Now Reading
ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਜੁਲਾਈ 2019)

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਜੁਲਾਈ 2019)

ਬਾਲੜੀਆਂ ਨਾਲ ਦਰਿੰਦਗੀ ਦੀਆਂ ਵਾਰਦਾਤਾਂ ਖਿਲਾਫ਼ ਮੁਜ਼ਾਹਰੇ
ਅਲੀਗੜ੍ਹ, ਉੱਤਰ ਪ੍ਰਦੇਸ਼ ਵਿਖੇ ਤਿੰਨ ਵਰ੍ਹਿਆਂ ਦੀ ਮਾਸੂਮ ਬੱਚੀ ਨਾਲ ਦਰਦਨਾਕ ਦੁਰਾਚਾਰ ਤੋਂ ਬਾਅਦ ਕੀਤੇ ਗਏ ਵਹਿਸ਼ੀਆਨਾ ਕਤਲ ਵਿਰੁੱਧ ਜਲੰਧਰ ਵਿਖੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ । ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ)ਦੀ ਜਲੰਧਰ ਤਹਿਸੀਲ ਕਮੇਟੀ ਵੱਲੋਂ ਕੀਤੇ ਗਏ ਉਪਰੋਕਤ ਰੋਸ ਮੁਜ਼ਾਹਰੇ ਵਿੱਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਵੀ ਸ਼ਾਮਲ ਹੋਏ । ਪਾਰਟੀ ਕਾਰਕੁੰਨਾਂ ਤੋਂ ਇਲਾਵਾ ਸਾਥੀ ਕੰਚਨ ਸਿੰਘ,  ਪਾਰਵਤੀ , ਭੋਲਾ ਪ੍ਰਸ਼ਾਦ, ਸਤੀਸ਼ ਯਾਦਵ, ਮੀਨਾ , ਮੀਰਾ ਦੀ ਅਗਵਾਈ ਵਿੱਚ ਜਨਵਾਦੀ ਇਸਤਰੀ ਸਭਾ ਦੀਆਂ ਭਾਰੀ ਗਿਣਤੀ ਵਰਕਰਾਂ ਵੀ ਮੁਜਾਹਰੇ ਵਿੱਚ ਸ਼ਾਮਲ ਹੋਈਆਂ । ਰੋਸ ਪ੍ਰਦਰਸ਼ਨ ਮੁਹੱਲਾ ਸੰਤੋਖਪੁਰਾ ਤੋਂ ਸ਼ੁਰੂ ਹੋ ਕੇ ਵੱਖੋ – ਵੱਖ ਆਬਾਦੀਆਂ ਵਿੱਚ ਦੀ ਹੁੰਦਾ ਹੋਇਆ ਸੀ ਟੀ ਯੂ ਦਫਤਰ ਵਿਖੇ ਪੁੱਜ ਕੇ ਸੰਪੰਨ ਹੋਇਆ ਜਿੱਥੇ ਪਾਰਟੀ ਦੀ ਜਲੰਧਰ ਤਹਿਸੀਲ ਪ੍ਰਧਾਨ ਸਾਥੀ ਹਰੀ ਮੁਨੀ ਸਿੰਘ ਅਤੇ ਸਕੱਤਰ ਸਾਥੀ ਰਾਮ ਕਿਸ਼ਨ ਨੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੇ ਸਭਨਾਂ ਦਾ ਪਾਰਟੀ ਵਲੋਂ ਧੰਨਵਾਦ ਕੀਤਾ । ਮੁਜ਼ਾਹਰਾਕਾਰੀ ਇਸਤਰੀ ਪੁਰਸ਼ਾਂ ਦੇ ਹੱਥਾਂ ਵਿੱਚ ਮਾਸੂਮ ਬੱਚੀ ਦੇ ਕਾਤਲਾਂ ਅਤੇ ਦੁਰਾਚਾਰੀਆਂ ਨੂੰ ਸਖ਼ਤ, ਮਿਸਾਲੀ ਸਜਾਵਾਂ ਦੇਣ ਦੀ ਮੰਗ ਕਰਦੀਆਂ ਤਖਤੀਆਂ ਫੜੀਆਂ ਹੋਈਆਂ ਸਨ । ਮੁਜ਼ਾਹਰਾਕਾਰੀ ਕਤਲਾਂ,  ਦੁਰਾਚਾਰ ਦੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਸਿਆਸੀ ਆਗੂਆਂ, ਪੁਲਸ-ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਹੋਰ ਬਾਰਸੂਖ ਵਿਅਕਤੀਆਂ ਵਿਰੁੱਧ ਵੀ ਕਾਰਵਾਈ ਦੀ ਮੰਗ ਕਰ ਰਹੇ ਸਨ ।
