ਡਾ. ਕਰਮਜੀਤ ਸਿੰਘ
ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਵਰ੍ਹਾ ਮਨਾ ਰਹੇ ਹਾਂ । ਮਹਾਂਪੁਰਸ਼ਾਂ ਦੇ ਦਿਨ ਮਨਾਉਣਾ ਕਿਸੇ ਵੀ ਸਭਿਆਚਾਰ ਦਾ ਵਧੀਆ ਗੁਣ ਹੈ । ਪਰ ਜਿਨ੍ਹਾਂ ਮਹਾਂਪੁਰਸ਼ਾਂ ਦੇ ਦਿਨ ਮਨਾਏ ਜਾਂਦੇ ਹਨ, ਜੇ ਉਨ੍ਹਾਂ ਦੇ ਵਿਚਾਰਾਂ ਨੂੰ ਵਿਚਾਰਿਆ ਨਹੀਂ ਜਾਂਦਾ ਜਾਂ ਫਿਰ ਉਨ੍ਹਾਂ ਵਿਚਾਰਾਂ ਨੂੰ ਜੀਵਨ ਵਿੱਚ ਅਤੇ ਸਮਾਜ ਵਿੱਚ ਅਮਲੀ ਰੂਪ ਵਿੱਚ ਉਤਾਰਿਆ ਨਹੀਂ ਜਾਂਦਾ ਤਾਂ ਫਿਰ ਇਹ ‘ਮਨਾਉਣਾ’ ਉਪਚਾਰਿਕਤਾ ਮਾਤਰ ਰਹਿ ਜਾਂਦਾ ਹੈ । ਇਸ ਸੱਚ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਆਪਣਾ ਧਿਆਨ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਕ ਵਿਰਾਸਤ ਉੱਪਰ ਕੇਂਦਰਿਤ ਕੀਤਾ ਹੈ । ਗੁਰੂ ਅਰਜਨ ਦੇਵ ਸਾਹਿਬ ਸਿਰ ਇਹ ਸਿਹਰਾ ਹੈ ਕਿ ਉਨ੍ਹਾਂ ਨੇ 1604 ਈਸਵੀ ਵਿੱਚ ਗੁਰ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਆਪਣੇ ਤੋਂ ਪਹਿਲੇ ਭਗਤਾਂ ਤੇ ਗੁਰੂਆਂ ਦੀ ਬਾਣੀ ਨੂੰ ਮੂਲ ਰੂਪ ਵਿੱਚ ਸੰਭਾਲ ਲਿਆ । ਲਿਖਤ ਰੂਪ ਵਿੱਚ ਵਿਚਾਰਾਂ ਨੂੰ ਮੁੜ-ਮੁੜ ਪੜ੍ਹ ਕੇ ਵਿਚਾਰਿਆ ਜਾ ਸਕਦਾ ਹੈ ਅਤੇ ਉਨ੍ਹਾਂ ਵਿੱਚ ਬਾਹਰੀ ਰਲ਼ਾ ਪੈਣ ਦੀਆਂ ਸੰਭਾਵਨਾਵਾਂ ਵੀ ਬਹੁਤ ਘਟ ਜਾਂਦੀਆਂ ਹਨ ।
ਡਾਕਟਰ ਰਤਨ ਸਿੰਘ ਜੱਗੀ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੇ 952 ਸ਼ਬਦ ਹਨ । ਬਾਣੀ ਵਿੱਚ ਜਪੁ, ਸਿਧ ਗੋਸ਼ਟਿ, ਓਅੰਕਾਰ(ਪੱਟੀ), ਬਾਰਾਮਾਹਾ, ਥਿਤੀ, ਪਹਿਰੇ, ਸੋਦਰ, ਕੁਚੱਜੀ, ਸੁਚੱਜੀ ਵਾਰਾਂ ਅਤੇ ਸ਼ਬਦ ਸ਼ਾਮਲ ਹਨ।
ਗੁਰੂ ਨਾਨਕ ਸਾਹਿਬ ਦੇ ਯੁੱਗ ਦਾ ਵਰਣਨ ਕਰਨ ਲੱਗਿਆਂ ਧਾਰਮਿਕ ਲਿਖਾਰੀ ਤੇ ਬੁਲਾਰੇ ਅਤਿਕਥਨੀਆਂ ਤੋਂ ਕੰਮ ਲੈਂਦੇ ਹਨ। ਘੁੱਪ ਹਨ੍ਹੇਰੇ ਦਾ ਜ਼ਿਕਰ ਕਰਕੇ ਗੁਰੂ ਸਾਹਿਬ ਨੂੰ ਚਾਨਣ ਲਿਆਉਣ ਵਾਲੇ ‘ਅਵਤਾਰ’ ਦਾ ਰੂਪ ਦੇ ਦਿੱਤਾ ਜਾਂਦਾ ਹੈ । ਪਰ ਜੇ ਪੁੱਛਿਆ ਜਾਵੇ ਕਿ ਇਹ ਚਾਨਣ ਅੱਜ ਦੇ ਪੰਜਾਬ ਵਿੱਚ ਦਿਖਾਈ ਕਿਉਂ ਨਹੀਂ ਦਿੰਦਾ ਤਾਂ ਕੋਈ ਜਵਾਬ ਨਹੀਂ ਹੁੰਦਾ । ਇਤਿਹਾਸਕਾਰ ਇਸ ਯੁੱਗ ਨੂੰ ਅਗਿਆਨਤਾ ਅਤੇ ਅਸ਼ਾਂਤੀ ਦਾ ਯੁੱਗ ਕਹਿੰਦੇ ਹਨ । ਇੰਦੂ ਭੂਸ਼ਣ ਬੈਨਰਜੀ ਲਿਖਦਾ ਹੈ, ”ਗੁਰੂ ਨਾਨਕ ਦਾ ਯੁੱਗ ਅਗਿਆਨਤਾ ਅਤੇ ਲੜਾਈ-ਭਿੜਾਈ ਦਾ ਯੁੱਗ ਸੀ ਅਤੇ ਇਕ ਦਮ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਸਤਿ ਅਤੇ ਸ਼ਾਂਤੀ ਦਾ ਸੰਦੇਸ਼ ਸੀ।” (ਖਾਲਸੇ ਦੀ ਉਤਪਤੀ, ਪੰਨਾ-60) ਗੋਕਲ ਚੰਦ ਨਾਰੰਗ ਰਾਜਨੀਤੀ ਦੀ ਬਜਾਇ ਇਸ ਯੁੱਗ ਦੀ ਸਭਿਆਚਾਰਕ ਗਿਰਾਵਟ ਉੱਪਰ ਬਲ ਦਿੰਦਾ ਹੋਇਆ ਲਿਖਦਾ ਹੈ ਕਿ, ”ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਲੋਕ ਧਰਮ, ਖਾਣ-ਪੀਣ ਦੀਆਂ ਵਿਸ਼ੇਸ਼ ਰਸਮਾਂ, ਇਸ਼ਨਾਨ ਦੀਆਂ ਵਿਸ਼ੇਸ਼ ਵਿਧੀਆਂ, ਮਸਤਕ ‘ਤੇ ਟਿੱਕੇ ਲਾਉਣ ਅਤੇ ਇਹੋ ਜਿਹੀਆਂ ਹੋਰ ਰੀਤਾਂ ਦੇ ਪਾਲਣ ਤਕ ਸੀਮਤ ਹੋ ਗਿਆ ਸੀ । ਜਿੱਥੇ ਕਿਤੇ ਬੁੱਤ ਬਚ ਗਏ ਸਨ ਉਥੇ ਬੁੱਤ ਪੂਜਾ, ਜਿੱਥੇ ਕਿਤੇ ਆਗਿਆ ਹੁੰਦੀ ਉਥੇ ਗੰਗਾ ਅਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ, ਵਿਆਹ-ਸ਼ਾਦੀਆਂ ਤੇ ਮਰਨ ਸੰਬੰਧੀ ਕੁਝ ਇਕ ਰਸਮਾਂ ਦਾ ਪਾਲਣ, ਬ੍ਰਾਹਮਣ ਦੇ ਕਥਨਾਂ ਦਾ ਪਾਲਣ ਅਤੇ ਉਨ੍ਹਾਂ ਨੂੰ ਵੱਡੇ-ਵੱਡੇ ਦਾਨ ਦੇਣ ਦਾ ਨਾ ਹੀ ਹਿੰਦੂ ਰਹਿ ਗਿਆ ਸੀ ਜਿਵੇਂ ਕਿ ਉਸ ਵੇਲੇ ਦੇ ਲੋਕਾਂ ਵਿੱਚ ਪ੍ਰਚਲਤ ਸੀ ।” (ਸਿੱਖ ਮਤ ਦਾ ਪਰਿਵਰਤਨ, ਪੰਨਾ-4) ਜਿੱਥੇ ਇਹੋ ਜਿਹੀ ਸਭਿਆਚਾਰਕ ਸਥਿਤੀ ਹੋਵੇ ਉੱਥੇ ਖੜੋਤ ਦਾ ਬੋਲਬਾਲਾ ਹੁੰਦਾ ਹੈ ਅਤੇ ਵਿਚਾਰਧਾਰਕ ਰੋਲ ਘਚੋਲ਼ੇ ਦਾ ਆਭਾਸ ਹੁੰਦਾ ਹੈ । ਗੁਰੂ ਨਾਨਕ ਸਾਹਿਬ ਆਪ ਵੀ ਆਪਣੇ ਵੇਲੇ ਦੀ ਰਾਜਨੀਤਕ ਅਤੇ ਧਾਰਮਿਕ (ਸਭਿਆਚਾਰਕ) ਗਿਰਾਵਟ ਦਾ ਇਕੋ ਥਾਂ ਜ਼ਿਕਰ ਕਰਦੇ ਹਨ ਜਿਸ ਨੂੰ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿਚ ਅਤਿਕਥਨੀ ਤਕ ਵਿਸਤਾਰ ਦਿੱਤਾ ਹੈ।
– ਕਲਿ ਕਾਤੀ ਰਾਜੇ ਕਸਾਈ ਧਰਮੁ ਪੰਖ ਕਰ ਉਡਰਿਆ।
ਕੂੜ ਅਮਾਵਸ ਸਚੁ ਚੰਦਰਮਾ, ਦੀਸੈ ਨਾਹੀ ਕਹ ਚੜ੍ਹਿਆ।
(ਵਾਰ, ਮਾਝ)
-ਸਰਮ ਧਰਮ ਦੁਇ ਛਪ ਖਲੋਏ ਕੂੜੁ ਫਿਰੈ ਪਰਧਾਨ ਵੇ ਲਾਲੋ।
ਕਾਜੀਆ ਬਾਮਣਾ ਕੀ ਗਲਿ ਥਕੀ
ਅਗਦੁ ਪੜੈ ਸੈਤਾਨ ਵੇ ਲਾਲੋ। (ਤਿਲੰਗ ਮ: ੧)
ਗੁਰੂ ਨਾਨਕ ਸਾਹਿਬ ਦੀਆਂ ਇਨ੍ਹਾਂ ਪੰਗਤੀਆਂ ਵਿੱਚ ਦੋ ਸਭਿਆਚਾਰਾਂ ਦੀ ਸੋਅ ਵੀ ਮਿਲ਼ਦੀ ਹੈ । ਭਾਰਤੀ ਤੇ ਸਾਮੀ ਸਭਿਆਚਾਰ । ਜਦੋਂ ਸਭਿਆਚਾਰ ਇਕ ਦੂਜੇ ਦੇ ਨੇੜੇ ਆਉਂਦੇ ਹਨ ਤਾਂ ਇਨ੍ਹਾਂ ਵਿੱਚ ਵਿਰੋਧ-ਵਿਕਾਸ ਦਾ ਅਮਲ ਸ਼ੁਰੂ ਹੁੰਦਾ ਹੈ। ਭਾਰਤੀ ਤੇ ਸਾਮੀ ਸਭਿਆਚਾਰ ਆਪਸ ਵਿੱਚ ਟਕਰਾਉਂਦਾ ਵੀ ਹੈ ਅਤੇ ਇਕ ਦੂਜੇ ਦਾ ਪ੍ਰਭਾਵ ਵੀ ਗ੍ਰਹਿਣ ਕਰਦਾ ਹੈ । ਇਹ ਪ੍ਰਭਾਵ ਸਮੁੱਚੇ ਸਭਿਆਚਾਰਕ ਸੰਧਰਭਾਂ ਵਿੱਚ ਵੀ ਦਿਖਾਈ ਦਿੰਦਾ ਹੈ । ਵਿਚਾਰਧਾਰਕ ਪੱਧਰ ‘ਤੇ ਵੀ ਅਤੇ ਸਭਿਆਚਾਰਕ ਪੱਧਰ ‘ਤੇ ਵੀ । ਡਾ. ਸੁਰਿੰਦਰ ਸਿੰਘ ਕੋਹਲੀ ਨੇ ਸਹੀ ਤੌਰ ਇਸ ਤੱਥ ਨੂੰ ਰੇਖਾਂਕਿਤ ਕੀਤਾ ਹੈ । ਕੋਹਲੀ ਅਨੁਸਾਰ, ”ਭਾਰਤੀ ਅਤੇ ਮੁਸਲਮਾਣੀ ਸਭਿਆਚਾਰਾਂ ਦੀ ਟੱਕਰ ਨਾਲ ਸਿਧਾਂਤਾਂ ਵਿਚ ਵੀ ਪਲਟਾ ਆਇਆ । ਅਦਵੈਤਵਾਦੀ ਹਿੰਦੂ ਤੇ ਇਕੀਸ਼ਵਰਵਾਦੀ ਮੁਸਲਮਾਣ ਦੇ ਮੇਲ ਵਿੱਚੋਂ ਨਿਰਗੁਣ ਸੰਪਰਦਾ ਦਾ ਜਨਮ ਹੋਇਆ।” (ਪੰਜਾਬੀ ਯੂਨੀਵਰਸਿਟੀ ਪੰਜਾਬੀ ਸਾਹਿਤ ਦਾ ਇਤਿਹਾਸ, ਪੰਨਾ-144)
ਗੁਰੂ ਸਾਹਿਬ ਸਮੇਂ ਪੰਜਾਬ ਵਿਚ ਸਭਿਆਚਾਰਕ ਪੱਧਰ ‘ਤੇ ਹਿੰਦੂ ਦੀ ਪ੍ਰਤੀਨਿਧਤਾ ਪੰਡਿਤ ਕਰ ਰਿਹਾ ਹੈ, ਮੁਸਲਮਾਨ ਦੀ ਮੁੱਲਾਂ ਤੇ ਇਕ ਤੀਜੀ ਧਿਰ ਜਿਸ ਦਾ ਗੁਰੂ ਨਾਨਕ ਸਾਹਿਬ ਦਾ ਤੇ ਦੂਸਰੇ ਭਗਤ ਕਵੀਆਂ ਦਾ ਟਕਰਾਅ ਬਹੁਤ ਤਿੱਖਾ ਰਿਹਾ ਉਹ ਸੀ ਸਿੱਧ-ਜੋਗੀ । ਪੂਰੀ ਦੀ ਪੂਰੀ ਸਿੱਧ ਗੋਸ਼ਟਿ ਸਿੱਧ-ਜੋਗੀਆਂ ਨਾਲ ਸੰਵਾਦ ਹੈ । ਵਿਚਾਰਧਾਰਕ ਪੱਧਰ ‘ਤੇ ਵੀ ਜੋਗੀਆਂ ਨਾਲ ਗੁਰੂ ਨਾਨਕ ਦੇਵ ਜੀ ਦੇ ਅਨੇਕਾਂ ਸੰਵਾਦ ਉਨ੍ਹਾਂ ਦੀ ਬਾਣੀ ਦੇ ਬਹੁਤੇ ਹਿੱਸੇ ਵਿੱਚ ਦਰਜ ਹਨ । ਨਾਮਦੇਵ ਤਾਂ ਹਿੰਦੂ ਨੂੰ ਅੰਨ੍ਹਾ ਅਤੇ ਤੁਰਕ ਨੂੰ ਕਾਣਾ ਕਹਿੰਦੇ ਹਨ ਕਿਉਂਕਿ ਇਹ ਦੇਹਰਾ ਜਾਂ ਮਸੀਤ ਪੂਜਦੇ ਹਨ । ਨਾਮਦੇਵ ਅਨੁਸਾਰ ਦੋਨਾਂ ਤੋਂ ਗਿਆਨੀ ਉਪਰ ਹੈ, ਤੇ ਉਹ ਆਪ ਵੀ ਦੇਹਰੇ ਤੇ ਮਸੀਤ ਤੋਂ ਉਪਰ ਨਿਰਗੁਣ ਦੀ ਭਗਤੀ ਕਰਦੇ ਹਨ । ਗੁਰੂ ਨਾਨਕ ਸਾਹਿਬ ਪੰਜਾਬ ਦੀ ਸਥਿਤੀ ਅਨੁਸਾਰ ਇਨ੍ਹਾਂ ਦੋਨਾਂ ਨਾਲ ਜੋਗੀ ਨੂੰ ਵੀ ਰਲਾ ਲੈਂਦੇ ਹਨ ।
-ਗਿਆਨ ਵਿਹੂਣਾ ਗਾਵੈ ਗੀਤ ।
ਭੁੱਖੇ ਮੁਲਾਂ ਘਰੇ ਮਸੀਤਿ ।
ਮਖਟੂ ਹੋਇ ਕਿ ਕੰਨ ਪੜਾਏ ।
ਫਰਕੁ ਕਰੇ ਜੋ ਜਾਤਿ ਗਵਾਇ ।
ਗੁਰ ਪੀਰ ਸਦਾਏ ਮੰਗਣ ਜਾਏ ।
ਤਾਕੇ ਮੂਲ ਨਾ ਲੱਗੀਏ ਪਾਇ (ਸਾਰੰਗ ਕੀ ਵਾਰ)
– ਕਾਦੀ ਕੂੜੁ ਬੋਲਿ ਮਲ ਖਾਇ।
ਬ੍ਰਾਹਮਣ ਨਾਵੈ ਜੀਆ ਘਾਏ ।
ਜੋਗੀ ਜੁਗਤ ਨਾ ਜਾਣੈ ਅੰਧੁ
ਤੀਨੇ ਉਜਾੜੇ ਕਾ ਬੰਧੁ । (ਧਨਾਸਰੀ ਮ : ੧)
ਗੁਰੂ ਨਾਨਕ ਸਾਹਿਬ ਨੇ ਆਪਣੇ ਤੋਂ ਪਹਿਲੇ ਭਗਤ ਕਵੀਆਂ ਦਾ ਏਨਾ ਨਿੱਠ ਕੇ ਅਧਿਐਨ ਕੀਤਾ ਸੀ ਕਿ ਕਬੀਰ ਸਾਹਿਬ ਜਿਹੇ ਭਗਤਾਂ ਨਾਲ਼ ਉਨ੍ਹਾਂ ਦੇ ਵਿਚਾਰ ਸਹਿਜੇ ਹੀ ਜਾ ਰਲ਼ਦੇ ਹਨ । ਕਈ ਵਿਦਵਾਨਾਂ ਨੇ ਇਸ ਆਧਾਰ ‘ਤੇ ਇਕ ਵਿਵਾਦ ਵੀ ਖੜ੍ਹਾ ਕਰੀ ਰੱਖਿਆ ਕਿ ਗੁਰੂ ਨਾਨਕ ਸਾਹਿਬ ਦੇ ਗੁਰੂ ਕਬੀਰ ਸਾਹਿਬ ਸਨ । ਇਸ ਬਾਰੇ ਸਾਹਿਬ ਸਿੰਘ ਦੇ ਵਿਚਾਰ ਮੰਨਣਯੋਗ ਹਨ ਜਿਸ ਨੇ ਸਮੁੱਚੀ ਕਬੀਰ ਬਾਣੀ ਦਾ ਗੁਰੂ ਨਾਨਕ ਬਾਣੀ ਨਾਲ਼ ਤੁਲਨਾਤਮਕ ਅਧਿਐਨ ਕੀਤਾ । ਸਾਹਿਬ ਸਿੰਘ ਅਨੁਸਾਰ, ”ਜਦੋਂ ਕਬੀਰ ਜੀ ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਟਾਕਰਾ ਕਰਕੇ ਵੇਖਿਆਂ ਕਈ ਥਾਈਂ ਲਫਜ਼ਾਂ, ਖ਼ਿਆਲਾਂ ਜਾਂ ਲਿਖਣ ਦੇ ਤਰੀਕੇ ਦੀ ਪਰਸਪਰ ਡੂੰਘੀ ਸਾਂਝ ਮਿਲ਼ੇ ਤਾਂ ਇਸ ਤੋਂ ਸਿਰਫ਼ ਇਹੀ ਨਤੀਜਾ ਕੱਢ ਸਕੀਦਾ ਹੈ ਕਿ ਕਬੀਰ ਸਾਹਿਬ ਦੇ ਉਹ ਲਫ਼ਜ਼, ਉਹ ਖ਼ਿਆਲ ਤੇ ਖ਼ਿਆਲਾਂ ਨੂੰ ਪ੍ਰਗਟ ਕਰਨ ਦੇ ਤਰੀਕੇ ਸਤਿਗੁਰੂ ਜੀ ਨੂੰ ਖਾਸ ਤੌਰ ‘ਤੇ ਪਿਆਰੇ ਲੱਗੇ ਸਨ । (ਭਗਤ ਬਾਣੀ ਸਟੀਕ, ਹਿੱਸਾ ਚੌਥਾ, ਪੰਨਾ 27) ਭਗਤਾਂ ਦੀ ਇਸੇ ਸਾਂਝ ਕਾਰਣ ਹੀ ਉਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤਾ ਗਿਆ ।
ਗੁਰੂ ਨਾਨਕ ਸਾਹਿਬ ਦੀ ਪ੍ਰਾਪਤੀ ਦੀਆਂ ਸਿਫ਼ਤਾਂ ਸ਼ਰਧਾਲੂ ਤੇ ਜਨਮ ਸਾਖੀਆਂ ਦੇ ਲੇਖਕ ਆਪਣੀ ਤਰ੍ਹਾਂ ਕਰਦੇ ਹਨ । ਉਹ ਉਨ੍ਹਾਂ ਨੂੰ ਧੁਰ ਤੋਂ ਪੜ੍ਹੇ, ਅਵਤਾਰ, ਕਰਾਮਾਤੀ, ਅਜਿੱਤ ਮੰਨਦੇ ਹਨ । ਇਨ੍ਹਾਂ ਸਾਰੀਆਂ ਸਿਫ਼ਤਾਂ ਵਿੱਚੋਂ ਯਥਾਰਥਕ ਸਿਫ਼ਤ ਇਹ ਹੈ ਕਿ ਗੁਰੂ ਨਾਨਕ ਸਾਹਿਬ ਉਸ ਵੇਲੇ ਦੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਇਕੋ ਜਿਹੇ ਮਕਬੂਲ ਸਨ, ਉਨ੍ਹਾਂ ਨੂੰ ਹਿੰਦੂਆਂ ਨੇ ਗੁਰੂ ਅਤੇ ਮੁਸਲਮਾਨਾਂ ਨੇ ਪੀਰ ਸਵੀਕਾਰ ਕੀਤਾ । ਬਾਣੀ ਦਾ ਅਧਿਐਨ ਕਰਨ ਵਾਲ਼ੇ ਵਿਦਵਾਨਾਂ ਲਈ ਉਨ੍ਹਾਂ ਦੀਆਂ ਸਾਹਿਤਕ ਤੇ ਸ਼ਖ਼ਸੀ ਸਿਫਤਾਂ ਉਪਰਲੀਆਂ ਸਿਫਤਾਂ ਤੋਂ ਵੱਖ ਹਨ। ਉਹ ਗੁਰੂ ਨਾਨਕ ਸਾਹਿਬ ਦੇ ਬੌਧਿਕ ਸਾਹਸ ਅਤੇ ਤਰਕਵਾਦੀ ਸ਼ੰਕਾਵਾਦ ਨੂੰ ਸਾਹਮਣੇ ਲਿਆਉਂਦੇ ਹਨ ਜੋ ਸਾਡੇ ਆਧੁਨਿਕ ਯੁੱਗ ਦੀਆਂ ਪਰਮੁੱਖ ਪ੍ਰਵਿਰਤੀਆਂ ਵੀ ਹਨ । (ਸੰਤ ਸਿੰਘ ਸੇਖੋਂ, ਪੰਜਾਬੀ ਕਾਵਿ ਸ਼੍ਰੋਮਣੀ, 1964) ਸੰਤ ਸਿੰਘ ਸੇਖੋਂ ਦਾ ਕਹਿਣਾ ਹੈ ਕਿ, ”ਅਸਲ ਵਿੱਚ ਸਾਹਿਤ ਦਾ ਸਾਹਸ ਪ੍ਰਚਲਤ ਸਦਾਚਾਰਕ ਮਾਨਮਾਪਾਂ ਦਾ ਵਿਰੋਧ ਕਰਨ ਵਿੱਚ ਨਹੀਂ, ਸਾਹਿਤ ਦਾ ਸਾਹਸ ਇਸ ਵਿੱਚ ਹੈ ਕਿ ਉਹ ਆਪਣੇ ਸਮੇਂ ਦੀਆਂ ਦਲਿਤ ਸ਼੍ਰੇਣੀਆਂ ਦਾ ਪੱਖੀ ਹੋਵੇ ਅਤੇ ਆਤਤਾਈ ਸ਼੍ਰੇਣੀਆਂ ਤੇ ਸ਼ਕਤੀਆਂ ਦਾ ਵਿਰੋਧੀ ……ਸਾਹਿਤ ਦੀ ਜ਼ਿੰਮੇਵਾਰੀ ਰਾਜਸੀ ਹੈ । ……. ਜੋ ਸ਼ਕਤੀ ਗੁਰੂ ਨਾਨਕ ਦੇਵ ਜੀ ਦੇ ਕਾਵਿ ਨੇ ਜਨ ਸਾਧਾਰਨ ਵਿੱਚ ਰਾਜਾ ਵਰਗ ਵਿਰੁੱਧ ਖੜ੍ਹਾ ਹੋ ਸਕਣ ਦੀ ਪੈਦਾ ਕੀਤੀ , ਉਹ ਸੂਫ਼ੀ ਸਾਹਿਤ ਕਿਧਰੇ ਵੀ ਨਹੀਂ ਕਰ ਸਕਿਆ ।” (ਉਪਰੋਕਤ, ਪੰਨਾ-18, 19) ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਪ੍ਰਚਲਤ ‘ਸਦਾਚਾਰਕ ਮਾਨਮਾਪਾਂ’ ਦੇ ਵਿਰੋਧ ਨੂੰ ਭਾਵ ਸਭਿਆਚਾਰਕ ਕੁਰੀਤੀਆਂ ਦੇ ਵਿਰੋਧ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ । ਗੁਰੂ ਨਾਨਕ ਸਾਹਿਬ ਨੇ ਬਹੁਗਿਣਤੀ ਦਲਿਤ ਲੋਕਾਂ ਦਾ ਸਾਥ ਦਿੱਤਾ ਜਿਨ੍ਹਾਂ ਨੂੰ ਮੰਨੂਵਾਦੀ ਸੱਤਾ ਨੇ ਹਜ਼ਾਰਾਂ ਸਾਲਾਂ ਤੋਂ ਹਾਸ਼ੀਏ ‘ਤੇ ਪਾਈ ਰੱਖਿਆ । ਇਨ੍ਹਾਂ ਹਾਸ਼ੀਆਗਤ ਲੋਕਾਂ ਨੂੰ ਕੇਂਦਰ ਵਿੱਚ ਲਿਆਉਣ ਦੀ ਸੋਚ ਆਪਣੇ ਆਪ ਵਿੱਚ ਰਾਜਨੀਤਕ ਸੋਚ ਹੈ ।
ਯੋਂਗ ਜੀ (ਦਿ ਯੂਜ਼ ਆਫ ਲਿਟਰੇਚਰ) ਲਿਖਦਾ ਹੈ, ”ਸਾਹਿਤ ਅਵੱਸ਼ ਹੀ ਰਾਜਨੀਤਕ ਹੁੰਦਾ ਹੈ ਜਦੋਂ ਉਹ ਬੇਆਵਾਜ਼ ਲੋਕਾਂ ਦੀ ਆਵਾਜ਼ ਬਣਦਾ ਹੈ, ਜੋ ਬੇਨਾਮ ਲੋਕਾਂ ਨੂੰ ਨਾਮ ਦਿੰਦਾ ਹੈ, ਜਿਨ੍ਹਾਂ ਨੂੰ ਰਾਜਨੀਤਕ ਭਾਸ਼ਾ ਖ਼ਾਰਿਜ ਕਰਕੇ ਤੁਰਦੀ ਹੈ…… ਸਾਹਿਤ ਉਹ ਕੰਨ ਹਨ ਜੋ ਰਾਜਨੀਤੀ ਤੋਂ ਵੱਧ ਸੁਣਦੇ ਹਨ ਤੇ ਇਹ ਉਹ ਅੱਖ ਹੈ ਜੋ ਰਾਜਨੀਤੀ ਤੋਂ ਪਾਰ ਦੇਖ ਸਕਦੀ ਹੈ।” ਇਉਂ ਵਧੇਰੇ ਸਾਹਿਤ ਰਾਜਨੀਤਕ ਹੀ ਹੁੰਦਾ ਹੈ ਅਤੇ ਪ੍ਰਗਤੀਸ਼ੀਲ ਵੀ । ਡਾ. ਸੁਰਿੰਦਰ ਸਿੰਘ ਕੋਹਲੀ ਨੇ ਠੀਕ ਕਿਹਾ ਹੈ ਕਿ, ”ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਧਾਰਮਿਕ ਹੀ ਨਹੀਂ ਸੀ ਸਗੋਂ ਸਮਾਜਿਕ ਤੇ ਰਾਜਨੀਤਿਕ ਵੀ ਸੀ । (ਪੰਜਾਬੀ ਯੂਨੀਵਰਸਿਟੀ ਪੰਜਾਬੀ ਸਾਹਿਤ ਦਾ ਇਤਿਹਾਸ ਪੰਨਾ- 153) ਇਸੇ ਸਮਾਜਿਕ ਤੇ ਰਾਜਨੀਤਿਕ ਚੇਤਨਾ ਦੀ ਅੱਜ ਲੋੜ ਹੈ । ਸੰਤ ਸਿੰਘ ਸੇਖੋਂ ਦੇ ਸ਼ਬਦਾਂ ਵਿੱਚ, ”ਇਸ ਬਾਣੀ ਵਿੱਚ ਅਧਿਆਤਮਿਕ ਤੋਂ ਉਪਰੰਤ ਜਿਹੜੇ ਸਰਿਸ਼ਟਾਚਾਰ ਤੇ ਸਮਾਜਿਕ ਅੰਸ਼ ਹਨ ਉਹ ਤਾਂ ਬਹੁਤ ਹੀ ਕੰਮ ਆਉਣ ਵਾਲੇ ਹਨ ਕਿਉਂਕਿ ਇਹ ਬਾਣੀ ਆਧੁਨਿਕ ਸਮੇਂ ਦੇ ਮੁੱਢ ਦੀ ਹੈ ਜਦੋਂ ਜਨਤਾ ਦੀਆਂ ਹੇਠਲੀਆਂ ਸ਼੍ਰੇਣੀਆਂ, ਜਿਨ੍ਹਾਂ ਨੂੰ ਭਾਰਤੀ ਪਰਿਭਾਸ਼ਾ ਵਿੱਚ ਵੈਸ਼ ਕਿਹਾ ਜਾਂਦਾ ਹੈ ਅਰਥਾਤ ਮੱਧ ਸ਼੍ਰੇਣੀ ਦੇ ਵਪਾਰੀ ਤੇ ਕਿਰਸਾਣ ਰਜਵਾੜਾ ਸ਼੍ਰੇਣੀ ਦੇ ਵਿਰੁੱਧ ਵਿਦਰੋਹ ਲਈ ਤੱਤਪਰ ਹੋ ਰਹੇ ਸਨ ਅਤੇ ਇਸ ਦੇ ਕਈ ਪ੍ਰਕਰਣ ਅਜੋਕੇ ਪ੍ਰਕਰਣਾਂ ਨਾਲ ਮਿਲਦੇ-ਜੁਲਦੇ ਹਨ ।” (ਪੰਜਾਬੀ ਕਾਵਿ ਸ਼੍ਰੋਮਣੀ, ਪੰਨਾ-59)
