Now Reading
ਚਾਰ ਖੱਬੀਆਂ ਪਾਰਟੀਆਂ ਵਲੋਂ ਚੁਣਾਵੀ ਜੁਮਲੇਬਾਜ਼ੀ ਤੋਂ ਚੌਕਸ ਰਹਿਣ ਦੀ ਅਪੀਲ

ਚਾਰ ਖੱਬੀਆਂ ਪਾਰਟੀਆਂ ਵਲੋਂ ਚੁਣਾਵੀ ਜੁਮਲੇਬਾਜ਼ੀ ਤੋਂ ਚੌਕਸ ਰਹਿਣ ਦੀ ਅਪੀਲ

ਜਲੰਧਰ, 9 ਅਗਸਤ (ਸੰਗਰਾਮੀ ਲਹਿਰ ਬਿਊਰੋ)- ਪੰਜਾਬ ’ਚ ਵਾਰੋ-ਵਾਰੀ ਰਾਜ ਕਰਦੀਆਂ ਆ ਰਹੀਆਂ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਹਾਕਮ ਸ਼੍ਰੇਣੀ ਦੀ ਲੁੱਟ ਖਸੁੱਟ ਦੀ ਸਕ੍ਰਿਪਟ ਦੇ ਨਵੇਂ ਅਦਾਕਾਰ ‘ਆਪ’ ਆਗੂਆਂ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਕੀਤੇ ਜਾ ਰਹੇ ਬੁਲੰਦ ਬਾਂਗ ਦਾਅਵਿਆਂ ਅਤੇ ਵਾਅਦਿਆਂ ਦੀ ਸੂਬੇ ਦੀਆਂ ਚਾਰ ਖੱਬੀਆਂ ਪਾਰਟੀਆਂ ਵੱਲੋਂ ਡਟਵੀਂ ਨਿੰਦਿਆ ਕਰਦਿਆਂ ਲੋਕਾਈ ਨੂੰ ਇਸ ਚੁਣਾਵੀ ਜੁਮਲੇਬਾਜ਼ੀ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ।

ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਸੀਪੀਆਈ ਪੰਜਾਬ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਪੰਜਾਬ ਦੇ ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ, ਸੀਪੀਆਈ (ਐਮਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ ਇੰਡੀਆ-ਯੁਨਾਇਟਿਡ (ਐਮਸੀਪੀਆਈ-ਯੂ) ਦੇ ਪੋਲਿਟ ਬਿਉਰੋ ਦੇ ਮੈਂਬਰ ਕਿਰਨਜੀਤ ਸਿੰਘ ਸੇਖੋਂ ਨੇ ਕਿਹਾ ਕਿ ਉਕਤ ਪਾਰਟੀਆਂ ਦੇ ਨੇਤਾ ਮੁਫ਼ਤ ਬਿਜਲੀ ਦੇਣ, ਰੇਤ ਮਾਫੀਆ ਦੇ ਖਾਤਮੇਂ ਆਦਿ ਦੇ ਪਿਛਲੇ ਵਾਅਦੇ ਵੋਟਰਾਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਨਵੇਂ ਸਿਰਿਓਂ ਦੋਹਰਾ ਰਹੇ ਹਨ।

ਆਗੂਆਂ ਨੇ ਟੋਕਿਓ ਓਲੰਪਿਕ ’ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਮੁਬਾਰਕਬਾਦ ਪੇਸ਼ ਕਰਦਿਆਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਇਹ ਸ਼ਾਨਦਾਰ ਪ੍ਰਾਪਤੀਆਂ ਕੇਵਲ ਆਪਣੇ ਬਲਬੂਤੇ ’ਤੇ ਕੀਤੀਆਂ ਹਨ। ਜੇਕਰ ਖੇਡਾਂ ਤੇ ਖਿਡਾਰੀਆਂ ਪ੍ਰਤੀ ਸਰਕਾਰ ਦੀ ਰੱਦੀ ਨੀਤੀ ਬਦਲ ਕੇ ਫੰਡਾਂ ’ਚ ਘਪਲੇਬਾਜ਼ੀ ਤੇ ਸਖਤੀ ਨਾਲ ਰੋਕ ਲਾਈ ਜਾਵੇ ਤਾਂ ਹੋਰ ਵੀ ਮੱਲਾਂ ਮਾਰੀਆਂ ਜਾ ਸਕਦੀਆਂ ਹਨ। ਹੁਣ ਖੇਡਾਂ ਤੇ ਖਿਡਾਰੀਆਂ ਦੀ ਬਦਹਾਲੀ ਦੇ ਦੋਸ਼ੀ, ਜ਼ਿਆਦਾ ਤੋਂ ਜ਼ਿਆਦਾ ਮਾਤਰਾ ’ਚ ਧਨ ਰਾਸ਼ੀ ਦੇਣ ਦੇ ਨਾਲ-ਨਾਲ ਉਚ ਅਹੁਦਿਆਂ ਦੀ ਪੇਸ਼ਕਸ਼ ਕਰਨ ਦਾ ਕੁਫ਼ਰ ਤੋਲਣ ’ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਕੀ ਇਹ ਰਾਜਸੀ ਨੇਤਾ ਇਹ ਸੋਚਦੇ ਹਨ ਕਿ ਪੰਜਾਬ ਦੇ ਵੋਟਰ ਸੂਬੇ ਅੰਦਰ ਆਪਣੇ ਕਾਰਜ ਕਾਲ ਦੌਰਾਨ ਇਨ੍ਹਾਂ ਵੱਲੋਂ ਕੀਤੀਆਂ ਗਈਆਂ ਲੁੱਟਾਂ ’ਤੇ ਭਿ੍ਰਸ਼ਟ ਕਾਰਵਾਈਆਂ ਨੂੰ ਭੁਲ ਗਏ ਹਨ?