ਮੁਜਾਹਰਾ ਸ਼ੁਰੂ ਹੋਣ ਤੋਂ ਪਹਿਲਾਂ ਇਕੱਤਰ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ‘ਮੰਨੂਵਾਦ ਦੀ ਪੁੱਠ ਚੜ੍ਹਿਆ ਨਿਘਾਰਗ੍ਰਸਤ ਪੂੰਜੀਵਾਦੀ ਸੱਭਿਆਚਾਰ ਉਪਰੋਕਤ ਕਿਸਮ ਦੀਆਂ ਹਿਰਦੇਵੇਧਕ ਘਟਨਾਵਾਂ ਲਈ ਜਿੰਮੇਵਾਰ ਪ੍ਰਮੁਖ ਕਾਰਨ ਹੈ ।ਉਨ੍ਹਾਂ ਕਿਹਾ ਕਿ ਭਾਰਤੀ ਉਪ ਮਹਾਂਦੀਪ ਨਾਲ ਸਬੰਧਤ ਦੇਸ਼ਾਂ,  ਖਾਸ ਕਰਕੇ ਭਾਰਤ ਵਿੱਚ ਲੋਕਾਂ ਦੀ ਸੋਚ ਵਿੱਚ ਘਰ ਕਰ ਚੁੱਕੀ ਮਨਹੂਸ ਪਿੱਤਰਸੱਤਾਵਾਦੀ ਮਾਨਸਿਕਤਾ ਵੀ ਅਜਿਹੀਆਂ ਸਿਰੇ ਦੀਆਂ ਘਿਰਣਾਯੋਗ ਅਪਰਾਧਾਂ ਪਿਛਲਾ ਕੁਲਹਿਣਾ ਵਰਤਾਰਾ ਹੈ । ਉਨ੍ਹਾਂ ਪੰਜਾਬ ਸਮੇਤ ਸਾਰੇ ਦੇਸ਼ ਵਿੱਚ ਜੋਰ ਫੜਦੀਆਂ ਜਾ ਰਹੀਆਂ ਅਜਿਹੇ ਘਿਨਾਉਣੀਆਂ ਵਾਰਦਾਤਾਂ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਦੋਸ਼ ਲਾਇਆ ਕਿ ਪੂੰਜੀਵਾਦੀ ਵਰਗਾਂ ਦੀਆਂ ਪ੍ਰਤੀਨਿਧ ਸਾਰੀਆਂ ਹੀ ਪਾਰਟੀਆਂ ਵਿੱਚ ਅਜਿਹੇ ਨਿਖੇਧੀ ਜਨਕ ਅਪਰਾਧਾਂ ਦੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੀ ਭਰਮਾਰ ਹੈ । ਉਨ੍ਹਾਂ ਅਜਿਹੇ ਸਭਿਅਤਾ ਵਿਰੋਧੀ ਅਪਰਾਧਾਂ ਦੇ ਜਿੰਮੇਵਾਰਾਂ ਦੇ ਕਾਨੂੰਨ ਦੀਆਂ ਕਮਜੋਰੀਆਂ/ਸੀਮਾਵਾਂ ਦਾ ਲਾਭ ਲੈਂਦਿਆਂ ਸਜਾਵਾਂ ਤੋਂ ਬਚ ਨਿਕਲਣ ਦੇ ਰੁਝਾਨ ‘ਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ । ਉਨ੍ਹਾਂ ਅਜਿਹੇ ਘਟੀਆ ਅਪਰਾਧਾਂ ਨੂੰ ਫਿਰਕੂ ਰੰਗਤ ਦੇਣ ਵਾਲਿਆਂ ਦੀ  ਜੋਰਦਾਰ ਨਿਖੇਧੀ ਕੀਤੀ ਆਵਾਮ ਨੂੰ ਇਨ੍ਹਾਂ ਤੋਂ ਸੁਚੇਤ ਹੋਣ ਦੀ ਅਪੀਲ ਕਰਦਿਆਂ ਅਜਿਹੇ ਘਿਨਾਉਣੇ ਅਪਰਾਧਾਂ ਵਿਰੁੱਧ ਸੰਗਰਾਮਾਂ ਵਿੱਚ ਨਿੱਤਰਨ ਦਾ ਸੱਦਾ ਦਿੱਤਾ ।  ਇਸ ਮੌਕੇ ਸੀਨੀਅਰ ਪਾਰਟੀ ਆਗੂ ਸ਼ੰਭੂ ਚੌਹਾਨ ਨੇ ਐਲਾਨ ਕੀਤਾ ਕਿ ਉਕਤ ਪਰਦਰਸ਼ਨ ਸ਼ਹਿਰ ਦੇ ਬਾਕੀ ਮੁਹੱਲਿਆਂ ਵਿੱਚ ਵੀ ਜਾਰੀ ਰੱਖੇ ਜਾਣਗੇ ।
ਲੁਧਿਆਣਾ : ਛੋਟੀਆਂ ਬੱਚੀਆਂ ਤੇ ਔਰਤਾਂ ਉਤੇ ਹੋ ਰਹੇ ਜਿਣਸੀ , ਮਾਨਸਿਕ ਤੇ ਸਰੀਰਕ ਹਮਲਿਆਂ ਅਤੇ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਦੇ ਖ਼ਿਲਾਫ਼ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਰੈਲੀ ਤੇ ਰੋਸ ਮਾਰਚ ਕੀਤਾ । ਰੈਲੀ ਨੂੰ ਸੰਬੋਧਨ ਕਰਦਿਆਂ ਉੱਘੇ ਬੁੱਧੀਜੀਵੀ ਪ੍ਰੋ. ਜੈਪਾਲ ਸਿੰਘ , ਰਘਵੀਰ ਸਿੰਘ ਬੈਨੀਪਾਲ ਅਤੇ ਮੈਡਮ ਸੁਰਿੰਦਰ ਜੈਪਾਲ ਨੇ ਕਿਹਾ ਕਿ ਛੋਟੀਆਂ ਬੱਚੀਆਂ , ਔਰਤਾਂ ਅਤੇ ਛੋਟੇ ਮੁੰਡਿਆਂ ‘ਤੇ ਹੋ ਰਹੇ ਜਿਣਸੀ ਹਮਲੇ ਸਾਡੇ ਸਮਾਜ ਲਈ ਸ਼ਰਮ ਦੀ ਗੱਲ ਹੈ । ਇਹ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਹਨ । ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ । ਪਰ ਕੇਂਦਰ ਤੇ ਸੂਬਾ ਸਰਕਾਰਾਂ ਦੀ ਸੰਜੀਦਗੀ ਦੀ ਘਾਟ ਕਾਰਨ ਇਸ ਤਰਾਂ ਦੇ ਦੋਸ਼ੀ ਸਜ਼ਾ ਤੋਂ ਬੱਚ ਜਾਂਦੇ ਹਨ । ਜਿਸ ਕਰਕੇ ਦੋਸ਼ੀਆਂ ਦੇ ਹੌਸਲੇ ਵੱਧ ਜਾਂਦੇ ਹਨ । ਉਹਨਾਂ ਅਲੀਗੜ੍ਹ ਦੀ ਘਟਨਾ ਨੂੰ ਵੀ ਏਸੇ ਕੜੀ ਦਾ ਹਿੱਸਾ ਦੱਸਿਆ । ਇਸ ਤਰਾਂ ਦੀਆ ਘਟਨਾਵਾਂ ਰੋਕਣ ਲਈ ਮਿਹਨਤਕਸ਼ ਲੋਕਾਂ ਨੂੰ ਜਥੇਬੰਦ ਹੋ ਕੇ ਸਰਕਾਰ ਤੇ ਪ੍ਰੈਸ਼ਰ ਪਾਉਣਾ ਚਾਹੀਦਾ ਹੈ ਤਾਂ ਜੋ ਇਹ ਘਟਨਾਵਾਂ ਰੁਕ ਸਕਣ ।
ਜੇ.ਪੀ.ਐਮ.ਓ. ਆਗੂਆਂ ਪਰਮਜੀਤ ਸਿੰਘ ਲੁਧਿਆਣਾ, ਜਗਤਾਰ ਸਿੰਘ ਚਕੌਹੀ, ਅਮਰਜੀਤ ਸਿੰਘ ਮੱਟੂ, ਕਾਮਰੇਡ ਘਨਸ਼ਾਮ, ਅਸ਼ੋਕ ਕੁਮਾਰ , ਹਰਨੇਕ ਸਿੰਘ ਗੁੱਜਰਵਾਲ, ਗੁਰਦੀਪ ਸਿੰਘ ਕਲਸੀ, ਚਰਨਜੀਤ ਸਿੰਘ ਹਿਮਾਯੂਪੁੱਰ, ਹਰਬੰਸ ਸਿੰਘ ਲੋਹਟਬੰਦੀ, ਮਹਿੰਦਰ ਸਿੰਘ ਅੱਚਰਵਾਲ , ਸੁਰਜੀਤ ਸਿੰਘ ਸੀਲੋਂ, ਮੇਵਾ ਸਿੰਘ ਖਾਨਪੁੱਰ, ਬੱਗਾ ਸਿੰਘ, ਗੁਰਚਰਨ ਸਿੰਘ ਕਾਲਖ, ਦਵਿੰਦਰ ਸਿੰਘ ਰਾਣਾ ਲਤਾਲਾ, ਬਲਦੇਵ ਸਿੰਘ ਧੂਰਕੋਟ ਆਦਿ ਨੇ ਇਸ ਰੈਲੀ ਤੇ ਮਾਰਚ ਦੀ ਅਗਵਾਈ ਕੀਤੀ । ਇਹ ਮਾਰਚ ਡੀ ਸੀ ਲੁਧਿਆਣਾ ਦੇ ਦਫਤਰ ਦੇ ਸਾਹਮਣੇ ਜਾ ਕੇ ਸਮਾਪਤ ਹੋਇਆਂ।

ਮਨਰੇਗਾ ਵਰਕਰਜ਼ ਯੂਨੀਅਨ ਵਲੋਂ ਬਲਾਕਾਂ ਅੰਦਰ ਰੈਲੀਆਂ ਅਤੇ ਰੋਸ ਪ੍ਰਦਰਸ਼ਨ
ਮਗਨਰੇਗਾ ਵਰਕਰਜ਼ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ 31 ਮਈ 2019 ਨੂੰ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਰਜੀਤ ਕੌਰ ਦੀ ਪ੍ਰਧਾਨਗੀ ਹੇਠ ਮੁਲਾਜ਼ਮ ਭਵਨ ਵਿਖੇ ਹੋਈ ਜਿਸ ਵਿਚ ਜਿਲ੍ਹਾ ਕਮੇਟੀ ਮੈਂਬਰ ਅਤੇ ਬਲਾਕ ਆਗੂ ਸ਼ਾਮਲ ਹੋਏ। ਇਸ ਮੀਟਿੰਗ ਵਿਚ ਜਥੇਬੰਦੀ ਦੇ ਮੁੱਖ ਸਲਾਹਕਾਰ ਪ੍ਰਿੰਸੀਪਲ ਪਿਆਰਾ ਸਿੰਘ ਪਰਖ, ਪ.ਸ.ਸ.ਫ. ਦੇ ਪ੍ਰਧਾਨ ਸਤੀਸ਼ ਰਾਣਾ ਅਤੇ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਪੰਮਾ ਵੀ ਹਾਜ਼ਰ ਸਨ। ਮੀਟਿੰਗ ਵਿਚ ਮਨਰੇਗਾ ਵਰਕਰਾਂ ਦੀ ਦਿਹਾੜੀ 500 ਰੁਪਏ ਕਰਨ, ਸਾਲ ਦੇ 365 ਦਿਨ ਕੰਮ ਦੇਣ, ਕੰਮ ਨਾ ਮਿਲਣ ਦੀ ਸੂਰਤ ਵਿਚ ਬਣਦਾ ਭੱਤਾ ਦੇਣ, ਵਰਕਰਾਂ ਦਾ ਮੁਫ਼ਤ ਬੀਮਾ ਕਰਨ, ਕੰਮ ਵਾਲੀ ਥਾਂ ਫਸਟ ਏਡ ਲਈ ਲੋੜੀਂਦੀ ਮੈਡੀਕਲ ਸਹਾਇਤਾ ਦਾ ਪ੍ਰਬੰਧ ਕਰਨ, ਪੀਣ ਵਾਲੇ ਪਾਣੀ ਆਦਿ ਦਾ ਪ੍ਰਬੰਧ ਕਰਨ, ਮੇਹਟਾਂ ਨੂੰ ਵਾਧੂ ਕੰਮ ਲਈ ਵਾਧੂ ਭੱਤਾ ਦੇਣ ਆਦਿ ਮੰਗਾਂ ਲਈ ਸੰਘਰਸ਼ ਸ਼ੁਰੂ ਕਰਨ ‘ਤੇ ਵਿਚਾਰ ਕੀਤਾ ਗਿਆ। ਮੀਟਿੰਗ ਵਿਚ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਅਨੇਕ ਥਾਵਾਂ ‘ਤੇ ਨਵੇਂ ਚੁਣੇ ਸਰਪੰਚ ਮੇਹਟਾਂ ਨੂੰ ਹਟਾ ਕੇ ਆਪਣੀ ਮਰਜ਼ੀ ਦੇ ਮੇਹਟ ਲਗਾ ਰਹੇ ਹਨ। ਮੀਟਿੰਗ ਵਿਚ ਸਰਵਸੰਮਤੀ ਨਾਲ ਇਸ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਇਸ ਦੇ ਨਾਲ ਨਾਲ ਉਪਰੋਕਤ ਹੋਰ ਮੰਗਾਂ ਲਈ ਡੀ.ਸੀ. ਨੂੰ ਮਿਲਣ ਅਤੇ ਬਲਾਕਾਂ ਦੇ ਬੀ.ਡੀ.ਪੀ.ਓ. ਨੂੰ ਮੰਗ ਪੱਤਰ ਉਪਰੰਤ ਹੇਠ ਲਿਖੇ ਅਨੂਸਾਰ ਬੀ.ਡੀ.ਪੀ.ਓ. ਦਫਤਰਾਂ ਸਾਹਮਣੇ ਰੋਸ ਰੈਲੀਆਂ/ਰੋਸ ਪ੍ਰਦਰਸ਼ਨ ਕੀਤੇ ਗਏ ਹਨ :
1. ਮਾਹਿਲਪੁਰ : ਪਸਸਫ ਦੇ ਆਗੂ ਮਲਕੀਤ ਸਿੰਘ ਅਤੇ ਮਨਰੇਗਾ ਵਰਕਰਜ਼ ਯੂਨੀਅਨ ਦੇ ਮੁੱਖ ਸਲਾਹਕਾਰ ਪ੍ਰਿੰ. ਪਿਆਰਾ ਸਿੰਘ ਦੀ ਅਗਵਾਈ ਵਿਚ 18 ਜੂਨ ਨੂੰ ਵਿਸ਼ਾਲ ਰੈਲੀ ਕਰਨ ਤੋਂ ਬਾਅਦ ਸੜਕਾਂ ‘ਤੇ ਰੋਸ ਮਾਰਚ ਵੀ ਕੀਤਾ ਗਿਆ। ਇਸ ਰੈਲੀ ਨੂੰ ਪ੍ਰਿੰਸੀਪਲ ਪਿਆਰਾ ਸਿੰਘ , ਮੱਖਣ ਲੰਗੇਰੀ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ ਅਤੇ ਐਲਾਨ ਕੀਤਾ ਕਿ ਸਰਪੰਚਾਂ ਵਲੋਂ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮੇਹਟਾਂ ਨੂੰ ਪਿੰਡ ਪਹਿਲਾਂ ਵਾਲੇ ਅਹੁਦੇ ‘ਤੇ ਰੱਖਵਾਉਣ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਤਲਵਾੜਾ : 19 ਜੂਨ ਨੂੰ ਮਨਰੇਗਾ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਪਰਮਜੀਤ ਪੰਮਾ ਅਤੇ ਪਸਸਫ ਬਲਾਕ ਤਲਵਾੜਾ ਦੇ ਜਨਰਲ ਸਕੱਤਰ ਅਤੇ ਯੂਨੀਅਨ ਦੇ ਸਲਾਹਕਾਰ ਸ਼ਿਵ ਕੁਮਾਰ ਦੀ ਅਗਵਾਈ ਵਿਚ ਬੀ.ਡੀ.ਪੀ.ਓ. ਦਫਤਰ ਸਾਹਮਣੇ ਵਿਸ਼ਾਲ ਰੈਲੀ ਕੀਤੀ ਗਈ, ਜਿਸਨੂੰ ਉਪਰੋਕਤ ਤੋਂ ਇਲਾਵਾ ਬਲਕਾਰ ਸਿੰਘ, ਸੋਹਣ ਸਿੰਘ, ਦਵਿੰਦਰ ਸਿੰਘ, ਅੰਜੂ ਸ਼ਰਮਾ, ਬਲਵਿੰਦਰ ਕੌਰ, ਰਜਨੀ ਬਾਲਾ ਅਤੇ ਪੈਨਸ਼ਨਰ ਆਗੂ ਸ. ਜੁਗਰਾਜ ਸਿੰਘ ਨੇ ਸੰਬੋਧਨ ਕੀਤਾ। ਬੀ.ਡੀ.ਪੀ.ਓ. ਨੇ ਮੌਕੇ ‘ਤੇ ਗੱਲਬਾਤ ਦਾ ਸੱਦਾ ਦਿੱਤਾ ਅਤੇ ਗੱਲਬਾਤ ਵਿਚ ਕੱਢੇ ਜਾ ਰਹੇ ਮੇਹਟਾਂ ਨੂੰ ਮੁੜ ਰਖਵਾਉਣ ਅਤੇ ਮੰਗ ਪੱਤਰ ਉਚ ਅਧਿਕਾਰੀਆਂ ਨੂੰ ਭੇਜਣ ਦਾ ਭਰੋਸਾ ਦਿੱਤਾ।
