Now Reading
ਕੇਰਲਾ ਨਨ ਰੇਪ ਮਾਮਲਾ

ਕੇਰਲਾ ਨਨ ਰੇਪ ਮਾਮਲਾ

ਐਡਵੋਕੇਟ ਅਨੀਲਾ ਜਾਰਜ

(ਜਨਵਾਦੀ ਇਸਤਰੀ ਸਭਾ ਵਲੋਂ 8 ਮਾਰਚ 2019 ਦੇ ਅੰਤਰਰਾਸ਼ਟਰੀ ਇਸਤਰੀ ਦਿਵਸ ਨੂੰ ‘ਆਤਮ ਸਨਮਾਨ ਦਿਵਸ’ ਵਜੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ, ਮਨਾਏ ਜਾਣ ਮੌਕੇ  ਕੇਰਲਾ ਤੋਂ ਨਨ ਰੇਪ ਮਾਮਲੇ ਨਾਲ ਜੁੜੀ ਪ੍ਰਤੀਬੱਧ ਕਾਰਕੁਨ ਅਨੀਲਾ ਜਾਰਜ ਦਾ ਭਾਸ਼ਣ)

ਸਾਡੇ ਵਰਤਮਾਨ ਇਤਿਹਾਸ ਨਾਲ ਜੁੜੇ ਉਹ ਪਲ, ਜੋ ਅਸੀਂ ਸਾਰੇ ਸੋਚਦੇ ਹਾਂ ਤੇ ਆਸ ਵੀ ਕਰਦੇ ਹਾਂ ਕਿ ਘਟਨਾ ਵਜੋਂ ਨਹੀਂ ਘਟਣੇ ਚਾਹੀਦੇ ਸੀ, ਨੂੰ ਯਾਦ ਕਰਨ ਲਈ ਇੱਥੇ ਜੁੜੇ ਹਾਂ। ਜਦੋਂ ਸੰਸਾਰ ਪੱਧਰ ‘ਤੇ ਕੌਥੋਲਿਕ ਚਰਚ, ਪਾਦਰੀਆਂ ਵਲੋਂ ਕੀਤੀਆਂ ਜਾਂਦੀਆਂ ਜਿਨਸੀ ਜ਼ਿਆਦਤੀਆਂ ਨਾਲ ਲੜ ਰਿਹਾ ਹੈ, ਤਾਂ ਭਾਰਤ ਖਾਸ ਕਰਕੇ ਕੇਰਲਾ ਵਿਚ, ਜਿੱਥੇ ਅਸੀਂ ਸੋਚਦੇ ਹਾਂ ਕਿ ਸਾਡੇ ਨਾਲ ਤਾਂ ਅਜਿਹਾ ਕੁੱਝ ਵੀ ਵਾਪਰਨਾ ਨਹੀਂ ਚਾਹੀਦਾ, ਕਿਉਂਕਿ ਇਥੇ ਓਪਰੀ ਨਜ਼ਰ ਨਾਲ ਦੇਖਿਆਂ ਅਸੀਂ ਆਪਸ ਵਿਚ ਘਿਓ-ਖਿੱਚੜੀ ਹੋਈ ਬਰਾਦਰੀ ਵਜੋਂ ਇਕ ਦੂਜੇ ਦਾ ਬਹੁਤ ਧਿਆਨ ਰੱਖਦੇ ਹਾਂ। ਇਸ ਲਈ ਸੋਚੋਂ-ਬਾਹਰਾ ਰੇਪ ਕਾਂਡ ਵਾਪਰਿਆ, ਤਾਂ ਵੀ ਅਸੀਂ ਇਹੀ ਸੋਚਿਆ ਸੀ ਕਿ ਚਰਚ ਆਪਣੇ ਵਿਚ ਹੀ ਵਿਚਰ ਰਹੀਆਂ ਆਪਣੀਆਂ ਹੀ ਔਰਤਾਂ ਖਿਲਾਫ਼ ਰੇਪ ਹੋਣ ਤੋਂ ਰੋਕਣ ਵਿਚ ਨਾਕਾਮ ਰਹਿਣ ਦੀ ਆਪਣੀ ਮੂਰਖਤਾ ਦਾ ਅਹਿਸਾਸ ਕਰੇਗਾ ਅਤੇ ਪੀੜਤ ਨੂੰ ਦਿਲਾਸਾ ਦੇਣ ਲਈ ਆਪਣੀ ਪੂਰੀ ਤਾਕਤ ਝੋਕੇਗਾ। ਪ੍ਰੰਤੂ ਅਸਲ ‘ਚ ਵਾਪਰਿਆ ਕੀ? ਕੀ ਉਹ ਉਸਦੇ  ਪਿੱਛੇ ਖੜ੍ਹਿਆ?