ਖੱਬੇ ਪੱਖੀ ਆਗੂਆਂ ਨੇ ਕਿਹਾ ਕਿ ਇਹ ਪਾਰਟੀਆਂ ਆਪਣੇ  ਭਰਮਾਊ ਬਿਆਨਾਂ ਰਾਹੀਂ ਇਹ ਪ੍ਰਭਾਵ ਦੇਣ ਦਾ ਯਤਨ ਵੀ ਕਰ ਰਹੀਆਂ ਹਨ ਕਿ ਇੱਕ ਧਰਮ ਵਿਸ਼ੇਸ਼ ਦੇ ਵਿਅਕਤੀ ਨੂੰ ਮੁੱਖ ਮੰਤਰੀ ਅਤੇ ਜਾਤੀ ਵਿਸ਼ੇਸ਼ ਦੇ ਵਿਅਕਤੀ ਨੂੰ ਮੁੱਖ ਮੰਤਰੀ ਉਪ ਮੁੱਖ ਮੰਤਰੀ ਬਣਾਏ ਜਾਣ ਨਾਲ ਹੀ ਪੰਜਾਬ ਦੀਆਂ ਖੁਸ਼ਹਾਲੀ ਦੀਆਂ ਸਾਰੀਆਂ ਕਸਰਾਂ ਨਿੱਕਲ ਜਾਣਗੀਆਂ, ਜਦਕਿ ਸੱਚਾਈ ਇਹ ਹੈ ਕਿ ਅਜਿਹੇ ਥੋਥੇ ਵਾਅਦਿਆਂ ਨਾਲ ਪੰਜਾਬੀਆਂ ਦਾ ਨਾ ਕੁੱਝ ਪਹਿਲਾਂ ਸੌਰਿਆ ਹੈ ਅਤੇ ਨਾ ਹੀ ਭਵਿੱਖ ਵਿੱਚ ਕੋਈ ਲਾਭ ਹੋਣਾ ਹੈ।

ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਬੇਰੁਜ਼ਗਾਰੀ ਤੇ ਅਰਧ ਬੇਰੁਜ਼ਗਾਰੀ, ਮਾਫੀਆ ਲੁੱਟ, ਚੌਤਰਫਾ ਅਪਰਾਧ, ਉੱਚ ਪੱਧਰ ਤੇ ਫੈਲਿਆ  ਭਿ੍ਰਸ਼ਟਾਚਾਰ ਅਤੇ ਨਸ਼ਾ ਕਾਰੋਬਾਰ ਆਦਿ ਹਨ। ਸਿੱਖਿਆ ਅਤੇ ਸਿਹਤ ਢਾਂਚੇ, ਬਿਜਲੀ, ਟਰਾਂਸਪੋਰਟ ਅਤੇ ਹੋਰ ਵਿਭਾਗਾਂ ਦੇ ਬੇਤਹਾਸ਼ਾ ਨਿਜੀਕਰਨ ਦੀਆਂ ਨੀਤੀਆਂ ਨੇ, ਕੋਹੜ ‘ਚ ਖਾਜ ਵਾਂਗੂੰ,  ਲੋਕਾਈ ਦੀਆਂ ਦੁਸ਼ਵਾਰੀਆਂ ‘ਚ ਪਹਾੜਾਂ ਜਿੱਡਾ ਹੋਰ ਵਾਧਾ ਕੀਤਾ ਹੈ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਲਈ ਪੱਬਾਂ ਭਾਰ ਉਕਤ ਸਾਰੀਆਂ ਹੀ ਪਾਰਟੀਆਂ ਲੋਕਾਂ ਨੂੰ ਕੰਗਾਲ ਕਰਨ ਵਾਲੀਆਂ  ਇਨ੍ਹਾਂ ਨਵ ਉਦਾਰਵਾਦੀ ਆਰਥਕ ਨੀਤੀਆਂ ਦੀਆਂ ਕੱਟੜ ਸਮਰਥਕ ਹਨ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਨਿਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੇ ਚੌਖਟੇ ਵਾਲੀਆਂ ਉਕਤ ਨੀਤੀਆਂ ਨੂੰ ਭਾਂਜ ਦਿੱਤੇ ਬਿਨਾਂ ਲੋਕਾਈ ਦੇ ਕੰਗਾਲੀਕਰਨ ਦੀ ਪ੍ਰਕਿਰਿਆ ਕਿਸੇ ਹਾਲਤ ਵੀ ਨਹੀਂ ਰੁਕਣੀ।

ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਲਈ ਧਾਰਮਿਕ ਅਤੇ ਜਾਤੀਵਾਦੀ ਮੁੱਦੇ ਉਛਾਲਣ ਦੀ ਉਕਤ ਪਾਰਟੀਆਂ ਦੀ ਖਤਰਨਾਕ ਤੇ ਭੱਦੀ ਮੁਕਾਬਲੇਬਾਜ਼ੀ ਅਤੇ ਤਾਜਪੋਸ਼ੀਆਂ ਵਰਗੇ ਡਰਾਮਿਆਂ ਤੋਂ ਪ੍ਰਭਾਵਿਤ ਹੋਣ ਦੀ ਬਜਾਇ ਪੰਜਾਬ ਦੇ ਵੋਟਰਾਂ ਨੂੰ ਉਪਰੋਕਤ ਪਾਰਟੀਆਂ ਦੇ ਨੱਖਿਧ ਰੀਕਾਰਡ ਅਤੇ ਵਾਅਦਾ ਖਿਲਾਫ਼ੀਆਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ਾਂ ਦੇ ਪਿੜ ਭਖਾਉਣ ਦੀ ਡਾਢੀ ਲੋੜ ਹੈ।

See Also

ਇਸ ਪੱਖੋਂ ਦਿੱਲੀ ਦੀਆਂ ਜੂਹਾਂ ਤੇ ਜਾਰੀ ਜਨ ਅੰਦੋਲਨ ਦੀ ਸ਼ਕਲ ਵਟਾ ਚੁੱਕੇ ਦੇਸ਼ ਵਿਆਪੀ ਕਿਸਾਨ ਸੰਘਰਸ਼, ਸਾਂਝੇ ਮਜ਼ਦੂਰ ਮੋਰਚੇ ਵੱਲੋਂ ਪਟਿਆਲਾ ਵਿਖੇ ਲਾਏ ਜਾ ਰਹੇ ਤਿੰਨ ਰੋਜ਼ਾ ਪੱਕੇ ਧਰਨੇ, ਕਿਰਤ ਕਾਨੂੰਨਾਂ ਦੀ ਬਹਾਲੀ ਲਈ ਸਨਅਤੀ ਮਜ਼ਦੂਰਾਂ ਦਾ ਸੰਗਰਾਮ, ਕਰਜਾ ਮੁਕਤੀ ਲਈ ਜੂਝ ਰਹੀਆਂ ਇਸਤਰੀਆਂ, ਮਨਰੇਗਾ ਮਜ਼ਦੂਰਾਂ ਦੇ ਸੰਘਰਸ਼ ਆਦਿ ਤੋਂ ਸੇਧ ਲੈਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਵੀ ਫਿਰਕੂ ਫਾਸ਼ੀ ਏਜੰਡੇ ਅਤੇ ਨਵ ਉਦਾਰਵਾਦੀ ਨੀਤੀਆਂ ਦੇ ਹਾਮੀਆਂ ਨੂੰ ਭਾਂਜ ਦੇ ਕੇ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਫੈਡਰਲਿਜਮ ਦੀਆਂ  ਮੁੱਦਈ ਸ਼ਕਤੀਆਂ ਦੇ ਹੱਥ ਮਜਬੂਤ ਕਰਨੇ ਚਾਹੀਦੇ ਹਨ।

ਕਮਿਊਨਿਸਟ ਆਗੂਆਂ ਨੇ ਬੀਤੇ ਕਲ੍ਹ ਪਟਿਆਲਾ ਅਤੇ ਬਠਿੰਡਾ ਵਿਖੇ ਠੇਕਾ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਇੱਥੋਂ ਤੱਕ ਕਿ ਮਾਸੂਮ ਬੱਚਿਆਂ ਦੀ ਪੁਲਸ ਵੱਲੋਂ ਕੀਤੀ ਗਈ ਵਹਿਸ਼ੀਆਨਾ ਕੁੱਟ ਮਾਰ ‘ਤੇ ਖਿੱਚ ਧੂਹ ਦੀ ਜੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਇਸ ਜਾਲਮ ਵਤੀਰੇ ਦੀ ਭਾਰੀ ਕੀਮਤ ਤਾਰਨੀ ਪਵੇਗੀ।

Scroll To Top