Now Reading
ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਦਸੰਬਰ 2019)

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਦਸੰਬਰ 2019)

‘ਕਸ਼ਮੀਰੀ ਲੋਕਾਂ ‘ਤੇ ਫਾਸ਼ੀਵਾਦੀ ਹਮਲੇ ਵਿਰੁੱਧ ਜਮਹੂਰੀ ਫਰੰਟ ਪੰਜਾਬ’ ਵਲੋਂ ਵਿਸ਼ਾਲ ਕਨਵੈਨਸ਼ਨ
‘ਕਸ਼ਮੀਰੀ ਲੋਕਾਂ ‘ਤੇ ਫਾਸ਼ੀਵਾਦੀ ਹਮਲਿਆਂ ਖਿਲਾਫ਼ ਜਮਹੂਰੀ ਫਰੰਟ ਪੰਜਾਬ’ ਵਲੋਂ ਦੇਸ਼ ਭਗਤ ਯਾਦਗਾਰ ਜਲੰਧਰ ਦੇ ਬਾਬਾ ਜਵਾਲਾ ਸਿੰਘ ਠੱਠੀਆਂ ਆਡੀਟੋਰੀਅਮ ਵਿਖੇ 22 ਨਵੰਬਰ ਨੂੰ ਇੱਕ ਸੂਬਾ ਪੱਧਰੀ ਵਿਸ਼ਾਲ ਕਨਵੈਨਸ਼ਨ ਕੀਤੀ ਗਈ । ਕਨਵੈਨਸ਼ਨ ਵਲੋਂ ਸਰਵਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਰਾਹੀਂ ਇਹ ਗੱਲ ਬੜੀ ਗੰਭੀਰਤਾ ਨਾਲ ਨੋਟ ਕੀਤੀ ਗਈ ਕਿ ਕੇਂਦਰੀ ਸਰਕਾਰ ਵਲੋਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਅਤੇ 35-ਏ ਨੂੰ ਖਤਮ ਕਰਨ ਅਤੇ ਸੂਬੇ ਦੀ ਵਿਧਾਨ ਸਭਾ ਦਾ ਦਰਜਾ ਘਟਾ ਕੇ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦੇਣ ਦਾ ਫੈਸਲਾ ਫਿਰਕੂ ਧਰੁਵੀਕਰਨ ਦੇ ਕੋਝੇ ਉਦੇਸ਼ ਅਧੀਨ ਲਿਆ ਗਿਆ ਅਤੇ ਗੈਰ ਸੰਵਿਧਾਨਕ ਹੈ । ਮਤੇ ਵਿੱਚ ਮੋਦੀ ਸਰਕਾਰ ਦੇ ਇਸ ਕਦਮ ਨੂੰ ਆਰ ਐਸ ਐਸ ਦੇ ਫਿਰਕੂ-ਫਾਸ਼ੀ ਹੱਲਿਆਂ ਦੀ  ਇੱਕ ਵੰਨਗੀ ਕਿਹਾ ਗਿਆ ।  ਮਤੇ ਰਾਹੀਂ ਮੰਗ ਕੀਤੀ ਗਈ ਕਿ ਜੰਮੂ ਕਸ਼ਮੀਰ ਵਿੱਚ ਗ੍ਰਿਫਤਾਰ ਅਤੇ ਨਜ਼ਰਬੰਦ ਕੀਤੇ ਗਏ ਰਾਜਸੀ ਆਗੂਆਂ, ਕਾਰਕੁੰਨਾਂ ਅਤੇ ਨਿਰਦੋਸ਼ ਲੋਕਾਂ ਨੂੰ ਰਿਹਾਅ ਕੀਤਾ ਜਾਵੇ, ਸੰਚਾਰ ਸੇਵਾਵਾਂ ਅਤੇ ਜਮਹੂਰੀ/ਸੰਵਿਧਾਨਕ  ਹੱਕ ਬਹਾਲ ਕੀਤੇ ਜਾਣ,  ਹਰ ਕਿਸਮ ਦੀਆਂ ਪਾਬੰਦੀਆਂ ਖਤਮ ਕੀਤੀਆਂ ਜਾਣ, ਫੌਜ ਅਤੇ ਅਰਧ ਸੈਨਿਕ ਬਲਾਂ ਨੂੰ ਵਾਪਸ ਬੁਲਾਇਆ ਜਾਵੇ ਅਤੇ ਸੂਬੇ ਵਿੱਚ 5 ਅਗਸਤ ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕੀਤੀ ਜਾਵੇ।
ਮਤੇ ਰਾਹੀਂ ਇਸ ਗੱਲ ‘ਤੇ ਜੋਰ ਦਿੱਤਾ ਗਿਆ ਕਿ ਕੇਂਦਰੀ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੇ ਚੌਖਟੇ ਵਾਲੀਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਕਰਕੇ ਆਰਥਕ ਮੰਦਵਾੜਾ ਅਤੇ ਇਸ ਦੇ ਸਿੱਟੇ ਵੱਜੋਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਜਿਵੇਂ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭੁੱਖਮਰੀ ਆਦਿ ਰਾਕੇਟ ਦੀ ਤੇਜੀ ਨਾਲ ਵਧਦੀਆਂ ਜਾ ਰਹੀਆਂ ਹਨ, ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ ਅਤੇ ਹੋਰ ਜਨਤਕ ਸੇਵਾਵਾਂ ਤੋਂ ਮਹਿਰੂਮ ਕਰ ਦਿੱਤਾ ਗਿਆ ਹੈ, ਕਾਰਪੋਰੇਟ ਸੈਕਟਰ ਦੇ ਮੁਨਾਫੇ ਵਧਾਉਣ ਦੇ ਹਰ ਹੀਲੇ ਕੀਤੇ ਜਾ ਰਹੇ ਹਨ ਅਤੇ ਅਮੀਰੀ-ਗਰੀਬੀ ਦਾ ਪਾੜਾ ਸਾਰੀਆਂ ਹੱਦਾਂ ਉਲੰਘ ਗਿਆ ਹੈ । ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਕਾਇਮ ਹੋਇਆ ਪਬਲਿਕ ਸੈਕਟਰ ਕੌਡੀਆਂ ਦੇ ਭਾਅ ਦੇਸੀ-ਬਦੇਸ਼ੀ ਕਾਰਪੋਰੇਟ ਦੇ ਹਵਾਲੇ ਕੀਤਾ ਜਾ ਰਿਹਾ ਹੈ। ਇਸ ਨੀਤੀ ਚੌਖਟੇ ਸਦਕਾ ਲੋਕਾਂ ਦੀ ਹੋਈ ਮੰਦੀ ਅਵਸਥਾ ਤੋਂ ਧਿਆਨ ਲਾਂਭੇ ਕਰਨ ਲਈ ਸੰਘ ਭਾਜਪਾ ਅਤੇ ਕੇਂਦਰੀ ਸਰਕਾਰ ਫਿਰਕੂ ਕਤਾਰਬੰਦੀ ਦਾ ਮੁੱਖ ਹਥਿਆਰ,  ਫਿਰਕੂ ਫਾਸ਼ੀ ਅਜੰਡਾ ਅੱਗੇ ਵਧਾ ਰਹੇ ਹਨ ਅਤੇ ਐਨ ਸੀ ਆਰ ਵੀ ਇਸੇ ਨੀਤੀ ਦਾ ਹਿੱਸਾ ਹੈ । ਮਤੇ ਰਾਹੀਂ ਆਵਾਮ ਨੂੰ ਉਕਤ ਲੋਕ ਦੋਖੀ ਨੀਤੀ ਚੌਖਟੇ ਵਿਰੁੱਧ ਸੰਗਰਾਮਾਂ ਦੇ ਪਿੜ ਮੱਲਣ ਦਾ ਸੱਦਾ ਦਿੱਤਾ ਗਿਆ।
ਮਤੇ ਰਾਹੀਂ ਇਹ ਵੀ ਮੰਗ ਕੀਤੀ ਗਈ ਕਿ ਡਿਟੈਂਸ਼ਨ ਕੈਂਪ ਖਤਮ ਕੀਤੇ ਜਾਣ, ਕਾਲੇ ਕਾਨੂੰਨ ਮਨਸੂਖ਼ ਕੀਤੇ ਜਾਣ, ਸਰਕਾਰ ਦੇ ਜਾਬਰ ਹੱਲਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ ਅਤੇ ਕਾਰਕੁੰਨਾਂ ਨੂੰ ਰਿਹਾਅ ਕੀਤਾ ਜਾਵੇ, ਬਾਬਰੀ ਮਸਜਿਦ-ਰਾਮ ਮੰਦਿਰ ਵਿਵਾਦ ਸਬੰਧੀ ਸਰਵ ਉੱਚ ਅਦਾਲਤ ਦੇ ਹਾਲੀਆ ਫੈਸਲੇ ‘ਤੇ ਕਿੰਤੂ ਕਰਨ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਭਾਰਤੀ ਨਾਗਰਿਕਾਂ ਨੂੰ ਧਾਰਮਿਕ ਪਛਾਣ ਦੇ ਆਧਾਰ ‘ਤੇ ਸ਼ੱਕੀ ਅਤੇ ਬਦੇਸ਼ੀ ਕਰਾਰ ਦੇਣਾ ਬੰਦ ਕੀਤਾ ਜਾਵੇ ।
ਇੱਕ ਵੱਖਰੇ ਮਤੇ ਰਾਹੀਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਵਿਦਿਆਰਥੀਆਂ ‘ਤੇ ਕੀਤੇ ਗਏ ਤਸ਼ੱਦਦ ਦੀ ਨਿਖੇਧੀ ਕਰਦਿਆਂ ਉਨ੍ਹਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਮੰਗ ਕੀਤੀ ਗਈ ਅਤੇ ਲੋਕਾਂ ਨੂੰ ਵਿਦਿਆਰਥੀਆਂ ਦੇ ਹੱਕ ਵਿੱਚ ਨਿੱਤਰਨ ਦਾ ਸੱਦਾ ਦਿੱਤਾ ਗਿਆ ।
ਇੱਕ ਹੋਰ ਮਤੇ ਰਾਹੀਂ ਕਿਸੇ ਭਾਸ਼ਾ ਨੂੰ ਧਰਮ ਵਿਸ਼ੇਸ਼ ਨਾਲ ਜੋੜਨ ਦੀ ਫਿਰਕੂ-ਤੰਗ ਨਜ਼ਰੀ ਦਾ ਗੰਭੀਰ ਨੋਟਿਸ ਲੈਂਦਿਆਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਮੁਸਲਮਾਨ ਪ੍ਰੋਫੈਸਰ ਨੂੰ ਸੰਸਕ੍ਰਿਤ ਪੜ੍ਹਾਉਣ ਤੋਂ ਰੋਕਣ ਲਈ ਚਲ ਰਹੀ ਮੁਹਿੰਮ ਦੀ ਨਿਖੇਧੀ ਕੀਤੀ ਗਈ ।
ਹਾਜ਼ਰ ਪ੍ਰਤੀਨਿਧਾਂ ਵਲੋਂ ਦੇਸ਼ ਦੀਆਂ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸਨਾਂ ਦੇ ਸੱਦੇ ‘ਤੇ ਕੀਤੀ ਜਾ ਰਹੀ 8 ਜਨਵਰੀ ਦੀ ਹੜਤਾਲ ਨੂੰ ਭਰਪੂਰ ਸਮਰਥਣ ਦੇਣ ਦਾ ਵੀ ਨਿਰਣਾ ਲਿਆ ਗਿਆ।
ਕਨਵੈਨਸ਼ਨ ਨੂੰ ਸਾਥੀ ਮੰਗਤ ਰਾਮ ਪਾਸਲਾ (ਜਨਰਲ ਸਕੱਤਰ ਆਰ.ਐਮ.ਪੀ.ਆਈ.), ਬੰਤ ਬਰਾੜ (ਸਕੱਤਰ ਪੰਜਾਬ ਸੀ.ਪੀ.ਆਈ.), ਅਜਮੇਰ ਸਿੰਘ (ਸੀਨੀਅਰ ਆਗੂ ਸੀਪੀਆਈ (ਮ..ਲ.) ਨਿਊ ਡੈਮੋਕਰੇਸੀ), ਗੁਰਮੀਤ ਸਿੰਘ ਬਖਤਪੁਰਾ (ਸਕੱਤਰ ਸੀਪੀਆਈ (ਮ.ਲ.) ਲਿਬਰੇਸ਼ਨ ਪੰਜਾਬ), ਕਿਰਨਜੀਤ ਸਿੰਘ ਸੇਖੋਂ (ਮੈਂਬਰ ਪੋਲਿਟ ਬਿਊਰੋ ਐਮਸੀਪੀਆਈ (ਯੂ)), ਕੰਵਲਜੀਤ ਖੰਨਾ (ਪ੍ਰਧਾਨ ਇਨਕਲਾਬੀ ਕੇਂਦਰ ਪੰਜਾਬ),  ਤਾਰਾ ਸਿੰਘ ਮੋਗਾ (ਪ੍ਰਧਾਨ ਲੋਕ ਸੰਗਰਾਮ ਮੰਚ ਪੰਜਾਬ), ਸਵਰਨਜੀਤ (ਇਨਕਲਾਬੀ ਲੋਕ ਮੋਰਚਾ ਪੰਜਾਬ) ਵਲੋਂ ਸੰਬੋਧਨ ਕੀਤਾ ਗਿਆ।
ਪ੍ਰਧਾਨਗੀ  ਕਾਮਰੇਡ ਜਗਰੂਪ, ਹਰਕੰਵਲ ਸਿੰਘ, ਕੁਲਵਿੰਦਰ ਵੜੈਚ, ਰਾਜਵਿੰਦਰ ਰਾਣਾ, ਟਹਿਲ ਸਿੰਘ ਝੰਡੇਆਣਾ, ਮੰਗਤ ਰਾਮ ਲੌਂਗੋਵਾਲ, ਨਰਾਇਣ ਦੱਤ ਅਤੇ ਦਰਸ਼ਨ ਤੂਰ ‘ਤੇ ਆਧਾਰਿਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ।
ਮੰਚ ਸੰਚਾਲਨ ਆਰਐਮਪੀਆਈ ਦੀ ਪੰਜਾਬ ਰਾਜ ਕਮੇਟੀ ਦੇ ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਇ ਵਲੋਂ ਕੀਤਾ ਗਿਆ।