ਅਫਸੋਸ ਕਿ ਬਿਲਕੁਲ ਨਹੀਂ ਖੜ੍ਹਿਆ। ਪ੍ਰੰਤੂ ਕਿਉਂ ਨਹੀਂ? ਇਕ ਲਫਜ਼ ‘ਚ ਕਿਹਾ ਜਾਵੇ ਤਾਂ ਚਰਚ ਉਸ ਤਾਕਤ ਕਰਕੇ ਨਹੀਂ ਖੜ੍ਹਿਆ, ਜੋ ਕਿ ਇਸ ਕੇਸ ‘ਚ ਬਲਾਤਕਾਰੀ, ਜੋ ਕਿ ਇਕ ਬਿਸ਼ਪ ਹੈ ਜਿਸ ਨੂੰ ਤੁਸੀਂ ਇਸ ਖਿੱਤੇ ‘ਚ ਜਾਣਦੀਆਂ ਹੋ, ਉਹ ਹੈ ਕੈਥੋਲਿਕ ਚਰਚ ਦੇ ਜਲੰਧਰ ਪ੍ਰਾਂਤ ਦਾ ਬਿਸ਼ਪ ਫਰੈਂਕੋ ਮੁਲੱਕਲ। ਪਤਾ ਹੈ ਕਿ ਪੀੜਤ ਕੌਣ ਹੈ? ਸਿਰਫ ਇਕ ਨਨ, ਜਿਸਨੂੰ ਆਮ ਤੌਰ ‘ਤੇ ਸਿਸਟਰ (ਭੈਣ) ਵਜੋਂ ਹੀ ਬੁਲਾਇਆ ਜਾਂਦਾ ਹੈ ਅਤੇ ਜੋ ਉਸੇ ਬਿਸ਼ਪ ਦੇ ਅਧੀਨ ਹੀ ਕੰਮ ਕਰਦੀ ਹੈ। ਪਹਿਲਾਂ ਪਹਿਲ ਉਸ ਨਨ ਨੇ ਦੂਜੇ ਬਿਸ਼ਪਾਂ ਨੂੰ ਦੱਸਿਆ ਤੇ ਜਦੋਂ ਉਨ੍ਹਾਂ ਨੇ ਉਸਦੀ ਸ਼ਿਕਾਇਤ ‘ਤੇ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਉਸਨੇ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ। ਉਸ ਸ਼ਿਕਾਇਤ ‘ਚ ਪੀੜਤ ਨਨ ਨੇ ਕਿਹਾ ਕਿ ਮਈ-2014 ਤੋਂ ਸ਼ੁਰੂ ਹੋ ਕੇ ਲਗਭਗ 2 ਸਾਲ ਵਿਚ ਬਿਸ਼ਪ ਫਰੈਂਕੋ ਮੁਲੱਕਲ ਨੇ ਉਸ ਨਾਲ ਕੇਰਲਾ ਦੇ ਕੋਟਿਯਾਮ ਜ਼ਿਲ੍ਹੇ ਦੇ ਪਿੰਡ ਕੁਰੂਵਿਲੰਗੜ ਦੇ ਕਾਨਵੈਂਟ ਵਿਚ 13 ਵਾਰ ਜਿਨਸੀ ਜਬਰਦਸਤੀ ਕੀਤੀ। ਬਿਸ਼ਪ ਫਰੈਂਕੋ ਮੁਲੱਕਲ ਦੀ ਤਾਕਤ ਤੇ ਪ੍ਰਭਾਵ ਕਾਰਨ ਪਿਛਲੇ ਸਾਲ ਤੱਕ ਇਸ ਬਲਾਤਕਾਰ ਨੂੰ ਦਬਾ ਕੇ ਰੱਖਿਆ ਗਿਆ। ਚਰਚ ਵਿਚ ਤਾਕਤ ਦੀਆਂ ਪੌੜ੍ਹੀਆਂ ਦਾ ਸਭ ਹੇਠਲਾ ਡੰਡਾ ਨਨ ਹੁੰਦੀ ਹੈ ਤੇ ਉਸਤੋਂ ਜ਼ਿਆਦਾ ਤੋਂ ਜ਼ਿਆਦਾ ਹੱਥੀਂ ਕੰਮ ਕਰਵਾਇਆ ਜਾਂਦਾ ਹੈ। ਉਨ੍ਹਾਂ ਨੂੰ ਕੈਥੋਲਿਕ ਚਰਚ ਵਲੋਂ ਸਮਾਜਿਕ ਤੇ ਚੈਰੀਟੇਬਲ ਪ੍ਰਾਜੈਕਟਾਂ ਅਧੀਨ ਕੰਮ ‘ਤੇ ਭੇਜਿਆ ਜਾਂਦਾ ਹੈ ਤੇ ਉਹ ਘੱਟੋ ਘੱਟ ਸਹੂਲਤਾਂ ਵਾਲੀਆਂ ਕਾਨਵੈਂਟਾਂ ‘ਚ ਰਹਿੰਦੀਆਂ ਹਨ।
ਚਰਚ ਇਹ ਪਸੰਦ ਨਹੀਂ ਕਰਦਾ ਕਿ ਕੋਈ ਵੀ ਪੀੜਤ ਆਪਣੇ ਨਾਲ ਹੋਈ ਜ਼ਿਆਦਤੀ ਬਾਰੇ ਕੁੱਝ ਵੀ ਖੁੱਲ੍ਹੇ ਰੂਪ ‘ਚ ਕਹੇ। ਬਦਕਿਸਮਤੀ ਨਾਲ ਤੇ ਅਫਸੋਸ ਨਾਲ ਕਹਿ ਸਕਦੇ ਹਾਂ ਕਿ ਪੀੜਤਾ ਨਾਲ ਜੋ ਵੀ ਵਾਪਰਿਆ, ਚਰਚ ਨੇ ਉਸ ਤੋਂ ਕੋਰੀ ਨਾਂਹ ਕੀਤੀ ਅਤੇ ਉਸਦੀ ਹਮਾਇਤ ਕਰਨ ਤੋਂ ਇਨਕਾਰ ਕੀਤਾ। ਸੰਗਤ (ਕਲੀਸਿਆ) ਦੇ ਕੁੱਝ ਮੈਂਬਰ ਆਪਣੇ ਲਈ ਨਿੱਜੀ ਤੇ ਗੰਭੀਰ ਖਤਰੇ ਸਹੇੜਦਿਆਂ ਲਗਾਤਾਰ ਉਸਦਾ ਸਮਰਥਨ ਕਰ ਰਹੇ ਹਨ ਤੇ ਉਸਦੀ ਉਦੋਂ ਤੋਂ ਹੀ ਮਦਦ ਕਰ ਰਹੇ ਹਨ, ਜਦੋਂ ਤੋਂ ਪੀੜਤਾ ਨੇ ਆਪਣੀ ਹੱਡ-ਬੀਤੀ ਉਨ੍ਹਾਂ ਨਾਲ ਸਾਂਝੀ ਕੀਤੀ ਹੈ। ਇਸਾਈ ਮੱਤ ਦੀਆਂ ਸਿੱਖਿਆਵਾਂ ਹਰ ਇਕ ਨੂੰ ਪਿਆਰ ਕਰਨ, ਦੂਜਿਆਂ ਦੀ ਮਦਦ ਕਰਨ ਅਤੇ ਆਖਰੀ ਬੰਦੇ ਤੱਕ, ਖਾਸ ਤੌਰ ਤੇ ਆਪਣੇ ਸਭ ਤੋਂ ਕਮਜ਼ੋਰ ਮੈਂਬਰਾਂ ਲਈ ਚਟਾਨ ਬਣ ਕੇ ਖੜ੍ਹਨ ਦਾ ਆਦੇਸ਼ ਦਿੰਦੀਆਂ ਹਨ।
