Now Reading
ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਰੋਸ ਰੈਲੀ

ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਰੋਸ ਰੈਲੀ

ਲਧਿਆਣਾ : ਜ਼ਿਲ੍ਹੇ ਦੀਆਂ ਦਰਜਨ ਤੋਂ ਵੱਧ ਅਗਾਂਹਵਧੂ ਤੇ ਜਨਤਕ ਜਮਹੂਰੀ ਜੱਥੇਬੰਦੀਆਂ ਵੱਲੋਂ ਅੱਜ ਮਿੰਨੀ ਸਕੱਤਰੇਤ ਵਿੱਚ ਵਿਸ਼ਾਲ ਰੈਲੀ ਕਰਨ ਉਪਰੰਤ ਰੋਸ ਮਾਰਚ ਕਰਕੇ ਜੇਐੱਨਯੂ ਦੇ ਉੱਘੇ ਵਿਦਿਆਰਥੀ ਆਗੂ ਉਮਰ ਖਾਲਿਦ ਉੱਪਰ ਦਿਨ ਦਿਹਾੜੇ ਗੋਲੀਆਂ ਚਲਾਕੇ ਕਾਤਲਾਨਾ ਹਮਲਾ ਕਰਨ ਅਤੇ ਮਰਹੂਮ ਪ੍ਰਧਾਨ ਮੰਤਰੀ ਵਾਜਪਾਈ ਦੇ ਅੰਤਿਮ ਸੰਸਕਾਰ ਮੌਕੇ ਬੰਧਕ ਮਜ਼ਦੂਰ ਆਗੂ ਸਵਾਮੀ ਅਗਨੀਵੇਸ਼ ਉੱਪਰ ਹਮਲਾ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹਮਲਾਵਰਾਂ ਅਤੇ ਉਨ੍ਹਾਂ ਪਿੱਛੇ ਖੜ੍ਹੇ ਸਿਆਸੀ ਸਾਜਿਸ਼ਕਾਰਾਂ ਦੀ ਫੌਰੀ ਗ੍ਰਿਫ਼ਤਾਰੀ ਕਰਕੇ ਸਜ਼ਾ ਯਕੀਨੀ ਬਣਾਉਣ ਅਤੇ ਇਨਸਾਫ਼ ਦੀ ਮੰਗ ਕੀਤੀ ਗਈ।
ਇਸ ਰੈਲੀ ਵਿੱਚ ਸੈਂਕੜੇ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਤੇ ਜਮਹੂਰੀ ਲੋਕਾਂ ਨੇ ਵਧ ਚੜ੍ਹਕੇ ਹਿੱਸਾ ਲਿਆ। ਰੈਲੀ ਵਿੱਚ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਦਿੱਲੀ ਵਿੱਚ ਚੱਪੇ-ਚੱਪੇ’ਤੇ ਦਿੱਲੀ ਪੁਲੀਸ, ਅਰਧ ਸੈਨਿਕ ਬਲਾਂ ਤੇ ਖੁਫ਼ੀਆ ਏਜੰਸੀਆਂ ਦੀ ਮੌਜੂਦਗੀ ਦੇ ਬਾਵਜੂਦ ਇੱਕ ਸੈਮੀਨਾਰ ਮੌਕੇ ਫ਼ਿਰਕੂ ਫ਼ਾਸ਼ੀਵਾਦੀ ਤਾਕਤਾਂ ਵੱਲੋਂ ਕੀਤੇ ਇਸ ਘਿਨਾਉਣੇ ਕਾਰੇ ਨੂੰ ਲੋਕਤੰਤਰ ਉਪਰ ਹਮਲਾ ਕਰਾਰ ਦਿੱਤਾ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਜਸਵੀਰ ਅਕਾਲਗੜ੍ਹ (ਡੀ.ਟੀ.ਐੱਫ.) ਪ੍ਰੋ. ਜੈਪਾਲ ਸਿੰਘ, ਚਰਨ ਸਿੰਘ ਸਰਾਭਾ, ਕੇਵਲ ਸਿੰਘ ਬਨਵੈਤ (ਏਟਕ), ਆਰਐੱਮਪੀ ਡਾਕਟਰ ਯੂਨੀਅਨ ਦੇ ਡਾ. ਸੁਰਜੀਤ ਸਿੰਘ, ਰਮਨਜੀਤ ਸੰਧੂ (ਡੀਐੱਮਐੱਫ), ਹਰਸ਼ਾ ਸਿੰਘ (ਇੰਨਕਲਾਬੀ ਨੌਜਵਾਨ ਵਿਦਿਆਰਥੀ ਮੰਚ), ਦਲਵੀਰ ਕਟਾਣੀ (ਤਰਕਸ਼ੀਲ ਸੁਸਾਇਟੀ) ਐਡਵੋਕੇਟ ਕੁਲਦੀਪ ਿੰਸੰਘ, ਬਾਲ ਕ੍ਰਿਸ਼ਨ (ਕੁੱਲ ਹਿੰਦ ਕਿਸਾਨ ਫੈਡਰੇਸ਼ਨ), ਹਰਨੇਕ ਗੁੱਜਰਵਾਲ (ਸ਼.ਭਗਤ ਸਿੰਘ ਨੌਜਵਾਨ ਸਭਾ), ਪ੍ਰੋ. ਜੈਪਾਲ ਸਿੰਘ, ਰਘਵੀਰ ਸਿੰਘ ਬੈਨੀਪਾਲ (ਜਮਹੂਰੀ ਕਿਸਾਨ ਸਭਾ), ਹਰਭਗਵਾਨ ਭੀਖੀ ਤੇ ਕਾਮਰੇਡ ਬਬਨ (ਮਜ਼ਦੂਰ ਮੁਕਤੀ ਮੋਰਚਾ), ਵਿਜੇ ਨਾਰਾਇਣ (ਮੋਲਡਰ ਤੇ ਸਟੀਲ ਵਰਕਰ ਯੂਨੀ.), ਜਗਦੀਸ ਚੰਦ, ਪ੍ਰਕਾਸ਼ ਹਿਸੋਵਾਲ ਤੇ ਅਮਰਨਾਥ ਕੂੰਮਕਲਾਂ (ਸੀਟੂ), ਹਰਪ੍ਰੀਤ ਜੀਰਖ ਆਦਿ ਨੇ ਸੰਬੋਧਨ ਕੀਤਾ।
ਇਸ ਮੌਕੇ ਕੇਰਲਾ ਵਿੱਚ ਹੜ੍ਹ ਨੂੰ ਕੌਮੀ ਆਫ਼ਤ ਐਲਾਨ ਕੇ ਰਾਹਤ ਕਾਰਜ ਤੇਜ਼ ਕਰਨ ਦੀ ਮੰਗ ਵੀ ਕੀਤੀ ਗਈ। ਰੋਸ ਮਾਰਚ ਉਪਰੰਤ ਡੀਸੀ ਰਾਹੀਂ ਪ੍ਰਧਾਨ ਮੰਤਰੀ ਦਫਤਰ ਲਈ ਮੰਗ ਪੱਤਰ ਵੀ ਭੇਜਿਆ ਗਿਆ।

Scroll To Top