ਪੁਲਿਸ ਜ਼ਿਆਦਤੀਆਂ ਖਿਲਾਫ਼ ਪ੍ਰਭਾਵਸ਼ਾਲੀ ਰੋਸ ਐਕਸ਼ਨ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵਲੋਂ ਪੁਲਿਸ ਵਧੀਕੀਆਂ ਅਤੇ ਪੱਖਪਾਤੀ ਕਾਰਵਾਈਆਂ ਖਿਲਾਫ਼  ਰੁੜਕਾ ਕਲਾਂ ਤੇ ਮਹਿਤਪੁਰ (ਜਲੰਧਰ), ਖਲਚੀਆਂ (ਅਮ੍ਰਿਤਸਰ) ਅਤੇ ਥਾਣਾ ਸਦਰ (ਤਰਨ ਤਾਰਨ) ਥਾਣਿਆਂ/ਚੌਕੀਆਂ ਦੇ ਜਬਰਦਸਤ ਘਿਰਾਓ ਕੀਤੇ ਗਏ । ਸੰਖੇਪ ਰਿਪੋਰਟਾਂ ਹੇਠ ਲਿਖੇ ਅਨੁਸਾਰ ਹਨ:-
ਮਹਿਤਪੁਰ : ਇੱਥੋਂ ਦੀ ਪੁਲਸ ਵਲੋਂ ਇਲਾਕੇ ਦੇ ਗੈਰ ਕਾਨੂੰਨੀ ਖਨਣ ਕਾਰੋਬਾਰੀਆਂ ਨਾਲ ਮਿਲ ਕੇ ਲੋਕਾਂ ਨਾਲ ਵਧੀਕੀਆਂ ਅਤੇ ਥਾਣੇ ਗਏ ਲੋਕਾਂ ਨਾਲ ਬਦਸਲੂਕੀ ਰੋਜਾਨਾ ਦਾ ਵਿਹਾਰ ਬਣ ਚੁੱਕੀਆਂ ਸਨ । ਲੋਕਾਂ ਨੂੰ ਮਾਣ ਸਤਿਕਾਰ ਅਤੇ ਇਨਸਾਫ਼ ਦਿਵਾਉਣ ਲਈ ਪਾਰਟੀ ਆਗੂ ਐਸ ਐਚ ਓ ਨੂੰ ਮਿਲੇ ਅਤੇ ਲਿਖਤੀ ਯਾਦ ਪੱਤਰ ਵੀ ਦਿੱਤਾ । ਅੱਗੋਂ ਐਸ ਐਚ ਓ ਪਾਰਟੀ ਆਗੂਆਂ ਨੂੰ ਹੀ ਥਾਣੇਦਾਰੀ ਦਿਖਾਉਣ ਲੱਗਾ । ਇਸ ਵਿਰੁੱਧ ਪਾਰਟੀ ਵਲੋਂ 18 ਸਤੰਬਰ ਨੂੰ ਮਾਰਚ ਅਤੇ ਥਾਣਾ ਘਿਰਾਓ ਦਾ ਐਲਾਨ ਕੀਤਾ ਗਿਆ । ਮਿਥੇ ਸਮੇਂ ‘ਤੇ ਸੈਂਕੜਿਆਂ ਦੀ ਗਿਣਤੀ ਵਿੱਚ ਪਾਰਟੀ ਸਾਥੀ ਅਤੇ ਪੀੜਤ ਲੋਕ ਸਥਾਨਕ ਬਿਜਲੀ ਦਫਤਰ ਕੋਲ ਇਕੱਠੇ ਹੋਏ ਅਤੇ ਮੁੱਖ ਬਾਜ਼ਾਰਾਂ ਵਿੱਚ ਪੁਲਸ ਵਧੀਕੀਆਂ ਖਿਲਾਫ਼ ਜਬਰਦਸਤ ਰੋਸ ਮੁਜ਼ਾਹਰਾ ਕੀਤਾ । ਇਸ ਉਪਰੰਤ ਥਾਣੇ ਮੂਹਰੇ ਧਰਨਾ ਮਾਰਿਆ ਗਿਆ ਜੋ ਲਗਾਤਾਰ ਚਾਰ ਘੰਟੇ ਜਾਰੀ ਰਿਹਾ । ਡੀ ਐਸ ਪੀ ਹੈੱਡ ਕੁਆਰਟਰ ਅਤੇ ਡੀ ਐਸ ਪੀ ਸ਼ਾਹਕੋਟ ਨੇ ਧਰਨੇ ਵਾਲੀ ਥਾਂ ਪੁੱਜ ਕੇ ਹਾਜਰ ਲੋਕਾਂ ਨੂੰ ਪੜਤਾਲ ਕਰਕੇ ਯੋਗ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਅਫਸਰਾਂ ਵਲੋਂ ਦਿੱਤੇ ਭਰੋਸੇ ਮਗਰੋਂ, ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਇਸ ਤੋਂ ਵੀ ਤਿੱਖੀ ਕਾਰਵਾਈ ਦੀ ਚਿਤਾਵਨੀ ਦਿੰਦੇ ਹੋਏ ਆਗੂਆਂ ਨੇ ਧਰਨਾ ਸਮਾਪਤੀ ਦਾ ਐਲਾਨ ਕਰ ਦਿੱਤਾ । ਲੋਕਾਂ ਵਲੋਂ ਇਸ ਦਿਲੇਰਾਨਾ ਕਾਰਵਾਈ ਦੀ ਡਟਵੀਂ ਸ਼ਲਾਘਾ ਕੀਤੀ ਜਾ ਰਹੀ ਹੈ । ਇਸ ਮੌਕੇ ਸਾਥੀ ਦਰਸ਼ਨ ਨਾਹਰ, ਮਨੋਹਰ ਸਿੰਘ ਗਿੱਲ, ਨਿਰਮਲ ਆਧੀ, ਨਿਰਮਲ ਮਲਸੀਆਂ, ਸੱਤਪਾਲ ਸਹੋਤਾ, ਮੇਜਰ ਸਿੰਘ ਖੁਰਲਾਪੁਰ, ਸਵਰਣ ਰੱਤੂ, ਨੱਥਾ ਸਿੰਘ, ਪੰਜਾਂ ਸਿੰਘ, ਜੋਗਿੰਦਰ ਸੰਘਾ ਵੇਘਰਾਂ, ਮਹਿੰਦਰ ਸਿੰਘ ਸਰਪੰਚ, ਬਖਸ਼ੀ ਪੰਡੋਰੀ, ਸਰਬਜੀਤ ਢੇਰੀਆਂ, ਦਵਿੰਦਰ ਕੁਲਾਰ ਅਤੇ ਬਲਵਿੰਦਰ ਸਿੱਧੂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ ।
ਬਾਬਾ ਬਕਾਲਾ :  ਡੀ ਐਸ ਪੀ ਦਫਤਰ ਬਾਬਾ ਬਕਾਲਾ ਮੂਹਰੇ ਆਰ ਐਮ ਪੀ ਆਈ ਵਰਕਰਾਂ ਵਲੋਂ ਰੋਹ ਭਰਪੂਰ ਧਰਨਾ ਮਾਰਿਆ ਗਿਆ ਅਤੇ ਇਸ ਤੋਂ ਪਹਿਲਾਂ ਕਸਬੇ ਦੇ ਬਾਜ਼ਾਰਾਂ ਅੰਦਰ ਰੋਸ ਮਾਰਚ ਕੀਤਾ ਗਿਆ । ਮਾਰਚ ਕਰ ਰਹੇ ਸਾਥੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਵੀ ਫੂਕੀ । ਇਹ ਸਮੁੱਚਾ ਰੋਸ ਐਕਸ਼ਨ ਡੀ ਐਸ ਪੀ ਬਾਬਾ ਬਕਾਲਾ ਅਧੀਨ ਆਉਂਦੇ ਥਾਣਿਆਂ, ਵਿਸ਼ੇਸ਼ ਕਰਕੇ ਥਾਣਾ ਖਲਚੀਆਂ ਦੀ ਪੁਲਸ ਵਲੋਂ ਰਾਜ ਕਰਦੀ ਪਾਰਟੀ ਕਾਂਗਰਸ ਦੇ ਆਗੂਆਂ ਅਤੇ ਅਪਰਾਧਕ ਗਰੋਹਾਂ ਦੇ ਇਸ਼ਾਰੇ ‘ਤੇ ਆਮ ਲੋਕਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਖਿਲਾਫ਼ ਮਾਰਿਆ ਗਿਆ ਸੀ । ਹਾਲਾਤ ਇਥੋਂ ਤੱਕ ਵਿਗੜ ਚੁੱਕੇ ਹਨ ਕਿ ਖਲਚੀਆਂ ਵਿਖੇ ਕਾਂਗਰਸੀ ਆਗੂਆਂ ਦੀ ਸ਼ਹਿ ਪ੍ਰਾਪਤ ਗੁੰਡਾ ਗਰੋਹ ਵਲੋਂ ਇੱਕ ਸ਼ਰੀਫ ਵਿਅਕਤੀ ਦੀ ਕਾਰੋਬਾਰੀ ਥਾਂ ‘ਤੇ ਨਾਜਾਇਜ਼ ਕਬਜ਼ਾ ਕਰ ਲਿਆ ਅਤੇ ਪੁਲਸ ਉਲਟਾ ਪੀੜਤਾਂ ਨੂੰ ਦਬਾਅ ਰਹੀ ਹੈ। ਧਰਨਾਕਾਰੀਆਂ ਨੂੰ  ਸਰਵ ਸਾਥੀ ਗੁਰਮੇਜ ਸਿੰਘ ਤਿੰਮੋਵਾਲ, ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ, ਪਲਵਿੰਦਰ ਸਿੰਘ ਮਹਿਸਮਪੁਰ, ਨਿਰਮਲ ਸਿੰਘ ਛੱਜਲਵੱਡੀ, ਹਰਮੀਤ ਸਿੰਘ ਰਿੰਕਾ ਨੇ ਸੰਬੋਧਨ ਕੀਤਾ। ਲੋਕਾਂ ਮਨਾਂ ਵਿੱਚ ਪਾਏ ਜਾਂਦੇ ਰੋਸ ਅਤੇ ਪਾਰਟੀ ਦੇ ਜੁਝਾਰੂ ਸੰਘਰਸ਼ ਨੂੰ ਦੇਖਦਿਆਂ ਡੀ ਐਸ ਪੀ ਨੇ ਸਬੰਧਤ ਦੋਸ਼ੀ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਅਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਦਾ ਵਿਸ਼ਵਾਸ ਦਿਵਾਇਆ। ਇਸ ਪਿੱਛੋਂ ਧਰਨਾ ਚੁੱਕ ਲਿਆ ਗਿਆ।
ਕਾਹਨਾਂ ਢੇਸੀਆਂ : ਥਾਣਾ ਗੁਰਾਇਆਂ ਅਧੀਨ ਪੈਂਦੀ ਪੁਲਸ ਚੌਂਕੀ ਰੁੜਕਾ ਕਲਾਂ, ਜਿਸ ਦੀ ਇਮਾਰਤ ਕਾਹਨਾਂ ਢੇਸੀਆਂ ਵਿਖੇ ਹੈ ਦੇ ਇੰਚਾਰਜ ਦੀ ਅਪਰਾਧੀ ਅਨਸਰਾਂ ਨਾਲ ਮਿਲੀਭੁਗਤ ਅਤੇ ਆਮ ਲੋਕਾਂ ਨਾਲ ਅਤਿ ਮਾੜੇ ਵਿਹਾਰ ਵਿਰੁੱਧ ਆਰ ਐਮ ਪੀ ਆਈ ਵਲੋਂ ਚੌਂਕੀ ਮੂਹਰੇ ਰੋਹ ਭਰਪੂਰ ਧਰਨਾ ਮਾਰਿਆ ਗਿਆ। ਇਸ ਮੌਕੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਜਸਵਿੰਦਰ ਸਿੰਘ ਢੇਸੀ, ਸੰਤੋਖ ਸਿੰਘ ਬਿਲਗਾ, ਸ਼ਿਵ ਕੁਮਾਰ ਤਿਵਾੜੀ, ਪਰਮਜੀਤ ਰੰਧਾਵਾ, ਮਨਜਿੰਦਰ ਢੇਸੀ  ਨੇ ਦੋਸ਼ ਲਾਇਆ ਕਿ ਚੌਂਕੀ ਇੰਚਾਰਜ ਅਤੇ ਅਮਲੇ ਫੈਲੇ ਦੀ ਸਰਗਨਿਆਂ ਨਾਲ  ਭਾਈਵਾਲੀ ਸਦਕਾ ਨਸ਼ਾ ਕਾਰੋਬਾਰ ਅਤੇ ਹਰ ਕਿਸਮ ਦੇ ਅਪਰਾਧ ਛਾਲਾਂ ਮਾਰ ਕੇ ਵਧ ਰਹੇ ਹਨ। ਐਸ ਐਚ ਓ ਗੁਰਾਇਆਂ ਨੇ ਮੌਕੇ ‘ਤੇ ਪੁੱਜ ਕੇ ਸਟਾਫ ਨੂੰ ਮੁਅੱਤਲ ਕਰਨ ਅਤੇ ਪੜਤਾਲ ਉਪਰੰਤ ਵਿਭਾਗੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਇਸ ਪਿੱਛੋਂ ਧਰਨਾ ਚੁੱਕ ਲਿਆ ਗਿਆ। ਕੁਲਦੀਪ ਫਿਲੌਰ, ਮਾਸਟਰ ਸ਼ਿੰਗਾਰਾ ਸਿੰਘ ਦੁਸਾਂਝ, ਸਰਪੰਚ ਮਨੋਜ ਕੁਮਾਰ, ਸਰਪੰਚ ਰਜਿੰਦਰ ਕੁਮਾਰ, ਮਨਜੀਤ ਸੂਰਜਾ, ਮੱਖਣ ਸੰਗਰਾਮੀ, ਗੁਰਦੀਪ ਦੋਦੀ,  ਬਲਵੀਰ ਗੋਗੀ, ਸਰਬਜੀਤ ਗੋਰਾ, ਰਾਜਵੀਰ ਸਿੰਘ, ਅਮਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਤਰਨ ਤਾਰਨ : ਥਾਣਾ ਸਦਰ ਅਧੀਨ ਆਉਂਦੇ ਪਿੰਡ ਬਾਕੀ ਪੁਰ ਦੇ ਕਿਸਾਨ ਅਤੇ ਕੰਬਾਈਨ ਮਾਲਕ ਦੀ ਨਾਜਾਇਜ਼ ਗ੍ਰਿਫਤਾਰੀ ਵਿਰੁੱਧ ਆਰ ਐਮ ਪੀ ਆਈ ਦੇ ਸੱਦੇ ‘ਤੇ ਰੋਸ ਧਰਨਾ ਮਾਰਿਆ ਗਿਆ। ਰਾਜ ਕਰਦੀ ਪਾਰਟੀ ਕਾਂਗਰਸ ਦੇ ਆਗੂਆਂ ਦੇ ਇਸ਼ਾਰੇ ‘ਤੇ ਆਪਣੇ ਹੀ ਖੇਤ ਵਿੱਚੋਂ ਝੋਨਾ ਵੱਢਣ ਵਾਲੇ ਕਿਸਾਨ ਸੁਖਦੇਵ ਸਿੰਘ ਅਤੇ ਕਿਰਾਏ ‘ਤੇ ਝੋਨੇ ਦੀ ਵਢਾਈ ਕਰ ਰਹੀ ਕੰਬਾਈਨ ਦੇ ਮਾਲਕ ਵਿਰੁੱਧ ਪਰਚਾ ਦਰਜ ਕਰ ਦਿੱਤਾ ਗਿਆ। ਕਮਾਲ ਦੀ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਮਹਿਕਮਾ ਮਾਲ ਦੀ ਰਾਇ ਲੈਣ ਦੀ ਵੀ ਲੋੜ ਨਹੀਂ ਸਮਝੀ ਗਈ ।ਇਸ ਮੌਕੇ ਉੱਚ ਅਧਿਕਾਰੀਆਂ ਨੇ ਐਸ ਪੀ (ਡੀ) ਰਾਹੀਂ ਪੜਤਾਲ ਕਰਵਾਉਣ ਉਪਰੰਤ  ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਸੀ.ਟੀ.ਯੂ. ਪੰਜਾਬ ਦੀ 5ਵੀਂ ਜਥੇਬੰਦਕ ਕਾਨਫਰੰਸ ਸਫਲਤਾ ਸਹਿਤ ਸੰਪਨ
ਸੀ.ਟੀ.ਯੂ. ਪੰਜਾਬ ਦੀ 5ਵੀਂ ਜਥੇਬੰਦਕ ਕਾਨਫਰੰਸ ਉਸ ਸਮੇਂ ਸੰਪਨ ਹੋਈ ਹੈ ਜਦੋਂ ਦੇਸ਼ ਅੰਦਰ ਮੋਦੀ ਦੀ ਅਗਵਾਈ ‘ਚ ਭਾਰਤੀ ਜਨਤਾ ਪਾਰਟੀ 303 ਸੀਟਾਂ ਜਿੱਤ ਕੇ ਪਹਿਲਾਂ ਨਾਲੋਂ ਵਧੇਰੇ ਬਹੁਮਤ ਨਾਲ ਮੁੜ ਸੱਤਾ ਵਿਚ ਪਰਤ ਆਈ ਹੈ। 2014 ਦੀਆਂ ਚੋਣਾਂ ਵਿਚ ਭਾਰਤ ਦੇ ਇਤਿਹਾਸ ਵਿਚ ਉਸ ਸਮੇਂ ਨਵਾਂ ਮੋੜ ਆਇਆ ਸੀ ਜਦੋਂ ਬੀ.ਜੇ.ਪੀ. ਨੇ ਆਪਣੇ ਬਲਬੂਤੇ ਬਹੁਸੰਮਤੀ ਹਾਸਲ ਕਰ ਲਈ ਸੀ। ਮੋਦੀ ਦੀ ਅਗਵਾਈ ਵਿਚ ਸਰਕਾਰ ਬਣੀ ਸੀ। ਮੋਦੀ ਵਲੋਂ ਮੁੜ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਨਾਲ ਦੇਸ਼ ਅੰਦਰ ਸੱਜੇ ਪਾਸੇ ਵੱਲ ਨੂੰ ਗੁਣਾਤਮਕ ਤਬਦੀਲੀ ਦਾ ਦੌਰ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ। ਗੰਭੀਰ ਆਰਥਕ ਸੰਕਟ ਦਾ ਦੌਰ ਹੈ ਜੋ ਤੇਜ਼ੀ ਨਾਲ ਆਰਥਿਕ ਮੰਦੀ ‘ਚ ਬਦਲ ਰਿਹਾ ਹੈ। ਇਸ ਦੇ ਨਾਲ ਹੀ ਗੰਭੀਰ ਰਾਜਨੀਤਕ ਸੰਕਟ ਵੀ ਪੈਦਾ ਹੋ ਗਿਆ ਹੈ। ਕਾਰਪੋਰੇਟ ਸੈਕਟਰ ਦੇ ਹਿਤਾਂ ਦੀ ਰਾਖੀ ਲਈ ਮੋਦੀ ਅਤੇ ਉਸ ਦੀ ਸਰਕਾਰ ਸਾਰੇ ਵਿਧਾਨਕ ਬੰਧਨਾਂ ਨੂੰ ਤੋੜ ਕੇ ਅੱਗੇ ਵੱਧ ਰਹੀ ਹੈ। ਪਿਛਲੇ 5 ਸਾਲਾਂ ਤੋਂ ਮੋਦੀ ਸਰਕਾਰ ਨੇ ਵਿਧਾਨਕ ਸੰਸਥਾਵਾਂ ਦੀ ਪ੍ਰਤਿਸ਼ਠਾ ਨੂੰ ਨਸ਼ਟ ਕਰ ਦਿੱਤਾ ਹੈ। ਸਰਕਾਰ ਦੇ ਇਨ੍ਹਾਂ ਸਾਰੇ ਗੈਰ ਸੰਵਿਧਾਨਕ ਕਦਮਾਂ ਨੇ ਦੇਸ਼ ਅੰਦਰ ਫਾਸ਼ੀਵਾਦੀ ਮਾਹੌਲ ਪੂਰੀ ਤਰ੍ਹਾਂ ਗਰਮਾ ਦਿੱਤਾ ਹੈ। ਆਪਣੇ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਹਰ ਕੀਮਤ ‘ਤੇ ਅੱਗੇ ਵਧਾਉਣ ਲਈ, ਧਰਮ ਅਧਾਰਿਤ ਧਰੂਵੀਕਰਨ, ਕਾਰਪੋਰੇਟ ਤੋਂ ਪ੍ਰਾਪਤ ਸਰਮਾਏ ਦੇ ਨਾਲ ਚੁਣੇ ਹੋਏ ਪ੍ਰਤੀਨਿਧਾਂ ਦੀ ਖੁੱਲ੍ਹੀ ਖਰੀਦੋ-ਫਰੋਖਤ, ਕਾਨੂੰਨਾਂ ਸੰਸਥਾਵਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਧਰਮ ਨਿਰਪੱਖਤਾ ਨੂੰ ਗੰਭੀਰ ਚੁਨੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਵਿਚਾਰਧਾਰਕ ਸੰਕਟ ‘ਚੋਂ ਲੰਘ ਰਿਹਾ ਹੈ। ਜਮਹੂਰੀ ਅਧਿਕਾਰ ਕਾਲੇ ਕਾਨੂੰਨ ਬਣਾਕੇ ਖਤਮ ਕੀਤੇ ਜਾ ਰਹੇ ਹਨ। ਵਿਰੋਧ ਨੂੰ ਦਬਾਉਣ ਲਈ ਸਰਕਾਰ ਹਰ ਤਰ੍ਹਾਂ ਦੇ ਹਥਕੰਡੇ ਵਰਤ ਰਹੀ ਹੈ। ਪੰਜਾਬ ਸਰਕਾਰ ਵੀ ਨਵਉਦਾਰਵਾਦੀਕਰਨ ਦੀਆਂ ਨੀਤੀਆਂ ‘ਤੇ ਚਲ ਰਹੀ ਹੈ ਅਤੇ ਕਿਰਤੀਆਂ ਦੇ ਹੱਕ ਖੋਹ ਰਹੀ ਹੈ।
ਇਸ ਦੌਰ ਵਿਚ ਟੈਕਨੋਲੋਜੀ ਦਾ ਵਿਕਾਸ ਪਹਿਲਾਂ ਦੇ ਮੁਕਾਬਲੇ ਕਿਤੇ ਵੱਧ ਤੇਜੀ ਨਾਲ ਹੋਇਆ ਹੈ। ਨਵੇਂ ਉਪਕਰਨ ਅਤੇ ਮਸ਼ੀਨਾਂ ਦੀ ਵਰਤੋਂ ਸਮਾਜਕ ਹਿਤਾਂ ਤੇ ਕਿਰਤੀ ਵਰਗ ਨੂੰ ਰਾਹਤ ਦੇਣ ਲਈ ਘੱਟ ਅਤੇ ਸਮਾਜ ਅਤੇ ਕਿਰਤੀ ਵਰਗ ਦੇ ਹਿਤਾਂ ਵਿਰੁੱਧ ਵਧੇਰੇ ਵਰਤੀ ਜਾ ਰਹੀ ਹੈ। ਕਿਰਤੀ ਵਰਗ ਵਲੋਂ ਤਿੱਖੇ ਕੀਤੇ ਜਾ ਰਹੇ ਸੰਘਰਸ਼ਾਂ ਨੂੰ ਕੁਚਲਣ ਲਈ ਟਰੇਡ ਯੂਨੀਅਨ ਅਧਿਕਾਰਾਂ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ। 44 ਕਿਰਤ ਕਾਨੂੰਨਾਂ ਨੂੰ ਖਤਮ ਕਰ ਕੇ 4 ਕੋਡ ਬਣਾ ਰਹੀ ਹੈ ਪਹਿਲਾ ਕੋਡ ਬਣ ਗਿਆ ਹੈ। ਇਨ੍ਹਾਂ ਹਾਲਤਾਂ ‘ਚ ਸੂਬੇ ਅੰਦਰ ਟਰੇਡ ਯੂਨੀਅਨ ਮੋਰਚੇ ‘ਤੇ ਸੀ.ਟੀ.ਯੂ. ਪੰਜਾਬ ਨੇ ਆਪਣੀ ਚੌਥੀ ਕਾਨਫਰੰਸ ਤੋਂ ਬਾਅਦ ਕੀਤੇ ਕੰਮਾਂ ਦਾ 5ਵੀਂ ਕਾਨਫਰੰਸ ਵਿਚ ਲੇਖਾ ਜੋਖਾ ਕੀਤਾ ਅਤੇ ਇਸ ਦੇ ਨਾਲ ਹੀ ਭਵਿੱਖੀ ਕਾਰਜਾਂ ਨੂੰ ਸਫਲਤਾ ਪੂਰਵਕ ਅਮਲ ਵਿਚ ਲਿਆਉਣ ਲਈ ਠੋਸ ਯੋਜਨਾ ਤਿਆਰ ਕਰਨ ਲਈ ਅਗਵਾਈ ਦਿੱਤੀ। ਕਾਨਫਰੰਸ ਨੇ ਆਪਣੀਆਂ ਸੀਮਾਵਾਂ ਅਤੇ ਘਾਟਾਂ ਨੂੰ ਨੋਟ ਕੀਤਾ। ਕਿਰਤੀਆਂ ਦੀ ਅਗਵਾਈ ਅਤੇ ਸਾਂਝੇ ਘੋਲ ਨੂੰ ਅੱਗੇ ਵਧਾਉਣ ਲਈ ਟੀਮ ਦਾ ਗਠਨ ਕੀਤਾ ਜੋ ਜਥੇਬੰਦੀ ਨੂੰ ਮਜ਼ਬੂਤ ਲੀਹਾਂ ਤੇ ਜਥੇਬੰਦ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾ ਸਕੇ।
ਸੀ.ਟੀ.ਯੂ. ਪੰਜਾਬ ਦੀ 5ਵੀਂ ਜਥੇਬੰਦਕ ਕਾਨਫਰੰਸ 16-17 ਨਵੰਬਰ 2019 ਨੂੰ ਪੰਡਿਤ ਕਿਸ਼ੋਰੀ ਲਾਲ ਹਾਲ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਵਿਖੇ ਸਰਵਸਾਥੀ ਇੰਦਰਜੀਤ ਸਿੰਘ ਗਰੇਵਾਲ, ਵਿਜੇ ਮਿਸ਼ਰਾ, ਗੰਗਾ ਪ੍ਰਸ਼ਾਦ, ਆਸ਼ਾ ਰਾਣੀ, ਸੁਖਦੇਵ ਸਿੰਘ ਗੋਹਲਵੜ ‘ਤੇ ਅਧਾਰਤ ਪ੍ਰਧਾਨਗੀ ਮੰਡਲ ਹੇਠ ਸਫਲਤਾਪੂਰਵਕ ਸੰਪੰਨ ਹੋਈ। ਮੁੱਖ ਗੇਟ ਕਾਮਰੇਡ ਭਾਗ ਸਿੰਘ ਸੱਜਣ ਦੇ ਨਾਂਅ ‘ਤੇ ਬਣਾਇਆ ਗਿਆ। ਲੰਗਰ ਹਾਲ ਏਟਕ ਦੇ ਉਘੇ ਆਗੂ ਅਤੇ ਸਾਬਕਾ ਕੁਲ ਹਿੰਦ ਜਨਰਲ ਸਕੱਤਰ ਗੁਰੂਦਾਸ ਦਾਸ ਗੁਪਤ ਦੇ ਨਾਂਅ ‘ਤੇ ਰੱਖਿਆ ਗਿਆ। ਕਾਮਰੇਡ ਮੰਗਤ ਰਾਮ ਪਾਸਲਾ ਸੀਨੀਅਰ ਮੀਤ ਪ੍ਰਧਾਨ ਸੀ.ਟੀ.ਯੂ. ਪੰਜਾਬ ਨੇ ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਪੰਜਾਬ ਦੀ ਰਾਜਨੀਤਕ ਅਵਸਥਾ ‘ਤੇ ਚਰਚਾ ਕਰਦੇ ਹੋਏ, ਕਿਰਤੀ ਵਰਗ ਨੂੰ ਆਉਣ ਵਾਲੇ ਖਤਰਿਆਂ ਪ੍ਰਤੀ ਸੁਚੇਤ ਹੋਣ ਅਤੇ ਉਨ੍ਹਾਂ ਦਾ ਟਾਕਰਾ ਕਰਨ ਲਈ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਲਈ ਜ਼ੋਰ ਦਿੱਤਾ। ਸਾਥੀ ਪਾਸਲਾ ਨੇ ਦੱਸਿਆ ਕਿ ਕਿਰਤੀ ਵਰਗ ਦਾ ਮੁੱਖ ਨਿਸ਼ਾਨਾ ਦੇਸ਼ ਦੀ ਸੱਤਾ ਹਾਸਲ ਕਰਨਾ ਹੈ ਨਾ ਕਿ ਆਪਣੇ ਆਪ ਨੂੰ ਆਰਥਕ ਸੰਘਰਸ਼ਾਂ ਤੱਕ ਸੀਮਤ ਰੱਖਣਾ। ਆਮ ਕਰਕੇ ਦੂਜੀਆਂ ਟਰੇਡ ਯੂਨੀਅਨਾਂ ਆਮ ਜਿੱਤਾਂ ਅਤੇ ਪ੍ਰਾਪਤੀਆਂ ਹੋਣ ‘ਤੇ ਆਪਣੇ ਆਪ ਨੂੰ ਸੰਤੁਸ਼ਟ ਕਰ ਲੈਂਦੀਆਂ ਹਨ। ਉਹ ਪੂੰਜੀਵਾਦੀ ਆਰਥਕ ਪ੍ਰਬੰਧ ਦੀ ਜਿਲ੍ਹਣ ਵਿਚੋਂ ਕਿਰਤੀ ਵਰਗ ਨੂੰ ਬਾਹਰ ਨਿਕਲਣ ਲਈ ਕੋਈ ਸਮਝ ਨਹੀਂ ਦਿੰਦੇ। ਸੀ.ਟੀ.ਯੂ. ਕਿਰਤੀ ਵਰਗ ਨੂੰ ਰਾਜਨੀਤਕ ਵਿਚਾਰਧਾਰਕ ਸਮਝ ਦੇਣ ਲਈ ਪ੍ਰਤੀਬੱਧ ਹੈ। ਮੌਜੂਦਾ ਅਵਸਥਾ ਵਿਚ ਵਿਚਾਰਧਾਰਕ ਅਤੇ ਰਾਜਨੀਤਕ ਪੱਖੋਂ ਯੋਗ ਮਜ਼ਬੂਤ ਇਰਾਦੇ ਵਾਲੀ ਲੀਡਰਸ਼ਿਪ ਹੀ ਕਿਰਤੀ ਵਰਗ ਦੇ ਵਿਸ਼ਾਲ ਜਨ ਸਮੂਹਾਂ ਨੂੰ ਯੋਗ ਅਗਵਾਈ ਦੇ ਸਕਦੀ ਹੈ। ਇਸ ਲਈ ਆਰਥਕ ਸੰਘਰਸ਼ਾਂ ਦੇ ਨਾਲ-ਨਾਲ ਕਿਰਤੀ ਵਰਗ ਨੂੰ ਮਜ਼ਦੂਰ ਜਮਾਤ ਦੀ ਰਾਜਨੀਤੀ ਦੀ ਸਮਝ ਨੂੰ ਪ੍ਰਪੱਕ ਕਰਨਾ ਹੋਵੇਗਾ। ਤਾਂ ਹੀ ਤੁਸੀਂ ਦੱਸੇ ਗਏ ਮੁੱਖ ਨਿਸ਼ਾਨੇ ਨੂੰ ਪ੍ਰਾਪਤ ਕਰ ਸਕੋਗੇ।
ਸਾਥੀ ਪਾਸਲਾ ਨੇ ਆਰਥਕ ਮੰਦੀ ‘ਤੇ ਵਿਸਥਾਰ ਨਾਲ ਚਰਚਾ ਕਰਦੇ ਦੱਸਿਆ ਕਿ ਮੰਦੀ ਦੇ ਦੌਰ ‘ਚ ਕਿਰਤੀ ਵਰਗ ਲਈ ਲੜਾਈ ਲੜਨੀ ਬਹੁਤ ਔਖੀ ਹੁੰਦੀ ਹੈ। ਮੰਦੀ ਕਾਰਨ ਲੱਖਾਂ ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ। ਫਿਰ ਵੀ ਮੋਦੀ ਸਰਕਾਰ ਰੇਲਵੇ ਅਤੇ ਦੂਜੇ ਪਬਲਿਕ ਸੈਕਟਰ ਦੇ ਅਦਾਰਿਆਂ ਦਾ ਨਿੱਜੀਕਰਨ ਤੇਜ਼ੀ ਨਾਲ ਕਰ ਰਹੀ ਹੈ। ਰੇਲਵੇ ਦੇ ਨਿੱਜੀਕਰਨ ਨਾਲ ਸਮੁੱਚੇ ਦੇਸ਼ ‘ਤੇ ਬਹੁਤ ਮਾੜਾ ਅਸਰ ਪਵੇਗਾ। ਸਮੁੱਚੇ ਮਜ਼ਦੂਰ ਵਰਗ ਦੀ ਆਰਥਕ ਅਵਸਥਾ ਨਿਘਰ ਰਹੀ ਹੈ। ਉਹ ਆਪਣੇ ਬੱਚੇ ਪੜ੍ਹਾਉਣ ਲਈ ਅਸਮਰਥ ਹੁੰਦਾ ਜਾ ਰਿਹਾ ਹੈ। ਇਲਾਜ ਪਹੁੰਚ ਤੋਂ ਬਾਹਰ ਹੋ ਗਿਆ ਹੈ। ਉਨ੍ਹਾਂ ਕੋਲ ਲੜਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਲੜਨਾ ਹੀ ਇਕ ਠੀਕ ਰਾਹ ਹੈ। ਮੋਦੀ ਸਰਕਾਰ ਕਿਰਤੀਆਂ ਦੀ ਲੜਾਈ ਨੂੰ ਕਮਜ਼ੋਰ ਕਰਨ ਲਈ 44 ਕਿਰਤ ਕਾਨੂੰਨਾਂ ਨੂੰ ਤੋੜਕੇ 4 ਕੋਡਾਂ ਵਿਚ ਬਦਲ ਰਹੀ ਹੈ। ਕਾਮਰੇਡ ਪਾਸਲਾ ਨੇ ਦੱਸਿਆ ਕਿ ਦੂਜੀ ਸੰਸਾਰ ਜੰਗ ਗੰਭੀਰ ਆਰਥਿਕ ਮੰਦੀ ਦਾ ਸਿੱਟਾ ਸੀ। ਜਿਸ ਵਿਚ 5 ਕਰੋੜ ਤੋਂ ਵੱਧ ਲੋਕਾਂ ਦੀ ਜਾਨ ਗਈ ਸੀ। ਸਭ ਤੋਂ ਵੱਧ ਨੁਕਸਾਨ ਆਮ ਜਨਤਾ ਤੇ ਕਮਿਊਨਿਸਟਾਂ ਦਾ ਹੋਇਆ ਸੀ। ਮੋਦੀ ਸਰਕਾਰ ਨੇ ਫਾਸ਼ੀਵਾਦੀ ਹਥਕੰਡੇ ਵਰਤਕੇ ਜੰਮੂ ਕਸ਼ਮੀਰ ‘ਚ ਧਾਰਾ 370 ਖਤਮ ਕਰਕੇ ਕਸ਼ਮੀਰੀ ਜਨਤਾ ਨਾਲ ਧੋਖਾ ਕੀਤਾ ਹੈ। ਉਹਨਾਂ ਆਖਰ ‘ਚ ਜੋਰ ਦੇ ਕੇ ਕਿਹਾ ਕਿ ਸਾਨੂੰ ਪੂੰਜੀਪਤੀਆਂ ਤੇ ਉਨ੍ਹਾਂ ਦੀ ਸਰਕਾਰ ਨਾਲ ਲੜਨ ਹਿੱਤ ਕਿਰਤੀ ਜਨ ਸਮੂਹਾਂ ਦਾ ਵਿਸ਼ਾਲ ਏਕਾ ਉਸਾਰਨਾ ਹੋਵੇਗਾ।
ਅਜਲਾਸ ਦਾ ਆਗ਼ਾਜ਼ ਸੀ.ਟੀ.ਯੂ. ਪੰਜਾਬ ਦੇ ਪ੍ਰਧਾਨ ਸਾਥੀ ਇੰਦਰਜੀਤ ਸਿੰਘ ਗਰੇਵਾਲ ਨੇ ਝੰਡਾ ਝੁਲਾਉਣ ਦੀ ਰਸਮ ਅਦਾ ਕਰਕੇ ਕੀਤਾ। ਸਾਥੀ ਗਰੇਵਾਲ ਨੇ ਕਿਰਤੀ ਵਰਗ ਨੂੰ ਆਖਣੇ ਝੰਡੇ ਦੀ ਮਹੱਤਤਾ ਨੂੰ ਸਮਝਣ ‘ਤੇ ਜ਼ੋਰ ਦਿੱਤਾ। ਨਾਲ ਹੀ ਉਨ੍ਹਾਂ ਨੇ ਵੱਧ ਤੋਂ ਵੱਧ ਕਿਰਤੀਆਂ ਨੂੰ ਸੀ.ਟੀ.ਯੂ. ਪੰਜਾਬ ਦੇ ਝੰਡੇ ਹੇਠ ਲਾਮਬੰਦ ਕਰਨ ਦਾ ਸੱਦਾ ਦਿੱਤਾ। ਕਾਮਰੇਡ ਸ਼ਿਵ ਕੁਮਾਰ ਨੇ ਸ਼ੋਕ ਮਤਾ ਪੇਸ ਕੀਤਾ। ਸਮੂਹ ਡੈਲੀਗੇਟਾਂ ਨੇ ਵਿਛੜ ਗਏ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਕਾਮਰੇਡ ਨੱਥਾ ਸਿੰਘ ਜਨਰਲ ਸਕੱਤਰ ਪੰਜਾਬ ਨੇ ਚੌਥੀ ਕਾਨਫਰੰਸ ਤੋਂ ਬਾਅਦ ਦੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਜਿਸ ‘ਤੇ ਵੱਖ-ਵੱਖ ਯੂਨੀਅਨਾਂ ਅਤੇ ਜਿਲ੍ਹਿਆਂ ਤੋਂ ਆਏ ਤਿੰਨ ਔਰਤ ਡੈਲੀਗੇਟਾਂ ਸਮੇਤ 35 ਸਾਥੀਆਂ ਨੇ ਬਹਿਸ ਵਿਚ ਹਿੱਸਾ ਲਿਆ। ਬਹਿਸ ਦਾ ਜਵਾਬ ਜਨਰਲ ਸਕੱਤਰ ਨੇ ਦਿੱਤਾ। ਕੁੱਝ ਸੁਝਾਵਾਂ ਅਤੇ ਸੋਧਾਂ ਨੂੰ ਪ੍ਰਵਾਨ ਕਰਨ ਦੇ ਨਾਲ ਰਿਪੋਰਟ ਸਰਵਸੰਮਤੀ ਨਾਲ ਪ੍ਰਵਾਨ ਕੀਤੀ ਗਈ।
8 ਜਨਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਨਾਉਣ, ਘੱਟੋ ਘੱਟ ਉਜਰਤਾਂ 21 ਹਜ਼ਾਰ ਪ੍ਰਤੀ ਮਹੀਨਾ ਕਰਵਾਉਣ, ਨਿੱਜੀਕਰਨ ਦਾ ਵਿਰੋਧ ਕਰਨ, ਮੁਲਾਜ਼ਮਾਂ ਲਈ ਡੀ.ਏ. ਲਾਗੂ ਕਰਵਾਉਣ, ਪੇ ਸਕੇਲਾਂ ਵਿਚ ਸੋਧ ਕਰਨ, ਮਈ ਦਿਵਸ ਦੇ ਇਤਿਹਾਸ ਨੂੰ ਇਤਿਹਾਸ ਦੀਆਂ ਪੁਸਤਕਾਂ ਵਿਚ ਪੜ੍ਹਾਉਣ ਅਤੇ ਨਿਰਮਾਣ ਮਜ਼ਦੂਰਾਂ, ਮਨਰੇਗਾ ਮਜ਼ਦੂਰਾਂ ਅਤੇ ਘਰੇਲੂ ਔਰਤਾਂ ਬਾਰੇ ਮਤੇ ਪਾਸ ਕੀਤੇ ਗਏ।
ਕਾਮਰੇਡ ਸੱਜਣ ਸਿੰਘ ਨੇ ਕਰੈਡੈਂਸ਼ੀਅਲ ਕਮੇਟੀ ਦੀ ਰਿਪੋਰਟ ਪੇਸ਼ ਕੀਤੀ। ਰਿਪੋਰਟ ਅਨੁਸਾਰ 193 ਡੈਲੀਗੇਟਾਂ ‘ਚ 10 ਪ੍ਰਤੀਸ਼ਤ 30 ਸਾਲ ਤੋਂ ਘੱਟ ਉਮਰ ਦੇ ਸੀ ਅਤੇ 10 ਪ੍ਰਤੀਸ਼ਤ 70 ਸਾਲ ਤੋਂ ਵੱਧ ਸਨ। 80 ਪ੍ਰਤੀਸ਼ਤ 30 ਤੋਂ 70 ਦੇ ਵਿਚਕਾਰ ਸਨ। 17 ਔਰਤ ਡੈਲੀਗੇਟਾਂ ਨੇ ਹਿੱਸਾ ਲਿਆ। ਕਾਮਰੇਡ ਐਸ.ਸੀ. ਸੂਦ ਉਮਰ 84 ਸਾਲ ਸਭ ਤੋਂ ਵੱਡੀ ਉਮਰ ਦੇ ਡੈਲੀਗੇਟ, ਅਜੇ ਕੁਮਾਰ 17 ਸਾਲ, ਸਭ ਤੋਂ ਛੋਟੀ ਉਮਰ ਦੇ ਕਾਨਫਰੰਸ ‘ਚ ਸ਼ਾਮਲ ਡੈਲੀਗੇਟ ਸਨ।
ਕਾਨਫਰੰਸ ਨੇ 65 ਮੈਂਬਰੀ ਸੂਬਾ ਕਮੇਟੀ ਅਤੇ 25 ਮੈਂਬਰੀ ਅਹੁਦੇਦਾਰਾਂ ਦੀ ਟੀਮ ਸਰਵਸੰਮਤੀ ਨਾਲ ਪਾਸ ਕੀਤੀ। ਕਾਮਰੇਡ ਵਿਜੇ ਮਿਸ਼ਰਾ ਪ੍ਰਧਾਨ, ਕਾਮਰੇਡ ਨੱਥਾ ਸਿੰਘ ਜਨਰਲ ਸਕੱਤਰ, ਸ਼ਿਵ ਕੁਮਾਰ ਖਜਾਨਚੀ, ਕਾਮਰੇਡ ਮੰਗਤ ਰਾਮ ਪਾਸਲਾ ਸੀਨੀਅਰ ਮੀਤ ਪ੍ਰਧਾਨ, ਕਾਮਰੇਡ ਇੰਦਰਜੀਤ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ, ਸਰਵਸਾਥੀ ਜਸਵੰਤ ਸਿੰਘ ਸੰਧੂ, ਗੰਗਾ ਪ੍ਰਸ਼ਾਦ, ਹਰੀਮੁਨੀ ਸਿੰਘ, ਸੁਰਿੰਦਰ ਸਿੰਘ ਮਾਨ, ਜਗੀਰ ਸਿੰਘ, ਧਿਆਨ ਸਿੰਘ ਠਾਕੁਰ, ਸੁਖਦੇਵ ਸਿੰਘ ਗੋਹਲਵੜ ਸਾਰੇ ਮੀਤ ਪ੍ਰਧਾਨ, ਹਰਿੰਦਰ ਸਿੰਘ ਰੰਧਾਵਾ ਸਕੱਤਰ, ਲਾਲ ਚੰਦ ਮਾਨਸਾ, ਮਾਸਟਰ ਸੁਭਾਸ਼ ਸ਼ਰਮਾ, ਜਨਕ ਰਾਜ ਵਿਸ਼ਿਸ਼ਟ, ਨੰਦ ਲਾਲ, ਜਗਤਾਰ ਸਿੰਘ ਕਰਮਪੁਰਾ, ਅਮਰਜੀਤ ਘਨੌਰ, ਗੁਰਦੀਪ ਸਿੰਘ ਕਲਸੀ, ਅਮਰੀਕ ਸਿੰਘ, ਕ੍ਰਿਪਾਲ ਸਿੰਘ ਗਿੱਲ, ਅਵਤਾਰ ਸਿੰਘ ਅਦਲੀਵਾਲ, ਪ੍ਰੇਮ ਸਾਗਰ ਸਾਰੇ ਮੀਤ ਸਕੱਤਰ ਚੁਣੇ ਗਏ।
ਕਾਮਰੇਡ ਵਿਜੇ ਮਿਸ਼ਰਾ ਪ੍ਰਧਾਨ ਸੀ.ਟੀ.ਯੂ. ਪੰਜਾਬ ਨੇ ਪ੍ਰਧਾਨਗੀ ਮੰਡਲ ਵਲੋਂ 5ਵੀਂ ਜਥੇਬੰਦਕ ਕਾਨਫਰੰਸ ਵਿਚ ਜੁੜੇ ਸਮੂਹ ਡੈਲੀਗੇਟਾਂ ਦਾ ਧੰਨਵਾਦ ਕੀਤਾ ਅਤੇ ਸਮਾਪਨ ਭਾਸ਼ਣ ਦਿੱਤਾ। ਕਾਮਰੇਡ ਮਿਸ਼ਰਾ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਦੇਸ਼ ਹਿੱਤ ਵਿਰੋਧੀ ਅਤੇ ਕਿਰਤੀ ਵਰਗ ਵਿਰੋਧੀ ਨੀਤੀਆਂ ਜਿਨ੍ਹਾਂ ਦੇ ਸਿੱਟੇ ਵਜੋਂ ਦੇਸ਼ ‘ਚ ਆਰਥਕ ਸੰਕਟ ਗੰਭੀਰ ਰੂਪ ਧਾਰਨ ਕਰਨ ਤੋਂ ਬਾਅਦ ਆਰਥਕ ਮੰਦੀ ਵਿਚ ਤਬਦੀਲ ਹੋ ਗਿਆ ਹੈ, ਦੂਜਾ ਦੇਸ਼ ‘ਚ ਹਿੰਦੂ ਰਾਸ਼ਟਰ ਦੇ ਅਜੰਡੇ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਨਾਲ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਪੈਦਾ ਹੋ ਗਿਆ ਹੈ। ਜਮਹੂਰੀ ਤੇ ਟਰੇਡ ਯੂਨੀਅਨ ਅਧਿਕਾਰਾਂ ‘ਤੇ ਵੱਡਾ ਹਮਲਾ ਕੀਤਾ ਜਾ ਰਿਹਾ ਹੈ। ਇਨ੍ਹਾਂ ਨੀਤੀਆਂ ਵਿਰੁੱਧ ਦੇਸ਼ ਦੀਆਂ ਸਮੂਹ ਟਰੇਡ ਯੂਨੀਅਨਾਂ ਅਤੇ ਮੁਲਾਜਮ ਫੈਡਰੇਸ਼ਨਾਂ ਨੇ 8 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਪੰਜਾਬ ‘ਚ 8 ਜਨਵਰੀ ਦੀ ਹੜਤਾਲ ਨੂੰ ਸਫਲ ਬਨਾਉਣ ਲਈ 28 ਨਵੰਬਰ ਨੂੰ ਸਾਂਝੀ ਸੂਬਾਈ ਕਨਵੈਨਸ਼ਨ ਕੀਤੀ ਜਾ ਰਹੀ ਹੈ।
8 ਜਨਵਰੀ ਦੀ ਹੜਤਾਲ ਨੂੰ ਸਫਲ ਬਨਾਉਣ ਲਈ ਹਰ ਹੀਲਾ ਕਰਨ ਦੇ ਸੱਦੇ ਨਾਲ ਜੋਸ਼ ਭਰਪੂਰ ਨਾਅਰਿਆਂ ਦੀ ਗੂੰਜ ਵਿਚ ਅਜਲਾਸ ਦਾ ਸਮਾਪਨ ਹੋਇਆ।

