
ਗੁਰਦਾਸਪੁਰ, 12 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਅੱਜ ਰੇਲਵੇ ਸਟੇਸ਼ਨ ਗੁਰਦਾਸਪੁਰ ਉੱਪਰ ਲਖੀਮਪੁਰ ਖੀਰੀ ਦੇ ਸ਼ਹੀਦਾਂ ਨਛੱਤਰ ਸਿੰਘ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਦਲਜੀਤ ਸਿੰਘ ਤੇ ਰਮਨ ਕਸ਼ਅਪ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਸ ਸ਼ਰਧਾਂਜਲੀ ਸਮਾਗਮ ਵਿੱਚ ਹਾਜ਼ਰੀ ਭਰੀ। ਇਸ ਸਮਾਗਮ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਮੱਖਣ ਸਿੰਘ ਤਿੱਬੜ, ਪਲਵਿੰਦਰ ਸਿੰਘ ਕਿਲਾ ਨੱਥੂ ਸਿੰਘ, ਵੀਰ ਸਿੰਘ ਉੱਚਾ ਧਕਾਲਾ, ਗੁਰਨਾਮ ਸਿੰਘ ਮੁਸਤਫਾਬਾਦ, ਪਰਮਪਾਲ ਸਿੰਘ ਮੇਤਲਾ, ਸੁਭਾਸ਼ ਕੈਰੇ, ਮਨਜੀਤ ਸਿੰਘ ਗੁਰਦਾਸਪੁਰ ਅਤੇ ਪੇਟੀ ਅਫਸਰ ਸੰਤੋਖ ਸਿੰਘ ਨੇ ਕੀਤੀ।
ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਲਖੀਮਪੁਰ ਦੀ ਘਟਨਾ ਇਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਸੀ ਅਤੇ ਇਹ ਜਨਰਲ ਡਾਇਰ ਵਾਂਗ ਕੀਤਾ ਗਿਆ ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਵਾਂਗ ਹੀ ਸੀ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਇਸ ਕਿਸਾਨੀ ਸੰਘਰਸ਼ ਜੋ ਸਾਲ ਭਰ ਤੋਂ ਚੱਲ ਰਿਹਾ ਹੈ ਅਸਫ਼ਲ ਕਰਨ ਲਈ ਅਨੇਕਾਂ ਸਾਜ਼ਿਸ਼ਾਂ ਘੜ ਰਹੀ ਹੈ, ਜਿਸ ਵਿਚ ਉਹ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਵਕਤ ਕੇਂਦਰੀ ਸਰਕਾਰ ਵਿਚ ਰਾਜ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੀ ਕਥਿਤ ਸ਼ਹਿ ਉਤੇ ਉਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਜੋ ਕਿਸਾਨਾਂ ਉੱਪਰ ਗੱਡੀਆਂ ਚੜ੍ਹਾ ਕੇ ਅਤੇ ਪਿਸਤੌਲ ਦੀਆਂ ਗੋਲੀਆਂ ਚਲਾ ਕੇ ਕਹਿਰ ਢਾਹਿਆ ਹੈ ਉਸ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਆਗੂਆਂ ਨੇ ਕਿਹਾ ਕਿ ਸਰਕਾਰ ਦੀ ਮਨਸ਼ਾ ਕਿਸਾਨੀ ਸੰਘਰਸ਼ ਨੂੰ ਹਿੰਸਾਤਮਕ ਕਰਨਾ ਅਤੇ ਫ਼ਿਰਕਾਪ੍ਰਸਤੀ ਦੀ ਜ਼ਹਿਰ ਫੈਲਾਉਣਾ ਸੀ ਜਿਸ ਵਿੱਚ ਉਹ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ।
ਸ਼ਹੀਦੀ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਅਜੀਤ ਸਿੰਘ ਹੁੰਦਲ, ਮੱਖਣ ਸਿੰਘ ਕੁਹਾੜ, ਸੁਖਦੇਵ ਸਿੰਘ ਭਾਗੋਕਾਵਾਂ, ਸੁਖਦੇਵ ਸਿੰਘ ਭੋਜਰਾਜ, ਗੁਰਦੀਪ ਸਿੰਘ ਮੁਸਤਫਾਬਾਦ, ਐੱਸਪੀ ਸਿੰਘ ਗੋਸਲ, ਸੁਖਦੇਵ ਸਿੰਘ ਗੋਸਲ, ਗੁਰਦਿਆਲ ਸਿੰਘ ਪਾਹੜਾ, ਗੁਰਮੀਤ ਸਿੰਘ ਮਗਰਾਲਾ, ਹਰਭਜਨ ਸਿੰਘ ਨਵਾਂ ਪਿੰਡ, ਮਾਇਆਧਾਰੀ, ਕੁਲਵਿੰਦਰ ਸਿੰਘ ਤਿੱਬੜ, ਕਰਨੈਲ ਸਿੰਘ ਪੰਛੀ, ਅਸ਼ਵਨੀ ਕੁਮਾਰ ਜਮਹੂਰੀ ਅਧਿਕਾਰ ਸਭਾ ਸਲਵਿੰਦਰ ਸਿੰਘ ਗੋਸਲ, ਸਰਬਜੀਤ ਸਿੰਘ ਗੋਸਲ, ਬਲਬੀਰ ਸਿੰਘ ਕੱਤੋਵਾਲ, ਬਲਵੀਰ ਬੈਂਸ, ਗੁਰਪ੍ਰੀਤ ਸਿੰਘ ਘੁੰਮਣ, ਕਪੂਰ ਸਿੰਘ ਘੁੰਮਣ ਆਦਿ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਅਗਰ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ਚੋਂ ਬਰਖਾਸਤ ਨਾ ਕੀਤਾ ਗਿਆ ਤੇ ਉਸ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪੰਦਰਾਂ ਅਕਤੂਬਰ ਨੂੰ ਮੋਦੀ ਸ਼ਾਹ ਅਤੇ ਯੋਗੀ ਦੇ ਪੁਤਲੇ ਸਾੜਨ ਦੇ ਬਾਅਦ ਅਠਾਰਾਂ ਅਕਤੂਬਰ ਨੂੰ ਦੇਸ਼ ਭਰ ਵਿੱਚ ਰੇਲਾਂ ਰੋਕੀਆਂ ਜਾਣਗੀਆਂ, ਜਿਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਆਗੂਆਂ ਨੇ ਇਹ ਵੀ ਕਿਹਾ ਕਿ ਅਸ਼ੀਸ਼ ਮਿਸ਼ਰਾ ਵਿਰੁੱਧ ਧਾਰਾ ਤਿੱਨ ਸੌ ਦੋ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰਨਾ ਕਿਸਾਨੀ ਸੰਘਰਸ਼ ਦੀ ਵੱਡੀ ਜਿੱਤ ਹੈ। ਅਜੇ ਵੀ ਮੌਕਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕੰਧ ਤੇ ਲਿਖਿਆ ਪੜ੍ਹੇ ਤੇ ਕਾਲੇ ਕਾਨੂੰਨ ਰੱਦ ਕਰੇ ਅਤੇ ਐੱਮਐੱਸਪੀ ਨੂੰ ਕਾਨੂੰਨੀ ਦਰਜਾ ਦੇਵੇ। ਅਜੇ ਮਿਸ਼ਰਾ ਨੂੰ ਫੌਰੀ ਤੌਰ ਤੇ ਮੰਤਰੀ ਮੰਡਲ ਚੋਂ ਬਰਖਾਸਤ ਕਰੇ। ਵਰਨਾ ਕਿਸਾਨੀ ਸੰਘਰਸ਼ ਇਸ ਤੋਂ ਹੋਰ ਵੀ ਵਿਸ਼ਾਲ ਅਤੇ ਤਿੱਖਾ ਰੂਪ ਅਖ਼ਤਿਆਰ ਕਰੇਗਾ।
