Now Reading
ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਜਨਵਰੀ 2019)

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਜਨਵਰੀ 2019)

ਰਵੀ ਕੰਵਰ
ਜਨ ਅੰਦੋਲਨ ਦਾ ਰੂਪ ਗ੍ਰਹਿਣ ਕਰਦਾ ਜਾ ਰਿਹੈ ਫਰਾਂਸ ਦਾ ‘ਪੀਲੀ ਬੁਨੈਣ ਅੰਦੋਲਨ’

ਯੂਰਪ ਮਹਾਂਦੀਪ ਦਾ ਦੇਸ਼ ਫਰਾਂਸ, ਜਿਹੜਾ ਕਿ ਦੁਨੀਆਂ ਦੇ 5 ਮੁੱਖ ਵਿਕਸਿਤ ਦੇਸ਼ਾਂ ਵਿਚੋਂ ਇਕ ਹੈ, ਇਸ ਵੇਲੇ ਸੰਘਰਸਾਂ ਦਾ ਮੈਦਾਨ ਬਣਿਆ ਹੋਇਆ ਹੈ। ਰਾਸ਼ਟਰਪਤੀ ਮੈਕਰਾਂ ਵਲੋਂ ਮਈ 2017 ਵਿਚ ਸੱਤਾ ਸੰਭਾਲਣ ਤੋਂ ਛੇਤੀ ਬਾਅਦ ਹੀ ਅਪਣਾਈਆਂ ਗਈਆਂ ਆਰਥਕ ਤੇ ਸਮਾਜਕ ਨੀਤੀਆਂ ਕਾਰਨ ਪੈਦਾ ਹੋਈ ਬੇਚੈਨੀ ਦੇ ਸਿੱਟੇ ਵਜੋਂ ਦੇਸ਼ ਦੇ ਮਿਹਨਤਕਸ਼ ਲੋਕਾਂ ਦੇ ਸੰਘਰਸ਼ ਸ਼ੁਰੂ ਹੋ ਗਏ ਸਨ। ਉਸਨੇ ਸਭ ਤੋਂ ਪਹਿਲਾਂ ਦੋ ਵਰਗਾਂ ਨੂੰ ਨਿਸ਼ਾਨਾ ਬਣਾਇਆ ਸੀ, ਰੇਲਵੇ ਦੇ ਕਾਮੇ ਅਤੇ ਵਿਦਿਆਰਥੀ ਤੇ ਨੌਜਵਾਨ, ਜਿਨ੍ਹਾਂ ਦੇ ਸੰਘਰਸ਼ ਅਜੇ ਵੀ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਹਨ।
ਹਾਲੀਆ ਸਮੇਂ ਵਿਚ ਇਕ ਜਬਰਦਸਤ ਅਤੇ ਫਰਾਂਸ ਦੇ ਸਮੁੱਚੇ ਮਿਹਨਤਕਸ਼ ਲੋਕਾਂ ਦੇ ਸਾਂਝੇ ਸੰਘਰਸ਼ ਦਾ ਰੂਪ ਗ੍ਰਹਿਣ ਕਰ ਗਿਆ ਹੈ ”ਪੀਲੀ ਬੁਨੈਣ ਅੰਦੋਲਨ”। 17 ਨਵੰਬਰ, ਸ਼ਨੀਵਾਰ ਤੋਂ ਸ਼ੁਰੂ ਹੋਇਆ ਇਹ ਸੰਘਰਸ਼ ਹੁਣ ਹਰ ਸ਼ਨੀਵਾਰ ਨੂੰ ਸਮੁੱਚੇ ਦੇਸ਼ ਵਿਚ ਹੁੰਦਾ ਹੈ ਅਤੇ ਇਸ ਵਿਚ ਲੱਖਾਂ ਲੋਕ ਭਾਗ ਲੈਂਦੇ ਹਨ। 15 ਦਸੰਬਰ, ਪੰਜਵੇਂ ਸ਼ਨੀਵਾਰ ਤੱਕ ਇਹ ਆਪਣੇ ਪੂਰੇ ਵੇਗ ਵਿਚ ਜਾਰੀ ਹੈ ਅਤੇ 22 ਦਸੰਬਰ ਬਾਰੇ ਵੀ ਤਿਆਰੀਆਂ ਜਾਰੀ ਹਨ।
ਇਕ ਆਪਮੁਹਾਰੇ ਰੂਪ ਵਿਚ ਆਰੰਭ ਹੋਇਆ ਇਹ ਸੰਘਰਸ਼ ਇਕ ਟਰੱਕ ਡਰਾਈਵਰ ਵਲੋਂ ਸੋਸ਼ਲ ਮੀਡੀਆ ‘ਤੇ ਸੰਦੇਸ਼ਾਂ ਰਾਹੀਂ ਨਿਰੰਤਰ ਵੱਧ ਰਹੀਆਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿਰੁੱਧ ਸ਼ੁਰੂ ਹੋਇਆ ਸੀ। ਫਰਾਂਸ ਵਿਚ ਹਰ ਵਾਹਨ ਚਾਲਕ ਨੂੰ ਜਿੱਥੇ ਆਪਣੇ ਵਾਹਨ ਵਿਚ ਖਰਾਬੀ ਹੋਣ ਸਮੇਂ ਸੜਕ ‘ਤੇ ਖੜੇ ਹੋਣ ਦੀ ਸੂਰਤ ਵਿਚ ਵਾਹਨ ਸਾਹਮਣੇ ਲਾਲ ਤਿਕੋਣ ਰੱਖਣੀ ਪੈਂਦੀ ਹੈ ਉਸ ਦੇ ਨਾਲ ਹੀ ਉਸਨੂੰ ਖ਼ੁਦ ਇਕ ਪੀਲੀ ਬੁਨੈਣ ਵੀ ਪਹਿਨਣੀ ਪੈਂਦੀ ਹੈ, ਜਿਹੜੀ  ਕਿ ਹਨੇਰੇ ਵਿਚ ਦੂਰੋਂ ਹੀ ਚਮਕਦੀ ਹੈ। ਇਹ ‘ਪੀਲੀ ਬੁਨੈਣ’ ਹਰ ਕਿਸੇ ਨੂੰ ਆਪਣੇ ਵਾਹਨ ਵਿਚ ਕਾਨੂੰਨੀ ਰੂਪ ਵਿਚ  ਰੱਖਣੀ ਲਾਜ਼ਮੀ ਹੁੰਦੀ ਹੈ। ਇਸ ਅੰਦੋਲਨ ਨੂੰ ਸ਼ੁਰੂ ਕਰਨ ਵਾਲੇ ਵਾਹਨ ਚਾਲਕ ਸਨ ਅਤੇ ਮੁਜਾਹਰਾ ਕਰਨ ਸਮੇਂ ਉਨ੍ਹਾਂ ਪੀਲੀਆਂ ਬੁਨੈਣਾਂ ਪਾਈਆਂ ਹੋਈਆਂ ਸਨ। ਹੁਣ ਇਹ ਪੀਲੀ ਬੁਨੈਣ ਇਸ ਅੰਦੋਲਨ ਦਾ ਪ੍ਰਤੀਕ ਬਣ ਗਈ ਹੈ ਅਤੇ ਇਸ ਵਿਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਨੇ ਪੀਲੀਆਂ ਬੁਨੈਣਾਂ ਪਾਈਆਂ ਹੁੰਦੀਆਂ ਹਨ। ਇਸ ਅੰਦੋਲਨ ਦਾ ਨਾਂਅ ਵੀ ‘ਪੀਲੀ ਬੁਨੈਣ ਅੰਦੋਲਨ’ ਪੈ ਗਿਆ।