ਰਾਜਨੀਤਕ ਚੇਤਨਾ ਵਿੱਚ ਨਾ ਕੇਵਲ ਬਾਬਰ ਦੇ ਪਾਪ ਦੀ ਜੰਜ ਲੈ ਕੇ ਆਉਣ ਦੀ ਸੋਝੀ ਹੀ ਹੈ ਸਗੋਂ ਰਾਜਾਸ਼ਾਹੀ ਕਿਰਦਾਰ ਨੂੰ ਬੜੇ ਤਿੱਖੇ ਸ਼ਬਦਾਂ ਵਿੱਚ ਨਿੰਦਿਆ ਵੀ ਗਿਆ ਹੈ ਕਿਉਂਕਿ ਰਾਜੇ ਤੇ ਵਜ਼ੀਰ ਲੋਕਾਈ ਨੂੰ ਬੇਮਤਲਬ ਤੰਗ ਕਰਦੇ ਹਨ ।
– ਰਾਜੇ ਸ਼ੀਂਹ, ਮੁਕਦਮ ਕੁੱਤੇ।
ਜਾਇ ਜਗਾਇਨ ਬੈਠੇ ਸੁਤੇ।
ਚਾਕਰ ਨਹਦਾ ਪਾਇਨਿ ਘਾਉ ।
ਰਤ ਪਿਤ ਕੁਤਿਹੋ ਚਟਿ ਜਾਹੁ ( ਮਲਾਰ ਮ: ੧)
-ਜੈਸੀ ਮੈ ਆਵੈ ਖਸਮੁ ਕੀ ਬਾਣੀ,
ਤੈਸੜਾ ਕਰੀ ਗਿਆਨ ਵੇ ਲਾਲੋ ।
ਪਾਪ ਕੀ ਜੰਝ ਲੈ ਕਾਬਲਹੁ ਧਾਇਆ ,
ਜੋਰੀ ਮੰਗੈ ਦਾਨ ਵੇ ਲਾਲੋ।…….
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ,
ਰਤੁ ਕਾ ਕੁੰਗੂ ਪਾਇ ਵੇ ਲਾਲੋ । (ਤਿਲੰਗ ਮ: ੧)
ਗੁਰੂ ਸਾਹਿਬ ਲੋਕਾਂ ਨਾਲ ਖੜ੍ਹਦੇ ਹੋਏ ਰੱਬ ਨੂੰ ਉਲਾਹਮਾ ਵੀ ਦੇ ਜਾਂਦੇ ਹਨ ।
-ਏਤੀ ਮਾਰ ਪਈ ਕੁਰਲਾਣੈ
ਤੈ ਕੀ ਦਰਦ ਨਾ ਆਇਆ (ਆਸਾ ਮ: ੧)
ਜਿਵੇਂ ਸਮੁੱਚੀ ਬਾਬਰ ਬਾਣੀ ਵਿੱਚ ਜ਼ੁਲਮ ਸਹਿੰਦੀ ਲੁਕਾਈ ਦੇ ਹੱਕ ਵਿੱਚ ਗੁਰੂ ਨਾਨਕ ਸਾਹਿਬ ਖੜ੍ਹਦੇ ਹਨ, ਇਵੇਂ ਹੀ ਉਹ ਦਲਿਤਾਂ ਨਾਲ ਖੜ੍ਹੇ ਹੋਣ ਨੂੰ ਤਰਜੀਹ ਦਿੰਦੇ ਹਨ, ਲੁੱਟ ਹੁੰਦੇ ਕਿਸਾਨਾਂ ਨਾਲ ਤੇ ਕੁਦਰਤ ਦੀ ਕਰੋਪੀ ਨਾਲ ਬੇਘਰ ਹੁੰਦੀ ਗਰੀਬ ਲੋਕਾਈ ਨਾਲ ਉਹ ਸਾਨੂੰ ਖੜ੍ਹੇ ਦਿਖਾਈ ਦਿੰਦੇ ਹਨ । ਗੁਰੂ ਨਾਨਕ ਸਾਹਿਬ ਨੂੰ ਨੀਚ ਤੇ ਧਾਣਕ (ਸਾਂਸੀ) ਰੂਪ ਕਹਾਉਣ ਤੋਂ ਕੋਈ ਗੁਰੇਜ਼ ਨਹੀਂ । ਜੇ ਸਾਵਣਿ ਵਰ੍ਹਦਾ ਹੈ ਤਾਂ ਗੁਰੂ ਨਾਨਕ ਸਾਹਿਬ ਕੇਵਲ ਪ੍ਰਾਕ੍ਰਿਤਿਕ ਸੁੰਦਰਤਾ ਹੀ ਨਹੀਂ ਦੇਖਦੇ ਜੋ ਲੋਕਾਂ ਨੂੰ ਉਮਾਹ ਵਿੱਚ ਲਿਆਉਂਦੀ ਹੈ । ਸਗੋਂ ਉਨ੍ਹਾਂ ਦੀ ਦ੍ਰਿਸ਼ਟੀ ਗਰੀਬਾਂ, ਨੌਕਰਾਂ, ਵੱਛਿਆਂ ਤੇ ਪੰਛੀਆਂ ਉੱਪਰ ਆ ਟਿਕਦੀ ਹੈ ਜਿਨ੍ਹਾਂ ਨੂੰ ਬਰਸਾਤ ਨੇ ਘਰੋਂ ਬੇਘਰ ਕਰਨਾ ਹੈ ਜਾਂ ਜੁਦਾਈ ਪਾਉਣੀ ਹੈ ।
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ ।
ਨਾਨਕੁ ਤਿਨ ਕੈ ਸੰਗ ਸਾਥ ਵਡਿਆ ਸਿਉ ਕਿਆ ਰੀਸ।
ਜਿਥੈ ਨੀਚ ਸਮਾਲਿਅਨਿ ਤਿਥੈ ਨਦਰਿ ਤੇਰੀ ਬਖਸੀਸ ।
(ਸਿਰੀ ਰਾਗੁ ਮ: ੧)
-ਕੋਈ ਵਾਹੇ ਕੋ ਲੁਣੈ, ਕੋ ਪਾਇ ਖਲਿਹਾਨ ।
ਨਾਨਕ ਏਵ ਨਾ ਜਾਪਈ ਕੋਈ ਖਾਇ ਨਿਦਾਨ
(ਬਿਲਾਵਲ, ਸ਼ਲੋਕ)
-ਜਾਤਿ ਜਨਮ ਨਹ ਪੂਛੀਐ ਸਚ ਘਰੁ ਲੇਹ ਬਤਾਇ ।
ਸਾ ਜਾਤ ਸਾ ਪਤਿ ਹੈ ਜੇਹੇ ਕਰਮ ਕਮਾਇ (ਪ੍ਰਭਾਤੀ ਮ:੧)
-ਨਾਨਕ ਸਾਵਣਿ ਜੇ ਵਸੇ ਚਹੁ ਉਮਾਹਾ ਹੋਇ ।
ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ ਘਰ ਧਨ ਹੋਇ ।
ਨਾਨਕ ਸਾਵਣਿ ਜੇ ਵਸੇ ਚਹੁ ਵਿਛੋੜਾ ਹੋਇ ।
ਗਾਈ ਪੁਤਾ, ਨਿਰਧਨਾ, ਪੰਛੀ ਚਾਕਰੁ ਹੋਇ (ਮ:੧)
ਗੁਰੂ ਨਾਨਕ ਸਾਹਿਬ ਤੋਂ ਬਾਅਦ ਦੂਸਰੇ ਗੁਰੂ ਸਾਹਿਬਾਨ ਨੇ ਵੀ ਇਨ੍ਹਾਂ ਵਿਚਾਰਾਂ ਨੂੰ ਵਿਸਤਾਰ ਦਿੱਤਾ ਅਤੇ ਅਮਲੀ ਰੂਪ ਵਿੱਚ ਵੀ ਅਪਣਾਇਆ । ਜੇ ਇੱਕੀਵੀਂ ਸਦੀ ਵਿਚ ਸ਼ੰਕਰਚਾਰੀਆ ਇਹ ਕਹਿ ਸਕਦਾ ਹੈ ਕਿ ਇਸਤਰੀ ਸ਼ੂਦਰ ਹੈ ਇਸ ਲਈ ਉਸ ਨੂੰ ਸ਼ੰਕਰਚਾਰੀਆ ਦੀ ਗੱਦੀ ਨਹੀਂ ਮਿਲ ਸਕਦੀ, ਜਾਂ ਉਸਨੂੰ ਸਬਰੀਮਾਲਾ ਮੰਦਰ ਵਿਚ ਦਸ ਤੋਂ ਪੰਜਾਹ ਸਾਲ ਦੀ ਉਮਰ ਵਿੱਚ ਜਾਣ ਦੀ ਇਸ ਲਈ ਮਨਾਹੀ ਹੈ ਕਿਉਂਕਿ ਇਹ ਉਮਰ ਮਾਹਵਾਰੀ ਆਉਣ ਦੀ ਉਮਰ ਹੈ ਤਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੇ ਉਸ ਤੋਂ ਪਹਿਲਾਂ ਦੀ ਸਥਿਤੀ ਕੀ ਰਹੀ ਹੋਵੇਗੀ ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ । ਗੁਰੂ ਨਾਨਕ ਸਾਹਿਬ ਸਮਾਜ ਦੀ ਅੱਧੀ ਆਬਾਦੀ ਦੇ ਹੱਕ ਵਿੱਚ ਖੜ੍ਹਦੇ ਹਨ ਤੇ ਔਰਤ ਤੋਂ ਉਪਰ ਇਕ ਈਸ਼ਵਰ ਨੂੰ ਹੀ ਮੰਨਦੇ ਹਨ । ਪੰਦਰਵੀਂ-ਸੋਲ੍ਹਵੀਂ ਸਦੀ ਵਿੱਚ ਅਜਿਹੇ ਵਿਚਾਰ ਰੱਖਣ ਦੀ ਮਹੱਤਤਾ ਸਮਝ ਆਉਣ ਵਾਲੀ ਹੈ ।
-ਭੰਡ ਮੂਆ ਭੰਡ ਭਾਲੀਐ, ਭੰਡ ਹੋਵੇ ਬੰਧਾਨ।
ਸੋ ਕਿਉ ਮੰਦਾ ਆਖੀਐ, ਜਿਤ ਜੰਮਹਿ ਰਾਜਾਨ ।
ਭੰਡਹੁ ਹੀ ਭੰਡੁ ਉਪਜੈ, ਭੰਡੈ ਬਾਝ ਨਾ ਕੋਇ ।
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ । …….
ਜਿਤੁ ਮੁਖਿ ਸਦਾ ਸਲਾਹੀਐ ਭਾਗਾਰਤੀ ਚਾਰਿ ।
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰ। (ਆਸਾ ਮ: ੧)
ਗੁਰੂ ਨਾਨਕ ਸਾਹਿਬ ਜਾਤ ਤੋਂ ਅਗਾਂਹ ਧਾਰਮਿਕ ਵਖਰੇਵਿਆਂ ਨੂੰ ਵੀ ਕੋਈ ਅਹਿਮੀਅਤ ਨਹੀਂ ਸੀ ਦਿੰਦੇ। ਉਨ੍ਹਾਂ ਨਾਲ ਜੁੜੀ ਲੋਕੋਕਤੀ ‘ਨਾ ਕੋ ਹਿੰਦੂ-ਨਾ ਕੋ ਮੁਸਲਮਾਨ’ ਇਸ ਦਾ ਪ੍ਰਮਾਣ ਹੈ । ਮਾਨਵਤਾਵਾਦੀ ਚਿੰਤਨ ਉਨ੍ਹਾਂ ਦਾ ਆਧਾਰ ਹੈ। ਕਰਮ ਕਰਨਾ, ਵੰਡ ਛਕਣਾ ਤੇ ਸੰਗਤਿ ਵਿਚ ਬੈਠ ਨਾਮ ਜਪਣਾ ਉਨ੍ਹਾਂ ਦੀ ਜੀਵਨ ਜਾਚ ਹੈ । ਸੰਗਤਿ ਦੇ ਨਾਲ ਪੰਗਤਿ ਵਿਚ ਬੈਠ ਕੇ ਲੰਗਰ ਛਕਣ ਦੀ ਪਰੰਪਰਾ ਜਾਤ-ਧਰਮ ਤੋਂ ਉੱਪਰ ਉੱਠਣ ਦੀ ਸ਼ਾਹਦੀ ਭਰਦੀ ਹੈ । ਗੁਰੂ ਨਾਨਕ ਜਦੋਂ ਵੀ ਹਿੰਦੂ ਮੁਸਲਮਾਨ ਜਾਂ ਜੋਗੀਆਂ ਦੇ ਸੰਦਰਭ ਛੇੜਦੇ ਹਨ ਤਾਂ ਉਹ ਇਨ੍ਹਾਂ ਨੂੰ ਮਾਨਵੀ ਗੁਣ ਧਾਰਣ ਕਰਕੇ ਬਾਹਰੀ ਪਾਖੰਡਾਂ ਤੋਂ ਨਿਜ਼ਾਤ ਪਾਉਣ ਦਾ ਸੁਝਾਅ ਦਿੰਦੇ ਹਨ । ਬਾਹਰੀ ਕਰਮਕਾਂਡ ਉਨ੍ਹਾਂ ਦੀ ਜੀਵਨ ਸ਼ੈਲੀ ਤੋਂ ਬਾਹਰ ਦੀ ਚੀਜ਼ ਹੈ । ਉਨ੍ਹਾਂ ਨੇ ਅਵਤਾਰਵਾਦ ਦਾ ਖੰਡਨ ਕੀਤਾ, ਮੂਰਤੀ ਪੂਜਾ ਦਾ ਵਿਰੋਧ ਦਰਜ ਕਰਵਾਇਆ। ਗੁਰੂ ਦੀ ਲੋੜ ਨੂੰ ਜ਼ਰੂਰੀ ਸਮਝਿਆ । ਉਨ੍ਹਾਂ ਦਾ ਜੀਵਨ ਉਦੇਸ਼ ਜੋਗੀਆਂ ਦੀ ਜੀਵਨ ਪੱਧਤੀ ਦੇ ਵਿਰੋਧ ਵਿੱਚ ਹੈ । ਉਹ ਸਹਿਜ ਜੀਵਨ ਦੇ ਮੁੱਦਈ ਹਨ । ਜੋਗੀਆਂ ਦੇ ਸੰਦਰਭ ਵਿੱਚ ਉਨ੍ਹਾਂ ਦੀਆਂ ਹੇਠ ਲਿਖੀਆਂ ਪੰਗਤੀਆਂ ਸਾਰੇ ਭੇਖਾਂ ਤੋਂ ਪਰ੍ਹੇ ‘ਅੰਜਨਿ ਮਾਹਿ ਨਿਰੰਜਨ’ ਰਹਿਣ ਦੀ ਜੁਗਤ ਦਸਦੀਆਂ ਹਨ ।
– ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈਸਾਣੇ।
ਸੁਰਤਿ ਸਬਦਿ ਭਵਸਾਗਰ ਤਰੀਐ ਨਾਨਕ ਨਾਮ ਵਖਾਣੈ ।
(ਰਾਮਕਲੀ ਮ: ੧)
-ਜੋਗ ਨ ਖਿੰਥਾ, ਜੋਗ ਨ ਡੰਡੇ, ਜੋਗ ਨ ਭਸਮ ਚੜਾਈਐ ।
ਜੋਗ ਨ ਮੁੰਦੀ, ਮੂੰਡਿ ਮੁੰਡਾਇਐ, ਜੋਗ ਨ ਸਿੰਙੀ ਵਾਈਐ ।
ਅੰਜਨਿ ਮਾਹਿ ਨਿਰੰਜਨ ਰਹੀਐ, ਜੋਗ ਜੁਗਤਿ ਇਵ ਪਾਈਐ। (ਸੂਹੀ ਮ:੧)
ਦਾਰਸ਼ਨਿਕ ਤੌਰ ਤੇ ਜਿਵੇਂ ਪਿੱਛੇ ਕਿਹਾ ਗਿਆ ਹੈ ਕਿ ਉਹ ਇਕ ਈਸ਼ਵਰਵਾਦੀ ਸਨ। ਤੋਤਾ ਰਟਣੀ ਤੇ ਅਮਲਾਂ ਬਗੈਰ ਪੜ੍ਹੀ ਜਾਣ ਤੇ ਦੁਹਰਾਈ ਜਾਣ ਨੂੰ ਗੁਰੂ ਸਾਹਿਬ ਨੇ ‘ਹਉਮੈ ਝਖਣਾ ਝਾਖ’ ਦਾ ਨਾਂਅ ਦਿੱਤਾ ਹੈ। ਤੀਰਥਾਂ ਤੇ ਦਾਨ ਦੇਣ ਤੇ ਸਿਰਫ਼ ਸਰੀਰਕ ਇਸ਼ਨਾਨ ਨੂੰ ਗੁਰੂ ਨਾਨਕ ਸਾਹਿਬ ਨੇ ਕੋਈ ਬਹੁਤਾ ਮਹੱਤਵ ਨਹੀਂ ਦਿੱਤਾ। ਜੇਕਰ ਮਨ ਖੁਸ਼ ਨਹੀਂ ਕੀਤਾ ਜਾਂਦਾ ਤਾਂ ਹੋਮ-ਜਗ ਕਰਨਾ ਉਨ੍ਹਾਂ ਦੀਆਂ ਨਜ਼ਰਾਂ ਵਿਚ ਨਿਰਾਰਥਕ ਹੈ, ਸੇਵਾ ਦਾ ਮਹੱਤਵ ਵਧੇਰੇ ਹੈ, ਫਿੱਕਾ ਬੋਲਣ ਨਾਲ ਤਨ ਤੇ ਮਨ ਵੀ ਪ੍ਰਭਾਵਿਤ ਹੁੰਦਾ ਹੈ।
-ਵਿਚਿ ਦੁਨੀਆ ਸੇਵ ਕਮਾਈਐ।
ਤਾਂ ਦਰਗਹ ਬੈਸਣ ਪਾਈਐ। (ਸ੍ਰੀ ਰਾਗ ਮ: ੧)
-ਕਥਨੈ ਕਹਿਣ ਨ ਛੁਟੀਐ,
ਨਾ ਪੜ੍ਹ ਪੁਸਤਕ ਭਾਰ।
-ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਈ। (ਮ:੧)
ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਰਾਹੀਂ ਇਕ ਭਾਸ਼ਾਈ ਮਾਡਲ ਸਾਡੇ ਸਾਹਮਣੇ ਰੱਖਿਆ ਹੈ, ਉਹ ਇਹ ਕਿ ਆਪਣੀ ਭਾਸ਼ਾ ਨੂੰ ਪਹਿਲ ਦਿੱਤੀ ਜਾਵੇ, ਬਾਕੀ ਭਾਸ਼ਾਵਾਂ ਦਾ ਅਧਿਐਨ ਕੀਤਾ ਜਾਵੇ । ਉਹ ਲਿਖਦੇ ਹਨ :
-ਖਤ੍ਰੀਆ ਤ ਧਰਮੁ ਛੋਡਿਆ, ਮਲੇਛ ਭਾਖਿਆ ਗਹੀ।
ਸ੍ਰਿਸਟ ਸਭ ਇਕ ਵਰਣ ਹੋਈ ਧਰਮ ਕੀ ਗਤਿ ਰਹੀ।
(ਧਨਾਸਰੀ ਮ: ੧)
ਮਲੇਛ ਭਾਸ਼ਾ ਦਾ ਹੀ ਵਿਰੋਧ ਨਹੀਂ ਸਗੋਂ ਇਕ ਧਰਮ ਨੂੰ ਵੀ ਨਕਾਰਿਆ ਗਿਆ ਹੈ। ਉਨ੍ਹਾਂ ਦੀ ਸਮਝ ਦੀ ਅੱਜ ਬੇਹੱਦ ਲੋੜ ਹੈ ਕਿ ਭਾਰਤ ਬਹੁਭਾਸ਼ਾਈ ਤੇ ਬਹੁਧਰਮੀ ਤੇ ਬਹੁ ਸਭਿਆਚਾਰੀ ਦੇਸ਼ ਸੀ, ਹੈ ਤੇ ਰਹਿਣਾ ਚਾਹੀਦਾ ਹੈ । ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਸੰਸਕ੍ਰਿਤ, ਪ੍ਰਾਕ੍ਰਿਤ, ਅਪਭ੍ਰੰਸ਼, ਪੂਰਬੀ-ਲਹਿੰਦੀ ਪੰਜਾਬੀ, ਸੰਤ ਭਾਸ਼ਾ ਅਤੇ ਅਰਬੀ ਫ਼ਾਰਸੀ ਸ਼ਬਦਾਵਲੀ ਦਾ ਪ੍ਰਯੋਗ ਹੋਇਆ ਹੈ। ਗੂੜ੍ਹ ਸੰਸਕ੍ਰਿਤ ਪੁੱਠ ਵਾਲੀ ਅਤੇ ਫ਼ਾਰਸੀ ਪ੍ਰਭਾਵ ਵਾਲ਼ੀ ਰਚਨਾ ਦਾ ਇਕ ਇਕ ਉਦਾਹਰਣ ਦੇਖਣਾ ਕੁਥਾਂ ਨਹੀਂ ਹੋਵੇਗਾ ।
-ਪੜਿ ਪੁਸਤਕ ਸੰਧਿਆ ਬਾਦੰ। ਸਿਲ ਪੂਜਸ ਬਗੁਲ ਸਮਾਧੰ।
ਮੁਖਿ ਝੂਠ ਬਿਭੂਖਣ ਸਾਰੰ। ਤ੍ਰੈਪਾਲ ਤਿਹਾਲ ਬਿਚਾਰੰ।
ਗਲਿ ਮਾਲਾ ਤਿਲਕੁ ਲਿਲਾਟੰ। ਦੁਇ ਧੋਤੀ ਬਸਤਰ ਕਪਾਟੰ।
ਜੇ ਜਾਣਸਿ ਬ੍ਰਹਮੰ ਕਰਮੰ। ਸਭ ਫੋਕਟ ਨਿਸਚਉ ਕਰਮੰ।
ਕਹੁ ਨਾਨਕ ਨਿਹਚਉ ਧਿਆਵੈ। ਬਿਨ ਸਤਿਗੁਰ ਵਾਟ ਨ ਪਾਵੈ।
(ਆਸਾ ਮ:੧)
-ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ।
ਹਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ।
ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲਦਾਨੀ।
ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ।
(ਤਿਲੰਗ ਮ:੧)