ਦਿਹਾਤੀ ਮਜ਼ਦੂਰ ਸਭਾ ਵਲੋਂ ਬਲਾੱਕ ਪੱਧਰੀ ਧਰਨੇ ਮੁਜ਼ਾਹਰੇ
ਦਿਹਾਤੀ ਮਜ਼ਦੂਰ ਸਭਾ ਦੀ ਸੂਬਾਈ ਵਰਕਿੰਗ ਕਮੇਟੀ ਦੇ ਫੈਸਲੇ ਤਹਿਤ  ਵੱਖੋ-ਵੱਖ ਜਿਲ੍ਹਿਆਂ ਵਿੱਚ ਬਲਾੱਕ ਵਿਕਾਸ ਅਤੇ ਪੰਚਾਇਤ ਅਫਸਰਾਂ ਤੇ ਐਸਡੀਓ ਪਾਵਰਕਾਮ ਦੇ ਦਫਤਰਾਂ ਮੂਹਰੇ ਰੋਹ ਭਰਪੂਰ ਧਰਨੇ ਮਾਰੇ ਗਏ। ਬਿਜਲੀ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਭੇਜੇ ਗਏ। ਭੇਜੇ ਗਏ ਮੰਗ ਪੱਤਰਾਂ ਰਾਹੀਂ ; (1) ਘਰੇਲੂ ਬਿਜਲੀ ਦੇ ਰੇਟ ਦੋ ਰੁਪਏ ਪ੍ਰਤੀ ਯੂਨਿਟ ਕੀਤੇ ਜਾਣ, ਬੇਜਮੀਨੇ ਸਾਧਨਹੀਣ ਪੇਂਡੂ ਪਰਿਵਾਰਾਂ ਨੂੰ ਬਿਜਲੀ ਮੁਕੰਮਲ ਰੂਪ ‘ਚ ਮੁਫਤ ਦਿੱਤੀ ਜਾਵੇ, ਬਕਾਇਆ ਬਿੱਲਾਂ ‘ਤੇ ਲੀਕ ਮਾਰੀ ਜਾਵੇ ਅਤੇ ਕੱਟੇ ਕੁਨੈਕਸ਼ਨ ਬਹਾਲ ਕੀਤੇ ਜਾਣ, (2) ਸਾਰਿਆਂ ਨੂੰ ਪੀਣ ਵਾਲਾ ਸਵੱਛ ਪਾਣੀ ਸਰਕਾਰ ਵਲੋਂ ਮੁਫਤ ਦਿੱਤਾ ਜਾਵੇ ਅਤੇ ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਦੀ ਬਰਬਾਦੀ ਤੇ ਪ੍ਰਦੂਸ਼ਨ ਰੋਕਣ ਲਈ ਫੌਰੀ ਕਦਮ ਚੁੱਕੇ ਜਾਣ, (3) ਮਨਰੇਗਾ ਅਧੀਨ ਪੂਰੇ ਪਰਿਵਾਰ ਨੂੰ ਪੂਰਾ ਸਾਲ ਛੇ ਸੌ ਰੁਪਏ ਪ੍ਰਤੀ ਦਿਨ ਦੀ ਉਜਰਤ ਸਮੇਤ ਕੰਮ ਦਿੱਤਾ ਜਾਵੇ, (4) ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ ਲਈ ਦਸ-ਦਸ ਮਰਲੇ ਜਗ੍ਹਾ ਅਤੇ ਪੰਜ ਲੱਖ ਰੁਪਏ ਪ੍ਰਤੀ ਟੱਬਰ ਗ੍ਰਾਂਟ ਦਿੱਤੀ ਜਾਵੇ, (5) ਬੁਢਾਪਾ-ਵਿਧਵਾ-ਅੰਗਹੀਣ-ਆਸ਼ਰਿਤ ਪੈਨਸ਼ਨਾਂ ਤਿੰਨ ਹਜਾਰ ਰੁਪਏ ਪ੍ਰਤੀ ਮਹੀਨਾ ਬਿਨਾਂ ਨਾਗਾ ਦਿੱਤੀਆਂ ਜਾਣ ਅਤੇ ਮਹਿੰਗਾਈ ਵਾਧੇ ਅਨੁਸਾਰ ਸਮੇਂ-ਸਮੇਂ ਇਸ ਰਕਮ ਵਿੱਚ ਵਾਧਾ ਕੀਤਾ ਜਾਵੇ, ਆਤਮ ਸਨਮਾਨ ਨਾਲ ਜਿਉਂਦੇ ਰਹਿਣ ਦੀ ਗਰੰਟੀ ਕਰਦੀ ਸਮਾਜਿਕ ਸੁਰੱਖਿਆ ਨੀਤੀ ਲਾਗੂ ਕੀਤੀ ਜਾਵੇ, (6) ਹਰ ਕਿਸੇ ਨੂੰ ਸਨਮਾਨ ਯੋਗ ਉਜਰਤਾਂ ਸਹਿਤ, ਯੋਗਤਾ ਅਨੁਸਾਰ  ਸਥਾਈ ਰੋਜਗਾਰ ਦੀ ਗਰੰਟੀ ਕੀਤੀ ਜਾਵੇ, ਬੇਰੁਜ਼ਗਾਰੀ ਦਾ ਮੁੱਖ ਸਰੋਤ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ, (7) ਬੇਜਮੀਨੇ ਪੇਂਡੂ ਪਰਿਵਾਰਾਂ ਨੂੰ ਰੂੜੀਆਂ ਲਈ ਥਾਂਵਾਂ ਦਿੱਤੀਆ ਜਾਣ ਅਤੇ (8) ਚੁੱਲ੍ਹਾ ਬਲਦਾ ਰੱਖਣ ਲਈ ਲੋੜੀਂਦੀਆਂ ਸਾਰੀਆਂ ਜਰੂਰੀ ਚੀਜਾਂ ਸਸਤੇ ਭਾਅ ਸਰਕਾਰੀ ਦੁਕਾਨਾਂ ਤੋਂ ਦਿੱਤੇ ਜਾਣ ਦੀ ਗਰੰਟੀ ਕਰਦੀ ਜਨਤਕ ਵੰਡ ਪ੍ਰਣਾਲੀ ਲਾਗੂ ਕੀਤੀ ਜਾਵੇ  ਆਦਿ ਦੀ ਮੰਗ ਕੀਤੀ ਗਈ । ਜਿਲ੍ਹਾ ਵਾਰ ਸੰਖੇਪ ਰਿਪੋਰਟਾਂ:-
ਅੰਮ੍ਰਿਤਸਰ : ਤਰਸਿੱਕਾ, ਰੱਈਆ, ਬਾਬਾ ਬਕਾਲਾ, ਅੰਮ੍ਰਿਤਸਰ ਬੀ ਡੀ ਪੀ ਓ ਅਤੇ ਐਸ ਡੀ ਓ ਪਾਵਰਕਾਮ ਦਫਤਰਾਂ ਮੂਹਰੇ ਧਰਨੇ ਅਤੇ ਮੁਜ਼ਾਹਰੇ ਕੀਤੇ ਗਏ । ਸਾਰੇ ਥਾਈਂ ਸੂਬਾ ਸਰਕਾਰ ਨੂੰ ਮੰਗ ਪੱਤਰ ਵੀ ਭੇਜੇ ਗਏ । ਧਰਨੇ ਮੁਜ਼ਾਹਰਿਆਂ ਦੀ ਅਗਵਾਈ ਸਾਥੀ ਅਮਰੀਕ ਸਿੰਘ ਦਾਊਦ, ਨਰਿੰਦਰ ਸਿੰਘ ਵਡਾਲਾ, ਨਿਰਮਲ ਸਿੰਘ ਛੱਜਲਵੱਡੀ, ਗੁਰਨਾਮ ਸਿੰਘ ਭਿੰਡਰ, ਪਲਵਿੰਦਰ ਸਿੰਘ ਮਹਿਸਮਪੁਰ ਅਤੇ ਹੋਰਨਾਂ ਨੇ ਕੀਤੀ।
ਜਲੰਧਰ : ਫਿਲੌਰ, ਨਕੋਦਰ, ਸ਼ਾਹਕੋਟ ਵਿਖੇ ਧਰਨੇ ਮੁਜ਼ਾਹਰੇ ਕੀਤੇ ਗਏ। ਨਕੋਦਰ ਵਿਖੇ ਦਿਨ-ਰਾਤ ਦਾ ਧਰਨਾ ਮਾਰਿਆ ਗਿਆ। ਸਰਵ ਸਾਥੀ ਨਿਰਮਲ ਸਿੰਘ ਮਲ੍ਹਸੀਆਂ, ਪਰਮਜੀਤ ਰੰਧਾਵਾ, ਨਿਰਮਲ ਆਧੀ, ਜਰਨੈਲ ਫਿਲੌਰ, ਬਨਾਰਸੀ ਦਾਸ ਘੁੜਕਾ ਨੇ ਧਰਨਿਆਂ ਨੂੰ ਸੰਬੋਧਨ ਕੀਤਾ ।
ਤਰਨਤਾਰਨ : ਤਰਨਤਾਰਨ, ਪੱਟੀ, ਭਿੱਖੀਵਿੰਡ ਬਲਾੱਕ ਦਫਤਰਾਂ ਅਤੇ ਬਿਜਲੀ ਵਿਭਾਗ ਮੂਹਰੇ ਧਰਨੇ ਮਾਰੇ ਗਏ ਅਤੇ ਬਜਾਰਾਂ ‘ਚ ਮਾਰਚ ਕੀਤੇ ਗਏ । ਜਸਪਾਲ ਝਬਾਲ, ਚਮਨ ਲਾਲ ਦਰਾਜਕੇ, ਬਲਦੇਵ ਭੈਲ, ਪਾਲ ਸਿੰਘ ਜਾਮਾਰਾਇ ਅਤੇ ਹੋਰਨਾਂ ਸਾਥੀਆਂ ਨੇ ਸੰਬੋਧਨ ਕੀਤਾ ।
ਬਠਿੰਡਾ : ਸੰਗਤ ਮੰਡੀ, ਤਲਵੰਡੀ ਸਾਬੋ ਅਤੇ ਬਠਿੰਡਾ ਬੀਡੀਪੀਓ ਦਫਤਰਾਂ ਮੂਹਰੇ ਧਰਨੇ ਮਾਰੇ ਗਏ ਅਤੇ  ਬਿਜਲੀ ਦਫਤਰਾਂ ਤੱਕ ਮਾਰਚ ਕੀਤੇ ਗਏ । ਮਿੱਠੂ ਸਿੰਘ ਘੁੱਦਾ, ਮੱਖਣ ਸਿੰਘ ਤਲਵੰਡੀ ਸਾਬੋ, ਪ੍ਰਕਾਸ਼ ਸਿੰਘ ਨੰਦਗੜ੍ਹ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਦਰਸ਼ਨ ਸਿੰਘ ਬਾਜਕ ਨੇ ਅਗਵਾਈ ਕੀਤੀ ।
ਮੁਕਤਸਰ : ਇੱਥੇ ਮੁਕਤਸਰ ਅਤੇ ਗਿੱਦੜਬਾਹਾ ਬਲਾੱਕ ਅਤੇ ਬਿਜਲੀ ਦਫਤਰਾਂ ਮੂਹਰੇ ਧਰਨਾ/ਪ੍ਰਦਰਸ਼ਨ ਕਰਕੇ ਅਧਿਕਾਰੀਆਂ ਰਾਹੀਂ ਮੰਗ ਪੱਤਰ ਭੇਜੇ ਗਏ । ਜਗਜੀਤ ਸਿੰਘ ਜਸੇਆਣਾ, ਹਰਜੀਤ ਸਿੰਘ ਮਦਰਸਾ, ਜਸਵਿੰਦਰ ਸਿੰਘ ਨੇ ਸੰਬੋਧਨ ਕੀਤਾ ।