17 ਨਵੰਬਰ ਨੂੰ ਸ਼ੁਰੂ ਹੋਏ ਇਸ ਅੰਦੋਲਨ ਨੇ 1 ਦਸੰਬਰ ਨੂੰ ਇਕ ਨਵਾਂ ਰੂਪ ਗ੍ਰਹਿਣ ਕਰ ਲਿਆ। ਇਸ ਦੀਆਂ ਮੰਗਾਂ ਵਿਚ ਇਕ ਰਾਜਨੀਤਕ ਮੰਗ ਰਾਸ਼ਟਰਪਤੀ ਮੈਕਰਾਂ ਅਸਤੀਫਾ ਦੇਵੇ ਵੀ ਸ਼ਾਮਲ ਹੋ ਗਈ। 25 ਨਵੰਬਰ ਤੋਂ ਹੀ ਮੁਜਾਹਰਾਕਾਰੀਆਂ ਨੇ ਦੇਸ਼ ਦੀ ਰਾਜਧਾਨੀ ਪੇਰਿਸ ਦੇ ਕੇਂਦਰੀ ਭਾਗ, ਜਿੱਥੇ ਦੇਸ਼ ਦੀ ਸੰਸਦ ਅਤੇ ਹੋਰ ਦੇਸ਼ਾਂ ਦੇ ਦੂਤਾਵਾਸ ਆਦਿ ਹਨ ਵਿਚ ਪਹੁੰਚਣਾ ਸ਼ੁਰੂ ਕਰ ਦਿੱਤਾ ਸੀ। ਪ੍ਰੰਤੂ 1 ਦਸੰਬਰ ਨੂੰ ਇਸ ਕੇਂਦਰੀ ਖੇਤਰ, ਚੈਮਪਸ-ਈਲੀਸੀਸ ਵਿਖੇ ਪੁਲਸ ਨਾਲ ਹੋਈਆਂ ਝੜਪਾਂ ਨੇ ਇਸਦਾ ਸਰੂਪ ਬਦਲ ਦਿੱਤਾ ਅਤੇ ਦੂਜੇ ਪਾਸੇ ਇਸ ਅੰਦੋਲਨ ਦੀਆਂ ਮੰਗਾਂ ਵੀ ਜਿਹੜੀਆਂ ਡੀਜ਼ਲ ਤੇ ਪੈਟਰੋਲ ਦੀਆਂ ਨਿਰੰਤਰ ਵੱਧਦੀਆਂ ਕੀਮਤਾਂ ਤੇ ਜਨਵਰੀ 2019 ਤੋਂ ਤਜਵੀਜਤ ਵਾਧੇ ਨੂੰ ਵਾਪਸ ਲੈਣ ਤੱਕ ਸੀਮਤ ਸਨ। ਇੱਥੇ ਇਹ ਵਰਨਣਯੋਗ ਹੈ ਕਿ ਪਿਛਲੇ 12 ਮਹੀਨਿਆਂ ਵਿਚ ਡੀਜ਼ਲ, ਜਿਹੜਾ ਕਿ ਇੱਥੇ ਕਾਰਾਂ ਵਿਚ ਮੁੱਖ ਰੂਪ ਵਿਚ ਵਰਤਿਆ ਜਾਂਦਾ ਹੈ, ਔਸਤਨ 1.51 ਯੂਰੋ  ਪ੍ਰਤੀ ਮਹੀਨਾ ਦੀ ਦਰ ਨਾਲ ਮਹਿੰਗਾ ਹੋ ਰਿਹਾ ਸੀ ਅਤੇ 1 ਜਨਵਰੀ 2019 ਤੋਂ ਇਸ ਵਿਚ 6.5 ਸੈਂਟ ਪ੍ਰਤੀ ਲੀਟਰ ਤੇ ਪੈਟਰੋਲ ਵਿਚ 2.9 ਸੈਂਟ ਪ੍ਰਤੀ ਲੀਟਰ ਵਾਧੇ ਦੀ ਤਜਵੀਜ਼ ਸੀ। ਇਹ 12 ਮਹੀਨਿਆਂ ਤੋਂ ਹੋ ਰਿਹਾ ਨਿਰੰਤਰ ਵਾਧਾ ਤੇ ਤਜਵੀਜਤ ਵਾਧਾ ਮੈਂਕਰਾਂ ਸਰਕਾਰ ਵਲੋਂ ‘ਸਵੱਛ ਪਰਿਆਵਰਣ ਦੇ ਅਨੁਰੂਪ ਕਾਰਾਂ ਤੇ ਈਂਧਣ’ ਦੇ ਨਾਂਅ ਅਧੀਨ ਚਲਾਈ ਜਾ ਰਹੀ ਮੁਹਿੰਮ ਦੇ ਬਹਾਨੇ ਕੀਤਾ ਜਾ ਰਿਹਾ ਸੀ। ਹੁਣ ਇਹ ਅੰਦੋਲਨ ਸਿਰਫ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧੇ ਦੇ ਵਿਰੋਧ ਤੋਂ ਅੱਗੇ ਵੱਧਦਾ ਹੋਇਆ ‘ਖਰੀਦ ਸ਼ਕਤੀ’ ਤੱਕ ਪਹੁੰਚ ਗਿਆ ਹੈ, ਜਿਸ ਵਿਚ ਟੈਕਸਾਂ ਦਾ ਵਧਣਾ ਖਾਸਕਰ ਅਸਿੱਧੇ ਟੈਕਸ ਜਿਹੜੇ ਕਿ ਮਿਹਨਤਕਸ਼ ਲੋਕ ਅਦਾ ਕਰਦੇ ਹਨ, ਨੂੰ ਘਟਾਉਣ ਦੇ ਸਵਾਲ ਵੀ ਸ਼ਾਮਲ ਹਨ। ਇਸਦੇ ਨਾਲ ਹੀ ਇਸ ਅੰਦੋਲਨ ਨੇ ਸਮਾਜ ਵਿਚ ਵੱਧ ਰਹੀ ਅਸਮਾਨਤਾ ਨੂੰ ਵੀ ਉਭਾਰਿਆ ਹੈ, ਅਮੀਰਾਂ ਨੂੰ ਸੰਪਤੀ ਟੈਕਸ ਅਤੇ ਹੋਰ ਟੈਕਸਾਂ ਵਿਚ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਛੋਟਾਂ ‘ਤੇ ਵੀ ਸਵਾਲ ਖੜੇ ਕੀਤੇ ਹਨ। ਪੈਨਸ਼ਨਰਾਂ ਉਤੇ ਆਰਥਕ ਹਮਲੇ, ਘੱਟੋ ਘੱਟ ਤਨਖਾਹਾਂ ਦਾ ਮੁੱਦਾ, ਲਗਭਗ ਮਿਹਨਤਕਸ਼ ਲੋਕਾਂ ਦੇ ਸਮੁੱਚੇ ਮੁੱਦੇ ਹੀ ਅੰਦੋਲਨ ਦੇ ਕੇਂਦਰ ਵਿਚ ਆ ਗਏ।
1 ਦਸੰਬਰ ਤੋਂ ਹੀ ਇਸ ਅੰਦੋਲਨ ਵਿਚ ਸੱਜਪਿਛਾਖੜੀ ਧਾਰਾ ਹਾਸ਼ੀਏ ‘ਤੇ ਪੁੱਜ ਗਈ ਅਤੇ ਪ੍ਰਵਾਸੀਆਂ ਨੂੰ ਸਭ ਸੰਕਟਾਂ ਲਈ ਜ਼ਿੰਮੇਵਾਰ ਠਹਿਰਾਉਣ ਵਾਲੇ ਨਾਅਰੇ ਤੇ ਸ਼ਕਤੀਆਂ ਤਕਰੀਬਨ ਗਾਇਬ ਹੋ ਗਈਆਂ ਅਤੇ ਸਥਾਨਕ ਟਰੇਡ ਯੂਨੀਅਨਾਂ, ਰੇਲਵੇ ਕਾਮਿਆਂ ਤੇ ਡਾਕ ਤਾਰ ਵਿਭਾਗ ਦੀਆਂ ਯੂਨੀਅਨਾਂ ਦੇ ਸੱਦੇ ‘ਤੇ ਹਜ਼ਾਰਾਂ ਕਿਰਤੀਆਂ, ਨੌਜਵਾਨਾਂ ਤੇ ਬੇਰੁਜ਼ਗਾਰਾਂ ਨੇ ਇਸ ਵਿਚ ਭਾਗ ਲਿਆ। ਇਸ ਕਰਕੇ ਹਿੰਸਕ ਘਟਨਾਵਾਂ ਤੋਂ ਬਾਵਜੂਦ ਇਸ ਅੰਦੋਲਨ ਪ੍ਰਤੀ ਸਮਰਥਨ ਘਟਿਆ ਨਹੀਂ ਬਲਕਿ ਵਧਿਆ ਹੈ। ਇਕ ਸਰਵੇਖਣ ਮੁਤਾਬਕ ਦੇਸ਼ ਦੇ 70% ਲੋਕ ਇਸ ਅੰਦੋਲਨ ਦਾ ਸਮਰਥਨ ਕਰਦੇ ਹਨ।
