Now Reading
ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਫਰਵਰੀ 2018)

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਫਰਵਰੀ 2018)

ਰਵੀ ਕੰਵਰ

ਸਿੱਟੇ, ਮਹੱਤਵ ਤੇ ਕੁੱਝ ਤੱਥ : ਉਤਰੀ ਤੇ ਦੱਖਣੀ ਕੋਰੀਆ ਵਿਚਕਾਰ ਸ਼ੁਰੂ ਹੋਈ ਗੱਲਬਾਤ
ਨਵੇਂ ਸਾਲ ਦੇ ਆਗਾਜ਼ ਦੇ ਨਾਲ ਹੀ ਏਸ਼ੀਆ ਮਹਾਂਦੀਪ ਵਿਚ ਪਸਰੇ ਪ੍ਰਮਾਣੂ ਜੰਗ ਦੇ ਖਤਰੇ ਤੋਂ ਕਾਫੀ ਹੱਦ ਤੱਕ ਰਾਹਤ ਮਿਲੀ ਹੈ।  ਉਤਰੀ ਕੋਰੀਆ (ਡੌਮੇਕਰੇਟਿਕ ਪੀਪਲਜ਼ ਰਿਪਬਲਿਕ ਆਫ ਕੋਰੀਆ) ਵਲੋਂ ਵਿਕਸਿਤ  ਕੀਤੇ ਗਏ ਪ੍ਰਮਾਣੂ ਹਥਿਆਰਾਂ ਨੂੰ  ਆਪਣੇ ਲਈ ਖ਼ਤਰੇ ਦਾ ਬਹਾਨਾ ਬਣਾਉਂਦੇ ਹੋਏ ਅਮਰੀਕੀ ਸਾਮਰਾਜ ਨਿਤ ਦਿਨ ਧਮਕੀਆਂ ਦੇ ਰਿਹਾ ਸੀ। ਏਸ਼ੀਆ ਮਹਾਂਦੀਪ ਦੇ ਉਸਦੇ ਸਭ ਤੋਂ ਨੇੜਲੇ ਸਹਿਯੋਗੀ ਦੱਖਣੀ ਕੋਰੀਆ ਅਤੇ ਜਾਪਾਨ ਵੀ ਅਮਰੀਕਾ ਦੇ ਪੂਰੀ ਤਰ੍ਹਾਂ ਹੱਥਠੋਕੇ ਬਣੇ ਹੋਏ ਸਨ। ਅਤੇ ਇਹ ਸੁਭਾਵਿਕ ਹੀ ਸੀ ਕਿ ਉਤਰੀ ਕੋਰੀਆ ਦੇ ਮੁਖੀ ਕਿਮ-ਜੋਗ-ਉਨ ਵਲੋਂ ਅਮਰੀਕਾ ਦੀਆਂ ਧਮਕੀਆਂ ਦੇ ਮੱਦੇਨਜ਼ਰ ਕਿਹਾ ਜਾ ਰਿਹਾ ਸੀ ਕਿ ਜੇਕਰ ਉਸਦੇ ਦੇਸ਼ ਉਤੇ ਹਮਲਾ ਹੁੰਦਾ ਹੈ ਤਾਂ ਉਹ ਅਮਰੀਕਾ ਦੇ ਸਹਿਯੋਗੀਆਂ ਦੱਖਣੀ ਕੋਰੀਆ, ਜਾਪਾਨ, ਅਮਰੀਕਾ ਫੌਜੀ ਅੱਡੇ ਗਾਮ ਦੇ ਨਾਲ ਨਾਲ ਅਮਰੀਕਾ ਨੂੰ ਵੀ ਪ੍ਰਮਾਣੂ ਹਮਲਾ ਕਰਕੇ ਤਬਾਹ ਕਰ ਦੇੇਵੇਗਾ।
ਪ੍ਰੰਤੂ ਨਵੇਂ ਸਾਲ ਦੇ ਆਪਣੇ ਭਾਸ਼ਣ ਵਿਚ ਉਤਰੀ ਕੋਰੀਆ ਦੇ ਮੁਖੀ ਨੇ ਜਿੱਥੇ ਅਮਰੀਕਾ ਨੂੰ ਇਕ ਵਾਰ ਮੁੜ ਚੇਤਾਇਆ ਕਿ ਪ੍ਰਮਾਣੂ ਹਥਿਆਰਾਂ ਦਾ ਬਟਣ ਉਸਦੇ ਮੇਜ਼ ਉਤੇ ਹੀ ਹੁੰਦਾ ਹੈ, ਨਾਲ ਹੀ ਉਸਨੇ ਕਿਹਾ ਕਿ ਉਹ ਦੱਖਣੀ ਕੋਰੀਆ ਨਾਲ ਆਪਣੇ ਸੰਬੰਧਾਂ ਨੂੰ ਸੁਧਾਰਨ ਲਈ ਫਰਵਰੀ ਵਿਚ ਦੱਖਣੀ ਕੋਰੀਆ ਦੇ ਸ਼ਹਿਰ ਪਿਉਂਗਹਾਂਗ ਵਿਚ ਹੋਣ ਵਾਲੀਆਂ ਸਰਦ ਰੁਤ ਉਲੰਪਿਕ ਖੇਡਾਂ ਵਿਚ ਇਕ ਟੀਮ ਭੇਜਣ ‘ਤੇ ਵਿਚਾਰ ਕਰ ਰਿਹਾ ਹੈ। ਇੱਥੇ ਇਹ ਵੀ ਨੋਟ ਕਰਨਾ ਬਣਦਾ ਹੈ ਕਿ ਪਿਛਲੇ ਸਾਲ ਦੇ ਅੰਤਲੇ ਮਹੀਨੇ ਵਿਚ, ਰਾਸ਼ਟਰਪਤੀ ਕਿਮ ਜੋਂਗ ਉਨ ਨੇ ਇਹ ਸਪੱਸ਼ਟ ਰੂਪ ਵਿਚ ਕਿਹਾ ਸੀ ਕਿ ਉਹ ਗੱਲਬਾਤ ਲਈ ਤਿਆਰ ਹੈ। ਇਸ ਤਰ੍ਹਾਂ ਨਵੇਂ ਸਾਲ ਦੇ ਉਸਦੇ ਐਲਾਨ ਦਾ ਦੱਖਣੀ ਕੋਰੀਆ ਵਲੋਂ ਹਾਂ ਪੱਖੀ ਹੁੰਗਾਰਾ ਭਰਨ ਦੇ ਨਾਲ ਹੀ, ਇਸ ਖਿੱਤੇ, ਕੋਰਿਆਈ ਪ੍ਰਾਇਦੀਪ ਵਿਚ ਇਕ ਨਵੀਂ ਪਹਿਲ ਦਾ ਆਗਾਜ਼ ਹੋ ਗਿਆ।