ਦਸੂਹਾ : 19 ਜੂਨ ਨੂੰ ਮਨਰੇਗਾ ਵਰਕਰਜ਼ ਯੂਨੀਅਨ ਬਲਾਕ ਦਸੂਹਾ ਵਲੋਂ ਪਾਂਡਵ ਤਲਾਬ ‘ਤੇ ਰੈਲੀ ਕੀਤੀ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀ.ਡੀ.ਪੀ.ਓ. ਦਸੂਹਾ ਨੇ 18 ਜੂਨ ਨੂੰ ਲਿਖਤੀ ਪੱਤਰ ਜਾਰੀ ਕਰਕੇ ਯੂਨੀਅਨ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। 19 ਜੂਨ ਦੀ ਰੈਲੀ ਨੂੰ ਬਲਾਕ ਦੇ ਪਸਸਫ ਆਗੂ ਸ਼ਾਂਤੀਸਰੂਪ, ਜਨਰਲ ਸਕੱਤਰ, ਕੁਲਵੰਤ ਸਿੰਘ ਜਲੋਟਾ, ਰਕਸ਼ਾ ਦੇਵੀ ਨੇ ਸੰਬੋਧਨ ਕੀਤਾ।
ਹੁਸ਼ਿਆਰਪੁਰ ਬਲਾਕ-1 : ਮਿਤੀ 20 ਜੂਨ ਨੂੰ ਯੂਨੀਅਨ ਦੀ ਬਲਾਕ ਪ੍ਰਧਾਨ ਜਸਵੀਰ ਕੌਰ ਦੀ ਅਗਵਾਈ ਵਿਚ ਵਿਸ਼ਾਲ ਰੋਸ ਰੈਲੀ ਕੀਤੀ ਗਈ। ਵਰਕਰਾਂ ਦੇ ਰੋਸ ਨੂੰ ਵੇਖਦੇ ਹੋਏ ਬੀ.ਡੀ.ਪੀ.ਓ. ਨੇ ਮੌਕੇ ‘ਤੇ ਹੀ ਆਗੂਆਂ ਨੂੰ ਬੁਲਾ ਕੇ ਮੰਗ ਪੱਤਰ ‘ਤੇ ਗੱਲਬਾਤ ਕੀਤੀ ਅਤੇ ਫੈਸਲਾ ਹੋਇਆ ਕਿ ਬੀ.ਡੀ.ਪੀ.ਓ. ਦੋ ਜੁਲਾਈ ਨੂੰ ਸੰਬੰਧਤ ਸਰਪੰਚਾਂ ਨੂੰ ਜਿਹਨਾਂ ਨੇ ਮੇਹਟਾਂ ਨੂੰ ਹਟਾਇਆ ਹੈ, ਨੂੰ ਬੁਲਾ ਕੇ ਮੇਹਟਾਂ ਨੂੰ ਬਹਾਲ ਕਰਵਾਇਆ ਜਾਵੇਗਾ। ਜਿਹਨਾਂ ਵਰਕਰਾਂ ਨੂੰ ਮਿਹਨਤਾਨਾ ਨਹੀਂ ਮਿਲਿਆ, ਜਾਂਚ ਕਰਕੇ ਉਨ੍ਹਾਂ ਦਾ ਮਿਹਨਤਾਨਾ ਦਿੱਤਾ ਜਾਵੇਗਾ। ਰੋਸ ਰੈਲੀ ਨੂੰ ਜਥੇਬੰਦੀ ਦੇ ਮੁਖ ਸਲਾਹਕਾਰ ਪ੍ਰਿੰਸੀਪਲ ਪਿਆਰਾ ਸਿੰਘ ਅਤੇ ਅਨਿਲ ਕੁਮਾਰ, ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਪੈਨਸ਼ਨਰ ਆਗੂ ਬਲਵੀਰ ਸੈਨੀ ਤੋਂ ਇਲਾਵਾ ਮਨਰੇਗਾ ਵਰਕਰਾਂ ਦੇ ਆਗੂਆਂ ਸਤਨਾਮ ਕੌਰ, ਇੰਦਰਜੀਤ ਕੌਰ, ਗੁਰਜੀਤ ਕੌਰ, ਬਲਰਾਜ ਸਿੰਘ, ਅਸ਼ੋਕ ਕੁਮਾਰ, ਸੁਦੇਸ਼ ਕੁਮਾਰੀ, ਰਜਨੀ, ਸ਼ਰਨਜੀਤ, ਰਣਜੀਤ ਕੌਰ, ਬਬਲੀ, ਬਿਮਲਾ ਦੇਵੀ ਅਤੇ ਸਿਮਹੋ ਨੇ ਵੀ ਸੰਬੋਧਨ ਕੀਤਾ।
ਹੁਸ਼ਿਆਰਪੁਰ ਬਲਾਕ-2 : ਮਿਤੀ 21 ਜੂਨ ਨੂੰ ਹੁਸ਼ਿਆਰਪੁਰ ਬਲਾਕ-2 ਦੇ ਮਨਰੇਗਾ ਵਰਕਰਾਂ ਵਲੋਂ ਪ੍ਰਧਾਨ ਇੰਦਰਜੀਤ ਕੌਰ ਦੀ ਪ੍ਰਧਾਨਗੀ ਹੇਠ ਬੀ.ਡੀ.ਪੀ.ਓ ਬਲਾਕ-2 ਹੁਸ਼ਿਆਰਪੁਰ ਦੇ ਦਫਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਬੀ.ਡੀ.ਪੀ.ਓ. ਨੇ ਮੌਕੇ ‘ਤੇ ਆਗੂਆਂ ਨੂੰ ਬੁਲਾ ਕੇ ਕੱਢੇ ਮੇਹਟਾਂ ਨੂੰ ਬਹਾਲ ਕਰਵਾਉਣ ਦਾ ਭਰੋਸਾ ਦਿੱਤਾ। ਰੈਲੀ ਨੂੰ ਜਥੇਬੰਦੀ ਦੇ ਸਲਾਹਕਾਰ ਅਨਿਲ ਕੁਮਾਰ, ਪਸਸਫ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਪੈਨਸ਼ਨਰ ਆਗੂ ਬਲਵੀਰ ਸੈਣੀ, ਮਨਰੇਗਾ ਵਰਕਰਾਂ ਦੇ ਆਗੂ ਪ੍ਰਧਾਨ ਇੰਦਰਜੀਤ ਕੌਰ, ਸਕੱਤਰ ਮਹਿੰਦਰਪਾਲ, ਸੁਖਵਿੰਦਰ ਕੌਰ, ਬਿਮਲਾ ਰਾਣੀ, ਕਮਲਜੀਤ ਕੌਰ, ਸਰਵਜੀਤ ਕੌਰ, ਰਾਜਰਾਣੀ, ਦਰਸ਼ਨਾਂ ਦੇਵੀ, ਰਾਮਜੀ, ਪੁਸ਼ਪਾ ਦੇਵੀ ਅਤੇ ਸੁਰਿੰਦਰ ਪਾਲ ਨੇ ਵੀ ਸੰਬੋਧਨ ਕੀਤਾ।