ਇਸਦਾ ਹੀ ਸਿੱਟਾ ਸੀ ਕਿ ਰਾਸ਼ਟਰਪਤੀ ਮੈਕਰਾਂ ਨੂੰ ਸਪੱਸ਼ਟ ਦਿਸਣ ਲੱਗ ਪਿਆ ਕਿ ਉਸਦੀ ਕੌਮਾਂਤਰੀ ਪੱਧਰ ‘ਤੇ ਬਣੀ ਇਕ ਹਰਮਨਪਿਆਰੇ ਰਾਸ਼ਟਰਪਤੀ ਦੀ ਤਸਵੀਰ ਤਿੜਕਣੀ ਸ਼ੁਰੂ ਹੋ ਗਈ ਹੈ। ਸੰਘਰਸ਼  ਦੇ ਦਬਾਅ ਅਤੇ ਇਸ ਨੁਕਸਾਨ ਨੂੰ ਰੋਕਣ ਲਈ ਉਸਦੇ ਪ੍ਰਧਾਨ ਮੰਤਰੀ ਇਡੌਰਡ ਫਿਲਿਪ ਨੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧੇ, ਈਂਧਣ ਟੈਕਸ ਨੂੰ 6 ਮਹੀਨਿਆਂ ਲਈ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ। ਪ੍ਰੰਤੂ, ਬਹੁਤ ਦੇਰੀ ਹੋ ਚੁੱਕੀ ਸੀ। ਹੁਣ ਤਾਂ ਉਹ ਤਬਕੇ ਜਿਹੜੇ ਕਿ ਪਿਛਲੇ 2 ਸਾਲਾਂ ਤੋਂ ਸਰਕਾਰ ਦੀਆਂ ਆਰਥਕ ਤੇ ਸਮਾਜਕ ਨੀਤੀਆਂ ਦਾ ਸ਼ਿਕਾਰ ਸਨ ਅਤੇ ਆਪਣੇ ਸੰਘਰਸ਼ਾਂ ਕਰਕੇ ਤਸ਼ੱਦਦ ਦਾ ਸ਼ਿਕਾਰ ਬਣੇ ਸਨ, ਇਸ ਅੰਦੋਲਨ ਦਾ ਸਰਗਰਮ ਹਿੱਸਾ ਬਣ ਚੁੱਕੇ ਸਨ। ਇਹ ਸਨ : ਕਿਸਾਨ, ਟਰੱਕ ਡਰਾਇਵਰ, ਬੰਦਰਗਾਹ ਤੇ ਰੇਲ ਕਾਮੇ ਆਦਿ।
8 ਦਸੰਬਰ ਦੇ ਸ਼ਨਿੱਚਰਵਾਰ ਨੂੰ ਇਹ ਸੰਘਰਸ਼ ਹੋਰ ਵਿਆਪਕ ਹੋ ਗਿਆ ਜਦੋਂ ਉਸੇ ਦਿਨ ਦੇਸ਼ ਦੇ ਹਾਈ ਸਕੂਲਾਂ ਦੇ ਵਿਦਿਆਰਥੀ ਵੀ ਆਪਣੀਆਂ ਮੰਗਾਂ, ਉਚੇਰੀ ਪੜ੍ਹਾਈ ਬਾਰੇ ਅਰਜੀ ਦੇਣ ਦੀ ਪ੍ਰਕਿਰਿਆ ਤੇ ਸਿੱਖਿਆ ਸੁਧਾਰਾਂ ਨੂੰ ਲੈ ਕੇ ਹੜਤਾਲ ਕਰਕੇ ‘ਪੀਲੀ ਬੁਨੈਣ ਅੰਦੋਲਨ’ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋ ਗਏ। ਟਰੇਡ ਯੂਨੀਅਨ ਕਾਮੇ ਤਾਂ ਸ਼ਾਮਲ ਹੀ ਸੀ ਬਲਕਿ ਦੇਸ਼ ਦੀਆਂ ਸਾਰੀਆਂ ਟਰੇਡ ਯੂਨੀਅਨਾਂ ਸਮੇਤ ਸੀਜੀਟੀ ਨੇ 14 ਦਸੰਬਰ ਨੂੰ ‘ਲਾਮਬੰਦੀ ਦਿਵਸ’ ਇਸ ਅੰਦੋਲਨ ਦੇ ਹੱਕ ਵਿਚ ਮਨਾਉਣ ਦਾ ਸੱਦਾ ਦੇ ਦਿੱਤਾ।
ਰਾਸ਼ਟਰਪਤੀ ਮੈਕਰਾਂ, ਜਿਹੜਾ ਕਿ ਆਪਣੇ ਆਪ ਨੂੰ ਇਸ ਅੰਦੋਲਨ ਤੋਂ ਅਣਭਿੱਜ ਦਰਸਾ ਰਿਹਾ ਸੀ, ਨੂੰ ਵੀ ਇਸ ਅੰਦੋਲਨ ਦੇ ਦਬਾਅ ਨੂੰ ਦੇਖਦਿਆਂ 10 ਦਿਸੰਬਰ ਨੂੰ ਐਲਾਨ ਕਰਨਾ ਪਿਆ। ਜਿਸ ਅਨੁਸਾਰ ਉਸਨੇ ਤਿੰਨ ਕਦਮ ਐਲਾਨੇ : ਘੱਟੋ ਘੱਟ ਤਨਖਾਹ ਵਿਚ 100 ਯੂਰੋ ਦਾ ਵਾਧਾ, 2000 ਪ੍ਰਤੀ ਮਹੀਨਾ ਯੂਰੋ ਪੈਨਸ਼ਨ ‘ਤੇ ਸਮਾਜ ਸੁਰੱਖਿਆ ਯੋਗਦਾਨ ਦਾ ਖਾਤਮਾ ਅਤੇ ਉਵਰਟਾਈਮ ਦੀ ਰਕਮ ‘ਤੇ ਸਾਰੇ ਟੈਕਸ ਤੇ ਸਮਾਜਕ ਸੁਰੱਖਿਆ ਯੋਗਦਾਨ ਦਾ ਖਾਤਮਾ। ਇਹ ਸਭ ਖਰੀਦ ਸ਼ਕਤੀ ਵਧਾਉਣ ਨਾਲ ਸਬੰਧਤ ਕਦਮ ਸਨ। ਫਰਾਂਸ ਦੀ ਮਿਹਨਤਕਸ਼ ਜਨਤਾ ਨੇ ਇਹ ਹਿਸਾਬ-ਕਿਤਾਬ ਕਰਨ ਵਿਚ ਦੇਰ ਨਹੀਂ ਲਾਈ ਕਿ ਇਹ ਕਦਮ ਖੋਖਲੇ ਹਨ, ਇਨ੍ਹਾਂ ਨਾਲ ਕੋਈ ਖਾਸ ਲਾਭ ਨਹੀਂ ਹੋਣ ਵਾਲਾ।
