ਤਰਨ ਤਾਰਨ, 20 ਮਾਰਚ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਪੰਜਾਬ ਅਤੇ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਵੱਲੋਂ ਦਲਬੀਰ ਸਿੰਘ, ਕੁਲਵੰਤ ਸਿੰਘ, ਬਲਵਿੰਦਰ ਸਿੰਘ, ਦਿਲਬਾਗ ਸਿੰਘ ਬਾਗੜੀਆ ਦੀ ਅਗਵਾਈ ‘ਚ ਪਿੰਡ ਬਾਗੜੀਆ ‘ਚ ਤੁੜ ਪਿੰਡ ਦੀ ਪੰਚਾਇਤ ‘ਤੇ ਫਰਜੀ ਅਤੇ ਝੂਠੇ ਪਰਚੇ ਦਰਜ ਕਰਨ ਵਿਰੁੱਧ ਅਖੌਤੀ ਕਾਂਗਰਸੀ ਆਗੂ ਅਤੇ ਐਸਐਚਓ ਸਿਟੀ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਸੀਟੀਯੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਝੂਠੇ ਪਰਚੇ ਪੰਚਾਇਤ ਦੇ ਕੰਮਾਂ ਵਿੱਚ ਰੁਕਾਵਟ ਪਾਉਣ ਲਈ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਧਾਇਕ ਅਤੇ ਐਮਪੀ ਦੇ ਇਸ਼ਾਰੇ ‘ਤੇ ਪਰਚਾ ਦਰਜ ਹੋਇਆ ਹੈ ਜਿਸ ਦੀ ਇਨਕੁਆਰੀ ਲੱਗੀ ਹੋਈ ਹੈ ਪਰ ਇਸਦੇ ਬਾਵਜੂਦ ਵੀ ਧੜਾ ਧੜ ਛਾਪੇ ਮਾਰੀ ਕੀਤੀ ਜਾ ਰਹੀ ਹੈ। ਪੰਡੋਰੀ ਨੇ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਛਾਪੇ ਮਾਰੀ ਤੁਰੰਤ ਬੰਦ ਕੀਤੀ ਜਾਵੇ ਅਤੇ ਬੇ ਬੁਨਿਆਦ ਝੂਠਾ ਪਰਚਾ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਛਾਪੇ ਮਾਰੀ ਬੰਦ ਨਾ ਕੀਤੀ ਅਤੇ ਝੂਠਾ ਦਰਜ ਕੀਤਾ ਪਰਚਾ ਰੱਦ ਨਾ ਕੀਤਾ ਤਾਂ ਜਨਤਕ ਜਥੇਬੰਦੀਆਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