ਦੋਹਾਂ ਦੇਸ਼ਾਂ ਦੀ ਸਰਹੱਦ ‘ਤੇ ਸਥਿਤ ਪਿੰਡ ਪਾਨਮੁੰਨਜੋਮ ਵਿਖੇ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਦਰਮਿਆਨ ਗੱਲਬਾਤ ਦੇ ਆਸ ਨਾਲੋਂ ਕਿਤੇ ਵੱਧ ਸੁਖਾਵੇਂ ਸਿੱਟੇ ਨਿਕਲੇ ਹਨ। ਸਭ ਤੋਂ ਪਹਿਲਾਂ ਤਾਂ ਦੋਹਾਂ ਦੇਸ਼ ਦਰਮਿਆਨ ਟੁੱਟੇ ਤਾਲਮੇਲ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਦੋ ਸਾਲਾਂ ਤੋਂ ਵੀ ਵਧੇਰੇ ਸਮੇਂ ਤੋਂ ਬੰਦ ਪਈ ਫੌਜੀ ਹਾਟਲਾਈਨ (ਟੈਲੀਫੋਨ ਲਾਈਨ) ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਦੋਹਾਂ ਦੇਸ਼ਾਂ ਨੇ ਸਰਦ ਰੁਤ ਉਲੰਪਿਕ ਵਿਚ ਇਕ ਝੰਡੇ ਹੇਠ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਕੋਰੀਆ ਦੇ ਨਾਂਅ ਅਧੀਨ ਦੋਵਾਂ ਦੇਸ਼ਾਂ ਦੀਆਂ ਟੀਮਾਂ ਇਨ੍ਹਾਂ ਖੇਡਾਂ ਵਿਚ ਭਾਗ ਲੈਣਗੀਆਂ। ਇਨ੍ਹਾਂ ਖੇਡਾਂ ਦੇ ਉਦਘਾਟਨ ਅਤੇ ਸਮਾਪਤੀ ਸਮਾਗਮਾਂ ਵਿਚ ਇਹ ਟੀਮਾਂ ਇਸੇ ਯੂਨੀਫਿਕੇਸ਼ਨ ਝੰਡੇ ਦੀ ਅਗਵਾਈ ਵਿਚ ਪਰੇਡ ਵਿਚ ਹਿੱਸਾ ਲੈਣਗੀਆਂ। ਇਨ੍ਹਾਂ ਖੇਡਾਂ ਵਿਚ ਭਾਗ ਲੈਣ ਵਾਲੀ ਔਰਤਾਂ ਦੀ ਆਈਸ ਹਾਕੀ ਟੀਮ ਦੋਹਾਂ ਦੇਸ਼ਾਂ ਦੀ ਸਾਂਝੀ ਹੋਵੇਗੀ। ਇਸ ਦੀ ਤਿਆਰੀ ਲਈ ਉਤਰੀ ਕੋਰੀਆ ਦੇ ਇਕ ਰਿਜੋਰਟ ਵਿਚ ਦੋਹਾਂ ਦੇਸ਼ਾਂ ਦੇ ਖਿਡਾਰੀ ਸਾਂਝਾਂ ਅਭਿਆਸ ਕਰਨਗੇ। ਇਸਦੇ ਨਾਲ ਹੀ ਉਤਰੀ ਕੋਰੀਆ ਇਨ੍ਹਾਂ ਖੇਡਾਂ ਵਿਚ ਆਪਣੇ ਦੇਸ਼ ਦੇ ਵੱਖ ਵੱਖ ਖਿਡਾਰੀਆਂ ਨੂੰ ਤਿੰਨ ਖੇਡਾਂ ਵਿਚ ਭਾਗ ਲੈਣ ਲਈ ਭੇਜੇਗਾ। ਇਨ੍ਹਾਂ ਖੇਡਾਂ  ਵਿਚ ਉਤਰੀ ਕੋਰੀਆ ਤੋਂ ਇਕ ਵੱਡਾ ਸਦਭਾਵਨਾ ਡੈਲੀਗੇਸ਼ਨ ਵੀ ਜਾਵੇਗਾ। ਜਿਸ ਦੀ ਅਗਵਾਈ ਦੇਸ਼ ਦੇ ਖੇਡ ਮੰਤਰੀ ਕਰਨਗੇ ਅਤੇ ਉਸ ਵਿਚ 230 ਚੀਅਰਲੀਡਰਜ਼, 140 ਸੰਗੀਤਕਾਰ ਅਤੇ ਤਾਈਕਵਾਂਡੋ ਅਥਲੀਟ ਵੀ ਹੋਣਗੇ। ਮਾਰਚ ਵਿਚ ਹੋਣ ਵਾਲੀਆਂ ਪੈਰਾ ਉਲੰਪਿਕ ਜਿਹੜੀਆਂ ਕਿ ਪੀਉਂਗਚਾਂਗ ਵਿਚ ਹੀ ਹੋਣਗੀਆਂ ਵਿਚ 150 ਮੈਂਬਰੀ ਟੀਮ ਉਤਰੀ ਕੋਰੀਆ ਵਲੋਂ ਭੇਜੀ ਜਾਵੇਗੀ।