ਦਲਿਤ ਨੌਜਵਾਨ ਦੇ ਵਹਿਸ਼ੀਆਨਾ ਕਤਲ ਵਿਰੁੱਧ ਰੋਹਲੇ ਐਕਸ਼ਨ
ਸੰਗਰੂਰ ਜਿਲ੍ਹੇ ਦੇ ਪਿੰਡ ਚੰਗਾਲੀਵਾਲ ਦੇ ਦਲਿਤ ਨੌਜਵਾਨ ਜਗਮੇਲ ਸਿੰਘ (37) ਦੀ ਪਿੰਡ ਦੇ ਹੀ ਅਪਰਾਧੀ ਪਿਛੋਕੜ ਵਾਲੇ ਦਬੰਗਾਂ ਵਲੋਂ ਕੀਤੀ ਗਈ  ਵਹਿਸ਼ੀਆਨਾ ਕੁੱਟਮਾਰ, ਜਿਸ ਦੇ ਸਿੱਟੇ ਵੱਜੋਂ ਗੈਂਗਰੀਨ ਫੈਲਣ ਨਾਲ ਪੀ ਜੀ ਆਈ ਚੰਡੀਗੜ੍ਹ ਵਿਖੇ ਉਸ ਦੀ ਮੌਤ ਹੋ ਗਈ ਸੀ, ਵਿਰੁੱਧ ਬਣੀ ਐਕਸ਼ਨ ਕਮੇਟੀ ਵਲੋਂ ਲੜੇ ਜਾ ਰਹੇ ਘੋਲ ਦੀ ਹਿਮਾਇਤ ਵਿੱਚ ਦਿਹਾਤੀ ਮਜ਼ਦੂਰ ਸਭਾ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਪੰਜਾਬ ਭਰ ਵਿੱਚ ਹਿਮਾਇਤੀ ਐਕਸ਼ਨ ਕੀਤੇ ਗਏ। ਸੰਖੇਪ ਰਿਪੋਰਟਾਂ:-
ਦਿਹਾਤੀ ਮਜ਼ਦੂਰ ਸਭਾ ਦੀ ਬਰਨਾਲਾ ਜਿਲ੍ਹਾ ਕਮੇਟੀ ਵਲੋਂ, ਜਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਦੀ ਅਗਵਾਈ ਵਿੱਚ ਮਹਿਲ ਕਲਾਂ ਬਲਾੱਕ ਦੇ ਅਨੇਕਾਂ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ । ਇਨ੍ਹਾਂ ਐਕਸ਼ਨਾਂ ਵਿੱਚ ਅੰਬੇਦਕਰਵਾਦੀ ਸੰਗਠਨਾਂ ਦੇ ਕਾਰਕੁੰਨਾਂ ਨੇ ਵੀ ਭਰਵਾਂ ਸਹਿਯੋਗ ਦਿੱਤਾ।
ਦਿਹਾਤੀ ਮਜ਼ਦੂਰ ਸਭਾ ਦੀ ਮੁਕਤਸਰ ਜਿਲ੍ਹਾ ਕਮੇਟੀ ਵੱਲੋਂ ਆਜ਼ਾਦਾਨਾ ਅਤੇ ਨੌਜਵਾਨ ਸਭਾ ਭਾਰਤ ਤੇ ਪੀ ਐਸ ਯੂ ਨਾਲ ਸਾਂਝੇ ਤੌਰ ‘ਤੇ ਜਗਜੀਤ ਸਿੰਘ ਜਸੇਆਣਾ, ਹਰਜੀਤ ਸਿੰਘ ਮਦਰਸਾ ਅਤੇ ਜਸਵਿੰਦਰ ਸਿੰਘ ਸੰਗੂਧੌਣ ਦੀ ਅਗਵਾਈ ਵਿੱਚ ਪਿੰਡਾਂ ਵਿੱਚ ਪੰਜਾਬ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ।
ਪਟਿਆਲਾ ਜਿਲ੍ਹੇ ਦੇ ਕਸਬਾ ਸਮਾਣਾ ਅਤੇ ਨਿਆਲ ਆਦਿ ਪਿੰਡਾਂ ਵਿੱਚ ਪੂਰਨ ਚੰਦ , ਬਲਵਿੰਦਰ ਸਿੰਘ, ਸੁਖਦੇਵ ਨਿਆਲ, ਪ੍ਰਹਿਲਾਦ ਨਿਆਲ, ਸੁਰੇਸ਼ ਕੁਮਾਰ ਦੀ ਅਗਵਾਈ ਵਿੱਚ ਪੁਤਲਾ ਸਾੜ ਪ੍ਰਦਰਸ਼ਨ ਕੀਤੇ ਗਏ।
ਕਸਬਾ ਰੱਈਆ (ਅੰਮ੍ਰਿਤਸਰ) ਵਿਖੇ ਦਿਹਾਤੀ ਮਜ਼ਦੂਰ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਵਲੋਂ ਸਾਂਝਾ ਰੋਸ ਮੁਜ਼ਾਹਰਾ ਕਰਕੇ ਪੁਤਲਾ ਫੂਕਿਆ ਗਿਆ।
ਗੁਰਦਾਸਪੁਰ ਜਿਲ੍ਹੇ ਦੇ ਕਸਬਾ ਘੁਮਾਣ ਵਿਖੇ ਦਿਹਾਤੀ ਮਜ਼ਦੂਰ ਸਭਾ ਅਤੇ ਜਨਵਾਦੀ ਇਸਤਰੀ ਸਭਾ ਵਲੋਂ ਸਾਂਝਾ ਰੋਸ ਮਾਰਚ ਕਰਕੇ ਅਰਥੀ ਸਾੜ ਰੈਲੀ ਕੀਤੀ ਗਈ।
ਇਸੇ ਤਰ੍ਹਾਂ ਜਲੰਧਰ, ਤਰਨਤਾਰਨ ਅਤੇ ਪਠਾਨਕੋਟ ਵਿਖੇ ਵੀ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਸਾਰੇ ਥਾਈਂ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਐਕਸ਼ਨ ਕਮੇਟੀ ਵੱਲੋਂ ਰੱਖੀਆਂ ਗਈਆਂ ਬਾਕੀ ਮੰਗਾਂ ਮੰਨੇ ਜਾਣ ਦੀ ਮੰਗ ਕੀਤੀ ਗਈ।
ਜਿਕਰਯੋਗ ਹੈ ਕਿ ਪੰਜਾਬ ਭਰ ‘ਚ ਉੱਠੇ ਲੋਕ ਰੋਹ ਅਤੇ ਤੀਬਰ ਸੰਗਰਾਮ ਦੇ ਦਬਾਅ ਅਧੀਨ ਪੰਜਾਬ ਸਰਕਾਰ ਵਲੋਂ ਐਕਸ਼ਨ ਕਮੇਟੀ ਦੇ ਆਗੂਆਂ ਨਾਲ ਲਿਖਤੀ ਸਮਝੌਤਾ ਕਰ ਲਿਆ ਗਿਆ ਹੈ।

