ਤਰਨ ਤਾਰਨ, 8 ਜਨਵਰੀ (ਸੰਗਰਾਮੀ ਲਹਿਰ ਬਿਊਰੋ)- “ਸਿੱਖ ਇਤਿਹਾਸ ਦੀਆਂ ਅਦੁੱਤੀ ਸ਼ਹਾਦਤਾਂ ਤੇ ਲਾਸਾਨੀ ਕੁਰਬਾਨੀਆਂ, ਗ਼ਦਰੀ ਸ਼ਹੀਦਾਂ, ਸ਼ਹੀਦ ਇ ਆਜ਼ਮ ਭਗਤ ਸਿੰਘ ਤੇ ਸਾਥੀਆਂ ਅਤੇ ਸੁਤੰਤਰਤਾ ਸੰਗਰਾਮ ਦੇ ਹੋਰਨਾਂ ਸ਼ਹੀਦਾਂ ਦੇ ਜੁਝਾਰੂ ਵਿਰਸੇ ਤੋਂ ਪ੍ਰੇਰਣਾ ਲੈਂਦੇ ਹੋਏ ਸ਼ਾਨਾਮੱਤੇ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਣ ਵਾਲੇ ਕਿਰਤੀ- ਕਿਸਾਨ ਯੋਧਿਆਂ ਅਤੇ ਮਾਤਾਵਾਂ-ਭੈਣਾਂ ਨੇ ਲੁੱਟੇ-ਲਤਾੜੇ ਮਿਹਨਤੀ ਲੋਕਾਂ ਦੇ ਮਨ-ਮਸਤਕ ਅੰਦਰ ਹਰ ਕਿਸਮ ਦੀ ਲੁੱਟ-ਚੋਂਘ, ਅੱਤਿਆਚਾਰਾਂ ਅਤੇ ਵਿਤਕਰਿਆਂ ਤੋਂ ਬੰਦ ਖਲਾਸੀ ਦੇ ਪਵਿੱਤਰ ਕਾਜ ਲਈ ਜੂਝ ਮਰਨ ਦੀ ਸੁਵੱਲੀ ਭਾਵਨਾ ਦਾ ਸੰਚਾਰ ਕੀਤਾ ਹੈ।” ਉਕਤ ਸ਼ਬਦ ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵੱਲੋਂ ਦਾਣਾ ਮੰਡੀ ਤਰਨ ਤਾਰਨ ‘ਚ ਛੋਟੇ ਸਹਿਬਜਾਦਿਆ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਵਿੱਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਹੇ।
ਸਾਥੀ ਪਾਸਲਾ ਨੇ ਕਿਹਾ ਕਿ, “ਲੋਕਾਈ ਦੇ ਜੁਝਾਰੂ ਜ਼ਜ਼ਬੇ ਨੂੰ ਦੇਖਦਿਆਂ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਭਾਈ ਲਾਲੋਆਂ ਦੇ ਵਾਰਸਾਂ ਦਾ ਲੋਕ ਹਿਤੂ ਸੰਗਰਾਮ ਜੇਤੂ ਰਹੇਗਾ ਅਤੇ ਅਜੋਕੇ ਮਲਕ ਭਾਗੋਆਂ ਦੇ ਹਿਤਾਂ ਦੀ ਪਹਿਰਾਬਰਦਾਰ, ਫਿਰਕੂ-ਫਾਸ਼ੀ ਮੋਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ ਅਤੇ ਜਨ ਸੰਗਰਾਮ ਦਾ ਰੂਪ ਵਟਾ ਚੁੱਕੇ ਕਿਸਾਨ ਸੰਘਰਸ਼ ਦੀ ਇਹ ਜਿੱਤ ਅਵੱਸ਼ ਤੌਰ ‘ਤੇ ਇਸ ਲੋਕ ਦੋਖੀ ਸਰਕਾਰ ਦੇ ਪਤਨ ਦਾ ਮੁੱਢ ਬੰਨ੍ਹੇਗੀ।”
ਉਨ੍ਹਾਂ ਕਿਹਾ ਕਿ ਉਕਤ ਕਿਸਾਨ ਸੰਘਰਸ਼ ਨੇ ਦੇਸ਼ ਦੀ ਗੁਰਬਤ ਮਾਰੀ ਜਨਤਾ ਅਤੇ ਇਨਸਾਫ਼ ਪਸੰਦ ਧਿਰਾਂ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਦਾ ਇਤਿਹਾਸਕ ਕਰਿਸ਼ਮਾ ਕਰ ਦਿਖਾਇਆ ਹੈ ਜੋ ਭਵਿੱਖ ਦੇ ਲੋਕ ਪੱਖੀ ਸੰਗਰਾਮਾਂ ਲਈ ਵਡੇਰਾ ਤੇ ਵੱਡਮੁੱਲਾ ਸ਼ੁਭ ਸ਼ਗਨ ਹੈ।

ਇਸਤਰੀਆਂ ਅਤੇ ਨੌਜਵਾਨਾਂ ਦੀ ਰਿਕਾਰਡ ਤੋੜ ਸ਼ਮੂਲੀਅਤ ‘ਤੇ ਤਸੱਲੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਇਸ ਵਰਤਾਰੇ ਨੂੰ ਦੇਸ਼ ਅਤੇ ਦੇਸ਼ ਵਾਸੀਆਂ ਦੇ ਨਿੱਗਰ ਭਵਿੱਖ ਦਾ ਸੰਕੇਤ ਕਿਹਾ।
ਉਨ੍ਹਾਂ ਖੁਸ਼ੀ ਜ਼ਾਹਿਰ ਕੀਤੀ ਕਿ ਮੌਜੂਦਾ ਸੰਘਰਸ਼ ਨੇ ਕਰੋੜਾਂ ਲੋਕਾਂ ਦੀ ਰੱਤ ਚੂਸ ਰਹੀਆਂ ਅਤੇ ਦੇਸ਼ ਦੀ ਧਨ ਸੰਪਤੀ ਦੀ ਬੇਰਹਿਮ ਲੁੱਟ ਕਰ ਰਹੀਆਂ ਕਾਰਪੋਰੇਟ ਜੋਕਾਂ ਦਾ ਘਿਨਾਉਣਾ ਚਿਹਰਾ-ਮੁਹਰੇ ਵਿਸ਼ਾਲ ਪੈਮਾਨੇ ‘ਤੇ ਲੋਕਾਈ ਸਨਮੁੱਖ ਬੇਪਰਦ ਕਰ ਦਿੱਤਾ ਹੈ।
ਪਾਰਟੀ ਤਰਨਤਾਰਨ ਵੱਲੋਂ, ਮਾਤਾ ਗੁਜਰੀ ਜੀ ਅਤੇ ਸਰਬੰਸ ਵਾਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਮਿਸਾਲੀ ਸ਼ਹਾਦਤ ਸਾਹਵੇਂ ਨਤਮਸਤਕ ਹੋਣ ਲਈ ਅਤੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਯੋਧਿਆਂ ਦਾ ਕਾਜ ਪੂਰਾ ਕਰਨ ਲਈ ਇਸ ਘੋਲ ਨੂੰ ਹੋਰ ਬੁਲੰਦੀਆਂ ‘ਤੇ ਲਿਜਾਣ ਦਾ ਸੱਦਾ ਦੇਣ ਹਿਤ ਸਮਾਗਮ ਕੀਤਾ ਗਿਆ ਸੀ।
