Now Reading
ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਇਕ ਚੰਗੇਰੇ ਸਮਾਜ ਦੀ ਸਿਰਜਣਾ ਲਈ ਰਾਹ ਦਸੇਰੇ ਵਜੋਂ ਸਮਝਣ ਦੀ ਲੋੜ

ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਇਕ ਚੰਗੇਰੇ ਸਮਾਜ ਦੀ ਸਿਰਜਣਾ ਲਈ ਰਾਹ ਦਸੇਰੇ ਵਜੋਂ ਸਮਝਣ ਦੀ ਲੋੜ

ਮੰਗਤ ਰਾਮ ਪਾਸਲਾ
1469 ‘ਚ ਜਨਮੇਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਵਸ ਜਿਸ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਉਹ ਦਰਸਾਉਂਦਾ ਹੈ ਕਿ ਲੋਕਾਂ ਦਾ ਚੋਖਾ ਹਿੱਸਾ ਆਪਣੇ ਇਤਿਹਾਸ ਦੇ ਮਹਾਨ ਰਾਹ ਦਰਸਾਊ, ਗੁਰੂਆਂ, ਵਿਚਾਰਵਾਨਾਂ, ਸਮਾਜ ਸੁਧਾਰਕਾਂ ਤੇ ਸਥਾਪਤੀ ਵਲੋਂ ਫੈਲਾਏ ਜਾਂਦੇ ਅੰਧਕਾਰ ਨੂੰ ਚੀਰਦਾ ਹੋਇਆ ਚਾਨਣ ਵੰਡਣ ਵਾਲੇ ਯੁਗ ਪਲਟਾਊ ਇਨਕਲਾਬੀਆਂ ਨੂੰ ਸਿਰਫ ਯਾਦ ਹੀ ਨਹੀਂ ਕਰਦਾ, ਬਲਕਿ ਉਨ੍ਹਾਂ ਦੁਆਰਾ ਰਚੇ ਤਰਕਸ਼ੀਲ ਫਲਸਫੇ ਨੂੰ ਸਮੇਂ-ਸਮੇਂ ‘ਤੇ ਫਰੋਲਦਾ ਤੇ ਰਿੜਕਦਾ ਰਹਿੰਦਾ ਹੈ। ਮਨੁਖੀ ਇਤਿਹਾਸ ਅੰਦਰ ਅਜਿਹੀ ਪ੍ਰਕਿਰਿਆ ਸਮਾਜ ਨੂੰ ਅਗਲੇਰੇ ਪੜ੍ਹਾਅ ਉਪਰ ਪਹੁੰਚਣ ‘ਚ ਭਾਰੀ ਮਦਦਗਾਰ ਬਣਦੀ ਹੈ। ਇਤਿਹਾਸ ਦੇ ਹਰ ਮੋੜ ਉਪਰ ਸੱਤਾ ‘ਤੇ ਕਾਬਜ਼ ਧਿਰ ਬੀਤੇ ਸਮੇਂ ਦੀਆਂ ਅਗਾਂਹਵਧੂ ਤੇ ਹਰ ਕਿਸਮ ਦੇ ਅਨਿਆਂ, ਜ਼ੁਲਮੋਂ-ਸਿਤਮ ਨਾਲ ਦੋ-ਦੋ ਹੱਥ ਕਰਨ ਵਾਲੀਆਂ ਆਪਾ ਵਾਰੂ ਪ੍ਰੰਪਰਾਵਾਂ ਨੂੰ ਲੋਕ ਚੇਤਿਆਂ ਵਿਚੋਂ ਮਿਟਾਉਣ ਦਾ ਯਤਨ ਕਰਦੀਆਂ ਰਹੀਆਂ ਹਨ ਤੇ ਪਿਛਾਖੜੀ, ਦਕਿਆਨੂਸੀ ਤੇ ਵੇਲਾ ਵਿਹਾ ਚੁੱਕੀਆਂ ਰਹੁ-ਰੀਤਾਂ ਨੂੰ ਆਪਣੇ ਹਿੱਤਾਂ ਦੀ ਪੂਰਤੀ ਲਈ ਵਾਰ-ਵਾਰ ਲੋਕ ਮਨਾਂ ਵਿਚ ਉਤਾਰਨ ਦੀਆਂ ਦੰਭੀ ਕੋਸ਼ਿਸ਼ਾਂ ਜੁਟਾਉਂਦੀਆਂ ਰਹਿੰਦੀਆਂ ਹਨ। ਸਮਾਜਿਕ ਵਿਗਿਆਨ ਦੀ ਇਹ ਵੀ ਇਕ ਮਾਣਮੱਤੀ ਹਕੀਕਤ ਹੈ ਕਿ ਸਮਾਜਕ ਵਿਕਾਸ ਦੀਆਂ ਮੁੜੈਲੀ ਧਿਰਾਂ  ਹਰ ਕਿਸਮ ਦੇ ਕੂੜ ਪ੍ਰਚਾਰ, ਪਿਛਾਖੜੀ ਵਿਚਾਰਾਂ, ਬੇਇਨਸਾਫੀਆਂ ਤੇ ਧੱਕੇਸ਼ਾਹੀਆਂ ਦੇ ਦੰਭ ਨੂੰ ਲਿਤਾੜਦੀਆਂ ਹੋਈਆਂ ਪਿਛਲੇ ਇਤਿਹਾਸ ਦੇ ਰਾਹ ਰੁਸ਼ਨਾਊ ਚਿਰਾਗਾਂ ਤੋਂ ਰੋਸ਼ਨੀ ਲੈ ਕੇ ਅੱਗੇ ਵੱਧਦੀਆਂ ਆਈਆਂ ਹਨ। ਸਤਹੀ ਤੇ ਵਕਤੀ ਪਿਛਾੜਾਂ ਸਮਾਜ ਦੇ ਅਗਾਂਹ ਵੱਧ ਰਹੇ ਰੱਥ ਨੂੰ ਸਥਾਈ ਰੋਕ ਲਗਾਉਣ ਵਿਚ ਹਮੇਸ਼ਾ ਹੀ ਅਸਫਲ ਰਹੀਆਂ ਹਨ।
ਅਜੋਕੇ ਸਮੇਂ ਅੰਦਰ ਅਸੀਂ ਨਾਨਕ ਕਾਲ ਦੌਰਾਨ ਸਮਾਜ ਅੰਦਰ ਪ੍ਰੱਚਲਤ ਵਹਿਮਾਂ, ਹਨੇਰ ਬਿਰਤੀ ਵਾਲੀਆਂ ਰਸਮਾਂ-ਰਿਵਾਜ਼ਾਂ, ਪਾਖੰਡਾਂ ਤੇ ਅੰਧ ਵਿਸ਼ਵਾਸਾਂ ਨਾਲੋਂ ਵੀ ਵਧੇਰੇ ਪਿਛਾਖੜੀ ਵਹਿਸ਼ੀਆਨਾ ਤੇ ਅਸਹਿਨਸ਼ੀਲਤਾ ਦੇ ਮਾਹੌਲ ਵਿਚੋਂ ਗੁਜ਼ਰ ਰਹੇ ਹਾਂ। ਲੁਟੇਰੇ ਹਾਕਮਾਂ ਹੱਥੋਂ ਕਿਰਤੀਆਂ ਦੀ ਬੇਕਿਰਕ ਲੁੱਟ-ਖਸੁੱਟ, ਧੋਖੇਬਾਜ਼ ਕਥਿਤ ਧਰਮ ਗੁਰੂਆਂ ਤੇ ਸਾਧਾਂ-ਸੰਤਾਂ ਤੋਂ ਠੱਗੀ ਜਾ ਰਹੀ ਲੋਕਾਈ ਦੀ ਦੂਰਦਸ਼ਾ ਅਤੇ ਜਾਤੀਪਾਤੀ, ਲਿੰਗ ਤੇ ਧਰਮ ਅਧਾਰਤ ਵਿਤਕਰੇਬਾਜ਼ੀਆਂ ਦੇ ਸ਼ਿਕਾਰ ਹਾਂ। ਇਸ ਲਈ ਅੱਜ ਗੁਰੂ ਨਾਨਕ ਦੇਵ ਜੀ ਦੀ ਪ੍ਰੰਪਰਾਵਾਦੀ ਲੀਹਾਂ ਤੋਂ ਹਟਵੀਂ ਮਾਨਵਵਾਦੀ ਤੇ ਸਮਾਜਕ ਸਰੋਕਾਰਾਂ ਸੰਗ ਪ੍ਰਣਾਈ ਹੋਈ ਮੁਲਵਾਨ ਸਿੱਖਿਆ ਹੋਰ ਵੀ ਵਧੇਰੇ  ਪ੍ਰਸੰਗਕ ਤੇ ਰਾਹ ਦਰਸਾਊ ਹੈ। ਅਫਸੋਸ ਇਹ ਹੈ ਕਿ ਪੰਜ ਸਦੀਆਂ ਤੋਂ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ, ਨਾਨਕ ਬਾਣੀ ਦੇ ਪੈਰੋਕਾਰਾਂ ਦੀ ਸੰਖਿਆ ਤੇ ਨਾਨਕ ਦੇਵ ਜੀ ਦੀ ਯਾਦ ਵਿਚ ਉਸਰੇ ਧਾਰਮਿਕ ਅਸਥਾਨਾਂ ਦੀ ਗਿਣਤੀ ਅੰਦਰ ਅਥਾਹ ਵਾਧਾ ਹੋਇਆ ਹੈ, ਪ੍ਰੰਤੂ ਇਸ ਸਾਰੇ ਕੁੱਝ ਵਿਚੋਂ ‘ਨਾਨਕ ਜੀ’ ਮਨਫ਼ੀ ਜਾਪਦੇ ਹਨ। ਜਿਨ੍ਹਾਂ ਗਲਤ ਸਮਾਜਿਕ ਤੇ ਧਾਰਮਿਕ ਧਾਰਨਾਵਾਂ, ਰਸਮਾਂ-ਰਿਵਾਜ਼ਾਂ ਤੇ ਅੰਧ ਵਿਸ਼ਵਾਸਾਂ ਵਿਰੁੱਧ ਨਾਨਕ ਦੇਵ ਜੀ ਨੇ ਜ਼ਿੰਦਗੀ ਦਾ ਵੱਡਾ ਭਾਗ ਵੱਖ-ਵੱਖ ਖਿੱਤਿਆਂ ਦੇ ਲੋਕਾਂ ਸੰਗ ਹਕੀਕੀ ਰੂਪ ਵਿਚ ਜੁੜਨ, ਇਨ੍ਹਾਂ ਦੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਸਮਝਣ ਤੇ ਉਸ ਸਮੇਂ ਦੀਆਂ ਪ੍ਰਚਲਤ ਵੱਖ-ਵੱਖ ਵਿਚਾਰਧਾਰਾਵਾਂ ਦੇ ਅਨੁਆਈਆਂ ਨਾਲ ਸਾਰਥਕ ਵਿਚਾਰ ਵਟਾਂਦਰੇ ਰਾਹੀਂ ਸੱਚ ਤੱਕ ਉਪੜਨ ਲਈ ਦੇਸ਼-ਪ੍ਰਦੇਸ਼ਾਂ ਦਾ ਭ੍ਰਮਣ (ਉਦਾਸੀਆਂ) ਕੀਤਾ, ਉਨ੍ਹਾਂ ਸਭ ਉਪਦੇਸ਼ਾਂ ਨੂੰ ‘ਆਸਥਾ’ ਦੇ ਨਾਮ ਹੇਠਾਂ ਪਿਛਾਂਹ ਧੱਕ ਦਿੱਤਾ ਗਿਆ ਹੈ। ਬਾਣੀ ਰੂਪੀ ਸ਼ਬਦਾਂ ਨੂੰ ਕਾਵਿਕ ਰੂਪ ਦੇਣ ਲਈ ਭਾਈ ਮਰਦਾਨੇ ਦਾ ਸਹਿਯੋਗ ਲੈਣਾ ਗੁਰੂ ਨਾਨਕ ਜੀ ਦੀ ਸੋਚਣੀ ਅੰਦਰ ਕਲਾ ਤੇ ਸੰਗੀਤ ਪ੍ਰਤੀ ਡੂੰਘੇ ਲਗਾਅ ਨੂੰ ਦਰਸਾਉਂਦਾ ਹੈ। ਪ੍ਰੰਤੂ ਅੱਜ ਦੇ ਹੁਕਮਰਾਨ ਨਾਨਕ ਤੇ ਮਰਦਾਨੇ ਦੀ ‘ਦੋਸਤੀ’ ਨੂੰ ਨਫ਼ਰਤ ਭਰੇ ਪ੍ਰਚਾਰ ਰਾਹੀਂ ਤੋੜਨਾ ਚਾਹੁੰਦੇ ਹਨ।
ਕੀ ਅਸੀਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ 550 ਵੀਂ ਵਰ੍ਹੇਗੰਢ ਮਨਾਉਣ ਸਮੇਂ ਉਨ੍ਹਾਂ ਦੀਆਂ ਸਮੁੱਚੇ ਸਮਾਜ ਤੇ ਮਾਨਵਤਾ ਲਈ ਦਿੱਤੀਆਂ ਸੇਧਾਂ ਤੇ ਪ੍ਰਚਲਤ ਨਾਂਹ ਪੱਖੀ ਵਰਤਾਰਿਆਂ ਉਪਰ ਉਂਗਲ ਧਰਕੇ ਉਨ੍ਹਾਂ ਤੋਂ ਕਿਨਾਰਾਕਸ਼ੀ ਕਰਨ ਦੀ ਹਦਾਇਤ ਉਪਰ ਕੋਈ ਅਮਲ ਕਰ ਰਹੇ ਹਾਂ? ਮੱਧ ਯੁਗ ਅੰਦਰ ਪ੍ਰਚਲਤ ਜਾਤੀਪਾਤੀ ਪ੍ਰਥਾ ‘ਤੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਅੰਦਰ ਭਾਰੀ ਚੋਟ ਕੀਤੀ ਹੈ। ਮਨੂੰਵਾਦੀ ਵਿਵਸਥਾ ਤੇ ਸਨਾਤਨੀ ਧਾਰਨਾਵਾਂ ਉਪਰ ਬੇਝਿਜਕ ਕਟਾਕਸ਼ ਕਰਦੇ ਹੋਏ ਮਨੁੱਖ ਨੂੰ ਆਪਣੇ ਜਾਂ ਸਮਾਜ ਦੇ ਕਲਿਆਣ ਵਾਸਤੇ ਜੰਗਲਾਂ ‘ਚ ਜਾ ਕੇ ਭਗਤੀ ਕਰਨ, ਤਰ੍ਹਾਂ-ਤਰ੍ਹਾਂ ਦੇ ਪਹਿਰਾਵੇ ਤੇ ਭੇਸ ਬਦਲਣ, ਵਰਤ ਰੱਖਣ ਤੇ ਕਥਿਤ ਨੀਵੀਆਂ ਜਾਤੀਆਂ ਨਾਲ ਘਟੀਆ ਵਰਤਾਅ ਕਰਨ ਵਾਲੇ ਨਾਮ ਨਿਹਾਦ ਉਚ ਜਾਤੀ ਵਿਚ ਜਨਮੇ ਲੋਕਾਂ ਦੇ ਉਚ ਜਾਤੀ ਹੰਕਾਰ ਖਿਲਾਫ਼ ਸਖਤ ਤੇ ਅਰਥ-ਭਰਪੂਰ ਟਿੱਪਣੀਆਂ ਤੇ ਸਿੱਖਿਆਵਾਂ ਗੁਰੂ ਨਾਨਕ ਦੇਵ ਜੀ ਦੀ ਵਿਦਵਤਾ, ਨਿੱਡਰਤਾ ਤੇ ਮਾਨਵਜਾਤੀ ਦੇ ਕਲਿਆਣ ਪ੍ਰਤੀ ਪ੍ਰਤੀਬੱਧਤਾ ਨੂੰ ਰੂਪਮਾਨ ਕਰਦੀਆਂ ਹਨ। ਔਰਤ ਜਾਤੀ, ਜਿਸ ਸੰਤਾਪ ਵਿਚੋਂ ਨਾਨਕ ਜੀ ਦੇ ਅਗਮਨ ਤੋਂ ਪਹਿਲਾਂ ਗੁਜ਼ਰ ਰਹੀ ਸੀ, ਉਹੀ ਸੰਤਾਪ ਅੱਜ ਵੀ ਨਾ ਕੇਵਲ ਜਾਰੀ ਹੈ ਬਲਕਿ ਕਈਆਂ ਪੱਖਾਂ ਤੋਂ ਹੋਰ ਤੇਜ਼ ਹੋਇਆ ਹੈ। ਇਸ ਸੰਤਾਪ ਲਈ ਜ਼ਿੰਮੇਵਾਰ ਬਾਕੀ ਸਮਾਜ ਦੇ ਲੋਕਾਂ ਵਾਂਗ ਨਾਨਕ ਨਾਮ ਲੇਵਾ ਵੀ ਕਿਸੇ ਪੱਖੋਂ ਘੱਟ ਜ਼ਿੰਮੇਵਾਰ ਨਹੀਂ ਹਨ। ਕਿਸੇ ਸੁਪਨਈ ਸਵਰਗ ਨਾਲੋਂ ਹਕੀਕੀ ਰੂਪ ਵਿਚ ਵਸੇ ਸੰਸਾਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਬਿਆਨਣਾ, ਉਸ ਲਈ ਜ਼ਿੰਮੇਵਾਰ ਧਿਰਾਂ ਦੀ ਨਿਸ਼ਾਨਦੇਹੀ ਕਰਕੇ ਇਨਸਾਫ ਦੀ ਪ੍ਰਾਪਤੀ ਵਾਸਤੇ ਜ਼ੋਰਦਾਰ ਸੰਘਰਸ਼ ਕਰਨ ਦਾ ਹੋਕਾ ਦੇਣਾ ਨਾਨਕ ਜੀ ਦੀਆਂ ਰਚਨਾਵਾਂ ਦਾ ਕੇਂਦਰੀ ਬਿੰਦੂ ਰਿਹਾ ਹੈ। ਭਾਈ ਲਾਲੋ ਤੇ ਮਲਕ ਭਾਗੋ ਦੀ ਗਾਥਾ ਦਾ ਵਰਣਨ, ਹਰਿਦੁਆਰ ਜਾ ਕੇ ਸੂਰਜ ਨੂੰ ਪਾਣੀ ਦਾ ਅਰਘ ਦੇਣ ਦਾ ਕਰਤਾਰਪੁਰ ਦੇ ਖੇਤਾਂ ਵੱਲ ਨੂੰ ਪਾਣੀ ਸੁੱਟ ਕੇ ਸੰਕੇਤਕ ਵਿਰੋਧ ਕਿਸੇ ਮਹਾਨ ਇਨਕਲਾਬੀ ਕਾਰਨਾਮੇ ਤੋਂ ਘੱਟ ਨਹੀਂ ਸੀ। ਭੇਖੀ ਧਾਰਮਿਕ ਲੋਕਾਂ, ਪੁਜਾਰੀਆਂ, ਸਾਧਾਂ ਤੇ ਹੰਕਾਰੀ ਜ਼ਾਲਮ ਹਾਕਮਾਂ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ, ਜਿਸ ਤਰ੍ਹਾਂ ਆਪਣੀ ਬਾਣੀ ‘ਚ ਗੁਰੂ ਨਾਨਕ ਜੀ ਨੇ ਕੀਤਾ ਹੈ, ਅੱਜ ਦੇ ਨਾਮ ਨਿਹਾਦ ਸਿੱਖ ਧਰਮ ਦੇ ਵੱਡੇ ਵਿਦਵਾਨ, ਕਥਾ ਵਾਚਕ, ਨੇਤਾ ਤੇ ਸਿੱਖੀ ਦੇ ‘ਠੇਕੇਦਾਰ’ ਤਾਂ ਉਹਨਾਂ ਸ਼ਬਦਾਂ ਦੇ ਉਚਾਰਣ ਤੋਂ ਵੀ ਭੈਅ ਖਾਂਦੇ ਹਨ। ਬਹੁਤ ਸਾਰੇ ਧਰਮ ਪ੍ਰਚਾਰਕ ਨਾਨਕ ਦੇਵ ਜੀ ਦੀ ਉਸਤਤੀ ਕਰਦੇ ਹੋਏ ਉਨ੍ਹਾਂ ਵਲੋਂ ਕੀਤੇ ਗਏ ‘ਸਿਰੜੀ ਤੇ ਹਕੀਕੀ ਯਤਨਾਂ’ ਦਾ ਵਰਣਨ ਕਰਦੇ ਹੋਏ ਸਭ ਕੁੱਝ ਨੂੰ ‘ਚਮਤਕਾਰਾਂ’ ਨਾਲ ਤਸ਼ਬੀਹ ਦੇਣ ਲੱਗ ਪੈਂਦੇ ਹਨ, ਜਦੋਂ ਕਿ ਹਕੀਕੀ ਰੂਪ ਵਿਚ ਗੁਰੂ ਨਾਨਕ ਦੇਵ ਜੀ ਦਾ ਸਾਰਾ ਫਲਸਫਾ ਕਿਸੇ ਵੀ ਕਿਸਮ ਦੇ ‘ਚਮਤਕਾਰਾਂ’ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ।