ਟਰੇਡ ਯੂਨੀਅਨਾਂ ਅਨੁਸਾਰ ਇਹ ਕਦਮ ਨਗੂਣੇ ਹਨ : (1) 100 ਯੂਰੋ ਦੀ ਘੱਟੋ ਤੱਟ ਤਨਖਾਹ ਵਿਚ ਵਾਧਾ। ਇਸ ਵਿਚੋਂ 25 ਯੂਰੋ ਸਵੈਚਲਤ ਰੂਪ ਵਿਚ ਹੋਣ ਵਾਲੇ ਕਾਨੂੰਨੀ ਵਾਧੇ ਦੇ ਹਨ, ਬਾਕੀ ਬੋਨਸ ਦੇ ਰੂਪ ਵਿਚ ਹੋਣੇ ਹਨ, ਇਹ ਮਾਲਕ ਦੀ ਮਰਜ਼ੀ ‘ਤੇ ਨਿਰਭਰ ਕਰਦੇ ਹਨ ਅਤੇ ਸਿਰਫ ਵੱਡੀਆਂ ਕੰਪਨੀਆਂ ਵਲੋਂ ਹੀ ਦਿੱਤੇ ਜਾਣ ਦੀ ਸੰਭਾਵਨਾ ਬਣਦੀ ਹੈ। ਛੋਟੇ ਤੇ ਦਰਮਿਆਨੇ ਮਾਲਕ ਇਸਨੂੰ ਯਕੀਨਨ ਹੀ ਨਹੀਂ ਦੇਣਗੇ। ਇਹ ਬੋਨਸ ‘ਸਮਾਜਕ ਸੁਰੱਖਿਆ ਯੋਗਦਾਨ’ ਤੋਂ ਮੁਕਤ ਹੁੰਦਾ ਹੈ, ਮਾਲਕ ਜਿਹੜੇ ਇਹ ਦੇਣ ਯੋਗ ਹੋਣਗੇ, ਦੇ ਸਕਦੇ ਹਨ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਵੀ ਟੈਕਸ ਦੇ ਰੂਪ ਵਿਚ ਛੋਟ ਮਿਲੇਗੀ। ਇਸ ਤਰ੍ਹਾਂ ਇਸ ਨਾਲ ਨਗੂਣਾ ਜਿਹਾ ਲਾਭ ਹੀ ਮਜ਼ਦੂਰਾਂ ਨੂੰ ਪੁੱਜੇਗਾ ਉਹ ਵੀ ਮਾਲਕਾਂ ਦੀ ਮਿਹਰਬਾਨੀ ਨਾਲ।
(2) ਉਵਰਟਾਇਮ ਉਤੇ ਟੈਕਸ ਛੋਟ ਪਹਿਲਾਂ ਹੀ 2019 ਲਈ ਵਿਉਂਤੀ ਜਾ ਚੁੱਕੀ ਸੀ ਅਤੇ ਇਹ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਵਲੋਂ ਸ਼ੁਰੂ ਕੀਤੀ ਪ੍ਰਣਾਲੀ ਦਾ ਸਿੱਟਾ ਹੈ। ਮਾਲਕਾਂ ਅਤੇ ਸਰਕਾਰ ਵਲੋਂ ਲੱਖਾਂ ਘੰਟੇ ਉਵਰਟਾਈਮ ਦੀ ਰਕਮ ਅਜੇ ਤੱਕ ਭੁਗਤਾਨ ਨਹੀਂ ਕੀਤੀ ਗਈ ਹੈ। ਇਸਦੇ ਉਲਟ ਜੇਕਰ ਓਵਰਟਾਇਮ ਨੂੰ ਵਧਾਉਣ ਦੀ ਥਾਂ, ਇਸ ਸਮੇਂ ਲਈ ਬੇਰੁਜ਼ਗਾਰਾਂ ਤੇ ਹੋਰ ਘਟ-ਆਮਦਣ ਵਾਲੇ ਕਿਰਤੀਆਂ ਨੂੰ ਕੰਮ ਦਿੱਤਾ ਜਾਂਦਾ ਤਾਂ ਵਧੇਰੇ ਲਾਭਕਾਰੀ ਹੁੰਦਾ।
(3) ਪੈਨਸ਼ਨਰਾਂ ਦੀ ਮਦਦ ਕਰਨ ਦਾ ਦਾਅਵਾ ਵੀ ਖੋਖਲਾ ਹੈ। ਪਿਛਲੇ 18 ਮਹੀਨਿਆਂ ਤੋਂ ਪੈਨਸ਼ਨਾਂ ਦੇ ਘਟਦੇ ਜਾਣ ਨੂੰ ਦੇਖਦਿਆਂ, ਪੈਨਸ਼ਨਰਾਂ ਦੇ ਪੱਲੇ ਕੁੱਝ ਨਹੀਂ ਪਵੇਗਾ। ਕਿਉਂਕਿ ਐਲਾਨ ਸਿਰਫ ਵਾਧੂ ਟੈਕਸ ਤੋਂ ਛੋਟ ਹੈ। ਅੰਤਮ ਰੂਪ ਵਿਚ ਤਾਂ ਪੈਨਸ਼ਨਰਾਂ ਦੀ ਖਰੀਦ ਸ਼ਕਤੀ ਘਟੇਗੀ ਹੀ, ਜਨਵਰੀ 2019 ਤੱਕ ਹੋਣ ਵਾਲੇ ਵਾਧੇ ਸਮੇਤ ਪੈਨਸ਼ਨਰਾਂ ਦੇ ਹਕੀਕੀ ਮੁੱਲ ਵਿਚ ਵਾਧਾ +0.3 ਫੀਸਦੀ ਬਣਣਾ ਹੈ, ਇਹ ਤਾਂ ਉਸ ਵੇਲੇ ਦੀ ਅਨੁਮਾਨਤ ਮੁਦਰਾਸਫਿਤੀ ਨੂੰ ਵੀ ਪੂਰਾ ਨਹੀਂ ਕਰੇਗਾ। ਜਨਵਰੀ 2019 ਵਿਚ ਮੁਦਰਾਸਫਿਤੀ +2 ਫੀਸਦੀ ਹੋਣ ਦਾ ਅੰਦਾਜ਼ਾ ਹੈ।
ਰਾਸ਼ਟਰਪਤੀ ਮੈਕਰਾਂ ਵਲੋਂ ਕੀਤੇ ਗਏ ਐਲਾਨ ਦੀ ਹੈਰਾਨਕੁੰਨ ਕਰਨ ਵਾਲੀ ਗੱਲ ਇਹ ਹੈ ਕਿ ‘ਪੀਲੀ ਬੁਨੈਣ’ ਅੰਦੋਲਨ ਦੀ ਕੇਂਦਰੀ ਮੰਗ ਬਣ ਚੁੱਕਾ, ਦੇਸ਼ ਵਿਚ ਵੱਧ ਰਿਹਾ ਆਰਥਕ ਪਾੜਾ, ਉਸ ਬਾਰੇ ਕੁੱਝ ਵੀ ਨਹੀਂ ਕਿਹਾ ਗਿਆ। ਸਰਕਾਰੀ ਬਜਟ ਰਾਹੀਂ ਵੱਡੀਆਂ ਕੰਪਨੀਆਂ ਨੂੰ ਟੈਕਸ ਛੋਟਾਂ ਦੇ ਰੂਪ ਵਿਚ 45.2 ਅਰਬ ਡਾਲਰ ਦਿੱਤੇ ਜਾ ਚੁੱਕੇ ਹਨ।