ਗੰਨਾ ਕਾਸ਼ਤਕਾਰਾਂ ਦੀ ਸਫਲ ਸੂਬਾਈ ਕਨਵੈਨਸ਼ਨ
ਜਮਹੂਰੀ ਕਿਸਾਨ ਸਭਾ ਵਲੋਂ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਬੁੱਟਰ ਵਿਖੇ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਲਈ ਸੰਘਰਸ਼ ਦੀ ਵਿਉਂਤਬੰਦੀ ਕਰਨ ਹਿਤ ਪ੍ਰਭਾਵਸ਼ਾਲੀ ਸੂਬਾਈ ਕਨਵੈਨਸ਼ਨ ਕੀਤੀ ਗਈ ਜਿਸ ਵਿੱਚ ਸਾਰੇ ਪੰਜਾਬ ਤੋਂ ਨੁਮਾਇੰਦੇ ਪਹੁੰਚੇ। ਸਭਾ ਦੇ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ, ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਇ, ਸੰਯੁਕਤ ਸਕੱਤਰ ਰਘਬੀਰ ਸਿੰਘ ਪਕੀਵਾਂ, ਗੁਰਮੇਜ ਸਿੰਘ ਤਿੰਮੋਵਾਲ, ਸੀਤਲ ਸਿੰਘ ਤਲਵੰਡੀ, ਅਰਸਾਲ ਸਿੰਘ ਸੰਧੂ, ਮੁਖਤਿਆਰ ਸਿੰਘ ਮੱਲ੍ਹਾ, ਸੁਖਦੇਵ ਸਿੰਘ ਸੈਦਪੁਰ ਅਤੇ ਹੋਰਨਾਂ ਨੇ ਸੰਬੋਧਨ ਕੀਤਾ । ਮੰਗ ਕੀਤੀ ਗਈ ਕਿ ਗੰਨੇ ਅਤੇ ਚੁਕੰਦਰ ਦਾ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 450 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ । ਡਾਕਟਰ ਸਤਨਾਮ ਸਿੰਘ ਅਜਨਾਲਾ ਗੰਨਾ ਸਬ ਕਮੇਟੀ ਦੇ ਕਨਵੀਨਰ ਚੁਣੇ ਗਏ ।

ਭਵਾਨੀਗੜ੍ਹ ਵਿਖੇ ਪ੍ਰਭਾਵਸ਼ਾਲੀ ਦਲਿਤ ਚੇਤਨਾ ਕਨਵੈਨਸ਼ਨ
ਕਿਰਤੀ ਸੰਘਰਸ਼ਾਂ ਦਾ ਲੰਮਾ ਤਜਰਬਾ ਰੱਖਣ ਵਾਲੇ ਜੁਝਾਰੂ ਆਗੂ ਸਾਥੀ ਗੁਰਮੀਤ ਸਿੰਘ ਕਾਲਾਝਾੜ ਦੀ ਪਹਿਲਕਦਮੀ ‘ਤੇ ਭਵਾਨੀਗੜ੍ਹ (ਸੰਗਰੂਰ) ਵਿਖੇ ਇੱਕ ਪ੍ਰਭਾਵਸ਼ਾਲੀ ‘ਦਲਿਤ ਚੇਤਨਾ ਕਨਵੈਨਸ਼ਨ’ ਕੀਤੀ ਗਈ । ਜਮਹੂਰੀ ਲਹਿਰ ਦੇ ਉੱਘੇ ਆਗੂ ਸਾਥੀ ਮੰਗਤ ਰਾਮ ਪਾਸਲਾ ਇਸ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਲਈ ਉਚੇਚੇ ਪੁੱਜੇ । ਉਨ੍ਹਾਂ ਤੋਂ ਇਲਾਵਾ ਸੂਬੇ ‘ਚ ਕਾਰਜਸ਼ੀਲ ਲੱਗਭੱਗ ਸਾਰੀਆਂ  ਮਜ਼ਦੂਰ ਜਥੇਬੰਦੀਆਂ ਦੇ ਸੂਬਾਈ ਆਗੂ ਵੀ ਸ਼ਾਮਲ ਹੋਏ । ਸਾਰੇ ਬੁਲਾਰਿਆਂ ਨੇ ਸਮਾਜਿਕ ਜਬਰ ਤੇ ਜਾਤੀਵਾਦੀ ਜ਼ੁਲਮਾਂ ਦੇ ਖਾਤਮੇ ਅਤੇ ਰੋਜੀ ਰੋਟੀ ਦੇ ਮਸਲਿਆਂ ਦੇ ਸਦੀਵੀਂ ਹੱਲ ਲਈ ਸਾਂਝੇ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ ।