ਬਿਨਾਂ ਸ਼ੱਕ ਗੁਰੂ ਨਾਨਕ ਜੀ ਦੀ ਮਿੱਠੀ ਯਾਦ ਅੰਦਰ ਬਹੁਤ ਹੀ ਅਲੀਸ਼ਾਨ ਗੁਰਦੁਆਰੇ, ਹੋਰ ਤੀਰਥ ਅਸਥਾਨ, ਮਿਊਜ਼ੀਅਮ ਆਦਿ ਉਸਾਰੇ ਗਏ ਹਨ। ਉਨ੍ਹਾਂ ਦੀ ਯਾਦ ਵਿਚ ਸਜਾਏ ਜਾਣ ਵਾਲੇ ਧਾਰਮਿਕ ਕੀਰਤਨਾਂ, ਯਾਤਰਾਵਾਂ ਤੇ ਹੋਰ ਸਮਾਗਮਾਂ ਅੰਦਰ ਬੇਸ਼ੁਮਾਰ ਧਨ ਖਰਚਿਆ ਜਾਂਦਾ ਹੈ ਤੇ ਸੰਗਤਾਂ ਦੀਆਂ ਭਾਰੀ ਭੀੜਾਂ ਜੁਟਾਈਆਂ ਜਾਂਦੀਆਂ ਹਨ। ਪ੍ਰੰਤੂ ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿਚੋਂ ਨਾਨਕ ਦੇਵ ਜੀ ਉਸ ਹਕੀਕੀ ‘ਬਾਣੀ’ ਦਾ ਸਾਰਅੰਸ਼ ਗਾਇਬ ਹੁੰਦਾ ਹੈ, ਜਿਸ ਵਿਚ ਲੋਕਾਂ ਦਾ ਹੱਕ ਮਾਰ ਕੇ ਬਣੇ ਅਮੀਰ ਨੂੰ ਲਾਹਨਤਾਂ ਪਾਈਆਂ ਗਈਆਂ ਹਨ ਤੇ ਸਮਾਜ ਦੇ ਹਿਤਾਂ ਨਾਲੋਂ ਆਪਣੇ ਹਿਤਾਂ ਨੂੰ ਪਹਿਲ ਦੇਣ ਵਾਲੇ ਹੰਕਾਰੀ ਲੋਕਾਂ ਦੇ ਦੁਰਾਚਾਰੀ ਅਮਲਾਂ ਦਾ ਪਰਦਾ ਚਾਕ ਕੀਤਾ ਗਿਆ ਹੈ। ਨਾਨਕ ਜੀ ਵਲੋਂ ਗਿਆਨ ਹਾਸਲ ਕਰਨ ਦੀਆਂ ਦਿੱਤੀਆਂ ਸੇਧਾਂ ਦੇ ਉਲਟ ਬਹੁਤੀ ਵਾਰ ਅਗਿਆਨਤਾ ਤੇ ਅੰਧ ਵਿਸ਼ਵਾਸ਼ ਦਾ ਪ੍ਰਚਾਰ ਕੀਤਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗਿਆਨ ਦਾ ਸਰੋਤ ਸਮਝ ਕੇ ਪੜ੍ਹਨ, ਵਿਚਾਰਨ ਤੇ ਅਮਲ ਕਰਨ ਦਾ ਪੈਗਾਮ ਦੇਣ ਦੇ ਕਾਰਜਾਂ ਦੀ ਥਾਂ ਏਅਰ ਕੰਡੀਸ਼ੰਡ ਕਮਰਿਆਂ ਵਿਚ ਸੁਸ਼ੋਭਿਤ ਕਰਕੇ ਆਮ ਵਿਅਕਤੀ ਨੂੰ ਉਸ ਦਾ ਅਧਿਐਨ ਕਰਨ ਤੋਂ ਵੀ ਵੰਚਿਤ ਕਰ ਦਿੱਤਾ ਗਿਆ ਹੈ। ਸੋਨੇ ਦੀਆਂ ਪਾਲਕੀਆਂ ਨਾਲ ਨਗਰ ਕੀਰਤਨ ਸਜਾਉਣਾ ਤੇ ਭਾਈ ਲਾਲੋਆਂ ਸੰਗ ਖਲੋ ਕੇ ਉਨ੍ਹਾਂ ਦੀ ਲੁੱਟੀ ਜਾਂਦੀ ਕਿਰਤ ਦੇ ਬਚਾਅ ਲਈ ਯੁਧ ਕਰਨ ਦਾ ਸੁਨੇਹਾ ਦੇਣ ਦੀ ਥਾਂ ਮਲਕ ਭਾਗੋਆਂ ਦੇ ਦਿੱਤੇ ਦਾਨਾਂ ਦੁਆਲੇ ਲੋਕਾਂ ਦਾ ਧਿਆਨ ਆਕਰਸ਼ਤ ਕਰਨ ਦਾ ਯਤਨ ਕਿਸੇ ਪੱਖ ਤੋਂ ਵੀ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਅਨੁਕੂਲ ਨਹੀਂ ਕਿਹਾ ਜਾ ਸਕਦਾ। ਲੁੱਟ-ਖਸੁੱਟ ਨਾਲ ਇਕੱਤਰ ਕੀਤੀ ਮਾਇਆ ਵਿਚੋਂ ਕੀਤਾ ਕੋਈ ਵੀ ਦਾਨ ਨਾਨਕ ਸ਼ਬਦਾਵਲੀ ਵਿਚ ‘ਅਰਥ ਭਰਪੂਰ’ ਤੇ ‘ਦਰੁਸਤ’ ਨਹੀਂ  ਕਿਹਾ ਜਾ ਸਕਦਾ। ਇੰਜ ਜਾਪਦਾ ਹੈ  ਜਿਵੇਂ ਸਮੇਂ ਦੇ ਹਾਕਮਾਂ ਤੇ ਉਨ੍ਹਾਂ ਦੇ ਹੱਥਠੋਕੇ ਅਡੰਬਰੀ ਧਰਮ ਗੁਰੂਆਂ ਨੇ ਨਾਨਕ ਬਾਣੀ ਨੂੰ ਆਪਣੇ ਹਿਤਾਂ ਵਾਸਤੇ ‘ਉਧਾਲ’ ਲਿਆ ਹੈ। ਇਸੇ ਕਰਕੇ ਉਹ ਇਸਦੇ ਸਾਰ ਤੱਤ ਨੂੰ ਵਿਸਾਰਨਾ ਚਾਹੁੰਦੇ ਹਨ ਤੇ ਸਿਰਫ ਵੱਖ-ਵੱਖ ਢੰਗਾਂ ਨਾਲ ਇਸਦੇ ‘ਮਿੱਥ ਕੇਂਦਰਤ’ ਰੂਪਕ ਪੱਖ ਨੂੰ ਉਘਾੜ ਕੇ ਲੋਕਾਂ ਦੇ ਅੱਖੀਂ ਘੱਟਾ ਪਾ ਰਹੇ ਹਨ।
‘ਆਸਥਾ’ ਦੇ ਨਾਮ ‘ਤੇ, ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀਆਂ ਰੌਸ਼ਨੀਆਂ ਵੰਡਦੇ ਸੂਰਜ ਦੀ ਬਜਾਇ ਕਿਸੇ ਮੜ੍ਹੀ ਉਪਰ ਜਗਦੇ ਦੀਵੇ ਵਿਚ ਤਬਦੀਲ ਕੀਤਾ ਜਾ ਰਿਹਾ ਹੈ, ਜਿਸਦਾ ਚੜ੍ਹਾਵਾ ਵਿਹਲੜ ਲੋਕਾਂ ਦੇ ਪੇਟ ਭਰਦਾ ਹੈ।
ਇਹੀ ਕਾਰਨ ਹੈ ਕਿ ਨਾਨਕ ਦੇਵ ਜੀ ਦੀ ਬਾਣੀ, ਜਿਹੜੀ  ਮਾਨਵੀ ਤੇ ਸਮਾਜਿਕ ਸਰੋਕਾਰਾਂ ਨਾਲ ਨੇੜਿਓਂ ਜੁੜੀ ਹੋਈ ਹੈ ਤੇ ਬਹੁਤ ਸਾਰੇ ਦੁਨਿਆਵੀ ਮਸਲਿਆਂ ਤੇ ਉਲਝਣਾਂ ਦਾ ਵਿਗਿਆਨਕ ਹੱਲ ਦਰਸਾਉਂਦੀ ਹੈ, ਅੱਜ ਪੰਜਾਬ ਦੇ ਨਾਲ ਲੱਗਦੇ ਛੋਟੇ ਜਿਹੇ ਖਿੱਤੇ ਦੇ ਲੋਕਾਂ ਤੋਂ ਬਾਹਰ ਦੇਸ਼ ਤੇ ਦੁਨੀਆਂ ਦੀ ਵੱਡੀ ਲੋਕਾਈ ਨੂੰ ਆਪਣੇ ਅੰਦਰ ਛੁਪੇ ‘ਸੱਚ’ ਤੇ ‘ਤਰਕ’ ਨਾਲ ਪ੍ਰਭਾਵਤ ਕਰਕੇ ਆਪਣੇ ਕਲਾਵੇ ਵਿਚ ਨਹੀਂ ਲੈ ਸਕੀ। ਇੱਥੋਂ ਤੱਕ ਕਿ ਆਪਣੇ ਆਪ ਨੂੰ ਨਾਨਕ ਨਾਮ ਲੇਵਾ ਸਮਝਣ ਵਾਲੇ ਲੋਕ ਆਪਣੇ ਨੇੜੇ ਦੇ ਸਮਾਜਿਕ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਨਕ ਬਾਣੀ ਦੀਆਂ ਸਦੀਵੀਂ ਤਰਕ ਭਰਪੂਰ ਹਕੀਕਤਾਂ ਨਾਲ ਨਹੀਂ ਜੋੜ ਰਹੇ। ਇਸ ਦਾ ਸਾਰਾ ਜ਼ਿੰਮਾ ਸਵਾਰਥੀ ਹਿਤਾਂ ਵਾਲੇ ਹਾਕਮ ਧਨਵਾਨ ਸ਼੍ਰੇਣੀਆਂ ਦੇ ਨਾਲ-ਨਾਲ ਉਨ੍ਹਾਂ ਨਾਮ ਨਿਹਾਦ ਸਿੱਖ ਧਰਮ ਦੇ ‘ਆਗੂਆਂ’, ਪ੍ਰਚਾਰਕਾਂ ਤੇ ਡੇਰਾਵਾਦੀਆਂ ਦੇ ਸਿਰ ਆਉਂਦਾ ਹੈ, ਜਿਨ੍ਹਾਂ ਨੇ ਨਾਨਕ ਦੇਵ ਜੀ ਦੀ ਰਚਨਾ ਨੂੰ ਤਰਕ ਨਾਲੋਂ ਤੋੜ ਕੇ ਆਸਥਾ ਤੇ ਫੋਕੀ ਸ਼ਰਧਾ ਦੇ ਬਿੰਦੂ ਬਣਾ ਦਿੱਤਾ ਹੈ। ਜਿਹੜੇ ਤਰਕ ਦੀ ਸਹਾਇਤਾ ਲੈ ਕੇ ਨਾਨਕ ਦੇਵ ਜੀ ਸਿੱਧ ਗੋਸ਼ਟਾਂ, ਦੂਸਰੇ ਧਰਮਾਂ ਦੇ ਅਨੁਆਈਆਂ ਤੇ ਸਮਾਜ ਦੇ ਅਲੱਗ-ਅਲੱਗ ਤਬਕਿਆਂ ਦੇ ਨੁਮਾਇੰਦਿਆਂ ਨਾਲ ਮਿਲ ਬੈਠ ਕੇ ‘ਸੱਚ’ ਤੱਕ ਉਪੜਨ ਦਾ ਯਤਨ ਕਰਦੇ ਸਨ, ਅੱਜ ਦੇ ਬਹੁਤ ਸਾਰੇ ਨਾਮ ਨਿਹਾਦ ਅੰਧਵਿਸ਼ਵਾਸ਼ੀ ਪੈਰੋਕਾਰ ਨਾਨਕ ਬਾਣੀ ਨੂੰ ਉਸ ਤਰਕਸ਼ੀਲ ਵਿਧੀ ਨਾਲ ਬਿਆਨਣ ਤੇ ਇਸ ਉਪਰ ਵਿਚਾਰ ਵਟਾਂਦਰਾ ਕਰਨ ਦੀ ਵੀ ਮਨਾਹੀ ਕਰਦੇ ਹਨ। ਅਜਿਹਾ ਨਾ ਮੰਨਣ ਵਾਲਿਆਂ ਨੂੰ ‘ਅਧਰਮੀ’, ‘ਨਾਸਤਕ’ ਤੇ ਖਬਰੇ ਹੋਰ ਕਿਹੜੇ ਕਿਹੜੇ ਵਿਸ਼ੇਸ਼ਣਾਂ ਨਾਲ ਨਿਵਾਜਿਆ ਜਾਂਦਾ ਹੈ, ਇਨ੍ਹਾਂ ਕਥਿਤ ਨਾਨਕ ਦੇ ਪੈਰੋਕਾਰਾਂ ਵਲੋਂ! ਗੁਰੂ ਨਾਨਕ ਦੇਵ ਜੀ ਦੀ ਤਰਕ ਭਰਪੂਰ ਬਾਣੀ ਦੀ ਵਿਆਖਿਆ ਕਰਨ ਲਈ ‘ਕਿਕਰਾਂ ਨੂੰ ਜਲੇਬੀਆਂ ਦੇ ਫਲ ਲਗਾਉਣਾ’, ‘ਮੁਰਦਿਆਂ ਨੂੰ ਜੀਵਨ ਦਾਨ ਦੇਣਾ’, ‘ਬਿਨਾਂ ਟੁਰਨ ਤੋਂ ਹਜ਼ਾਰਾਂ ਮੀਲਾਂ ਦਾ ਸਫਰ ਤੈਅ ਕਰ ਲੈਣਾ’ ਆਦਿ ਦਰਿਸ਼ਟਾਂਤ ਬੇਸ਼ੱਕ ਗੁਰੂ ਨਾਨਕ ਜੀ ਦੀ ਉਪਮਾ ਕਰਨ ਲਈ ਹੀ ਦਿੱਤੇ ਜਾਂਦੇ ਜਾਪਦੇ ਹਨ, ਪ੍ਰੰਤੂ ਇਹ ਸਭ ਕਰਾਮਾਤਾਂ ਦਾ ਉਲੇਖ ਉਨ੍ਹਾਂ ਦੀ ਫਿਲਾਸਫੀ ਨਾਲ ਵੱਡਾ ਅਨਿਆਂ ਹੈ। ਇਸ ਤਰ੍ਹਾਂ ਕਰਨ ਨਾਲ ਇਕ ਜੀਵੰਤ ‘ਵਿਗਿਆਨ’ ਵਾਂਗ ਮਨੁੱਖ ਦੀ ਅਗਵਾਈ ਕਰਨ ਦੀ ਥਾਂ ਨਾਨਕ ਬਾਣੀ ਇਕ ਸਥੂਲ ਸ਼ਰਧਾ ਵਾਲੀ ਚੀਜ਼ ਬਣ ਜਾਂਦੀ ਹੈ, ਜਿਸ ਬਾਰੇ ਕੋਈ ਵਿਚਾਰ-ਵਟਾਂਦਰਾ ਜਾਂ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ।
ਅੱਜ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਮਨਾ ਰਹੇ ਹਾਂ, ਤਾਂ ਜਿੱਥੇ ਇਸ ਪੁਰਬ ਨੂੰ ਵੱਖ-ਵੱਖ ਧਾਰਮਿਕ ਢੰਗਾਂ ਨਾਲ ਮਨਾਇਆ ਜਾਣਾ ਹੈ, ਉਸਦੇ ਨਾਲ ਇਹ ਵੀ ਯਤਨ ਕੀਤਾ ਜਾਣਾ ਚਾਹੀਦਾ ਹੈ ਕਿ ਇਸ ਸਮੇਂ ਗੁਰੂ ਨਾਨਕ ਦੀ ਬਾਣੀ ਦੇ ਮਾਨਵੀ ਸਰੋਕਾਰਾਂ ਤੇ ਇਨ੍ਹਾਂ ਦੇ ਸਨਮੁੱਖ ਹੋ ਕੇ ਅੱਜ ਦੇ ਸਮਾਜਿਕ ਜੀਵਨ ਅੰਦਰ ਹੋ ਰਹੀਆਂ ਬਹੁ ਪੱਖੀ ਅਨਿਯਮਿਤਤਾਵਾਂ, ਜ਼ਿਆਦਤੀਆਂ, ਲੁੱਟਾਂ, ਧੋਖੇਬਾਜ਼ੀਆਂ ਤੇ ਹਾਕਮ ਧਿਰਾਂ ਵਲੋਂ ਜਨ ਸਧਾਰਨ ਨਾਲ ਕੀਤੇ ਜਾ ਰਹੇ ਘੋਰ ਅਨਿਆਂ ਵਿਰੁੱਧ ਵੀ ਆਵਾਜ਼ ਬੁਲੰਦ ਕੀਤੀ ਜਾਵੇ। ਬਹੁਤ ਸਾਰੇ ਸਵਾਲਾਂ ਦੇ ਯੋਗ ਹੱਲ ਲਈ ਨਾਨਕ ਬਾਣੀ ਅਤੇ ਪਿਛਲੇ 550 ਸਾਲਾ ਦੇ ਸਮੇਂ ਦੌਰਾਨ ਹੋਰ ਬਹੁਤ ਸਾਰੇ ਵਿਚਾਰਵਾਨਾਂ, ਬੁੁੁੱਧੀਜੀਵੀਆਂ, ਸਮਾਜ ਸੁਧਾਰਕਾਂ ਤੇ ਕਰਾਂਤੀਕਾਰੀਆਂ ਨੇ  ਸਮਾਜਕ ਬਰਾਬਰੀ, ਨਿਆਂ ਤੇ ਹਰ ਕਿਸਮ ਦੀ ਲੁੱਟ-ਖਸੁੱਟ ਦੇ ਖਾਤਮੇ ਲਈ ਤੇ ਕਿਰਤ ਦੀ ਰਾਖੀ ਵਾਸਤੇ ਨਾਨਕ ਦੇਵ ਜੀ ਦੀ ਬਾਣੀ ਦੇ ਸਾਰ ਤੱਤ ਦੀ ਸੇਧ ਵਿਚ ਜਿਹੜਾ ਹੋਰ ਬਹੁਤ ਸਾਰੇ ਪੱਖਾਂ ਤੋਂ ਵਿਗਿਆਨਕ ਵਿਧੀਆਂ ਨਾਲ ਵਾਧਾ ਕੀਤਾ ਹੈ, ਉਸ ਦਾ ਪੂਰਾ ਪੂਰਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਇਸ ਪ੍ਰਕਿਰਿਆ ਅੰਦਰ ਵਿਗਿਆਨਕ ਨਜ਼ਰੀਏ ਤੋਂ ਮਨੁੱਖ ਦਾ ਗਿਆਨ ਸਿਰਫ ਸਮਾਜ ਅੰਦਰ ਫੈਲੀਆਂ ਗੁਰਬਤ, ਭੁਖਮਰੀ, ਅਰਾਜਕਤਾ, ਨਾ ਬਰਾਬਰੀ ਵਰਗੀਆਂ ਬਿਮਾਰੀਆਂ ਨੂੰ ਜਾਨਣ ਦੇ ਪੱਖ ਤੱਕ ਹੀ ਸੀਮਤ ਨਹੀਂ ਰਿਹਾ, ਬਲਕਿ ਉਸਨੇ ਇਨ੍ਹਾਂ ਤੋਂ ਛੁਟਕਾਰਾ ਹਾਸਲ ਕਰਨ ਦੀ ਵਿਧੀ ਤੇ ਬਰਾਬਰਤਾ ਵਾਲਾ ਸਮਾਜ ਸਿਰਜਣ ਦੀ ਅਮਲੀ ਮੁਹਾਰਤ ਵੀ ਹਾਸਲ ਕਰ ਲਈ ਹੈ। ਨਾਨਕ ਬਾਣੀ ਨੂੰ ਇਕ ਸਥੂਲ ਵਸਤੂ ਤੇ ਸਿਰਫ ਆਸਥਾ ਦਾ ਕੇਂਦਰ ਹੀ ਨਹੀਂ ਸਮਝਿਆ ਜਾਣਾ ਚਾਹੀਦਾ, ਬਲਕਿ ਇਸਨੂੰ  ਚੰਗੇਰੇ ਸਮਾਜ ਦੀ ਸਿਰਜਣਾ ਵਾਸਤੇ ਇਕ ਰਾਹ ਦਸੇਰੀ ਫਿਲਾਸਫੀ ਦੇ ਰੂਪ ਵਿਚ ਸਮਝਣ ਦੀ ਜ਼ਰੂਰਤ ਹੈ। ਇਸ ਤੋਂ ਵੀ ਅੱਗੋਂ ਸਮਾਜ ਅੰਦਰ ਪਿਛਲੇ ਪੰਜ ਸੌ ਸਾਲਾਂ ਤੋਂ ਹੋ ਰਹੀਆਂ ਆਰਥਿਕ, ਸਮਾਜਿਕ, ਸਭਿਆਚਾਰਕ ਤੇ ਰਾਜਸੀ ਤਬਦੀਲੀਆਂ ਦੇ ਮੱਦੇਨਜ਼ਰ ਨਾਨਕ ਦੇਵ ਜੀ ਦੇ ਵਿਗਿਆਨਕ ਨਜ਼ਰੀਏ ਨੂੰ ਸੰਸਾਰ ਭਰ ਦੇ ਦੂਸਰੇ ਮਾਨਵਤਾਵਾਦੀ ਵਿਚਾਰਵਾਨਾਂ ਦੇ ਯੁਗ ਪਲਟਾਊ ਵਿਚਾਰਾਂ ਤੇ ਅਮਲਾਂ ਨਾਲ ਆਤਮਸਾਤ ਕਰਕੇ ਇਕ ਲੁੱਟ-ਖਸੁੱਟ ਰਹਿਤ ਖੂਬਸੂਰਤ ਸਮਾਜ ਦੀ ਸਿਰਜਣਾ ਵੱਲ ਅੱਗੇ ਵਧਣਾ ਚਾਹੀਦਾ ਹੈ, ਜਿਸਦੀ ਕਲਪਨਾ 550 ਸਾਲਾਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ।

Scroll To Top