ਰਾਸ਼ਟਰਪਤੀ ਮੈਂਕਰਾਂ ਦੇ ਐਲਾਨਾਂ ਨੂੰ ਠੁਕਰਾਉਂਦੇ ਹੋਏ ‘ਪੀਲੀ ਬੁਨੈਣ’ ਅੰਦੋਲਨ ਨਿਰੰਤਰ ਜਾਰੀ ਹੈ। 15 ਦਸੰਬਰ ਨੂੰ ਸਰਕਾਰੀ ਸੂਤਰਾਂ ਮੁਤਾਬਕ ਹੀ ਪੈਰਿਸ ਵਿਚ ਸਖਤ ਠੰਡ ਤੇ ਬਾਰਸ਼ ਦਾ ਬਹਾਦਰੀ ਨਾਲ ਟਾਕਰਾ ਕਰਦੇ ਹੋਏ 2000 ਤੋਂ ਵੱਧ ਲੋਕਾਂ ਨੇ ਪੁਲਸ ਦੇ ਭਾਰੀ ਪ੍ਰਬੰਧਾਂ ਦੇ ਬਾਵਜੂਦ ਮੁਜ਼ਾਹਰੇ ਵਿਚ ਭਾਗ ਲਿਆ। ਚੈਮਪਸ ਇਲੀਸੀਸ ਖੇਤਰ ਵਿਚ ਕਈ ਵਾਰ ਮੁਜ਼ਾਹਰਾਕਾਰੀਆਂ ਨਾਲ ਪੁਲਸ ਦੀਆਂ ਝੜਪਾਂ ਹੋਈਆਂ। 115 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਲਗਭਗ ਸਾਰੇ ਹੀ ਸ਼ਹਿਰਾਂ ਵਿਚ ਮੁਜ਼ਾਹਰੇ ਹੋਏ। ਪੁਲਸ ਦੇ 69,000 ਜਵਾਨ ਸਮੁੱਚੇ ਦੇਸ਼ ਵਿਚ ਡਿਊਟੀ ‘ਤੇ ਲਾਏ ਗਏ ਸਨ। 17 ਨਵੰਬਰ ਨੂੰ ਦੇਸ਼ ਭਰ ਵਿਚ 2,82,000 ਲੋਕਾਂ ਨੇ ਮੁਜ਼ਾਹਰਿਆਂ ਵਿਚ ਭਾਗ ਲਿਆ ਸੀ, 1 ਮੁਜ਼ਾਹਰਾਕਾਰੀ ਮਰਿਆ ਗਿਆ ਸੀ 409 ਜਖਮੀ ਹੋਏ ਸਨ, 73 ਗ੍ਰਿਫਤਾਰ। 24 ਨਵੰਬਰ ਨੂੰ 1,66,000 ਲੋਕਾਂ ਨੇ ਭਾਗ ਲਿਆ, 1 ਮੁਜ਼ਾਹਰਾਕਾਰੀ ਮਾਰਿਆ ਗਿਆ, 263 ਜਖਮੀ ਤੇ 630 ਗ੍ਰਿਫਤਾਰ ਹੋਏ। 8 ਦਸੰਬਰ ਨੂੰ 1,36,000 ਨੇ ਭਾਗ ਲਿਆ, 118 ਜਖਮੀ ਤੇ 1220 ਗ੍ਰਿਫਤਾਰ। 22 ਦਸੰਬਰ ਨੂੰ ਛੇਵੇਂ ਸ਼ਨੀਵਾਰ ਵੀ ਲੱਖਾਂ ਲੋਕ ਪੂਰੇ ਦੇਸ਼ ਵਿਚ ‘ਪੀਲੀਆਂ ਬੁਨੈਣਾਂ’ ਪਾ ਕੇ ਸੜਕਾਂ ‘ਤੇ ਉਤਰੇ। ਪੁਲਸ ਨਾਲ ਹੋਈਆਂ ਝੜਪਾਂ ਵਿਚ 1800 ਲੋਕ ਜਖ਼ਮੀ ਹੋਏ ਅਤੇ 5000 ਦੇ ਕਰੀਬ ਨੂੰ ਗ੍ਰਿਫਤਾਰ ਕੀਤਾ ਗਿਆ।
”ਪੀਲੀ ਬੁਨੈਣ ਅੰਦੋਲਨ”, ਜਿਹੜਾ ਕਿ ਆਪਮੁਹਾਰੇ ਰੂਪ ਵਿਚ ਸ਼ੁਰੂ ਹੋਇਆ ਸੀ ਹੁਣ ਦੇਸ਼ ਦੇ ਮਿਹਨਤਕਸ਼ ਆਵਾਮ ਦੇ ਸਭ ਵਰਗਾਂ ਦੇ ਅੰਦੋਲਨ ਦਾ ਰੂਪ ਅਖਤਿਆਰ ਕਰ ਚੁੱਕਾ ਹੈ। ਇਸਦੀਆਂ ਮੰਗਾਂ ਵੀ ਮਿਹਨਤਕਸ਼ ਜਮਾਤ ਦੀਆਂ ਮੁਸ਼ਕਲਾਂ, ਮੁਸੀਬਤਾਂ ਤੇ ਆਸਾਂ, ਉਮੰਗਾਂ ਦੀ ਤਰਜਮਾਨੀ ਕਰਦੀਆਂ ਹਨ। ਇਸ ਅੰਦੋਲਨ ਦੀ ਨਿਰੰਤਰਤਾ ਬਣੀ ਰਹਿਣ ਤੋਂ ਬਾਵਜੂਦ ਇਸ ਵਿਚ ਸ਼ਮੂਲੀਅਤ ਥਲੜੇ ਪਾਸੇ ਨੂੰ ਜਾ ਰਹੀ ਪਰ ਇਸ ਵਿਚਲਾ ਜੁਝਾਰੂਪਣ ਵੱਧਦਾ ਜਾ ਰਿਹਾ ਹੈ। ਇਸਦੇ ਜਮੀਨੀ ਪੱਧਰ ‘ਤੇ ਅਜੇ ਤੱਕ ਕਾਇਮ ਜਮਹੂਰੀ ਸਰੂਪ ਨੂੰ ਕਾਇਮ ਰੱਖਦੇ ਹੋਏ ਦੇਸ਼ ਦੀ ਜਥੇਬੰਦ ਮਜ਼ਦੂਰ ਜਮਾਤ ਤੇ ਖੱਬੀ ਧਿਰ ਨੂੰ ਇਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਇਸ ਅੰਦੋਲਨ ਨੂੰ ਜੇਤੂ ਬਣਾਇਆ ਜਾ ਸਕੇ।
(22-12-2018)

ਮਾਸੂਮ ਜੈਕਲੀਨ ਕਾਅਲ ਦਾ ਮਾਮਲਾ : ਅਮਰੀਕੀ ਸਾਮਰਾਜ ਦਾ ਕਰੂਰ ਚਿਹਰਾ ਮੁੜ ਬੇਨਕਾਬ
ਬੀਤੀ 7 ਦਸੰਬਰ ਨੂੰ ਅਮਰੀਕੀ ਸਾਮਰਾਜ ਦਾ ਵਹਿਸ਼ੀ ਚਿਹਰਾ ਇਕ ਵਾਰ ਮੁੜ ਉਘੜਕੇ ਸਾਹਮਣੇ ਆਇਆ ਜਦੋਂ 7 ਸਾਲਾਂ ਦੀ ਮਾਸੂਮ ਕੁੜੀ ਜੈਕਲੀਨ ਦੀ ਅਮਰੀਕੀ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਅਮਲੇ ਦੀ ਹਿਰਾਸਤ ਵਿਚ ਮੌਤ ਹੋ ਗਈ। ਇਹ ਸੱਤ ਸਾਲਾ ਗੁਆਟੇਮਾਲਾ ਦੀ ਵਸਨੀਕ ਕੁੜੀ ਕੰਮ ਦੀ ਭਾਲ ਵਿਚ ਆਏ ਆਪਣੇ ਪਿਤਾ ਨੇਰੀ ਕਾਅਲ ਨਾਲ ਅਮਰੀਕਾ ਵਿਖੇ ਸ਼ਰਣ ਲੈਣ ਲਈ ਆਈ ਸੀ।