ਬਲਾਕ ਹਾਜ਼ੀਪੁਰ : ਬਲਾਕ ਪ੍ਰਧਾਨ ਬਲਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਬਲਾਕ ਦੇ ਮਨਰੇਗਾ ਵਰਕਰਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਬੀ.ਡੀ.ਪੀ.ਓ. ਦਫਤਰ ਸਾਹਮਣੇ ਧਰਨਾ ਦਿੱਤਾ ਅਤੇ ਰੋਸ ਰੈਲੀ ਕੀਤੀ ਅਤੇ ਆਪਣੀਆਂ ਹੋਰ ਮੰਗਾਂ ਦੇ ਨਾਲ ਨਾਲ ਸਰਪੰਚਾਂ ਵਲੋਂ ਕੱਢੇ ਗਏ ਮੇਹਟਾਂ ਨੂੰ ਮੁੜ ਰੱਖਣ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਰੈਲੀ ਨੂੰ ਜ਼ਿਲ੍ਹਾ ਜਨਰਲ ਸਕੱਤਰ ਪਰਮਜੀਤ ਪੰਮਾਂ, ਬਲਾਕ ਪ੍ਰਧਾਨ ਬਲਵਿੰਦਰ ਕੌਰ, ਬਲਾਕ ਸਕੱਤਰ ਅਨੀਤਾ, ਬਲਕਾਰ ਸਿੰਘ, ਰਜਨੀ ਦੇਵੀ, ਪਰਮਜੀਤ ਕੌਰ, ਮਮਤਾ, ਰਾਜਕੁਮਾਰ, ਸੁਨੀਲ ਕੁਮਾਰ, ਮੀਨਾ ਸੈਣੀ, ਸਤਪਾਲ, ਨੀਨਾ ਅਤੇ ਜਥੇਬੰਦੀ ਦੇ ਸਲਾਹਕਾਰ ਸ਼ਿਵ ਕੁਮਾਰ ਨੇ ਵੀ ਸੰਬੋਧਨ ਕੀਤਾ।
ਬਲਾਕ ਭੂੰਗਾ : 24 ਜੂਨ ਨੂੰ ਬਲਾਕ ਦੇ ਮਨਰੇਗਾ ਵਰਕਰਾਂ ਵਲੋਂ ਵਿਸ਼ਾਲ ਰੋਸ ਰੈਲੀ ਕੀਤੀ ਗਈ ਅਤੇ ਆਪਣੀਆਂ ਹੋਰ ਮੰਗਾਂ ਦੇ ਨਾਲ ਨਾਲ ਸਰਪੰਚਾਂ ਵਲੋਂ ਕੱਢੇ ਗਏ ਮੇਹਟਾਂ ਨੂੰ ਮੁੜ ਬਹਾਲ ਕਰਨ ਸਬੰਧੀ ਮੰਗ ਕੀਤੀ ਗਈ। ਇਸ ਰੈਲੀ ਨੂੰ ਸਥਾਨਕ ਆਗੂਆਂ ਤੋਂ ਬਿਨਾਂ ਸਾਥੀ ਸਤੀਸ਼ ਰਾਣਾ ਨੇ ਵੀ ਸੰਬੋਧਨ ਕੀਤਾ।
ਜਥੇਬੰਦੀ ਨੇ ਛੇਤੀ ਹੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨ ਦਾ ਫੈਸਲਾ ਕੀਤਾ ਹੈ।
ਰਿਪੋਰਟ : ਸ਼ਿਵ ਕੁਮਾਰ ਅਮਰੋਹੀ

ਜਮਹੂਰੀ ਕਿਸਾਨ ਸਭਾ ਵਲੋਂ ਜਨਤਕ ਵਫਦਾਂ ਰਾਹੀਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜੇ ਗਏ
ਜਮਹੂਰੀ ਕਿਸਾਨ ਸਭਾ ਦੀ ਪੰਜਾਬ ਰਾਜ ਵਰਕਿੰਗ ਕਮੇਟੀ ਦੇ ਫੈਸਲੇ ਤਹਿਤ, ਸਮੂਹ ਜਿਲ੍ਹਾ ਅਤੇ ਤਹਿਸੀਲ ਇਕਾਈਆਂ ਵਲੋਂ ਜਨਤਕ ਵਫਦ ਬਣਾ ਕੇ ਮਿਲਦਿਆਂ, 3 ਤੋਂ 10 ਜੂਨ ਤੱਕ ਪਾਵਰਕਾਮ ਦੇ ਐਕਸੀਅਨਜ਼ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ । ਇਨ੍ਹਾਂ ਮੰਗ ਪੱਤਰਾਂ ਰਾਹੀਂ ਮੰਗ ਕੀਤੀ ਗਈ ਕਿ ਫਸਲੀ ਵਿਭਿੰਨਤਾ ਲਿਆਉਣ ਲਈ ਮੋਟਰਾਂ ਦੀ ਬਿਜਲੀ ਸਪਲਾਈ ਦਿਨ ਸਮੇਂ 16 ਘੰਟੇ ਅਤੇ ਘਰੇਲੂ ਬਿਜਲੀ ਸਪਲਾਈ 24 ਘੰਟੇ ਦਿੱਤੀ ਜਾਵੇ , ਓਵਰਲੋਡ ਚੱਲ ਰਹੇ ਗਰਿੱਡ /ਫੀਡਰ ਅਤੇ ਟਰਾਂਸਫਾਰਮਰ ਡੀਲੋਡ ਕੀਤੇ ਜਾਣ, ਸੜ ਚੁੱਕੇ ਅਤੇ ਤੇਲ ਚੋਰੀ ਆਦਿ ਵਾਲੇ ਟਰਾਂਸਫਾਰਮਰ 24 ਘੰਟਿਆਂ ਦੇ ਅੰਦਰ ਅੰਦਰ ਬਦਲੇ ਜਾਣ, ਤੇਲ ਅਤੇ ਤਾਰਾਂ ਦੀ ਚੋਰੀ ਰੋਕਣ ਦੇ ਪੱਕੇ ਇੰਤਜ਼ਾਮ ਕੀਤੇ ਜਾਣ, ਪਾਣੀ ਦਾ ਪੱਧਰ ਥੱਲੇ ਜਾਣ ਦੀ ਮਜਬੂਰੀ ਵਜੋਂ ਵਧਾਏ  ਜਾਣ ਵਾਲਾ ਲੋਡ, ਦੀ ਫੀਸ ਖਤਮ ਕੀਤੀ ਜਾਵੇ, ਡੇਰਿਆਂ ਆਦਿ ਨੂੰ ਦਿੱਤੀ ਜਾਣ ਵਾਲੀ ਸਪਲਾਈ ਦੇ ਖਰਚੇ ਖਪਤਕਾਰ ਦੀ ਬਜਾਇ ਪਾਵਰਕਾਮ ਕਰੇ, ਡਿੱਗੇ ਅਤੇ ਟੁੱਟੇ ਖੰਭੇ/ਢਿੱਲੀਆਂ ਤਾਰਾਂ, ਜੀ ਓ ਸਵਿੱਚ, ਜੈਂਪਰ ਆਦਿ ਠੀਕ ਕੀਤੇ, ਬਦਲੇ ਜਾਣ, ਜਨਰਲ ਕੈਟਾਗਿਰੀ ਦੇ ਕੁਨੈਕਸ਼ਨ ਸੀਨੀਆਰਤਾ ਅਨੁਸਾਰ ਪਹਿਲ ਦੇ ਆਧਾਰ ਤੇ ਦਿੱਤੇ ਜਾਣ, 10 ਏਕੜ ਤੱਕ ਦੇ ਕਿਸਾਨਾਂ ਨੂੰ ਪਹਿਲਾਂ ਵਾਂਗੂੰ ਆਰਜੀ ਕੁਨੈਕਸ਼ਨ ਦਿੱਤੇ ਜਾਣ,  ਟਿਊਬਵੈਲ ਤੋਂ ਵਾਂਝੇ ਸੀਮਾਂਤ ਤੇ ਛੋਟੇ ਕਿਸਾਨਾਂ ਨੂੰ ਸਰਕਾਰੀ ਖਰਚੇ ਤੇ ਤੁਰਤ ਕੁਨੈਕਸ਼ਨ ਦਿੱਤੇ ਜਾਣ,  ਆਬਾਦਕਾਰਾਂ ਨੂੰ ਕੁਨੈਕਸ਼ਨ ਜਾਰੀ ਕੀਤੇ ਜਾਣ, ਜਾਤ, ਧਰਮ, ਲੋਡ ਆਦਿ ਦੀ ਸ਼ਰਤ ਹਟਾ ਕੇ ਬੇਜਮੀਨੇ ਸਾਧਨਹੀਣ ਮਜ਼ਦੂਰਾਂ ਨੂੰ ਬਿਜਲੀ ਮੁਫਤ ਦਿੱਤੀ ਜਾਵੇ, ਲੋਕ ਹਿਤ ਵਿਚ ਬਿਜਲੀ ਅਤਿ ਸਸਤੀਆਂ ਦਰਾਂ ਤੇ ਦਿੱਤੀ ਜਾਵੇ,  ਸਰਕਾਰ ਥਰਮਲ ਚਾਲੂ ਕੀਤੇ ਜਾਣ,  ਪ੍ਰਾਈਵੇਟ ਥਰਮਲਾਂ ਤੋਂ ਬਿਜਲੀ ਖ੍ਰੀਦ ਦੇ ਸਮਝੌਤੇ ਰੱਦ ਕੀਤੇ ਜਾਣ,  ਪਾਵਰਕਾਮ ਵਿੱਚ ਠੇਕਾ ਪ੍ਰਣਾਲੀ ਬੰਦ ਕਰਕੇ ਖਾਲੀ ਅਸਾਮੀਆਂ ਪੱਕੇ ਤੌਰ ਤੇ ਭਰੀਆਂ ਜਾਣ ਅਤੇ ਬਿਜਲੀ ਸਪਲਾਈ ਨਿਰਵਿਘਨ ਕੀਤੀ ਜਾਵੇ।

ਭੱਠਾ ਮਜ਼ਦੂਰਾਂ ਦਾ ਸੰਘਰਸ਼
ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਫਰੀਦਕੋਟ ਵੱਲੋਂ ਪ੍ਰਧਾਨ ਪੂਰਨ ਸਿੰਘ ਭਾਣਾ ਦੀ ਅਗਵਾਈ ‘ਚ ਪਿੰਡ ਕਲੋਰ ਦੇ ਭੱਠੇ ‘ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਭਾਣਾ ਨੇ ਕਿਹਾ ਕਿ ਭੱਠਾ ਮਾਲਕ ਕੰਮ ਕਰਵਾ ਕੇ ਮਜ਼ਦੂਰਾਂ ਨੂੰ ਖੱਜਲ-ਖੁਆਰ ਕਰ ਰਹੇ ਹਨ ਅਤੇ ਪ੍ਰਸ਼ਾਸਨ ਵੀ ਇਸ ਦਾ ਹੱਲ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ 21 ਮਈ, 2019 ਨੂੰ ਭੱਠਾ ਮਾਲਕ ਯੂਨੀਅਨ ਅਤੇ ਯੂਨੀਅਨ ਨਾਲ ਸਹਾਇਕ ਲੇਬਰ ਕਮਿਸ਼ਨਰ ਮੋਗਾ ਦੀ ਹਾਜ਼ਰੀ ਵਿੱਚ ਸਮਝੌਤਾ ਹੋਇਆ ਸੀ, ਜਿਸ ਨੂੰ ਹੁਣ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਰੇਟ ਲਿਸਟ ਮੁਤਾਬਕ ਰੇਟ ਨਹੀਂ ਦਿੱਤਾ ਜਾ ਰਿਹਾ ਅਤੇ ਜਬਰੀ ਜਮਾਂਦਾਰੀ ਕਮਿਸ਼ਨ ਕੱਟਿਆ ਜਾ ਰਿਹਾ ਹੈ। ਮਜ਼ਦੂਰਾਂ ਨੂੰ ਬਿਜਲੀ ਦਾ ਬਿੱਲ ਪਾਇਆ ਜਾ ਰਿਹਾ ਹੈ, ਜੋ ਕਿ ਸਮਝੌਤੇ ਮੁਤਾਬਕ ਗਲਤ ਹੈ। ਮਜ਼ਦੂਰ ਆਗੂ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕਾਮਰੇਡ ਕੁਲਦੀਪ ਸ਼ਰਮਾ ਅਤੇ ਨਰੇਸ਼ ਕੁਮਾਰ (ਸੂਬਾਈ ਮਿਉਂਸਪਲ ਮੁਲਾਜ਼ਮ ਆਗੂਆਂ) ਨੇ ਧਰਨੇ ਦੀ ਹਮਾਇਤ ਕੀਤੀ। ਜੱਸ ਟਹਿਣ, ਅਮਰਜੀਤ ਸਿੰਘ, ਜਗਸੀਰ ਸਿੰਘ, ਬਿੰਦਰ ਸਿੰਘ, ਗੋਰਾ ਸਿੰਘ, ਕੌਸ਼ਲ ਸਿੰਘ, ਬਾਗਾ ਸਿੰਘ, ਕ੍ਰਿਸ਼ਨ ਸਿੰਘ ਆਦਿ ਹਾਜ਼ਰ ਸਨ।
ਇਸ ਧਰਨੇ ਦੇ ਦਬਾਅ ਹੇਠ ਮੁਕਤਸਰ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਤੇ ਭੱਠਾ ਮਜ਼ਦੂਰਾਂ ਵਲੋਂ 20 ਜੂਨ ਨੂੰ ਸਹਾਇਕ ਲੇਬਰ ਕਮਿਸ਼ਨ ਮੋਗਾ ਨੂੰ ਦਿੱਤੀ ਹੋਈ ਲਿਖਤੀ ਦਰਖਾਸਤ ਦੇ ਸਬੰਧ ‘ਚ ਲੇਬਰ ਇੰਸਪੈਕਟਰ ਕੋਟਕਪੁਰਾ ਨੇੇ ਆਪਣੇ ਦਫਤਰ ‘ਚ ਦੋਨਾ ਧਿਰਾਂ ਨੂੰ ਬੁਲਾ ਕੇ ਸਮਝੌਤਾ ਕਰਾਇਆ ਗਿਆ। ਇਸ ਸਮਝੌਤੇ ਵਿਚ ਭੱਠਾ ਮਾਲਕਾਂ ਤੇ ਨਿਕਾਸੀ ਦੇ ਜਮਾਂਦਾਰ ਵੀ ਹਾਜ਼ਰ ਹੋਏ ਤੇ ਸਹਿਮਤੀ ਨਾਲ ਸਮਝੌਤਾ ਹੋਇਆ। ਹੇਠ ਅਨੁਸਾਰ ਸਮਝੌਤਾ ਹੋਇਆ :
1.  ਨਿਕਾਸੀ ਦਾ ਕਮਿਸ਼ਨ 5 ਰੁਪਏ 20 ਪੈਸੇ ਕੱਟਿਆ ਜਾਵੇਗਾ।
2.  ਕੇਰੀ ਦਾ ਕਮਿਸ਼ਨ 1 ਰੁਪਏ 30 ਪੈਸੇ ਕੱਟਿਆ ਜਾਵੇਗਾ।
3. ਹੋਏ ਐਗਰੀਮੈਂਟ ਮੁਤਾਬਿਕ ਗੁੜ ਤੇ ਵਰਦੀ ਕੇਰੀ ਵਾਲੇ ਮਜ਼ਦੂਰਾਂ ਨੂੰ ਦਿੱਤੀ ਜਾਵੇਗੀ, 1300 ਰੁਪਏ ਪ੍ਰਤੀ ਮਹੀਨਾ ਟੀਮ ਨੂੰ ਭੱਠਾ ਰੱਖਣ ਤੇ ਸੀਜਨ ਖਤਮ ਹੋਣ ਤੱਕ।
4. ਬਿਜਲੀ ਦਾ ਬਿੱਲ ਹੋਏ ਐਗਰੀਮੈਂਟ ਮੁਤਾਬਿਕ ਹੀ ਕੱਟਿਆ ਜਾਵੇਗਾ।
5. ਭੱਠਿਆਂ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਭੱਠਾ ਮਾਲਕ ਖੁਦ ਕਰਕੇ ਦੇਣਗੇ।
6. ਭੱਠਾਮਾਲਕ ਵਲੋਂ ਕੀਤੇ ਹੋਏ ਕੰਮ ਦੀ ਮਜ਼ਦੂਰੀ ਦਾ ਹਿਸਾਬ ਕਰਕੇ ਜਲਦੀ ਤੋਂ ਜਲਦੀ ਪੇਮੈਂਟ ਕੀਤੀ ਜਾਵੇਗੀ।
ਇਸ ਸਮਝੌਤੇ ਵਿਚ ਹਾਜ਼ਰ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਪ੍ਰਧਾਨ ਪੂਰਨ ਸਿੰਘ ਭਾਣਾ, ਜ਼ਿਲ੍ਹਾ ਸਕੱਤਰ ਜੱਸਾ ਸਿੰਘ ਟਹਿਣਾ, ਸਫਾਈ ਸੇਵਕ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਕੁਲਦੀਪ ਸ਼ਰਮਾ ਫਰੀਦਕੋਟ, ਸੀਟੀਯੂ ਦੇ ਜ਼ਿਲ੍ਹਾ ਸਕੱਤਰ ਪ੍ਰਧਾਨ ਜਗਤਾਰ ਸਿੰਘ ਵਿਰਦੀ, ਨਿਰਮਾਣ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਫਰੀਦਕੋਟ, ਅਮਰਜੀਤ ਸਿੰਘ, ਕਰਮਜੀਤ ਪੱਕਾ, ਸਰੂਪ ਸਿੰਘ ਰਾਣਾ, ਜਤਿੰਦਰ ਸਿੰਘ, ਬਾਗਾ ਸਿੰਘ, ਦੀਪਾ ਸਿੰਘ, ਬਿੰਦਰ ਸਿੰਘ, ਬੂਟਾ ਸਿੰਘ ਆਦਿ ਮਜ਼ਦੂਰ ਹਾਜ਼ਰ ਹੋਏ।

Scroll To Top