ਅਸਲ ਵਿਚ ਇਨ੍ਹਾਂ ਖੇਡਾਂ ਵਿਚ ਉਤਰੀ ਕੋਰੀਆ ਦੀ ਸ਼ਮੂਲੀਅਤ ਅਤੇ ਗੱਲਬਾਤ, ਉਸ ਵਿਰੁੱਧ ਸਮੁੱਚੀ ਦੁਨੀਆਂ ਦੇ ਪੂੰਜੀਵਾਦੀ ਮੀਡੀਆ ਵਲੋਂ ਕੀਤੇ ਜਾਂਦੇ ਕੂੜ ਪ੍ਰਚਾਰ ਨੂੰ ਮੂੰਹ ਚਿੜਾਉਂਦੀ ਹੈ। ਉਸ ਵਲੋਂ ਵਾਰ ਵਾਰ ਕਿਹਾ ਜਾ ਰਿਹਾ ਸੀ ਕਿ ਉਹ ਹਰ ਮੁੱਦੇ ‘ਤੇ ਗੱਲਬਾਤ ਕਰਨ ਲਈ ਤਿਆਰ ਹੈ ਪ੍ਰੰਤੂ ਇਸ ਲਈ ਕੋਰੀਆਈ ਮਹਾਂਦੀਪ ਵਿਚ ਅਮਰੀਕੀ ਫੌਜ ਵਲੋਂ ਕੀਤੀਆਂ ਜਾਂਦੀਆਂ ਮਸ਼ਕਾਂ ਨੂੰ ਰੋਕਣ ਦੀ ਸ਼ਰਤ ਉਹ ਲਾਉਂਦਾ ਸੀ ਅਤੇ ਉਨ੍ਹਾਂ ਮਸ਼ਕਾਂ ਦੇ ਮੁਲਤਵੀ ਹੋਣ ‘ਤੇ ਉਸਨੇ ਨਵੇਂ ਸਾਲ ਦੇ ਮੌਕੇ ‘ਤੇ ਸਿਰਫ ਗੱਲਬਾਤ ਲਈ ਹੀ ਪਹਿਲ ਨਹੀਂ ਕੀਤੀ ਬਲਕਿ ਇਸਦੇ ਅਰਥਭਰਪੂਰ ਸਿੱਟੇ ਵੀ ਕੱਢੇ ਹਨ। ਦੁਨੀਆਂ ਭਰ ਵਿਚ ਇਸਦਾ ਸਵਾਗਤ ਵੀ ਹੋਇਆ ਹੈ।
ਕੌਮਾਂਤਰੀ ਉਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਚ ਨੇ ਇਸ ਮੀਟਿੰਗ ਤੋਂ ਬਾਅਦ ਜਿੱਥੇ ਇਸ ਸਾਂਝੇ ਉਦਮ ਲਈ ਕਮੇਟੀ ਦੀ ਪ੍ਰਵਾਨਗੀ ਦਾ ਐਲਾਨ ਕੀਤਾ ਉਥੇ ਹੀ ਉਨ੍ਹਾਂ ਇਸਦਾ ਸਵਾਗਤ ਕਰਦਿਆਂ ਕਿਹਾ ”ਦੋਹਾਂ ਕੋਰੀਆ ਦੀ ਸਾਂਝੀ ਟੀਮ ਜਦੋਂ ਇਕ ਝੰਡੇ ਹੇਠ ਉਲੰਪਿਕ ਸਟੇਡੀਅਮ ਵਿਚ ਉਤਰੇਗੀ ਤਾਂ ਮੇਰਾ ਦਿੜ੍ਹ ਵਿਸ਼ਵਾਸ਼ ਹੈ ਕਿ ਮਾਹੌਲ ਬਹੁਤ ਹੀ ਭਾਵੁਕਤਾ ਭਰਪੂਰ ਹੋਵੇਗਾ, ਸਾਰੇ ਕੋਰਿਆਈਆਂ ਲਈ ਹੀ ਨਹੀਂ ਬਲਕਿ ਸਮੁੱਚੇ ਸੰਸਾਰ ਲਈ। ਇਹ ਲੰਬੀ ਯਾਤਰਾ ਵਿਚ ਇਕ ਮੀਲ ਪੱਥਰ ਹੈ। 2018 ਦੀਆਂ ਪੀਉਂਗਚਾਂਗ ਉਲੰਪਿਕ ਖੇਡਾਂ ਕੋਰੀਆਈ ਪ੍ਰਾਈਦੀਪ ਦੇ ਚੰਗੇਰੇ ਭਵਿੱਖ ਦਾ ਦਰਵਾਜ਼ਾ ਖੋਹਲਣਗੀਆਂ ਅਤੇ ਪੂਰੀ ਦੁਨੀਆਂ ਨੂੰ ਆਸ ਦੇ ਇਸ ਤਿਉਹਾਰ ਵਿਚ ਸ਼ਾਮਲ ਹੋਣਾ ਚਾਹੀਦਾ ਹੈ।”
ਰੂਸ ਦੇ ਉਪ ਵਿਦੇਸ਼ ਮੰਤਰੀ ਈਸਰੋ ਮੋਰਗੁਲੋਵ ਨੇ ਇਸਦਾ ਸਵਾਗਤ ਕਰਦਿਆਂ ਕਿਹਾ ”ਸਾਡੀ ਰਾਏ ਮੁਤਾਬਕ, ਸਿਉਲ (ਦੱਖਣੀ ਕੋਰੀਆ) ਅਤੇ ਪਿਉਂਗਯਾਂਗ (ਉਤਰੀ ਕੋਰੀਆ) ਦਰਮਿਆਨ ਸ਼ੁਰੂ ਹੋਈ ਸਿੱਧੀ ਗੱਲਬਾਤ ਅਤੇ ਇਸ ਵਿਚ ਹੋਏ ਸਮਝੌਤੇ ਇਸ ਵਿਸ਼ਵਾਸ਼ ਨੂੰ ਆਧਾਰ ਪ੍ਰਦਾਨ ਕਰਦੇ ਹਨ ਕਿ ਉਲੰਪਿਕ ਖੇਡਾਂ ਦਰਮਿਆਨ ਇਸ ਪ੍ਰਾਈਦੀਪ ਵਿਚ ਸਥਿਤੀ ਹੋਰ ਵਧੇਰੇ ਸੁਖਾਵੀਂ ਬਣੇਗੀ।”
ਉਤਰੀ ਕੋਰੀਆ (ਡੈਮੋਕਰੇਟਿਕ ਪੀਪਲਜ਼ ਰਿਪਬਲਿਕ ਆਫ ਕੋਰੀਆ) ਇਕ ਛੋਟਾ ਜਿਹਾ ਸਮਾਜਵਾਦੀ ਦੇਸ਼ ਹੈ ਜਿਸਨੇ 1990 ਵਿਚ ਸੋਵੀਅਤ ਰੂਸ ਅਤੇ ਹੋਰ ਪੂਰਬੀ ਯੂਰਪੀ ਦੇਸ਼ਾਂ ਵਿਚ ਸਮਾਜਵਾਦ ਨੂੰ ਵੱਜੀਆਂ ਪਛਾੜਾਂ ਦੇ ਬਾਵਜੂਦ ਆਪਣੇ ਆਪ ਨੂੰ ਕਾਇਮ ਰੱਖਿਆ ਹੈ। ਇਸ ਦੀ ਅਬਾਦੀ 2 ਕਰੋੜ 45 ਲੱਖ ਦੇ ਕਰੀਬ ਹੈ। ਸਮੁੱਚੇ ਪੂੰਜੀਵਾਦੀ ਮੀਡੀਆ ਵਲੋਂ ਇਸਨੂੰ ਭੁਖਮਰੀ ਅਤੇ ਗਰੀਬੀ ਦੇ ਸ਼ਿਕਾਰ ਦੇਸ਼ ਵਜੋਂ ਦਰਸਾਇਆ ਜਾਂਦਾ ਹੈ। ਮੀਡੀਆ ਵਲੋਂ ਅਸਲ ਸਥਿਤੀ ਨਾ ਪੇਸ਼ ਕਰਨ ਕਰਕੇ ਇਸ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ ਹੈ। ਪ੍ਰੰਤੂ ਉਸੇ ਮੀਡੀਆ ਵਿਚੋਂ  ਲੱਭੀ ਜਾਣਕਾਰੀ ਹੀ ਉਸਦੇ ਇਨ੍ਹਾਂ ਝੂਠੇ ਦਾਅਵਿਆਂ ਨੂੰ ਝੁਠਲਾਉਂਦੀ ਹੈ।
ਅਮਰੀਕਾ ਦੇ ਗ੍ਰਹਿ ਵਿਭਾਗ ਦੀਆਂ 2003 ਤੇ 2013 ਦੀਆਂ ਉਤਰੀ ਕੋਰੀਆ ਬਾਰੇ ਰਿਪੋਰਟਾਂ ਅਨੁਸਾਰ ਹੀ ਉਸ ਦੀ ਸਾਫ ਪਾਣੀ ਅਤੇ ਸੈਨੀਟੇਸ਼ਨ ਤੱਕ 2000 ਵਿਚ ਹੀ, ਸਮੁੱਚੀ ਅਬਾਦੀ ਦੀ ਪਹੁੰਚ ਸੀ। 60% ਲੋਕ ਅਜਿਹੇ ਸਨ ਜਿਨ੍ਹਾਂ ਦੀ ਪਹੁੰਚ ਵਿਚ ਅਗਲੇਰੀਆਂ (1dvanced) ਸੈਨੀਟੇਸ਼ਨ ਸਹੂਲਤਾਂ ਸਨ। ਸਮੁੱਚੀ ਆਬਾਦੀ ਨੂੰ ਸਰਵਵਿਆਪੀ ਬੀਮਾ ਪ੍ਰਣਾਲੀ ਰਾਹੀਂ ਮੁਫ਼ਤ ਸਿਹਤ ਸੇਵਾਵਾਂ ਪ੍ਰਾਪਤ ਹਨ। ਰੋਗਾਂ ਦੀ ਰੋਕਥਾਮ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ, ਇਸ ਲਈ ਕਸਰਤ, ਖੇਡਾਂ, ਦੇਸ਼ ਪੱਧਰ ਤੇ ਮਾਸਕ ਚੈਕਅਪ ਅਤੇ ਜਨਤਕ ਥਾਵਾਂ ‘ਤੇ ਬਿਮਾਰੀਆਂ ਨੂੰ ਰੋਕਣ ਵਾਲੇ ਨਿਯਮਿਤ ਕਦਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਨਾਗਰਿਕ ਕੋਲ ਪੂਰੀ ਜ਼ਿੰਦਗੀ ਲਈ ਹੈਲਥ ਕਾਰਡ ਹੈ, ਜਿਸ ਵਿਚ ਉਸਦਾ ਪੂਰਾ ਮੈਡੀਕਲ ਰਿਕਾਰਡ ਦਰਜ ਹੈ।
ਹਾਲੀਆ ਮਰਦਮਸ਼ੁਮਾਰੀ ਮੁਤਾਬਕ ਸਮੁੱਚੀ ਆਬਾਦੀ ਸਾਖਰ ਹੈ, ਜਿਸ ਵਿਚ 80 ਤੋਂ ਵੱਡੀ ਉਮਰ ਵਾਲੇ ਵੀ ਸ਼ਾਮਲ ਹਨ। ਗਿਆਰਾਂ ਸਾਲ ਤੱਕ ਦੀ ਪ੍ਰਾਇਮਰੀ, ਸੈਕੰਡਰੀ ਸਿੱਖਿਆ ਲਾਜ਼ਮੀ ਹੈ ਅਤੇ ਇਹ ਪੂਰੀ ਤਰ੍ਹਾਂ ਮੁਫ਼ਤ ਪ੍ਰਦਾਨ ਕੀਤੀ ਜਾਂਦੀ ਹੈ। ਦੇਸ਼ ਭਰ ਵਿਚ 27000 ਨਰਸਰੀ ਸਕੂਲ, 14000 ਕਿੰਡਰਗਾਰਟਨ, 4800 ਚਾਰ ਸਾਲਾ ਪ੍ਰਾਇਮਰੀ ਸਿੱਖਿਆ ਅਤੇ 4700 ਛੇ ਸਾਲਾ ਸੈਕੰਡਰੀ ਸਿੱਖਿਆ ਪ੍ਰਦਾਨ ਕਰਨ ਵਾਲੇ ਸਕੂਲ ਹਨ। ਇਸ ਤੋਂ ਬਿਨਾਂ ਦੇਸ਼ ਭਰ ਵਿਚ 300 ਯੂਨੀਵਰਸਿਟੀਆਂ ਅਤੇ ਕਾਲਜ ਉਚੇਰੀ ਸਿੱਖਿਆ ਪ੍ਰਦਾਨ ਕਰਨ ਲਈ ਹਨ। ਇਕ ਹੋਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ 1974 ਤੋਂ ਬਾਅਦ ਦੇਸ਼ ਦੇ ਨਾਗਰਿਕਾਂ ‘ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੈਕਸ ਨਹੀਂ ਲਾਇਆ ਜਾਂਦਾ। ਭੋਜਨ ਅਤੇ ਰਹਿਣ ਲਈ ਘਰ ਸਰਕਾਰ ਵਲੋਂ ਵੱਡੀ ਸਬਸਿਡੀ ‘ਤੇ ਪ੍ਰਦਾਨ ਕੀਤੇ ਜਾਂਦੇ ਹਨ। ਸਿੱਖਿਆ ਤੇ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਮੁਫ਼ਤ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ 1990 ਵਿਚ ਸੋਵੀਅਤ ਰੂਸ ਵਿਚ ਸਮਾਜਵਾਦ ਨੂੰ ਵੱਜੀ ਸੱਟ ਤੋਂ ਬਾਅਦ ਦੇਸ਼ ਦੇ ਅਰਥਚਾਰੇ ਦੇ ਸੋਵੀਅਤ ਰੂਸ ਨਾਲ ਪੀਡੇ ਰੂਪ ਵਿਚ ਜੁੜੇ ਹੋਣ ਕਰਕੇ ਪਹੁੰਚੇ ਭਾਰੀ ਨੁਕਸਾਨ ਅਤੇ 1995 ਤੋਂ 1997 ਤੱਕ ਦੇਸ਼ ਵਿਚ ਪਏ ਭਾਰੀ ਸੋਕੇ ਦੇ ਬਾਵਜੂਦ ਉਤਰੀ ਕੋਰੀਆ ਨੇ ਆਪਣੇ ਅਵਾਮ ਨੂੰ ਇਹ ਸਹੂਲਤਾਂ ਪ੍ਰਦਾਨ ਕਰਨੀਆਂ ਜਾਰੀ ਰੱਖੀਆਂ ਹਨ।
ਜਿਸ ਤਰ੍ਹਾਂ ਉਤਰੀ ਕੋਰੀਆ ਅਤੇ ਉਸ ਦੇਸ਼ ਦੇ ਆਗੂਆਂ ਵਿਰੁੱਧ ਕੂੜ ਪ੍ਰਚਾਰ ਕਰਕੇ ਉਸ ਦੇਸ਼ ਨੂੰ ਦੁਨੀਆਂ ਦਾ ਸਭ ਤੋਂ ਮਾੜੀ ਆਰਥਕਤਾ ਵਾਲੇ ਦੇਸ਼ ਅਤੇ ਸ਼ਾਸ਼ਕਾਂ ਨੂੰ ਤਾਨਾਸ਼ਾਹ ਅਤੇ ਵਹਿਸ਼ੀ ਰੂਪ ਵਿਚ ਚਿਤਰਿਆ ਜਾਂਦਾ ਹੈ ਉਸੇ ਤਰ੍ਹਾਂ, ਉਸ ਦੇ ਪ੍ਰਮਾਣੂ ਹਥਿਆਰਾਂ ਨੂੰ ਵਿਕਸਿਤ ਕਰਨ ਨੂੰ ਵੀ ਦੁਨੀਆਂ ਲਈ ਸਭ ਤੋਂ ਵਧੇਰੇ ਘਾਤਕ ਹੋਣ ਬਾਰੇ ਚਿਤਰਿਆ ਜਾਂਦਾ ਹੈ। ਜਦੋਂਕਿ ਉਸਦੇ ਮੁਖੀ ਕਿਮ-ਜੋਂਗ-ਉਂਨ ਵਲੋਂ ਵਾਰ ਵਾਰ ਕਿਹਾ ਜਾਂਦਾ ਹੈ ਕਿ ਉਸ ਵਲੋਂ ਪਰਮਾਣੂ ਹਥਿਆਰਾਂ ਦੀ ਵਰਤੋਂ ਉਸ ਵਿਰੁੱਧ ਕੀਤੇ ਗਏ ਹਮਲੇ ਦੀ ਰੋਕ-ਥਾਮ ਲਈ ਹੀ ਕੀਤੀ ਜਾਵੇਗੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਅਮਰੀਕਾ ਦੇ ਆਪਣੇ ਕੋਲ ਹੀ ਕੁੱਲ ਦੁਨੀਆਂ ਨੂੰ ਕਈ ਵਾਰ ਨਸ਼ਟ ਕਰ ਦੇਣ ਜਿੰਨੇ ਪ੍ਰਮਾਣੂ ਹਥਿਆਰ ਹਨ। ਉਤਰੀ ਕੋਰੀਆ ਵਲੋਂ ਪ੍ਰਮਾਣੂ ਹਥਿਆਰ ਬਣਾਉਣ ਦਾ ਫੈਸਲਾ ਵੀ ਆਪਣੀ ਰੱਖਿਆ ਲਈ ਕਈ ਤਰ੍ਹਾਂ ਦੇ ਯਤਨ ਕਰਨ ਤੋਂ ਬਾਅਦ ਮਜ਼ਬੂਰੀ ਵਿਚ ਕੀਤਾ ਗਿਆ ਹੈ। ਜਿਸ ਪਿੱਛੇ ਅਮਰੀਕੀ ਸਾਮਰਾਜ ਵਲੋਂ ਵਾਰ ਵਾਰ ਕੀਤੀ ਗਈ ਵਾਅਦਾ ਖਿਲਾਫੀ ਹੈ।
ਪੂੰਜੀਵਾਦੀ ਮੀਡੀਆ ਦੇ ਕੂੜ ਪ੍ਰਚਾਰ ਕਰਕੇ ਬਹੁਤ ਘੱਟ ਲੋਕ ਇਨ੍ਹਾਂ ਤੱਥਾਂ ਤੋਂ ਵਾਕਿਫ ਹਨ ਕਿ ਉਤਰੀ ਕੋਰੀਆ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ, ਸਮਾਜਵਾਦ ਦੇ ਢਹਿਢੇਰੀ ਹੋਣ ਅਤੇ ਰੂਸ ਵਲੋਂ ਦੱਖਣੀ ਕੋਰੀਆ ਨਾਲ ਕੂਟਨੀਤਕ ਸਬੰਧ ਕਾਇਮ ਕਰ ਲੈਣ ਤੋਂ ਬਾਅਦ, ਦੱਖਣੀ ਕੋਰੀਆ ਨਾਲ ਇਕ ਸਮਝੌਤਾ ਨਾਰਥ ਸਾਊਥ ਐਗਰੀਮੈਂਟ ਵੀ ਕੀਤਾ ਸੀ। ਜਿਸਦਾ ਮਕਸਦ ਕੋਰੀਆਈ ਪ੍ਰਾਇਦੀਪ ਵਿਚ ਪ੍ਰਮਾਣੂ ਹਥਿਆਰਾਂ ਦੇ ਵਿਕਾਸ ਉਤੇ ਰੋਕ ਲਾਉਣਾ ਸੀ। ਨਾਲ ਹੀ ਉਸਨੇ 1991 ਵਿਚ ਸੰਯੁਕਤ ਰਾਸ਼ਟਰ ਸੰਘ ਵਿਚ ਵੀ ਸ਼ਮੂਲੀਅਤ ਕਰ ਲਈ ਸੀ।
21 ਜਨਵਰੀ 1992 ਨੂੰ ਦੇਸ਼ ਦੇ ਉਸ ਵੇਲੇ ਦੇ ਮੁਖੀ ਅਤੇ ਉਘੇ ਕਮਿਊਨਿਸਟ ਆਗੂ ਕਿਮ-ਇਲ-ਸੁੰਗ ਨੇ ਆਪਣੀ ਪਾਰਟੀ, ”ਵਰਕਰਜ਼ ਪਾਰਟੀ” ਦੇ ਕੌਮਾਂਤਰੀ ਵਿਭਾਗ ਦੇ ਸਕੱਤਰ ਕਿਮ-ਯੋਂਗ-ਸੂਨ ਨੂੰ ਅਮਰੀਕਾ ਦੇ ਗ੍ਰਹਿ ਉਪ ਸਕੱਤਰ ਅਰਨੋਲਡ ਕਾਨਟਰ ਨਾਲ ਮੁਲਾਕਾਤ ਲਈ ਭੇਜਿਆ, ਅਮਰੀਕਾ ਨਾਲ ਕੂਟਨੀਤਕ ਸਬੰਧ ਸਥਾਪਤ ਕਰਨ ਦੀ ਤਜ਼ਵੀਜ਼ ਲੈ ਕੇ। ਉਸਨੇ ਆਪਣੀ ਪੁਰਾਣੀ ਮੰਗ ਕੋਰੀਆਈ ਪ੍ਰਾਇਦੀਪ ਵਿਚੋਂ ਅਮਰੀਕੀ ਫੌਜਾਂ ਵਾਪਸ ਕਰਨ ਦੀ ਮੰਗ ਵੀ ਛੱਡ ਦਿੱਤੀ। ਉਸਦੀ ਇਕੋ ਹੀ ਮੰਗ ਸੀ ਕਿ ਉਸਦੀ ਰਾਜਨੀਤਕ ਖੁਦਮੁਖਤਾਰੀ ਕਾਇਮ ਰਹਿਣੀ ਚਾਹੀਦੀ ਹੈ ਭਾਵ ਉਸਦਾ ਅੰਦਰੂਨੀ ਰਾਜਨੀਤਕ ਤੇ ਆਰਥਕ ਢਾਂਚਾ, ਜਿਹੜਾ ਕਿ ਸਮਾਜਵਾਦ ‘ਤੇ ਅਧਾਰਤ ਸੀ ਨੂੰ ਨਾ ਛੇੜਿਆ ਜਾਵੇ, ਉਸਦੀ ਗਰੰਟੀ ਕੀਤੀ ਜਾਵੇ। ਪਰ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਐਚ. ਡਬਲਿਉ.ਬੁਸ਼ ਨੇ ਨੇ ਉਸਦੀ ਇਸ ਤਜ਼ਵੀਜ਼ ਨੂੰ ਵੀ ਠੁਕਰਾ ਦਿੱਤਾ ਹੈ।
ਇਸ ਤੋਂ ਅੱਗੇ ਵੱਧਦੇ ਹੋਏ ਅਮਰੀਕਾ ਨੇ 1992 ਦੇ ਸ਼ੁਰੂ ਵਿਚ ਕਿਸੇ ਵੀ ਅਮਨ ਸਮਝੌਤੇ ਲਈ ਸਮੁੱਚੇ ਉਤਰ ਕੋਰੀਆ ਦੀ ਉਚ ਪੱਧਰੀ ਪ੍ਰਮਾਣੂ ਜਾਂਚ ਦੀ ਮੰਗ ਕਰ ਦਿੱਤੀ। ਉਸਦੇ ਇਸ ਵਤੀਰੇ ਨੂੰ ਦੇਖਦੇ ਹੋਏ ਉਤਰ ਕੋਰੀਆ ਨੇ ਸਪੱਸ਼ਟ ਕਰ ਦਿੱਤਾ ਕਿ ਅਮਰੀਕਾ ਦਾ ਮਕਸਦ ਅਮਨ ਕਾਇਮ ਕਰਨਾ ਨਹੀਂ ਬਲਕਿ ਉਸਦੀ ਬਾਂਹ ਮਰੋੜਨਾ ਹੈ। ਉਸਨੇ ਇਸਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਪ੍ਰਮਾਣੂ ਹਥਿਆਰਾਂ ਨੂੰ ਵਿਕਸਿਤ ਕਰਨ ਹਿੱਤ ਅਪ੍ਰਸਾਰ ਪ੍ਰਮਾਣੂ ਸੰਧੀ ਤੋਂ ਬਾਹਰ ਹੋਣ ਦਾ ਆਪਣਾ ਇਰਾਦਾ ਪ੍ਰਗਟ ਕਰ ਦਿੱਤਾ।
1993 ਵਿਚ ਬਿਲ ਕਲਿੰਟਨ ਅਮਰੀਕਾ ਦੇ ਰਾਸ਼ਟਰਪਤੀ ਬਣੇ। ਉਨ੍ਹਾਂ ਨੇ ਫੌਜੀ ਤੌਰ ‘ਤੇ ਉਤਰ ਕੋਰੀਆ ਨਾਲ ਪ੍ਰਮਾਣੂ ਮੁੱਦੇ ਨੂੰ ਹੱਲ ਕਰਨ ਦੇ ਯਤਨ ਕੀਤੇ ਅਤੇ ਦੱਖਣੀ ਕੋਰੀਆ ਦੇ ਵਿਰੋਧ ਨੂੰ ਦੇਖਦੇ ਹੋਏ ਇਨ੍ਹਾਂ ਯਤਨਾਂ ਨੂੰ ਗੁਪਤ ਰੱਖਿਆ। ਇਸਦੇ ਸਿੱਟੇ ਵਜੋਂ 1994 ਦੇ ਅਕਤੂਬਰ ਵਿਚ ਅਮਰੀਕਾ ਤੇ ਉਤਰ ਕੋਰੀਆ ਦਰਮਿਆਨ ਜਨੇਵਾ ਸਮਝੌਤਾ ਹੋਇਆ। ਇਸ ਅਧੀਨ ਉਤਰੀ ਕੋਰੀਆ ਨੇ ਆਪਣਾ ਯੋਂਗਵਉਨ ਪ੍ਰਮਾਣੂ ਰਿਐਕਟਰ ਬੰਦ ਕਰਨਾ ਸੀ। ਇਸਦੇ ਬਦਲੇ ਵਿਚ 2003 ਤੱਕ ਅਮਰੀਕਾ ਨੇ ਉਸਨੂੰ ਦੋ ਹਲਕੇ ਪਾਣੀ ਦੇ ਪ੍ਰਮਾਣੂ ਰਿਐਕਟਰ ਬਣਾ ਕੇ ਦੇਣੇ ਸਨ ਅਤੇ ਸਥਾਪਤ ਹੋਣ ਦੇ ਸਮੇਂ ਤੱਕ ਹਰ ਸਾਲ ਭਾਰੇ ਪਾਣੀ ਦੀ 5 ਲੱਖ ਟਨ ਦੀ ਸਪਲਾਈ ਕਰਨੀ ਸੀ। ਸੰਖੇਪ ਵਿਚ, ਉਤਰ ਕੋਰੀਆ ਨੇ ਆਪਣੇ ਰਾਜਨੀਤਕ-ਆਰਥਕ ਢਾਂਚੇ ਅਤੇ ਬਿਜਲੀ ਦੀ ਗਰੰਟੀ ਦੇ ਬਦਲੇ ਵਿਚ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਰੱਦ ਕਰਨਾ ਸੀ। ਇਕ ਮਹੀਨਾ ਬਾਅਦ ਹੀ ਅਮਰੀਕਾ ਵਿਚ ਹੋਈਆਂ ਮੱਧਕਾਲੀ ਚੋਣਾਂ ਦੇ ਸਿੱਟੇ ਵਜੋਂ ਰਿਪਬਲਿਕਨ ਪਾਰਟੀ ਸੀਨੇਟ ਅਤੇ ਹਾਊਸ ਆਫ ਰਿਪ੍ਰੈਜੈਨਟੇਟਿਵਜ਼, ਦੋਵਾਂ ਅੰਦਰ, ਬਹੁਮਤ ਵਿਚ ਆ ਗਈ ਅਤੇ ਉਸਨੇ ਕਲਿੰਟਨ ਪ੍ਰਸ਼ਾਸ਼ਨ ਵਲੋਂ ਜਨੇਵਾ ਸਮਝੌਤੇ ਨੂੰ ਲਾਗੂ ਕਰਨ ਵਿਚ ਅੜਿਕੇ ਖੜ੍ਹੇ ਕਰ ਦਿੱਤੇ ਅਤੇ ਵਾਅਦੇ ਮੁਤਾਬਕ ਭਾਰੇ ਪਾਣੀ ਦੀ ਸਪਲਾਈ ਨਹੀਂ ਹੋ ਸਕੀ।
ਫੇਰ ਵੀ ਉਤਰੀ ਕੋਰੀਆ ਨੇ ਜਨੇਵਾ ਸਮਝੌਤੇ ਦੇ ਪੂਰੇ ਹੋਣ ਦੀ ਆਸ ਰੱਖੀ ਤਾਂਕਿ ਉਹ ਆਪਣੇ ਦੇਸ਼ ਲਈ ਬਿਜਲੀ ਪੈਦਾ ਕਰ ਸਕੇ। ਇਕ ਸਾਲ ਦੀ ਦੇਰ ਨਾਲ ਹੀ 1997 ਵਿਚ ਕੇਡੋ ਨਾਂਅ ਦੀ ਕੰਪਨੀ ਰਾਹੀਂ ਦੋ ਹਲਕੇ ਪਾਣੀ ਦੇ ਪ੍ਰਮਾਣੂ ਰਿਐਕਟਰ ਸਥਾਪਤ ਕਰਨ ਦਾ ਕਾਰਜ ਸ਼ੁਰੂ ਹੋ ਗਿਆ। ਭਾਰੇ ਪਾਣੀ ਦੀ ਵਾਅਦੇ ਅਨੁਸਾਰ ਸਪਲਾਈ ਰੁਕਣ ਅਤੇ ਹਲਕੇ ਪਾਣੀ ਦੇ ਰਿਐਕਟਰਾਂ ਦੀ ਸਥਾਪਤੀ ਦੇ ਪਛੜਨ ਦੇ ਬਾਵਜੂਦ ਵੀ ਉਤਰ ਕੋਰੀਆ ਨੇ ਕੋਈ ਧਮਕੀ ਜਾਂ ਭੜਕਾਹਟ ਭਰਿਆ ਕਦਮ ਨਹੀਂ ਚੁੱਕਿਆ।
2001 ਵਿਚ ਜਾਰਜ ਡਬਲਿਉ ਬੁਸ਼ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ। ਉਸਨੇ ਉਤਰ ਕੋਰੀਆ ‘ਤੇ ਪ੍ਰਮਾਣੂ ਹਥਿਆਰਾਂ ਲਈ ਯੂਰੇਨੀਅਮ ਵਿਕਸਿਤ ਕਰਨ ਦਾ ਦੋਸ਼ ਲਾਉਂਦੇ ਹੋਏ 1994 ਦੇ ਜਨੇਵਾ ਸਮਝੌਤੇ ਨੂੰ ਰੱਦ ਕਰ ਦਿੱਤਾ ਅਤੇ ਉਤਰ ਕੋਰੀਆ ਵਿਚ ਬਣ ਰਹੇ ਦੋ ਹਲਕੇ ਪਾਣੀ ਦੇ ਰਿਐਕਟਰਾਂ ਦੀ ਉਸਾਰੀ ਰੋਕ ਦਿੱਤੀ। ਉਤਰ ਕੋਰੀਆ ਨੇ ਅਮਰੀਕਾ ਦੀ ਇਸ ਬਦਨੀਤੀ ਦੇ ਮੱਦੇਨਜ਼ਰ ਤੇਜ਼ੀ ਨਾਲ ਪ੍ਰਮਾਣੂ ਹਥਿਆਰ ਵਿਕਸਿਤ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ। ਇਸਨੂੰ ਰੋਕਣ ਲਈ ਬੁਸ਼ ਨੇ 6 ਧਿਰੀ ਗੱਲਬਾਤ ਦੀ ਪੇਸ਼ਕਸ਼ ਕੀਤੀ। ਜਿਸ ਵਿਚ ਦੋਵਾਂ ਕੋਰੀਆ ਤੋਂ ਬਿਨਾਂ ਚੀਨ, ਰੂਸ, ਅਮਰੀਕਾ ਤੇ ਜਪਾਨ ਸ਼ਾਮਲ ਸਨ। ਇਸ ਦੇ ਸਿੱਟੇ ਵਜੋਂ 19 ਸਤੰਬਰ 