ਉਹ ਅਤੇ ਉਸਦਾ ਪਿਤਾ 160 ਸ਼ਰਨਾਰਥੀਆਂ ਦੇ ਉਸ ਗਰੁੱਪ ਦਾ ਹਿੱਸਾ ਸੀ, ਜਿਹੜੇ ਕਿ ਦੱਖਣ ਅਮਰੀਕਾ ਮਹਾਂਦੀਪ ਦੇ ਦੇਸ਼ ਗੁਆਟੇਮਾਲਾ ਦੇ ਵਸਨੀਕ ਸਨ ਅਤੇ ਅਮਰੀਕੀ ਬਾਰਡਰ ‘ਤੇ ਸਥਿਤ ਨਿਉ ਮੈਕਸੀਕੋ ਦੇ ਐਂਟੀਲੋਪ ਵੈਲਜ਼ ਸਥਿਤ ਸੀਮਾ ਚੌਕੀ ਤੇ ਪ੍ਰਵਾਸ ਅਧਿਕਾਰੀਆਂ ਕੋਲ ਪੁੱਜੇ ਸਨ। ਇਹ ਗਰੁੱਪ 6 ਦਸੰਬਰ ਦੀ ਰਾਤ ਨੂੰ ਅਮਰੀਕਾ-ਮੈਕਸੀਕੋ ਸੀਮਾ ਪਾਰ ਕਰਕੇ ਉਥੇ ਪੁੱਜਾ ਸੀ। ਜੈਕਲੀਨ ਕਾਅਲ ਦੇ ਪਿਤਾ ਮੁਤਾਬਕ ਜਦੋਂ ਉਹ ਸੀਮਾ ਚੌਕੀ ‘ਤੇ ਪੁੱਜੇ ਉਸ ਵੇਲੇ ਉਸਦੀ ਬੇਟੀ ਬੁਰੀ ਤਰ੍ਹਾਂ ਉਲਟੀਆਂ ਕਰ ਰਹੀ ਸੀ। ਵਾਰ ਵਾਰ ਕਸਟਮ ਅਧਿਕਾਰੀਆਂ ਨੂੰ ਬੇਨਤੀ ਕਰਨ ਦੇ ਬਾਵਜੂਦ ਬੱਚੀ ਨੂੰ ਕੋਈ ਵੀ ਮੈਡੀਕਲ ਸਹਾਇਤਾ ਨਹੀਂ ਦਿੱਤੀ ਗਈ ਬਲਕਿ ਉਸਨੂੰ ਹੋਰ ਸ਼ਰਨਾਰਥੀਆਂ ਦੇ ਨਾਲ ਹਿਰਾਸਤ ਵਿਚ ਲੈ ਕੇ ਬਸ ਵਿਚ ਠੂਸ ਦਿੱਤਾ ਗਿਆ ਅਤੇ 90 ਮਿੰਟ ਦੇ ਸਫਰ ਤੋਂ ਬਾਅਦ ਲਾਰਡਜਬਰਗ ਕੈਂਪ ਵਿਚ ਲਿਆਂਦਾ ਗਿਆ।
ਉਥੇ ਮੁੜ ਬੱਚੀ ਜੈਕਲੀਨ ਕਾਅਲ ਦੇ ਪਿਤਾ ਨੇ ਕਸਟਮ ਅਧਿਕਾਰੀਆਂ ਨੂੰ ਬੱਚੀ ਦੇ ਉਲਟੀਆਂ ਕਰਨ ਬਾਰੇ ਦੱਸਿਆ। ਇਥੇ ਵੀ ਉਸਨੂੰ ਕੋਈ ਮੈਡੀਕਲ ਸਹਾਇਤਾ ਦੇਣਾ ਤਾਂ ਦੂਰ ਬਲਕਿ ਉਸਨੂੰ ਉਸਦੇ ਪਿਤਾ ਤੋਂ ਵੱਖ ਕਰ ਦਿੱਤਾ ਗਿਆ ਅਤੇ ਇਸ ਲਈ ਬਹਾਨਾ ਬਣਾਇਆ ਗਿਆ ਕਿ ਉਸ ਕੋਲ ਬੱਚੀ ਦੇ ਪਿਤਾ ਹੋਣ ਦਾ ਕੋਈ ਸਬੂਤ ਨਹੀਂ ਹੈ। ਇਹ ਸੀ ਉਹ ਕਰੂਰਤਾ ਦੀ ਹੱਦ ਜਿਹੜੀ ਕਿ ਅਮਰੀਕੀ ਸਾਮਰਾਜ ਦੇ ਕਸਟਮ ਅਧਿਕਾਰੀ ਆਮ ਹੀ ਵਰਤਦੇ ਹਨ ਕਿ ਬੱਚਿਆਂ ਨੂੰ ਆਪਣੇ ਮਾਂ-ਪਿਓ ਤੋਂ ਵੱਖ ਕਰ ਦਿੰਦੇ ਹਨ ਅਤੇ ਕਦੇ ਵੀ ਵਾਪਸ ਨਾ ਕਰਨ ਦੀਆਂ ਧਮਕੀਆਂ ਦਿੰਦੇ ਹਨ। ਲਾਰਡਜਬਰਗ ਕੈਂਪ ਵਿਖੇ ਜਦੋਂ ਬੱਚੀ ਨੇ ਸਾਹ ਲੈਣਾ ਬੰਦ ਕਰ ਦਿੱਤਾ ਤਾਂ ਮੈਡੀਕਲ ਸਹਾਇਤਾ ਟੀਮ ਨੂੰ ਬੁਲਾਇਆ ਗਿਆ। ਇਸ ਟੀਮ ਮੁਤਾਬਕ ਬੱਚੀ ਬੇਹੋਸ਼ ਸੀ ਅਤੇ ਉਸਨੂੰ 105.7 ਡਿਗਰੀ ਬੁਖਾਰ ਸੀ। ਉਨ੍ਹਾਂ ਵਲੋਂ 2 ਵਾਰ ਗੈਰ ਕੁਦਰਤੀ ਢੰਗ ਨਾਲ ਸਾਹ ਦੇ ਕੇ ਉਸਦੀ ਧੜਕਣ ਚਾਲੂ ਕੀਤੀ ਗਈ ਅਤੇ ਉਸਨੂੰ ਹਵਾਈ ਐਂਬੂਲੈਂਸ ਰਾਹੀਂ 160 ਕਿਲੋਮੀਟਰ ਦੂਰ ਟੈਕਸਾਸ ਸੂਬੇ ਦੇ ਇਲ ਪਾਸੋ ਵਿਖੇ ਸਥਿਤ ਹਸਪਤਾਲ ਵਿਚ ਭੇਜ ਦਿੱਤਾ ਗਿਆ। ਜਿੱਥੇ ਸਮੇਂ ਸਿਰ ਮੁਢਲੀ ਸਹਾਇਤਾ ਨਾ ਮਿਲਣ ਕਰਕੇ ਉਸਦੀ 24 ਘੰਟਿਆਂ ਦੇ ਅੰਦਰ ਅੰਦਰ ਮੌਤ ਹੋ ਗਈ। ਜਿਸ ਵੇਲੇ ਉਸਨੇ ਸੁਆਸ ਤਿਆਗੇ ਉਸ ਵੇਲੇ ਉਸਦਾ ਪਿਤਾ ਨੇਰੀ ਕਾਅਲ ਵੀ ਉਥੇ ਪਹੁੰਚ ਚੁੱਕਾ ਸੀ। ਉਸਦੀ ਮੌਤ ਦਾ ਮੁੱਖ ਕਾਰਨ ਉਸਦੇ ਭੁੱਖੇ ਹੋਣਾ ਅਤੇ ਪਾਣੀ ਦੀ ਘਾਟ (ਡਿਹਾਈਡਰੇਸ਼ਨ) ਬਣਿਆ ਹੈ।
ਯੂਰਪੀ ਵਿਕਸਿਤ ਪੂੰਜੀਵਾਦੀ ਦੇਸ਼, ਜਿਹੜੇ ਕਿ ਅਮਰੀਕੀ ਸਾਮਰਾਜ ਦੀ ਹਰ ਲੋਕ ਮਾਰੂ ਮੁਹਿੰਮ ਵਿਚ ਸੰਗੀ ਸਾਥੀ ਹਨ, ਦੀ ਪ੍ਰਵਾਸੀਆਂ ਪ੍ਰਤੀ ਕਰੂਰਤਾ ਵਾਰ-ਵਾਰ ਸਾਹਮਣੇ ਆਉਂਦੀ ਰਹਿੰਦੀ ਹੈ, 2015 ਵਿਚ ਤਿੰਨ ਸਾਲਾਂ ਦੇ ਸੀਰੀਆਈ ਬੱਚੇ ਅਲਾਨ ਕੁਰਦੀ ਦੀ ਮੈਡੀਟੇਰੀਅਨ ਸਮੁੰਦਰ ਦੇ ਕੰਢੇ ‘ਤੇ ਪਈ ਲਾਸ਼ ਨੇ ਦੁਨੀਆਂ ਭਰ ਦੇ ਮਨੁਖਤਾ ਵਿਚ ਯਕੀਨ ਰੱਖਣ ਵਾਲੇ ਲੋਕਾਂ ਦੇ ਦਿਲਾਂ ਨੂੰ ਵਲੂੰਧਰ ਦਿੱਤਾ ਸੀ। ਅਮਰੀਕੀ ਰਾਸ਼ਟਰਪਤੀ ਟਰੰਪ ਦਾ ਘਿਨੌਣਾ ਚਿਹਰਾ ਤਾਂ ਇਸ ਮਾਮਲੇ ਵਿਚ ਥੋੜ੍ਹੇ ਸਮੇਂ ਪਹਿਲਾਂ ਹੀ ਸਾਰੀ ਦੁਨੀਆਂ ਸਾਹਮਣੇ ਨੰਗਾ ਹੋਇਆ ਸੀ ਜਦੋਂ ਅਮਰੀਕੀ ਕਸਟਮ ਅਧਿਕਾਰੀਆਂ ਨੇ ਮੈਕਸੀਕੋ ਸੀਮਾ ‘ਤੇ ਪੁੱਜਣ ਵਾਲੇ ਪ੍ਰਵਾਸੀ ਪਰਿਵਾਰਾਂ ਤੋਂ ਉਨ੍ਹਾਂ ਦੇ ਬੱਚੇ ਖੋਹ ਕੇ ਵੱਖ-ਵੱਖ ਕਰ ਦਿੱਤੇ ਸਨ, ਜਿਸ ਬਾਰੇ ਸਮੂਚੀ ਦੁਨੀਆਂ ਵਿਚ ਵਿਰੋਧ ਹੋਇਆ ਸੀ।
