ ਕਨਵੀਨਰ ਮਨਜਿੰਦਰ ਢੇਸੀ ਤੇ ਅਜੈ ਫਿਲੋਰ ਦੀ ਅਗਵਾਈ ਹੇਠ ਐਸ ਡੀ ਐਮ ਫਿਲੋਰ ਨੂੰ ਮੰਗ ਪੱਤਰ ਦਿੱਤਾ ਗਿਆ । ਇਸ ਮੋਕੇ ਮੱਖਣ ਸੰਗਰਾਮੀ, ਗੁਰਦੀਪ ਬੇਗਮਪੁਰ, ਪ੍ਰਭਾਤ ਕਵੀ, ਸੱਨੀ ਜੱਸਲ, ਬਲਦੇਵ, ਸੰਦੀਪ, ਆਸ਼ੂ, ਲਵ ਅਤੇ ਹੋਰ ਆਗੂ ਵੀ ਹਾਜਰ ਸਨ।
ਬਟਾਲਾ- ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ ਐਸ ਐਫ ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਦੀ ਅਗਵਾਈ ਹੇਠ ਐਸ ਡੀ ਐਮ ਬਟਾਲਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੋਕੇ ਵਿਰਗਟ ਖਾਨਫੱਤਾ, ਪੇ੍ਰਮ ਸਿੰਘ ਘਸੀਟਪੁਰ, ਰੋਸ਼ਨ ਸਿੰਘ ਸ਼ਕਰੀ, ਵਿੱਕੀ ਬਟਾਲਾ, ਸੈਲੀ, ਅਜਮੇਰ ਸਿੰਘ ਨਵਾਂ ਪਿੰਡ, ਰਾਹੁਲ ਸਾਹਬਪੁਰ ਆਦਿ ਹਾਜ਼ਰ ਸਨ।
ਤਰਨ ਤਾਰਨ- ਵਿਦਿਆਰਥੀ ਆਗੂ ਗੁਰਸੇਵਕ ਸਿੰਘ ਜੋਣੇਕੇ ਦੀ ਅਗਵਾਈ ਹੇਠ ਡੀ ਸੀ ਤਰਨ ਤਾਰਨ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੋਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਦੇ ਜਿਲ੍ਹਾ ਪ੍ਰਧਾਨ ਸੁੱਲਖਣ ਸਿੰਘ ਤੁੜ, ਸਕੱਤਰ ਸੁਖਦੇਵ ਸਿੰਘ ਜਵੰਦਾ, ਸਨੇਹਦੀਪ ਸਿੰਘ, ਮਹਿਕਦੀਪ ਸਿੰਘ, ਸਾਬਤ ਸਿੰਘ, ਅਵਤਾਰ ਸਿੰਘ , ਗੁਰਸੇਵਕ ਸਿੰਘ ਆਦਿ ਹਾਜਰ ਸਨ।
ਬਾਬਾ ਬਕਾਲਾ- ਪੀ ਐਸ ਐਫ ਅਤੇ ਐਸ ਬੀ ਵਾਈ ਐਫ ਵਲੋਂ ਸਭਾ ਦੇ ਤਹਿਸੀਲ ਪ?ਧਾਨ ਗੁਰਜੰਟ ਸਿੰਘ ਮੁੱਛਲ ਦੀ ਅਗਵਾਈ ਹੇਠ ਐਸ ਡੀ ਐਮ ਬਾਬਾ ਬਕਾਲਾ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਮੋਕੇ ਸਭਾ ਦੇ ਸੂਬਾਈ ਆਗੂ ਤਸਵੀਰ ਸਿੰਘ ਖਿਲਚੀਆ,ਹਰਮੀਤ ਦਾ?ੂਦ ਹਾਜ਼ਰ ਸਨ। ਫਰੀਦਕੋਟ- ਪੀ ਐਸ ਐਫ ਅਤੇ ਐਸ ਬੀ ਵਾਈ ਐਫ ਵਲੋਂ ਜਤਿੰਦਰ ਕੁਮਾਰ ਦੀ ਅਗਵਾਈ ਹੇਠ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ਗਿਆ।ਇਸ ਮੋਕੇ ਸਭਾ ਦੇ ਜਿਲ੍ਹਾ ਪ੍ਰਧਾਨ ਸਿਮਰਜੀਤ ਸਿੰਘ ਬਰਾੜ, ਹਰਪ੍ਰੀਤ ਸਿੰਘ, ਬਲਜੀਤ ਸਿੰਘ, ਮਨਜੀਤ ਸਿੰਘ, ਹੈਪੀ ਸਿੰਘ ਆਦਿ ਹਾਜ਼ਰ ਸਨ।
ਸਰਦੂਲਗੜ- ਪੀ ਐਸ ਐਫ ਅਤੇ ਐਸ ਬੀ ਵਾਈ ਐਫ ਵਲੋਂ ਗਗਨਦੀਪ ਦੀ ਅਗਵਾਈ ਹੇਠ ਐਸ ਡੀ ਐਮ ਸਰਦੂਲਗੜ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੋਕੇ ਰਵਿੰਦਰ ਸਿੰਘ ਲੋਹਗੜ, ਮਨਪ੍ਰੀਤ ਸਿੰਘ, ਰਾਮ ਕਿਸ਼ਨ, ਸਾਗਰ, ਸੋਨੀ, ਹਰਮਨਜੋਤ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਲੁਧਿਆਣਾ- ਪੰਜਾਬ ਸਟੂਡੈਂਟਸ ਫੈਡਰੇਸ਼ਨ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਡਾ. ਜਸਵਿੰਦਰ ਸਿੰਘ ਕਾਲਖ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ
ਪਾਣੀ ਨੂੰ ਤਰਸਦੇ ਲੋਕਾਂ ਦਾ ਜਲ ਸਪਲਾਈ ਮਹਿਕਮੇ ਖ਼ਿਲਾਫ ਧਰਨਾ
ਅਬੋਹਰ ਨੇੜਲੇ ਪਿੰਡ ਖੂਈਆਂ ਸਰਵਰ ਆਸੇ-ਪਾਸੇ ਦੇ ਪਿੰਡਾਂ ’ਚ ਪਿਛਲੇ ਸੱਤ ਦਿਨ ਤੋਂ ਪਾਣੀ ਦੀ ਸਪਲਾਈ ਨਾ ਆਉਣ ਤੋਂ ਪ੍ਰੇਸ਼ਾਨ ਲੋਕਾਂ ਨੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਧਰਨਾ ਦਿੱਤਾ। ਸਭਾ ਦੇ ਆਗੂ ਜੱਗਾ ਸਿੰਘ, ਗੁਰਮੇਜ ਲਾਲ ਗੇਜੀ ਨੇ ਇਸ ਮੌਕੇ ਕਿਹਾ ਕਿ ਜੇ ਪਾਣੀ ਦੀ ਸਪਲਾਈ ਨਾ ਦਿੱਤੀ ਤਾਂ ਅਗਲਾ ਤਿੱਖਾ ਐਕਸ਼ਨ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਮਹਿਕਮੇ ਦੀ ਹੋਵਗੀ। ਇਸ ਮੌਕੇ ਤਹਿਸੀਲ ਪ੍ਰਧਾਨ ਤੇ ਸਕੱਤਰ ਦਰਸ਼ਨ ਸਿੰਘ, ਦਲਮੀਰ ਖੇੜਾ, ਸ਼੍ਰੀਰਾਮ ਤੇਲੂਪੁਰਾ, ਜਮਹੂਰੀ ਕਿਸਾਨ ਸਭਾ ਦੇ ਆਗੂ ਜੈਮਲ ਰਾਮ ਨੇ ਵੀ ਵਿਚਾਰ ਪੇਸ਼ ਕੀਤੇ। ਧਰਨੇ ‘ਚ ਜੀਤ ਸਿੰਘ, ਜਗਤਾਰ ਸਿੰਘ, ਲਾਲ ਚੰਦ, ਗੇਲਾ ਰਾਮ, ਰਜਿੰਦਰ ਕੁਮਾਰ ਮਿਸਤਰੀ, ਦੇਸ ਰਾਜ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ। ਅਧਿਕਾਰੀਆਂ ਨੇ ਇਕੱਠ ’ਚ ਆ ਕੇ ਭਰੋਸਾ ਦਿੱਤਾ ਕਿ ਅੱਜ ਸ਼ਾਮ ਤੋਂ ਹੀ ਪਾਣੀ ਦੀ ਸੁਚਾਰੂ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਪੁਲੀਸ ਨੇ ਰਾਸ਼ਨ ਮੰਗ ਰਹੇ ਮਜ਼ਦੂਰਾਂ ਨੂੰ ਥਾਣੇ ਡੱਕਿਆ
ਬਰਨਾਲਾ, ਨਿਰਮਾਣ ਮਜ਼ਦੂਰਾਂ ਨੂੰ ਬਰਨਾਲਾ ਪੁਲੀਸ ਨੇ ਥਾਣੇ ਵਿੱਚ ਡੱਕ ਦਿੱਤਾ ਕਿਉਂਕਿ ਉਨ੍ਹਾਂ ਦੇ ਘਰਾਂ ’ਚ ਖਾਣ ਲਈ ਰਾਸ਼ਨ ਨਹੀਂ ਸੀ। ਕੰਮ ਨਾ ਮਿਲਣ ਕਾਰਨ ਭੁੱਖੇ ਮਰਦੇ ਨਿਰਮਾਣ ਮਜ਼ਦੂਰਾਂ ਨੇ ਮਲਕੀਤ ਸਿੰਘ ਬਰਨਾਲਾ ਅਤੇ ਗੁਰਮੇਲ ਸਿੰਘ ਧਨੇਰ ਦੀ ਅਗਵੀ ’ਚ ਧਰਨਾ ਲਾਉਣ ਦਾ ਫੈਸਲਾ ਕੀਤਾ। ਜਦ ਸਥਾਨਕ ਬਾਲਮੀਕ ਚੌਂਕ ’ਚ ਧਰਨਾ ਸ਼ੁਰੂ ਕੀਤਾ ਤਾਂ ਪੁਲੀਸ ਲਾਮ ਲਸ਼ਕਰ ਨਾਲ ਧਰਨੇ ਵਾਲੇ ਥਾਂ ’ਤੇ ਪੁੱਜ ਗਈ। ਜਦ ਮਜ਼ਦੂਰਾਂ ਨੇ ਧਰਨਾ ਚੁੱਕਣ ਤੋਂ ਨਾਂਹ ਕਰ ਦਿੱਤੀ ਤਾਂ ਤੈਸ਼ ’ਚ ਆ ਕੇ ਪਲੀਸ ਨੇ ਮਜ਼ਦੂਰਾਂ ਦਾ ਪੱਖ ਸੁਣਨ ਤੋਂ ਵੀ ਇਨਕਾਰ ਕਰ ਦਿੱਤਾ। ਪੁਲੀਸ ਨੇ ਮਲਕੀਤ ਸਿੰਘ, ਗੁਰਮੇਲ ਸਿੰਘ ਅਤੇ ਕੁੱਝ ਹੋਰ ਸਾਥੀਆਂ ਨੂੰ ਥਾਣੇ ਅੰਦਰ ਡੱਕ ਦਿੱਤਾ। ਇਸ ’ਤੇ ਮਜ਼ਦੂਰਾਂ ’ਚ ਰੋਹ ਵੱਧ ਗਿਆ ਅਤੇ ਉਨ੍ਹਾਂ ਥਾਣੇ ਮੂਹਰੇ ਜਬਰਦਸਤ ਪ੍ਰਦਰਸ਼ਨ ਕੀਤਾ। ਜਿਸ ’ਤੇ ਪੁਲੀਸ ਨੇ ਇੱਕ ਘੰਟੇ ਬਾਅਦ ਇਨ੍ਹਾਂ ਨੂੰ ਛੱਡ ਦਿੱਤਾ। ਇਸ ਦੌਰਾਨ ਪੁਲੀਸ ਨੇ ਰਾਸ਼ਨ ਦੇਣ ਲਈ ਮਜ਼ਦੂਰਾਂ ਤੋਂ ਲਿਸਟਾਂ ਲੈ ਲਈਆ ਅਤੇ ਸ਼ਾਮ ਤੱਕ ਰਾਸ਼ਨ ਘਰਾਂ ਤੱਕ ਪੁੱਜਦਾ ਕਰਨ ਦਾ ਵਾਅਦਾ ਕੀਤਾ।
ਜਨਤਕ ਲਾਮਬੰਦੀ (ਸੰਗਰਾਮੀ ਲਹਿਰ- ਅਪ੍ਰੈਲ ਜੂਨ 2020)