ਜਿਥੋਂ ਤੱਕ ਗੁਰੂ ਨਾਨਕ ਬਾਣੀ ਦੇ ਬਿੰਬਾਂ ਅਲੰਕਾਰਾਂ ਤੇ ਕਾਵਿਕ ਸੁਹਜ ਦਾ ਸੰਬੰਧ ਹੈ ਉਸ ਉਪਰ ਸੈਂਕੜੇ ਪੁਸਤਕਾਂ ਰਚੀਆਂ ਗਈਆਂ ਹਨ । ਇਥੇ ਅਸੀਂ ਸਿਰਫ਼ ਦੋ ਨੁਕਤੇ ਸਾਂਝੇ ਕਰਨੇ ਚਾਹਾਂਗੇ । ਪਹਿਲਾ ”ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਗੁਰੂ ਸਾਹਿਬ ਦੀ ਨੀਂਹ ਵਿਚ ਮਧ ਮਹਾਜਨੀ ਘਰਾਂ ਦੀ ਪਤੀ ਭਗਤਣੀ ਇਸਤ੍ਰੀ ਹੈ ਜਿਸ ਤੋਂ ਮਜ਼ਦੂਰੀ ਨਾਲੋਂ ਵਧੇਰੇ ਭਗਤੀ ਦੀ ਮੰਗ ਕੀਤੀ ਜਾਂਦੀ ਹੈ ਤੇ ਸ਼ਾਹ ਹੁਸੈਨ ਤੇ ਹਦਾਇਤੁਲਾ ਦੇ ਅਲੰਕਾਰਾਂ ਦੀ ਨੀਂਹ ਵਿਚ ਮਜ਼ਦੂਰ ਕਿਸਾਨ ਘਰਾਣਿਆਂ ਦੀ ਇਸਤ੍ਰੀ ਹੈ ਜਿਸ ਤੋਂ ਭਗਤੀ ਨਾਲੋਂ ਵਧੇਰੇ ਕੰਮ ਦੀ ਮੰਗ ਕੀਤੀ ਜਾਂਦੀ ਹੈ।” (ਸੰਤ ਸਿੰਘ ਸੇਖੋਂ, ਪੰਜਾਬੀ ਕਾਵਿ ਸ਼ਰੋਮਣੀ, ਪੰਨਾ 40)। ਦੂਸਰਾ ”ਗੁਰੂ ਨਾਨਕ ਨੇ ਵੀ (ਪੱਛਮ ਵਾਂਗ) ਪਰਮ ਸੱਤ ਦੇ ਚਾਰ ਪੱਖ ਉਜਾਗਰ ਕੀਤੇ ਹਨ ਰਾਜਾ, ਦਾਤਾ, ਸ਼ਾਹੂਕਾਰ ਤੇ ਕੰਤ ਇਹ ਚਾਰੇ ਪੱਖ ਭੂਪਵਾਦੀ ਸਮਾਜ ਦੀ ਸਥਿਤੀ ਦੇ ਅਨੁਕੂਲ ਹਨ।” (ਉਹੀ, ਪੰਨਾ 90)।
ਕੁਦਰਤ ਦੇ ਚਿੱਤਰਣ ਵਿਚ ਬਾਰਾਮਾਹਾ ਤੁਖਾਰੀ, ਮੋਰੀ ਰੁਣ ਝੁਣ ਲਾਇਆ ਵਾਲਾ ਸ਼ਬਦ ਤੇ ਆਰਤੀ ਨੂੰ ਬਾਰ ਬਾਰ ਪੜ੍ਹਿਆ ਜਾਣਾ ਚਾਹੀਦਾ ਹੈ। ਆਰਤੀ ਦੀਆਂ ਕੁਝ ਪੰਗਤੀਆਂ ਦੇਖੋ।
-ਗਗਨ ਮੈ ਥਾਲ ਰਵਿ ਚੰਦ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ।
ਧੂਪ ਮਲਆਨ ਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ।
ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ।
ਅਨਹਤਾ ਸਬਦ ਵਾਜੰਤ ਮੇਰੀ। (ਧਨਾਸਰੀ ਮ:੧)
ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਨਾਇਕ ਕੇਵਲ ਅਰੂਪ ਹੀ ਨਹੀਂ ਸਗੋਂ ਜਦੋਂ ਉਸਦਾ ਮਾਨਵੀ ਆਕਾਰ ਚਿੱਤਰਿਆ ਜਾਂਦਾ ਹੈ ਤਾਂ ਉਸਦਾ ਜਲੌਅ ਦੇਖਣ ਵਾਲ਼ਾ ਹੈ।
-ਤੇਰੇ ਬੰਕੇ ਲੋਇਣ ਦੰਤ ਰੀਸਾਲਾ ।
ਸੋਹਣੇ ਨਕ ਜਿਨ ਲੰਮੜੇ ਵਾਲਾ।
ਕੰਚਨ ਕਾਇਆ ਸੁਇਨੇ ਕੀ ਢਾਲਾ।….
ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ।
ਕੁਹਕਨਿ ਕੋਕਿਲਾ, ਤਰਕ ਜੁਆਣੀ।
ਤਰਲਾ ਜੁਆਣੀ ਆਪ ਭਾਣੀ
ਇਛੁ ਮਨ ਕੀ ਪੂਰੀਏ।
ਸਾਰੰਗ ਜਿਉ ਪਗੁ ਧਰੈ ਠਿਮ ਠਿਮ,
ਆਪ ਆਪੂ ਸੰਧੂਰਏ। (ਰਾਗ ਵਡਹੰਸ)
ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਇਸ ਛੋਟੇ ਲੇਖ ਵਿੱਚ ਸਾਰੇ ਪੱਖ ਸਮੇਟ ਸਕਣੇ ਸੰਭਵ ਨਹੀਂ ਪਰ ਇਸ ਤੋਂ ਇਹ ਰੇਖਾਂਕਿਤ ਜ਼ਰੂਰ ਹੋ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਅੱਜ ਮੁੜ ਮੁੜ ਵਿਚਾਰਨ ਦੀ ਲੋੜ ਹੈ ਅਤੇ ਬਿਨਾਂ ਅਮਲ ਦੇ ਇਸ ਬਾਣੀ ਦੇ ਮਹੱਤਵ ਨੂੰ ਸਮਝਿਆ ਹੀ ਨਹੀਂ ਜਾ ਸਕਦਾ। ਅੱਜ ਪੰਜਾਬ ਦੇ ਸਮਾਜ ਦਾ ਸੰਕਟ ਹੀ ਸਿਧਾਂਤ ਤੇ ਅਮਲ ਦਾ ਦੁਫਾੜ ਹੈ। ਇਸੇ ਲਈ ਇਸ ਦੂਰੀ ਨੂੰ ਜਿੰਨਾਂ ਘਟ ਕੀਤਾ ਜਾਵੇਗਾ ਤੇ ਸਮੇਂ ਅਨੁਕੂਲ ਬਣਾਇਆ ਜਾਵੇਗਾ ਓਨੇ ਹੀ ਹਾਂ ਪੱਖੀ ਸਿੱਟੇ ਨਿਕਲਣਗੇ। ਅਮੀਰ ਵਿਰਸਾ ਮੁੜ ਉਚਾਈਆਂ ਵੱਲ ਜਾਣ ਦੀ ਆਸ ਬੱਝੇਗੀ।