ਇਸ ਘਟਨਾ ਨਾਲ ਅਮਰੀਕਾ ਸਮੇਤ ਸਮੁੱਚੀ ਦੁਨੀਆਂ ਦੇ ਮਨੁਖਤਾਵਾਦੀ ਲੋਕਾਂ ਵਲੋਂ ਗੁੱਸਾ ਪ੍ਰਗਟ ਕਰਨ ‘ਤੇ ਅਮਰੀਕੀ ਸੰਸਦ ਵਿਚ ਵਿਰੋਧੀ ਪਾਰਟੀ ਡੈਮੋਕ੍ਰੇਟਿਕ ਪਾਰਟੀ ਵਲੋਂ ਜਿੱਥੇ ਇਸਨੂੰ ਟਰੰਪ ਦੀਆਂ ਨੀਤੀਆਂ ਦਾ ਸਿੱਟਾ ਦੱਸਿਆ ਉਥੇ ਹੀ ਇਸ ਬਾਰੇ ਹੋਏ ਇੰਕਸ਼ਾਫਾਂ ਨੇ ਅਮਰੀਕੀ ਸਾਮਰਾਜ ਦੇ ਉਸ ਵਹਿਸ਼ੀ ਚਿਹਰੇ ਨੂੰ ਹੋਰ ਉਘਾੜ ਦਿੱਤਾ ਜਿਹੜਾ ਕਿ ਦੁਨੀਆਂ ਭਰ ਵਿਚ ਆਪਣੇ ਆਰਥਿਕ ਤੇ ਰਣਨੀਤਕ ਹਿਤ ਸਾਧਣ ਲਈ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਨਾਂਅ ‘ਤੇ ਮਨੁਖਤਾ ਨੂੰ ਜੰਗ ਦੀ ਭੱਠੀ ਵਿਚ ਝੋਕਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਇਨ੍ਹਾਂ ਇਕਸ਼ਾਫਾਂ ਰਾਹੀਂ ਸਾਹਮਣੇ ਆਏ ਤੱਥ ਉਸਦੇ ਮਨੁੱਖੀ ਅਧਿਕਾਰਾਂ ਦਾ ਅਲੰਬਰਦਾਰ ਹੋਣ ਦਾ ਮੂੰਹ ਚਿੜਾਉਂਦੇ ਹਨ।
ਇਕ ਤੱਥ ਇਹ ਉਭਰਕੇ ਸਾਹਮਣੇ ਆਇਆ ਹੈ, ਅਮਰੀਕੀ-ਮੈਕਸੀਕੋ ਸੀਮਾ ‘ਤੇ ਲਾਂਘੇ ਜਿੱਥੇ ਸ਼ਰਨਾਰਥੀ ਅਸਾਨੀ ਨਾਲ ਪੁੱਜ ਸਕਦੇ ਹਨ ‘ਤੇ ਅਮਰੀਕਾ ਵਲੋਂ ਸਖਤੀ ਕਰਨ, ਲਗਭਗ ਦਾਖਲਾ ਬੰਦ ਹੀ ਕਰਨ ਕਰਕੇ ਸ਼ਰਨਾਰਥੀ ਮੌਕਸੀਕੇ ਦੇ ਖਤਰਨਾਕ ਸੋਨੋਰਾ ਰੇਗਿਸਤਾਨ ਨੂੰ ਪੈਦਲ ਪਾਰ ਕਰਨ ਲਈ ਮਜ਼ਬੂਰ ਹੁੰਦੇ ਹਨ। ਇਸ ਮਾਮਲੇ ਵਿਚ ਵੀ ਇਹ ਪਰਿਵਾਰ ਇਸ ਰੇਗਿਸਤਾਨ ਨੂੰ ਪਾਰ ਕਰਕੇ ਭੁੱਖਾ ਪਿਆਸਾ ਐਂਟੀਲੋਪ ਵੈਲਜ਼ ਲਾਂਘੇ ‘ਤੇ ਪੁੱਜਾ ਸੀ। ਇਕ ਹੋਰ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਲਾਂਘੇ ‘ਤੇ ਪੁੱਜਣ ‘ਤੇ ਸ਼ਰਨਾਰਥੀਆਂ ਲਈ ਭੋਜਨ ਤਾਂ ਦੂਰ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਨਹੀਂ ਹੁੰਦਾ, ਮੈਡੀਕਲ ਸਹਾਇਤਾ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਇੱਥੇ ਇਹ ਵਰਣਨਯੋਗ ਹੈ ਕਿ 7 ਸਾਲਾ ਜੈਕਲੀਨ ਕਾਅਲ ਜਦੋਂ ਆਪਣੇ ਪਿਤਾ ਨਾਲ ਪੁੱਜੀ ਤਾਂ ਉਹ ਸੋਨੋਰਾ ਰੇਗਿਸਤਾਨ ਪਾਰ ਕਰਕੇ ਆਈ ਸੀ ਅਤੇ ਭੁੱਖੀ ਤੇ ਪਿਆਸੀ ਸੀ। ਉਸਦੀ ਮੌਤ ਦਾ ਕਾਰਨ ਵੀ ਡਿਹਾਈਡਰੇਸ਼ਨ ਬਣੀ ਭਾਵ ਸਰੀਰ ਵਿਚ ਪਾਣੀ ਦੀ ਘਾਟ ਅਤੇ ਉਸਦੇ ਉਲਟੀਆਂ ਕਰਦੇ ਹੋਣ ਤੋਂ ਬਾਵਜੂਦ ਉਸਨੂੰ ਮੁਢਲੀ ਡਾਕਟਰੀ ਸਹਾਇਤਾ ਨਾ ਮਿਲਣਾ। ਅਮਰੀਕੀ ਪ੍ਰਸ਼ਾਸਨ ਦੀ ਇਕ ਹੋਰ ਸੰਗਦਿਲੀ ਇਸ ਤੱਥ ਰਾਹੀਂ ਉਘੜਦੀ ਹੈ ਕਿ ਸ਼ਰਨਾਰਥੀ ਪਰਿਵਾਰ ਦੇ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕਰ ਦਿੱਤਾ ਜਾਂਦਾ ਹੈ।