2005 ਨੂੰ ਸਾਂਝਾ ਬਿਆਨ ਸਮਝੌਤਾ ਹੋਇਆ। ਇਸ ਮੁਤਾਬਕ ਉਤਰ ਕੋਰੀਆ ਵਲੋਂ ਆਪਣੇ ਪਰਮਾਣੂ ਹਥਿਆਰ ਨਸ਼ਟ ਕਰਨ ਅਤੇ ਪਰਮਾਣੂ ਅਪ੍ਰਸਾਰ ਸੰਧੀ ਵਿਚ ਮੁੜ ਸ਼ਾਮਲ ਹੋਣ ਦੇ ਬਦਲੇ ਵਿਚ ਅਮਰੀਕਾ ਨੇ ਕੋਰਿਆਈ ਪ੍ਰਾਇਦੀਪ ਵਿਚ ਅਮਨ ਕਾਇਮ ਕਰਨ ਲਈ ਨਵੀਂ ਸੰਧੀ ਅਤੇ ਉਤਰੀ ਕੋਰੀਆ ਵਿਰੁੱਧ ਹਮਲਾ ਨਾ ਕਰਨ ਦਾ ਸਮਝੌਤਾ ਕਰਨਾ ਸੀ। ਇਸ ਨਾਲ ਇਕ ਵਾਰ ਫਿਰ ਮਸਲਾ ਹੱਲ ਹੁੰਦਾ ਨਜ਼ਰ ਆਇਆ। ਪ੍ਰੰਤੂ ਛੇਤੀ ਹੀ ਅਮਰੀਕਾ ਨੇ ਇਸ ਬਣੀ ਸਾਂਝੀ ਸਮਝਦਾਰੀ ਨੂੰ ਲਾਗੂ ਕਰਨ ਦੀ ਥਾਂ ਬੈਂਕੋਂ ਡੇਲਟਾ ਏਸ਼ੀਆ ਵਿਚ ਪਏ ਉਤਰੀ ਕੋਰੀਆਈ ਦੇ ਪੈਸੇ ਨੂੰ ਜਾਮ ਕਰ ਦਿੱਤਾ ਅਤੇ ਉਸ ਵਿਰੁੱਧ ਪਾਬੰਦੀਆ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਜਿਹੀ ਅਨਿਸ਼ਚਿਤਤਾ ਭਰੀ ਹਾਲਤ ਵਿਚ ਉਤਰੀ ਕੋਰੀਆ ਨੇ ਆਪਣੇ ਪ੍ਰਤੀ ਅਮਰੀਕਾ ਦੇ ਹਮਲਾਵਰ ਰੁਖ ਨੂੰ ਦੇਖਦਿਆਂ ਹੋਇਆਂ ਪ੍ਰਮਾਣੂ ਹਥਿਆਰ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਇਕ ਸਾਲ ਬਾਅਦ ਹੀ ਉਸਨੇ ਆਪਣਾ ਪਹਿਲਾ ਪ੍ਰਮਾਣੂ ਤਜ਼ਰਬਾ ਕਰ ਦਿੱਤਾ। ਇਕ ਵਾਰ ਮੁੜ ਅਮਰੀਕਾ ਤੇ ਉਤਰ ਕੋਰੀਆ ਦਰਮਿਆਨ ਫਰਵਰੀ 2013 ਵਿਚ ਸਮਝੌਤਾ ਹੋਇਆ ਪ੍ਰੰਤੂ ਉਹ ਵੀ ਅਮਰੀਕਾ ਦੀ ਅੰਦਰੂਨੀ ਸਿਆਸਤ ਕਰਕੇ ਸਿਰੇ ਨਾ ਚੜ੍ਹ ਸਕਿਆ। ਇਸ ਤਰ੍ਹਾਂ, ਇਹ ਪ੍ਰਤੱਖ ਦਿਖਾਈ ਦਿੰਦਾ ਹੈ ਕਿ ਉਤਰੀ ਕੋਰੀਆ ਨੇ ਆਪਣੀ ਹੋਂਦ ਲਈ ਬਣੇ ਖਤਰੇ ਦੇ ਮੱਦੇਨਜ਼ਰ ਪ੍ਰਮਾਣੂ ਹਥਿਆਰ ਬਨਾਉਣੇ ਸ਼ੁਰੂ ਕਰ ਕੀਤੇ ਹਨ।
ਉਤਰੀ ਕੋਰੀਆ ਦੇ ਮੁਖੀ ਕਿਮ-ਜੋਂਗ-ਉਂਨ ਵਲੋਂ ਨਵੇਂ ਵਰ੍ਹੇ ਮੌਕੇ ਕੀਤਾ ਗਿਆ ਦੱਖਣੀ ਕੋਰੀਆ ਨਾਲ ਸਬੰੰਧ ਸੁਖਾਵੇਂ ਬਨਾਉਣ ਦਾ ਐਲਾਨ ਅਤੇ ਉਸਤੇ ਅਮਲ ਕਰਦਿਆਂ ਚੁੱਕੇ ਗਏ ਕਦਮਾਂ ਨੇ ਜਿੱਥੇ ਉਸ ਦੀ ਅਮਨ ਪ੍ਰਤੀ ਤਾਂਘ ਦਾ ਇਜ਼ਹਾਰ ਕੀਤਾ ਹੈ ਉਥੇ ਹੀ ਇਹ ਅਮਰੀਕੀ ਸਾਮਰਾਜ ਅਤੇ ਉਸਦੇ ਇਤਹਾਦੀਆਂ ਦੇ ਕੂੜ ਪ੍ਰਚਾਰ ਦਾ  ਢੁਕਵਾਂ ਜਵਾਬ ਵੀ ਹੈ। ਸਮੁੱਚੀ ਦੁਨੀਆਂ ਦੇ ਅਮਨ ਤੇ ਖੁਸ਼ਹਾਲੀ ਦੇ ਚਾਹਵਾਨ ਲੋਕਾਂ ਦੀ ਇਹ ਉਮੰਗ ਹੈ ਕਿ ਦੁਨੀਆਂ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਹੋਵੇ। ਇਸ ਉਮੰਗ ਦੀ ਪੂਰਤੀ ਵੱਲ ਇਹ ਇਕ ਬਹੁਤ ਹੀ ਨਿੱਕਾ ਜਿਹਾ ਬੇਹੱਦ ਸ਼ਲਾਘਾਜਨਕ ਕਦਮ ਹੈ।  (22-1-2018)

Scroll To Top