Now Reading
ਖੱਬੇ ਪੱਖੀਆਂ ਵੱਲੋਂ ਭਾਰਤ ਬੰਦ ਨੂੰ ਸਫ਼ਲ ਬਣਾਉਣ ਦਾ ਐਲਾਨ

ਖੱਬੇ ਪੱਖੀਆਂ ਵੱਲੋਂ ਭਾਰਤ ਬੰਦ ਨੂੰ ਸਫ਼ਲ ਬਣਾਉਣ ਦਾ ਐਲਾਨ

ਬਟਾਲਾ : ਅੱਜ ਇੱਥੇ ਸੀਪੀਆਈ, ਸੀਪੀਆਈ ਮਾਰਕਸਵਾਦੀ, ਸੀਪੀਆਈ ਮਾਰਕਸਵਾਦੀ-ਲੈਨਿਨਵਾਦੀ ਲਿਬਰੇਸ਼ਨ ਅਤੇ ਆਰਐਮਪੀਆਈ ਆਦਿ ਪਾਰਟੀਆਂ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਅਵਤਾਰ ਸਿੰਘ ਕਿਰਤੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮਜ਼ਦੂਰ ਆਗੂ ਗੁਰਮੀਤ ਸਿੰਘ ਬਖ਼ਤਪੁਰਾ, ਗੁਲਜ਼ਾਰ ਸਿੰਘ, ਮਨਜੀਤ ਰਾਜ, ਰਘਬੀਰ ਸਿੰਘ ਪਕੀਵਾਂ, ਸ਼ਮਸ਼ੇਰ ਸਿੰਘ, ਜਰਨੈਲ ਸਿੰਘ, ਅਮਰਜੀਤ ਰਿਖੀਆ ਅਤੇ ਸੰਤੋਖ ਸਿੰਘ ਸੰਘੇੜਾ ਸਣੇ ਹੋਰ ਆਗੂਆਂ ਨੇ ਭਾਗ ਲਿਆ।

ਇਸ ਮੀਟਿੰਗ ਵਿੱਚ ਉਕਤ ਆਗੂਆਂ ਨੇ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਬੇਕਾਬੂ ਹੁੰਦੀਆਂ ਜਾ ਰਹੀਆਂ ਕੀਮਤਾਂ ਅਤੇ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਨਿਰੰਤਰ ਘਟਦੀ ਕੀਮਤ ਦੇ ਫ਼ਲਸਰੂਪ ਦੇਸ਼ ਵਿੱਚ ਹਾਹਕਾਰ ਮੱਚੀ ਹੋਈ ਹੈ ਤੇ ਮੋਦੀ ਸਰਕਾਰ ਵੱਲੋਂ ਇਸ ਨਿਘਾਰ ਨੂੰ ਰੋਕਣ ਹਿਤ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਹਨ ਜਿਸ ਕਰਕੇ ਮਹਿੰਗਾਈ ਵਿੱਚ ਭਾਰੀ ਵਾਧਾ ਹੋ ਰਿਹਾ ਹੈ ਤੇ ਗ਼ਰੀਬ ਵਰਗ ਨੂੰ ਇਸ ਦਾ ਖ਼ਾਮਿਆਜ਼ਾ ਭੁਗਤਣਾ ਪੈ ਰਿਹਾ ਹੈ।
ਉਨ੍ਹਾ ਐਲਾਨ ਕੀਤਾ ਕਿ ਮੋਦੀ ਸਰਕਾਰ ਦੀਆਂ ਅੱਖਾਂ ਖੋਲ੍ਹਣ ਦੇ ਮਕਸਦ ਨਾਲ ‘ਮੋਦੀ ਭਜਾਓ, ਦੇਸ਼ ਬਚਾਓ’ ਦੇ ਨਾਅਰੇ ਹੇਠ 10 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਦੌਰਾਨ ਜਿੱਥੇ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਮੋਦੀ ਸਰਕਾਰ ਦੇ ਪੁਤਲੇ ਫ਼ੂਕੇ ਜਾਣਗੇ। ਬਟਾਲਾ, ਗੁਰਦਾਸਪੁਰ ਅਤੇ ਨੇੜਲੇ ਖੇਤਰਾਂ ਵਿੱਚ ਵੀ ਉਕਤ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਉਕਤ ਆਗੂਆਂ ਨੇ ਸੂਬਾ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੀ ਸੱਤਾ ‘ਤੇ ਕਾਬਜ਼ ਕਾਂਗਰਸ ਸਰਕਾਰ ਗੁਆਂਢੀ ਰਾਜਾਂ ਦੇ ਮੁਕਾਬਲੇ ਸਭ ਤੋਂ ਵੱਧ 36 ਫ਼ੀਸਦੀ ਤੱਕ ਟੈਕਸ ਪੈਟਰੋਲ ਅਤੇ ਡੀਜ਼ਲ ‘ਤੇ ਵਸੂਲ ਕਰ ਰਹੀ ਹੈ ਜੋ ਕਿ ਸੂਬੇ ਦੀ ਜਨਤਾ ਨਾਲ ਸਰਾਸਰ ਧੱਕਾ ਹੈ ਤੇ ਇਹ ਧੱਕੇਸ਼ਾਹੀ ਤੁਰੰਤ ਬੰਦ ਹੋਣੀ ਚਾਹੀਦੀ ਹੈ ਨਹੀਂ ਤਾਂ ਜਨਤਾ ਸਰਕਾਰ ਦੀਆਂ ਇਨ੍ਹਾ ਜ਼ਿਆਦਤੀਆਂ ਦਾ ਢੁਕਵਾਂ ਜਵਾਬ ਦੇਣ ਦੀ ਸਮਰੱਥਾ ਰੱਖਦੀ ਹੈ।

Scroll To Top