ਇਥੇ ਇਹ ਵੀ ਨੋਟ ਕਰਨਾ ਬਣਦਾ ਹੈ ਕਿ ਪੂੰਜੀਵਾਦ ਜਿਸਦੀ ਚਰਮ ਸੀਮਾ ਸਾਮਰਾਜ ਹੈ ਤੇ ਅਮਰੀਕੀ ਸਾਮਰਾਜ ਜਿਸਦਾ ਤਰਜਮਾਨ ਹੈ, ਦੀਆਂ ਆਰਥਿਕ ਸਮਾਜਕ ਨੀਤੀਆਂ ਕਰਕੇ ਹੀ ਲੋਕ ਪ੍ਰਵਾਸ ਕਰਨ ਲਈ ਮਜ਼ਬੂਰ ਹੁੰਦੇ ਹਨ। ਮੌਜੂਦਾ ਸਮੇਂ ਵਿਚ ਮੱਧ ਪੂਰਵ ਖਾਸ ਕਰ ਜੰਗ ਦਾ ਮੈਦਾਨ ਬਣੇ ਸੀਰੀਆ, ਇਰਾਕ, ਲੀਬੀਆ ਆਦਿ ਦੇਸ਼ਾਂ ਵਿਚੋਂ ਉਥੇ ਸਾਲਾਂ ਬੱਧੀ ਅਮਰੀਕੀ ਸਾਮਰਾਜ ਦੀਆਂ ਨੀਤੀਆਂ ਕਰਕੇ ਇਰਾਕ ਤੋਂ ਸ਼ੁਰੂ ਹੋਈ ਜੰਗ ਦੀ ਲਪੇਟ ਵਿਚ ਸਮੁੱਚੇ ਖੇਤਰ ਦੇ ਆਉਣ ਕਰਕੇ ਲੋਕ ਪ੍ਰਵਾਸ ਕਰਨ ਲਈ ਮਜ਼ਬੂਰ ਹਨ। ਦੱਖਣੀ ਅਮਰੀਕੀ ਦੇਸ਼ਾਂ ਵਿਚ ਪਿਛਲੀ ਸਦੀ ਦੇ 80ਵੇਂ ਦਹਾਕੇ ਤੋਂ ਹੀ  ਅਮਰੀਕੀ ਸਾਮਰਾਜ ਦੀ ਸਰਪ੍ਰਸਤੀ ਹੇਠ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਕਰਕੇ ਸਮੁੱਚੇ ਦੇਸ਼ਾਂ ਦੇ ਲੋਕ ਭੁੱਖ-ਨੰਗ, ਕੰਗਾਲੀ ਦਾ ਸ਼ਿਕਾਰ ਹੋਏ ਸੀ ਅਤੇ ਕੁਝ ਕੁ ਦੇਸ਼ਾਂ ਵਿਚ ਉਸਦੇ ਵਿਰੋਧ ਵਿਚੋਂ ਪੈਦਾ ਹੋਏ ਲੋਕ ਪੱਖੀ ਸੰਘਰਸ਼ਾਂ ਦੇ ਸਿੱਟੇ ਵਜੋਂ ਸੱਤਾ ਵਿਚ ਆਏ ਲੋਕ ਪੱਖੀ ਨਿਜਾਮਾਂ ਦਾ ਵੀ ਅਮਰੀਕੀ ਸਾਮਰਾਜ ਹਰ ਹਰਬਾ ਵਰਤਕੇ ਆਪਣੇ ਹੱਥਠੋਕਿਆਂ ਰਾਹੀਂ ਵਿਰੋਧ ਕਰ ਰਿਹਾ ਹੈ ਅਤੇ ਉਥੇ ਅਸਥਿਰਤਾ ਪੈਦਾ ਕਰ ਰਿਹਾ ਹੈ। ਇਥੋਂ ਦੋਵੇਂ ਹੀ ਕਾਰਨ ਕਰਕੇ, ਕੁੱਝ ਦੇਸ਼ਾਂ ਵਿਚ ਭੁੱਖ-ਨੰਗ, ਕੰਗਾਲੀ ਹੋਣਾ ਤੇ ਕੁੱਝ ਵਿਚ ਨਿਤ ਦਿਨ ਅਸਥਿਰਤਾ ਹੋਣ ਕਰਕੇ ਲੋਕ ਪ੍ਰਵਾਸ ਕਰਨ ਲਈ ਮਜ਼ਬੂਰ ਹਨ।
ਅਮਰੀਕੀ ਸਾਮਰਾਜ ਤੇ ਦੁਨੀਆਂ ਭਰ ਦੇ ਵਿਕਸਿਤ ਪੂੰਜੀਵਾਦੀ ਦੇਸ਼ ਜਿੱਥੇ ਆਪਣੀਆਂ ਮੰਡੀਆਂ ਦੇ ਵਿਸਥਾਰ ਲਈ ਭਾਵ ਆਪਣਾ ਮਾਲ ਵੇਚਣ ਲਈ ਸਾਰੀ ਦੁਨੀਆਂ ਵਿਚ ਖੁੱਲ੍ਹਾਂ ਚਾਹੁੰਦੇ ਹਨ, ਜਿਹੜਾ ਸਾਮਰਾਜੀ ਸੰਸਾਰੀਕਰਨ ਦੇ ਰੂਪ ਵਿਚ ਸਾਡੇ ਸਾਹਮਣੇ ਹੈ, ਉਥੇ ਹੀ ਉਹ ਵਿਕਾਸਸ਼ੀਲ ਦੇਸ਼ਾਂ ਦੇ ਕਿਰਤੀ ਲੋਕਾਂ ਨੂੰ ਆਪਣੇ ਦੇਸਾਂ ਵਿਚ ਆਪਣੀ ਕਿਰਤ ਵੇਚਣ ਦਾ ਹੱਕ ਨਹੀਂ ਦੇਣਾ ਚਾਹੁੰਦੇ। ਕਿਉਂਕਿ ਪ੍ਰਵਾਸ ਕੁਝ ਹੋਰ ਨਹੀਂ ਬਲਕਿ ਥੁੜਾਂ ਮਾਰੇ ਲੋਕਾਂ ਦਾ ਵਿਕਸਿਤ ਦੇਸ਼ਾਂ ਵਿਚ ਆਪਣੀ ਕਿਰਤ ਵੇਚਣ ਲਈ ਜਾਣਾ ਹੀ  ਹੈ ਤਾਂਕਿ ਉਹ ਵੀ ਆਪਣੀ ਕਿਰਤ ਵੇਚਕੇ ਸਨਮਾਨਜਨਕ ਢੰਗ ਨਾਲ ਆਪਣੀ ਜ਼ਿੰਦਗੀ ਗੁਜਾਰ ਸਕਣ।
ਅਮਰੀਕੀ ਮੈਕਸੀਕੋ ਸੀਮਾ ‘ਤੇ ਹੋਈ 7 ਸਾਲਾ ਮਾਸੂਮ ਬੱਚੀ ਜੈਕਲੀਨ ਕਾਅਲ ਦੀ ਮੌਤ ਨੇ ਮੁੜ ਇਕ ਵਾਰ ਜਿੱਥੇ ਅਮਰੀਕੀ ਸਾਮਰਾਜ ਤੇ ਪੂੰਜੀਵਾਦ ਦੇ ਕਰੂਰ ਚਿਹਰੇ ਨੂੰ ਉਘਾੜਿਆ ਹੈ ਉਥੇ ਹੀ ਪੂੰਜੀਵਾਦੀ ਵਿਵਸਥਾ ਜਿਸਦੀ ਕਿ ਚਰਮ ਸੀਮਾ ਹੀ ਸਾਮਰਾਜ ਹੈ, ਨੂੰ ਖਤਮ ਕਰਕੇ ਸਮੁੱਚੀ ਦੁਨੀਆਂ ਵਿਚ ਇਕ ਲੋਕ ਪੱਖੀ ਵਿਵਸਥਾ ਦੀ ਸਥਾਪਤੀ ਦੀ ਲੋੜ ਨੂੰ ਵੀ ਉਭਾਰਿਆ ਹੈ, ਜਿਸ ਅਧੀਨ ਨਾ ਕੋਈ ਆਪਣੇ ਦੇਸ਼ ਵਿਚ ਭੁੱਖ-ਨੰਗ, ਕੰਗਾਲੀ ਦਾ ਸ਼ਿਕਾਰ ਹੋ ਕੇ ਪ੍ਰਵਾਸ ਲਈ ਮਜ਼ਬੂਰ ਹੋਵੇ ਤੇ ਆਪਣੀ ਕਿਰਤ ਵੇਚਣ ਦਾ ਹਰ ਕਿਸੇ ਨੂੰ ਪੂਰੀ ਦੁਨੀਆਂ ਵਿਚ ਹੱਕ ਹੋਵੇ।

Scroll To Top