ਉਤਸ਼ਾਹ ਪੂਰਬਕ ਮਨਾਇਆ ਗਿਆ ਸ਼ਹੀਦ ਸਰਾਭਾ ਦਾ ਸ਼ਹੀਦੀ ਦਿਹਾੜਾ
ਸੁਤੰਤਰਤਾ ਸੰਗਰਾਮ ਦੇ ਮਹਾਨ ਸ਼ਹੀਦ, ਗਦਰ ਪਾਰਟੀ ਦੇ ਪ੍ਰੇਰਣਾਮਈ ਆਗੂ ਸ਼ਹੀਦ  ਕਰਤਾਰ ਸਿੰਘ ਸਰਾਭਾ ਦਾ  ਸ਼ਹੀਦੀ ਦਿਹਾੜਾ ਉਨ੍ਹਾਂ ਦੀ ਜਨਮ ਭੂਮੀ ਸਰਾਭਾ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਵਲੋਂ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਸਾਥੀ ਸ਼ਮਸ਼ੇਰ ਸਿੰਘ ਬਟਾਲਾ ਨੇ ਕਿਹਾ ਕਿ ਸ਼ਹੀਦ ਸਰਾਭਾ, ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਮਹਿਬੂਬ ਆਗੂ ਸਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਵਲੋਂ ਚਿਤਵਿਆ ਗਿਆ ਸਮਾਜ ਤਾਂ ਹਾਲੇ ਹੋਂਦ ਵਿੱਚ ਨਹੀਂ ਲਿਆਂਦਾ ਜਾ ਸਕਿਆ। ਉਲਟਾ ਸਗੋਂ ਸਾਮਰਾਜ ਪ੍ਰਸਤ ਫਿਰਕੂ-ਵੰਡਵਾਦੀ ਤਾਕਤਾਂ ਸ਼ਹੀਦਾਂ ਦੇ ਸੰਕਲਪਾਂ ਨੂੰ ਹੀ ਲੋਕ ਮਨਾਂ ‘ਚੋਂ ਮਨਸੂਖ਼ ਕਰਨ ਦੀਆਂ ਨਫਰਤੀ ਕਾਰਵਾਈਆਂ ‘ਚ ਗਲਤਾਨ ਹਨ। ਉਨ੍ਹਾਂ ਐਲਾਨ ਕੀਤਾ ਕਿ ਸਭਾ ਵਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ, 10 ਦਸੰਬਰ ਨੂੰ ਕਸ਼ਮੀਰ ਨਾਲ ਇਕਜੁੱਟਤਾ ਦਿਵਸ ਵਜੋਂ ਮਨਾਇਆ ਜਾਵੇਗਾ।
ਇਸ ਮੌਕੇ ਸਭਾ ਦੀ ਲੁਧਿਆਣਾ ਜਿਲ੍ਹਾ ਕਮੇਟੀ ਦੇ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਕਾਲਖ ਅਤੇ ਸਕੱਤਰ ਸਾਥੀ ਹਰਨੇਕ ਸਿੰਘ ਗੁੱਜਰਵਾਲ ਨੇ ਵੀ ਆਪਣੇ ਵਿਚਾਰ ਰੱਖੇ । ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਮੈਂਬਰ ਡਾਕਟਰ ਹਰਬੰਸ ਸਿੰਘ ਬਸਰਾਵਾ, ਕੇਸਰ ਸਿੰਘ ਧਾਂਦਰਾ, ਭਗਤ ਸਿੰਘ ਤੁਲਗ, ਅਜੀਤ ਰਾਮ ਸ਼ਰਮਾ, ਜਸਮੇਲ ਸਿੰਘ ਲਲਤੋਂ, ਜਸਵਿੰਦਰ ਸਿੰਘ ਰਤਨ, ਅਵਤਾਰ ਸਿੰਘ ਭੱਟੀ ਦੀ ਅਗਵਾਈ ਵਿੱਚ  ਕਸਬਾ ਪੱਖੋਵਾਲ ਤੋਂ ਜੋਧਾਂ ਤੱਕ ਮਾਰਚ ਕਰਕੇ ਸ਼ਰਧਾਂਜਲੀ ਭੇਂਟ ਕਰਨ ਲਈ ਪੁੱਜੇ ਅਤੇ ਸਭਾ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ । ਰਘਬੀਰ ਸਿੰਘ ਬੈਨੀਪਾਲ, ਅਮਰਜੀਤ ਮੱਟੂ, ਅਮਰਜੀਤ ਸ਼ਹਿਜ਼ਾਦ, ਨਿਰਭੈ ਸਿੰਘ ਸ਼ੰਕਰ, ਰਣਬੀਰ ਸਿੰਘ ਟੂਸੇ ਨੇ ਸ਼ਹੀਦ ਨੂੰ ਮਾਣ ਨਾਲ ਯਾਦ ਕੀਤਾ ।

ਗ਼ਦਰ ਲਹਿਰ ਦੇ ਸ਼ਹੀਦਾਂ ਦੀ ਯਾਦ ਵਿਚ ਸਮਾਗਮ
ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਕਮੇਟੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪਿੰਡ ਜੌੜਾ ਸਿੰਘਾ ਤਹਿਸੀਲ ਬਟਾਲਾ ਵਿਖੇ ਗਦਰ ਲਹਿਰ ਦੇ 16 ਨਵੰਬਰ 1915 ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਸੁਰ ਸਿੰਘ, ਹਰਨਾਮ ਸਿੰਘ ਸਿਆਲਕੋਟ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ ਅਤੇ ਬਖਸ਼ੀਸ਼ ਸਿੰਘ ਗਿੱਲਵਾਲੀ ਅਮ੍ਰਿੰਤਸਰ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਇਨਕਲਾਬੀ ਸਮਾਗਮ ਕੀਤਾ ਗਿਆ। ਇਸ ਮੌਕੇ ਗਦਰ ਲਹਿਰ ਦੇ ਇਤਿਹਾਸ ਅਤੇ ਸ਼ਾਨਾਮੱਤੀਆਂ ਕੁਰਬਾਨੀਆਂ ‘ਤੇ ਚਾਨਣਾ ਪਾਉਂਦਾ ਸਾਹਿਤ ਵੀ ਵੰਡਿਆ ਗਿਆ। ਸਮਾਗਮ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਦੇ ਜਨਰਲ ਸਕੱਤਰ ਸਾਥੀ ਸ਼ਮਸ਼ੇਰ ਸਿੰਘ ਨਵਾਂ ਪਿੰਡ, ਜਮਹੂਰੀ ਕਿਸਾਨ ਸਭਾ ਦੇ ਸੰਯੁਕਤ ਸਕੱਤਰ ਸਾਥੀ ਰਘੁਬੀਰ ਸਿੰਘ ਪਕੀਵਾਂ ਅਤੇ ਲਾਇਬ੍ਰੇਰੀ ਕਮੇਟੀ ਦੇ ਅਹੁਦੇਦਾਰਾਂ ਵਲੋਂ ਸੰਬੋਧਨ ਕੀਤਾ ਗਿਆ।

ਜੇ.ਐਨ.ਯੂ. ਵਿਦਿਆਰਥੀਆਂ ਦੇ ਹੱਕ ਵਿਚ ਵਿਦਿਆਰਥੀਆਂ ਵਲੋਂ ਐਕਸ਼ਨ
ਫੀਸਾਂ/ਫੰਡਾਂ ਵਿੱਚ ਅਥਾਹ ਵਾਧਾ ਕਰਨ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ (ਜੇਐਨਯੂ) ਪ੍ਰਬੰਧਕਾਂ ਦੇ ਸਿੱਖਿਆ ਵਿਰੋਧੀ ਫੈਸਲੇ ਖਿਲਾਫ਼ , ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਜੇਐਨਯੂਐਸਯੂ) ਦੀ ਅਗਵਾਈ ਵਿੱਚ  ਸੰਘਰਸ਼ ਕਰ ਰਹੇ ਵਿਦਿਆਰਥੀਆਂ ‘ਤੇ ਦਿੱਲੀ ਪੁਲਸ ਵਲੋਂ ਕੀਤੇ ਗਏ ਵਹਿਸ਼ੀਆਨਾ ਤਸ਼ੱਦਦ ਖਿਲਾਫ਼ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਹਰੀਕੇ (ਤਰਨਤਾਰਨ), ਅਜਨਾਲਾ (ਅੰਮ੍ਰਿਤਸਰ), ਬੇਗਮਪੁਰ (ਜਲੰਧਰ) ਸਰਦੂਲਗੜ੍ਹ (ਮਾਨਸਾ) ਆਦਿ ਜਿਲ੍ਹਿਆਂ ਦੇ ਪਿੰਡਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਰੋਸ ਮੁਜ਼ਾਹਰੇ ਅਤੇ ਅਰਥੀ ਫੂਕ ਪ੍ਰਦਰਸ਼ਨ ਕੀਤੇ ਗਏ । ਇਨ੍ਹਾਂ ਐਕਸ਼ਨਾਂ ਵਿੱਚ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਲਾਗੂ ਕਰਨ ਅਤੇ ਫੀਸ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਗਈ।

See Also

ਬਠਿੰਡਾ ਵਿਖੇ ਨਾਟਕ ਮੇਲਾ
ਦੇਸ਼ ਭਗਤ ਯਾਦਗਾਰੀ ਸੱਭਿਆਚਾਰਕ ਕਮੇਟੀ ਬਠਿੰਡਾ ਵਲੋਂ ਸਥਾਨਕ ਹੋਮਲੈਂਡ ਇਨਕਲੇਵ ਵਿਖੇ ”ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ” ਨੂੰ ਸਮਰਪਿਤ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ । ਸੁਤੰਤਰਤਾ ਸੰਗਰਾਮ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹਾਦਤ ਦਿਵਸ ਮੌਕੇ ਕਰਵਾਏ ਗਏ ਇਸ ਨਾਟਕ ਮੇਲੇ ਵਿੱਚ ”ਚੰਡੀਗੜ੍ਹ ਸਕੂਲ ਆੱਫ ਡਰਾਮਾ” ਦੀ ਟੀਮ ਵੱਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾਂ ਹੇਠ ਹੇਠ ”ਇਹ ਲਹੂ ਕਿਸਦਾ ਹੈ?” ਅਤੇ ”ਮਿੱਟੀ ਰੁਦਨ ਕਰੇ” ਨਾਟਕ ਪੇਸ਼ ਕੀਤੇ ਗਏ। ਗਗਨਦੀਪ ਸਰਦੂਲਗੜ੍ਹ, ਮੇਜਰ ਸਿੰਘ ਦਾਦੂ, ਅਮ੍ਰਿਤ ਪਾਲ ਬਾਂਸਲ ਵਲੋਂ ਲੋਕ ਪੱਖੀ ਗੀਤ/ਨਜ਼ਮਾਂ ਪੇਸ਼ ਕੀਤੇ ਗਏ।
ਇਸ ਮੌਕੇ ਹਾਜਰੀਨ ਸਨਮੁੱਖ ਆਪਣੇ ਵਿਚਾਰ ਰਖਦਿਆਂ ਕਮੇਟੀ ਦੇ ਸਰਪ੍ਰਸਤ ਸਾਥੀ ਮਹੀਪਾਲ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗਦਰ ਲਹਿਰ ਦੇ ਹੋਰਨਾਂ ਸ਼ਹੀਦਾਂ ਅਤੇ ਜਲਿਆਂਵਾਲਾ ਬਾਗ ਸ਼ਹੀਦੀ ਸਾਕੇ ‘ਚ ਜਾਨਾਂ ਕੁਰਬਾਨ ਕਰਨ ਵਾਲੇ ਸੁਤੰਤਰਤਾ ਸੰਗਰਾਮੀਆਂ ਨੂੰ ਅਕੀਦਤ ਭੇਂਟ ਕਰਦਿਆਂ ਬਾਬਾ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਮਾਨਵਤਾਵਾਦੀ ਸਰੋਕਾਰਾਂ ਨੂੰ ਜੀਵਨ ਜਾਚ ਬਨਾਉਣ ਦਾ ਸੱਦਾ ਦਿੱਤਾ । ਕਮੇਟੀ ਦੇ ਚੇਅਰਮੈਨ ਸਾਥੀ ਹਰਚੇਤ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਅਤੇ ਪ੍ਰਧਾਨ ਨਾਇਬ ਸਿੰਘ ਔਲਖ ਨੇ ਸਭਨਾਂ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਕਾਸ਼ ਸਿੰਘ ਨੰਦਗੜ੍ਹ, ਮਲਕੀਤ ਸਿੰਘ ਮਹਿਮਾ ਸਰਜਾ, ਗੁਰਸੇਵਕ ਸਿੰਘ ਹੋਮਲੈਂਡ, ਸੰਪੂਰਨ ਸਿੰਘ, ਸੱਤਪਾਲ ਗੋਇਲ, ਨਛੱਤਰ ਸਿੰਘ ਵਿਰਕ, ਬਲਦੇਵ ਸਿੰਘ, ਗੁਰਜੰਟ ਸਿੰਘ ਘੁੱਦਾ, ਪ੍ਰੇਮ ਕੁਮਾਰ ਬਿਰਲਾ ਆਦਿ ਵੀ ਹਾਜਰ ਸਨ।

