ਜਲੰਧਰ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਗੰਨਾ ਉਤਪਾਦਕ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲ਼ਈ ਅਤੇ ਗੰਨੇ ਦੀ ਕੀਮਤ ਹਰਿਆਣਾ ਦੇ ਬਰਾਬਰ ਕਰਨ ਦੀ ਮੰਗ ਵਾਸਤੇ ਸੰਘਰਸ਼ ਤੇਜ ਕਰਦਿਆ 25 ਫ਼ਰਵਰੀ ਤੋ 1 ਮਾਰਚ ਤੱਕ ਖੰਡ ਮਿੱਲਾਂ ਸਾਹਮਣੇ ਧਰਨੇ ਦਿੱਤੇ ਜਾਣਗੇ। ਇਹ ਫੈਸਲਾ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੀ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆ ਦੱਸਿਆ ਕਿ 25 ਫਰਵਰੀ ਨੂੰ ਖੰਡ ਮਿੱਲ ਅਜਨਾਲਾ ਵਿਖੇ, 26 ਫਰਵਰੀ ਨੂੰ ਮੋਰਿੰਡਾ ਅਤੇ ਨਕੋਦਰ, 27 ਫਰਵਰੀ ਨੂੰ ਰਾਣਾ ਸੂਗਰ ਮਿੱਲ ਬੁੱਟਰ ਅਤੇ ਕੀੜੀ ਅਫਗਾਨਾ ਵਿਖੇ ਧਰਨੇ ਲਾਏ ਜਾਣਗੇ।
ਸਾਥੀ ਸੰਧੂ ਨੇ ਕਿਹਾ ਕਿ ਇਨ੍ਹਾਂ ਧਰਨਿਆਂ ਦੌਰਾਨ ਮੰਗ ਕੀਤੀ ਜਾਵੇਗੀ ਕਿ ਗੰਨੇ ਦਾ ਭਾਅ ਵਿੱਚ ਵਾਧਾ ਕਰਕੇ ਹਰਿਅਣੇ ਦੇ ਬਰਾਬਰ ਕੀਤਾ ਜਾਵੇ। ਗੰਨੇ ਦੇ ਪੁਰਾਣੇ ਬਕਾਏ ਵਿਆਜ ਸਮੇਤ ਤੁਰੰਤ ਦਿਤੇ ਜਾਣ। ਗੰਨੇ ਦੇ ਪੈਸਿਆਂ ਦੀ ਅਦਾਇਗੀ 14 ਦਿਨਾਂ ਵਿੱਚ ਦੇਣੀ ਯਕੀਨੀ ਬਣਾਈ ਜਾਵੇ। ਮਿੱਲ ਏਰੀਏ ਤੋਂ ਗੰਨਾ ਬਾਹਰ ਲੈ ਕੇ ਜਾਣ ਦਾ ਕਿਰਾਇਆ ਸਰਕਾਰ ਅਦਾ ਕਰੇ। ਗੰਨੇ ਦੀ ਤੋਲਾਈ ‘ਤੇ ਲਾਏ ਜਾਂਦੇ ਨਜਾਇਜ ਕੱਟ ਬੰਦ ਕੀਤੇ ਜਾਣ। ਸੇਰੋ ਸਮੇਤ ਬੰਦ ਪਈਆ ਸਹਿਕਾਰੀ ਖੰਡ ਮਿੱਲਾਂ ਤੁਰੰਤ ਚਾਲੂ ਕੀਤੀਆ ਜਾਣ ਅਤੇ ਇਨ੍ਹਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕੇ ਇਸ ਦੀਆ ਤਿਆਰੀਆਂ ਲਈ ਇੱਕ ਮੀਟਿੰਗ 9 ਫਰਵਰੀ ਨੂੰ ਸੂਬਾ ਦਫਤਰ ਜਲੰਧਰ ਵਿਖੇ ਹੋਵੇਗੀ।