ਸਾਥੀ ਪਾਸਲਾ ਨੇ ਕਿਹਾ ਕਿ ਮੋਦੀ ਸਰਕਾਰ, ਉਸ ਦੇ ਜ਼ਰਖਰੀਦ ਗੋਦੀ ਮੀਡੀਆ ਅਤੇ ਸੰਘ ਪਰਿਵਾਰ ਤੇ ਭਾਜਪਾ ਆਈ ਟੀ ਸੈਲ ਦੇ ਨਖਿੱਧ ਕੂੜ ਪ੍ਰਚਾਰ ਅਤੇ ਫੁੱਟ ਪਾਊ ਸਾਜ਼ਿਸ਼ਾਂ ਦੇ ਬਾਵਜੂਦ ਦੇਸ਼ ਦੇ ਲੋਕਾਂ ਨੇ ਇਹ ਗੱਲ ਚੰਗੀ ਤਰ੍ਹਾਂ ਸਮਝ ਲਈ ਹੈ ਕਿ ਮੋਦੀ ਸਰਕਾਰ ਦੇ ਖੇਤੀ ਨਾਲ ਸਬੰਧਤ ਕਾਲੇ ਕਾਨੂੰਨ ਕੇਵਲ ਕਿਸਾਨਾਂ- ਖੇਤੀ ਕਾਮਿਆਂ ਹੀ ਨਹੀਂ ਬਲਕਿ ਦੇਸ਼ ਦੇ ਸਮੁੱਚੇ ਮਿਹਨਤਕਸ਼ ਆਵਾਮ ਦੇ ਨਾਲ-ਨਾਲ ਛੋਟੇ ਤੇ ਦਰਮਿਆਨੇ ਉਦਯੋਗਾਂ, ਕਾਰੋਬਾਰਾਂ ਅਤੇ ਪਰਚੂਨ ਵਿਉਪਾਰ ਨੂੰ ਵੀ ਤਬਾਹ ਕਰਨ ਵਾਲੇ ਹਨ ਤੇ ਇਸੇ ਕਰਕੇ ਕਿਸਾਨ ਸੰਘਰਸ਼ ਨਾਲ ਲੋਕ ਹਿਮਾਇਤ ਦਿਨੋਂ ਦਿਨ ਹੋਰ ਮਜ਼ਬੂਤੀ ਨਾ ਜੁੜਦੀ ਜਾ ਰਹੀ ਹੈ।
ਸਾਥੀ ਪਾਸਲਾ ਨੇ ਕਿਹਾ ਕਿ ਵੱਡੀ ਪੱਧਰ ‘ਤੇ ਬੇਪਰਦ ਹੋਕੇ ਕੱਖੋਂ ਹੌਲੀ ਹੋਣ ਦੇ ਬਾਵਜੂਦ ਮੋਦੀ ਸਰਕਾਰ ਕਾਰਪੋਰੇਟ ਲੁੱਟ ਦੀ ਗਰੰਟੀ ਕਰਦੀਆਂ, ਲੋਕਾਂ ਦੀਆਂ ਦੁਸ਼ਵਾਰੀਆਂ ਵਿੱਚ ਪਹਾੜਾਂ ਜਿੱਡੇ ਵਾਧੇ ਕਰਨ ਵਾਲੀਆਂ, ਨਵਉਦਾਰਵਾਦੀ ਨੀਤੀਆਂ ਲਾਗੂ ਕਰਦੀ ਜਾ ਰਹੀ ਹੈ ਅਤੇ ਆਪਣੀਆਂ ਗਰੀਬ ਮਾਰੂ ਕਰਤੂਤਾਂ ਤੋਂ ਲੋਕਾਈ ਦਾ ਧਿਆਨ ਲਾਂਭੇ ਕਰਨ ਲਈ ਆਰ ਐੱਸ ਐੱਸ ਦੀ ਅਗਵਾਈ ਵਿੱਚ ਫਿਰਕੂ ਵੰਡ ਤਿੱਖੀ ਕਰਨ ਦੇ ਘਿਰਣਾ ਯੋਗ ਗੁਨਾਹਾਂ ‘ਚ ਗਲਤਾਨ ਹੈ। ਮੰਨੂਵਾਦੀ ਵਰਣ ਵਿਵਸਥਾ ਦੀ ਪੁਨਰ ਸਥਾਪਤੀ ਵਾਲੇ ਧਰਮ ਆਧਾਰਿਤ ਹਿੰਦੂ ਰਾਸ਼ਟਰ ਦੀ ਕਾਇਮੀ ਦੇ ਕੋਝੇ ਨਿਸ਼ਾਨੇ ਦੀ ਪੂਰਤੀ ਲਈ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਸੰਘਵਾਦ( ਫੈਡਰਲਿਜ਼ਮ) ਦੇ ਜੜੀਂ ਤੇਲ ਦੇਣ ਦਾ ਕੰਮ ਰਹੀ ਮੋਦੀ ਸਰਕਾਰ ਦੇ ਮਨਹੂਸ ਇਰਾਦਿਆਂ ਖਿਲਾਫ਼ ਸਮੂਹ ਦੇਸ਼ ਵਾਸੀਆਂ ਨੂੰ ਉੱਠ ਖਲੋਣ ਦਾ ਸੱਦਾ ਦਿੰਦਿਆਂ ਉਨ੍ਹਾਂ ਐਲਾਨ ਕੀਤਾ ਕਿ ਆਰ.ਐਮ.ਪੀ.
ਆਈ. ਲੋਕ ਮੁਕਤੀ ਦੇ ਫਲਸਫ਼ੇ ਅਤੇ ਦੇਸ਼ ਦੇ ਜੁਝਾਰੂ ਵਿਰਸੇ ਤੋਂ ਪ੍ਰੇਰਣਾ ਲੈਂਦੀ ਹੋਈ ਅੱਗੇ ਵਧੇਗੀ।
ਸਮਾਗਮ ਦੀ ਪ੍ਰਧਾਨਗੀ ਸਰਵ ਸਾਥੀ ਲੱਖਾ ਸਿੰਘ ਮੰਨਣ, ਬਲਵਿੰਦਰ ਸਿੰਘ ਫੈਲੋਕੇ, ਕਰਮ ਸਿੰਘ ਫਤਿਆਬਾਦ ਜਸਬੀਰ ਕੌਰ ਤਰਨ ਤਾਰਨ ‘ਤੇ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਪ੍ਰਸਿੱਧ ਕਵਿਸ਼ਰੀ ਜਥੇ ਵੱਲੋ ਧਾਰਮਿਕ ਵਾਰਾ ਗਾ ਕੇ ਸਮਾਗਮ ਵਿੱਚ ਪਹੁੰਚੀ ਸੰਗਤ ਵਿੱਚ ਸੰਘਰਸ਼ ਨੂੰ ਤੇਜ ਕਰਨ ਲਈ ਜੋਸ਼ ਭਰਿਆ ਗਿਆ। ਇਸ ਮੌਕੇ ਬਲਦੇਵ ਸਿੰਘ ਪੰਡੋਰੀ,ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਭੈਲ, ਹਰਦੀਪ ਸਿੰਘ ਰਸੂਲਪੁਰ, ਰੇਸ਼ਮ ਸਿੰਘ ਫੈਲੋਕੇ, ਕਰਮ ਸਿੰਘ ਪੰਡੋਰੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ, ਮਨਪ੍ਰੀਤ ਕੌਰ ਮੰਨ਼ਣ.ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਅਮਰਜੀਤ ਸਿੰਘ, ਗੁਰਨਾਮ ਸਿੰਘ ਕੋਟਲੀ, ਗੁਰਭੇਜ ਸਿੰਘ ਐਮਾ, ਲਖਵਿੰਦਰ ਕੌਰ, ਡਾਕਟਰ ਸਤਨਾਮ ਸਿੰਘ ਦੇਓ ਆਦਿ ਹਾਜਰ ਸਨ।