ਸਾਥੀ ਟਪਿਆਲਾ ਅਤੇ ਯੁੱਧ ਸਾਥੀਆਂ ਦੀ ਬਰਸੀ ਮਨਾਈ ਗਈ
ਉੱਘੇ ਦੇਸ਼ ਭਗਤ ਅਤੇ ਕਮਿਊਨਿਸਟ ਆਗੂਆਂ ਕਾਮਰੇਡ ਦਲੀਪ ਸਿੰਘ ਟਪਿਆਲਾ, ਫੌਜਾ ਸਿੰਘ ਭੁੱਲਰ, ਹਜ਼ਾਰਾ ਸਿੰਘ ਜੱਸੜ, ਚੰਨਣ ਸਿੰਘ ਭਿੱਟੇਵਿਢ, ਰਾਜੇਸ਼ਵਰ ਸਿੰਘ ਚਮਿਆਰੀ, ਸੁਰਜਣ ਸਿੰਘ ਅਤੇ ਰਤਨ ਸਿੰਘ ਚੋਗਾਵਾਂ, ਗੁਰਦਿਆਲ ਸਿੰਘ ਟਪਿਆਲਾ, ਅੱਤਵਾਦ ਖਿਲਾਫ਼ ਵਿਚਾਰਧਾਰਕ ਸੰਗਰਾਮ ਦੇ ਸ਼ਹੀਦ ਬਰਕਤ ਮਸੀਹ ਮੋਤਲਾ, ਦਿਹਾਤੀ ਮਜ਼ਦੂਰ ਸੰਘਰਸ਼ ਦੇ ਸ਼ਹੀਦ ਸੁਖਦੇਵ ਸਿੰਘ ਸੁੱਖਾ ਅਤੇ ਹੋਰਨਾਂ ਦੇਸ਼ ਭਗਤਾਂ ਦੀ ਯਾਦ ਵਿੱਚ ਵਿਸ਼ਾਲ ਕਾਨਫਰੰਸ ਕਸਬਾ ਅਜਨਾਲਾ ਵਿਖੇ ਕੀਤੀ ਗਈ। ਕਾਨਫਰੰਸ ਦੀ ਪ੍ਰਧਾਨਗੀ ਸਰਵ ਸਾਥੀ ਅਜੀਤ ਕੌਰ ਕੋਟ ਰਜ਼ਾਦਾ, ਅਮਰਜੀਤ ਸਿੰਘ ਭੀਲੋਵਾਲ, ਵਿਰਸਾ ਸਿੰਘ ਟਪਿਆਲਾ, ਸ਼ੀਤਲ ਸਿੰਘ ਤਲਵੰਡੀ, ਸੁਰਜੀਤ ਸਿੰਘ ਦੁੱਧਾਰਾਇ, ਬਲਵੀਰ ਸਿੰਘ ਕੱਕੜ, ਕਸ਼ਮੀਰ ਸਿੰਘ ਬਲੱਗਣ ਵਲੋਂ ਕੀਤੀ ਗਈ। ਇਕੱਤਰ ਲੋਕਾਂ ਵਲੋਂ ਵਿਛੜੇ ਸਾਥੀਆਂ ਦੇ ਅਧੂਰੇ ਕਾਜ ਪੂਰੇ ਕਰਨ ਲਈ ਜੀਵਨ ਲਾਉਣ ਦਾ ਪ੍ਰਣ ਦ੍ਰਿੜਾਇਆ ਗਿਆ। ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਮਿਸਾਲੀ ਰਹਿਬਰਾਂ ਵਲੋਂ ਕਿਰਤੀਆਂ ਦੀ ਬੰਦਖਲਾਸੀ ਦੇ ਸੰਗਰਾਮ ਵਿੱਚ ਪਾਏ ਸ਼ਾਨਾਮੱਤੇ ਯੋਗਦਾਨ ਅਤੇ ਕੁਰਬਾਨੀਆਂ ਨੂੰ ਮਾਣ ਨਾਲ ਯਾਦ ਕਰਦਿਆਂ ਉਨ੍ਹਾਂ ਨੂੰ ਨਮਨ ਕੀਤਾ।
ਇਸ ਮੌਕੇ ਪਾਰਟੀ ਆਗੂਆਂ  ਸਾਥੀ ਗੁਰਨਾਮ ਸਿੰਘ ਦਾਊਦ, ਰਤਨ ਸਿੰਘ ਰੰਧਾਵਾ, ਡਾਕਟਰ ਸਤਨਾਮ ਸਿੰਘ ਅਜਨਾਲਾ, ਬਸਪਾ ਦੇ ਸੀਨੀਅਰ ਆਗੂ ਮਾਸਟਰ ਬਨਵਾਰੀ ਲਾਲ, ਉੱਘੇ ਖੇਤੀ ਵਿਗਿਆਨੀ ਤੇ ਅਰਥ ਸ਼ਾਸਤਰੀ ਤਲਵਿੰਦਰ ਸਿੰਘ, ਗੁਰਬਖਸ਼ ਸਿੰਘ ਪ੍ਰੀਤ ਨਗਰ,  ਸ਼ਿੰਗਾਰਾ ਸਿੰਘ ਪੱਤੀ ਮੁਹਾਰ ਅਤੇ ਹੋਰਨਾਂ ਨੇ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ । ਪਾਰਟੀ ਆਗੂਆਂ ਨੇ ਕਿਹਾ ਕਿ ਵਰਤਮਾਨ ਦੌਰ ਵਿੱਚ ਲੋਕਾਂ ਦੀਆਂ ਮੁਸੀਬਤਾਂ ‘ਚ ਢੇਰਾਂ ਵਾਧਾ ਕਰਨ ਵਾਲੀਆਂ ਨਵਉਦਾਰਵਾਦੀ ਨੀਤੀਆਂ ਤੇ ਫਿਰਕੂ ਫਾਸ਼ੀਵਾਦੀ ਹੱਲਿਆਂ ਖਿਲਾਫ਼ ਸੰਗਰਾਮਾਂ ਦੀ ਸਫਲਤਾ ਹੀ ਦੇਸ਼ ਭਗਤਾਂ ਅਤੇ ਆਪਾ ਵਾਰੂ ਕਮਿਊਨਿਸਟ ਆਗੂਆਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦਾ ਇੱਕੋ ਇੱਕ ਗਰੰਟੀ ਹੈ। ਉਨ੍ਹਾਂ ਪਾਰਟੀ ਸਫਾਂ ਨੂੰ ਲੋਕਾਂ ਦੇ ਰੋਜ਼ੀ-ਰੋਟੀ ਦੇ ਮਸਲਿਆਂ ਦੇ ਸਥਾਈ ਹੱਲ ਅਤੇ ਜਮਹੂਰੀ ਧਰਮਨਿਰਪੱਖ ਅਤੇ ਫੈਡਰਲ ਢਾਂਚੇ ਖਿਲਾਫ਼ ਪਿਛਾਖੜੀ ਹਮਲਿਆਂ ਵਿਰੁੱਧ ਸੰਗਰਾਮਾਂ ਦੀ ਉਸਾਰੀ ਕਰਨ ਦਾ ਸੱਦਾ ਦਿੱਤਾ।
ਹੋਰਨਾਂ ਤੋਂ ਇਲਾਵਾ ਸਰਬਜੀਤ ਕੌਰ ਜਸਰਾਊਰ, ਤਰਲੋਕ ਸਿੰਘ ਰੈਂਅ, ਬਲਕਾਰ ਸਿੰਘ, ਦੇਸਾ ਸਿੰਘ ਭਿੰਡੀ ਸੈਦਾਂ, ਜੱਗਾ ਸਿੰਘ ਡੱਲਾ, ਲੋਕ ਗਾਇਕ ਗੁਰਪਾਲ ਗਿੱਲ, ਸੁਰਜੀਤ ਸਿੰਘ ਭੂਰੇਗਿੱਲ, ਜਗੀਰ ਸਿੰਘ, ਕਰਨੈਲ ਸਿੰਘ, ਜਸਵੀਰ ਸਿੰਘ ਜਸਰਾਊਰ, ਟਹਿਲ ਸਿੰਘ ਚੇਤਨਪੁਰਾ, ਸਤਨਾਮ ਸਿੰਘ ਚੱਕ ਔਲ, ਸਰਪੰਚ ਕੁਲਦੀਪ ਸਿੰਘ ਟਪਿਆਲਾ ਨੇ ਵੀ ਵਿਚਾਰ ਰੱਖੇ।

 

 

 

हरियाणा छात्र यूनियन के आह्वान पर फीस वृद्धि के विरुद्ध संघर्ष
हरियाणा छात्र यूनियन के द्वारा आज अमर रतिया व अमन वर्मा की अध्यक्षता में खालसा त्रिशताब्दी राजकीय महाविद्यालय के गेट पर धरना प्रदर्शन किया गया। छात्रों को संबोधित करते हुए छात्र नेता परविंदर अलिका व अध्यक्ष रवि रतिया ने कहा काफी संघर्षों के बाद हरियाणा सरकार ने फीस वृद्धि का फैसला वापस ले लिया था और प्रेस नोट जारी कर सरकार ने कहा था कि 15 दिनों के अंदर बढ़ी हुई फीस वापस कर दी जाएगी लेकिन 4 महीने बीत जाने के बाद अभी तक फीस वापस नहीं आई है। हम कई बार प्रशासन को ज्ञापन दे चुके हैं लेकिन इसके बावजूद भी भाजपा सरकार व प्रशासन के कान पर जुं नहीं सरक रही। प्रशासन भी टालमटोल कर रहा है आश्वासन के सिवा अभी तक कुछ नहीं मिला यह सरकार लगातार फीस वृद्धि को लेकर संघर्ष कर रहे  विद्यार्थियों पर लाठी चार्ज कर कर आवाज को दबाना चाहती है चाहे वह जवाहरलाल नेहरू यूनिवर्सिटी दिल्ली की घटना हो चाहे अन्य विश्वविद्यालयों की घटनाएं हों। मौजूदा सरकार शिक्षा न देकर पाखंडवाद को बढ़ावा दे रही है  शिक्षा का निजीकरण कर कारपोरेट घरानों के हवाले सौंप रही है तथा गरीब व निचले तबके के विद्यार्थियों  शिक्षा ना देकर अपनी रैलियों की भीड़ बनाना चाहती है। इसलिए भाजपा सरकार द्वारा  जवाहरलाल नेहरू यूनिवर्सिटी दिल्ली में फीस वृद्धि को लेकर शांतिपूर्वक संघर्ष कर रहे विद्यार्थियों  पर किए गए लाठीचार्ज का  हरियाणा छात्र यूनियन विरोध करती है एवं इसकी कड़ी निंदा करती है। आज प्रदर्शन कर प्रशासन को चेतावनी दी गई अगर इसके बावजूद 2 दिन के अंदर फीस वापस नहीं आती है तो भाजपा सरकार का पूरे बाजार में जनाजा निकाला जाएगा। हरविंदर रतिया, गुरदास सिधानी, शुभम, संदीप, सुशील मंजीत, बलजिंदर, गोपाल, गोविंद,  हिमांशु, सलामदिन कुलदीप, सनी, परविंदर कौर, सुखबीर कौर, मंजू, गुरप्रीत, पार्वती व अन्य ने भी विचार व्यक्त किये।

रतिया में श्री गुरू नानक देव जी के 550वें प्रकाशोत्सव के समर्पित गोष्ठी
शहीद भगत सिंह नौजवान सभा एवं हरियाणा छात्र यूनियन द्वारा, रतिया (हरियाणा) में श्री गुरू नानक देव जी के 550वें प्रकाश उत्सव को समर्पित विचार गोष्टी का आयोजन किया गया। इस अवसर पर सुप्रसिद्ध विद्वान एवं फिल्म निर्देशक सतनाम सिंह चाना ने मुख्य भाषण दिया। उन्होंने कहा कि गुरू जी द्वारा अपनी वाणी में कही गई बातें आज एवं भविष्य में सामाजिक परिवर्तन के संघर्ष में हमारा मार्गदर्शन करने योग्य है। स्त्रियों, दलितों, शोषितों के हक में कहे गये उनके शब्द आज भी प्रासंगिक है। इतना ही नहीं उनकी वाणी हमें अंधविश्वासों एवं कर्मकांड से भी मुक्ति दिलाने में सक्षम है। इस अवसर पर जनतात्रिक आंदोलन की राष्ट्रीय विभूति साथी मंगत राम पासला ने भी वकत्व्य दिया। उन्हों जन्म तथा आर्थिक आधार पर भेदभाव को गुरू नानक द्वारा खंडन किये जाने को आज की परिस्थितियों में लागू करने पर बल दिया।

Scroll To Top