ਦੋਸਤੋ, ਅਸੀਂ ਸਾਰੇ ਭਾਰਤ ਵਿਚ ਕੌਥੋਲਿਕ ਚਰਚ ਵਲੋਂ, ਉਨ੍ਹਾਂ ਕੋਲ ਮੌਜੂਦ ਸਾਧਨਾਂ ਰਾਹੀਂ ਕੀਤੀ ਜਾਂਦੀ ਸੇਵਾ ਦੇਖੀ ਅਤੇ ਸੁਣੀ ਹੈ। ਹਰ ਥਾਂ ਤੇ ਸਿੱਖਿਆ ਖੇਤਰ ‘ਚ ਇਸ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਨੂੰ ਅਤੀ ਮਹੱਤਵਪੂਰਨ ਮੰਨਿਆ ਗਿਆ ਹੈ। ਇਸ ਦੇਸ਼ ਦੇ ਦੱਬੇ ਕੁਚਲੇ ਲੋਕਾਂ ਦੀ ਭਲਾਈ ਲਈ ਵੀ ਚਰਚ ਲਗਾਤਾਰ ਬੜਾ ਕੁੱਝ ਕਰ ਰਿਹਾ ਹੈ। ਅਸੀਂ ਇਹ ਹੀ ਜਾਣਦੇ ਹਾਂ ਕਿ ਕੈਥੋਲਿਕ ਚਰਚ ਵਲੋਂ ਕੀਤੇ ਜਾਂਦੇ ਇਨ੍ਹਾਂ ਕੰਮਾਂ ਦਾ ਵੱਡਾ ਹਿੱਸਾ ਵੀ ਨਨਜ ਵਲੋਂ ਹੀ ਕੀਤਾ ਜਾਂਦਾ ਹੈ। ਉਹ ਆਪਣੇ ਘਰਾਂ ਪਰਿਵਾਰਾਂ ਨੂੰ ਤਿਆਗ ਕੇ ਗਰੀਬਾਂ ਤੇ ਦੱਬੇ ਕੁਚਲੇ ਲੋਕਾਂ ਦੀ ਸੇਵਾ ਲਈ ਬਾਹਰ ਜਾਂਦੀਆਂ ਹਨ ਤੇ ਇਸਾਈ ਮੱਤ ਅਨੁਸਾਰ ਇਨ੍ਹਾਂ ਲੋਕਾਂ ਦੀ ਸੇਵਾ  ਹੀ ਚਰਚ ਦੀ ਸੇਵਾ ਹੈ। ਤੁਸੀਂ ਸਾਰੇ ਇਹ ਵੀ ਜਾਣਦੇ ਹੋ ਕਿ ਇਸਾਈ ਚਰਚ ਜਿਥੇ ਕਿਤੇ ਵੀ ਆਪਣੀਆਂ ਸੰਸਥਾਵਾਂ ਸਥਾਪਤ ਕਰਦਾ ਹੈ, ਉਥੇ ਉਨ੍ਹਾਂ ਹੀ ਸਥਾਨਕ ਕਬੀਲਿਆਂ ਦੀ ਸੇਵਾ ਕੀਤੀ ਜਾਂਦੀ ਹੈ। ਜ਼ਰਾ, ਖਿਆਲ ਕਰੋ ਕਿ ਉਦੋਂ ਕੀ ਭਾਣਾ ਵਾਪਰਦਾ ਹੋਵੇਗਾ ਜਦੋਂ ਅਜਿਹੀ ਸੇਵਾ ਕਰਨ ਵਾਲੀ, ਜਿਹੜੀ ਕਿ ਉਸ ਸੰਸਥਾ ਦਾ ਲਾਜ਼ਮੀ ਅੰਗ ਹੈ, ਉਨ੍ਹਾਂ ਦੇ ਆਪਣੇ ਹੀ ਕਿਲ੍ਹੇ ‘ਚ ਬਲਾਤਕਾਰ ਦੀ ਸ਼ਿਕਾਇਤ ਕਰੇ? ਸੁਭਾਵਿਕ ਤੌਰ ਇਹੀ ਤਵੱਕੋਂ ਹੋਵੇਗੀ ਕਿ ਚਰਚ ਡਟ ਕੇ ਉਸ ਪੀੜਤਾ ਦੀ ਮਦਦ ਕਰੇ। ਪ੍ਰੰਤੂ ਇੱਥੇ ਕੀ ਹੁੰਦਾ ਹੈ? ਇੱਥੇ ਪੀੜਤ ਨਨ ਇਨਸਾਫ ਲੈਣ ਲਈ ਚਰਚ ਅੰਦਰ ਹਰ ਦਰ ਦਸਤਕ ਦਿੰਦੀ ਹੈ, ਉਸਦੇ ਆਪਣੇ ਕੁੱਝ ਕੁ ਸਹਿਕਰਮੀ ਨਨਜ ਅਤੇ ਪਾਦਰੀਆਂ ਨੂੰ ਛੱਡਕੇ, ਕਿਸੇ ਨੇ ਵੀ ਉਸਦਾ ਸਮਰਥਨ ਨਹੀਂ ਕੀਤਾ। ਚਰਚ ਨੇ ਅਪਰਾਧੀ ਵਿਰੁੱਧ ਨਾ ਤਾਂ ਆਪ ਹੀ ਕੋਈ ਕਾਰਵਾਈ ਕੀਤੀ ਤੇ ਨਾ ਹੀ ਸਰਕਾਰ ਨੂੰ ਕੋਈ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ।
ਇਸ ਨਾਲ ਸਾਡੇ ਸਾਹਮਣੇ ਸਭ ਤੋਂ ਵੱਡਾ ਸਵਾਲ ਮੂੰਹ ਅੱਡੀ ਖੜ੍ਹਾ ਹੈ। ਅਸਲ ‘ਚ ਅਪਰਾਧੀ ਕੌਣ ਹੈ? ਬਿਨਾਂ ਸ਼ੱਕ ਉਸ ਕਲੀਸੀਆ (ਸੰਗਤ) ਦਾ ਉਹ ਬਿਸ਼ਪ ਹੈ। ਜਿਸ ਅਧੀਨ ਪੀੜਤਾ ਜਾਂ ਸਿਰਫ ਜਾਨ ਬਚਾਈ ਬੈਠੀ ਨਨ ਕੰਮ ਕਰਦੀ ਹੈ ਤੇ ਰਹਿੰਦੀ ਹੈ। ਉਹ (ਬਿਸ਼ਪ) ਅਜਿਹਾ ਪ੍ਰਬੰਧਕ ਹੈ, ਜਿਹੜਾ ਕਿ ਉਸ ਜਾਨ ਲੁਕਾਈ ਬੈਠੀ ਪੀੜਤਾ ਉਪਰ ਸੰਪੂਰਨ ਅਧਿਕਾਰ ਰੱਖਦਾ ਹੈ। ਜਿਹੜਾ ਉਹ ਸਾਰੇ ਫੈਸਲੇ ਕਰਦਾ ਹੈ ਕਿ ਪੀੜਤਾ ਕੀ, ਕਿਵੇਂ ਤੇ ਕਿੱਥੇ ਕੰਮ ਕਰੇ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਫਰੈਂਕੋ ਮੁਲੱਕਲ ਇਸਾਈ ਮਿਸ਼ਨਰੀਜ਼ ਦੀ ਸੰਗਤ ਦਾ ਬਿਸ਼ਪ ਹੈ, ਜੋ ਕਿ ਸੰਗਤ ਅੰਦਰ ਵੀ ਤੇ ਬਰਾਦਰੀ ਤੋਂ ਬਾਹਰ ਰਾਜਨੀਤਕ ਆਗੂਆਂ ਵਿਚ ਮਜ਼ਬੂਤ ਤਾਕਤ ਤੇ ਪਕੜ ਰੱਖਦਾ ਹੈ ਅਤੇ ਉਸ ਕੋਲ ਬੇਹਿਸਾਬ ਆਰਥਿਕ ਸ਼ਕਤੀ ਵੀ ਹੈ। ਕੈਥੋਲਿਕ ਚਰਚ ਵਿਚ, ਚਰਚ ਦੀਆਂ ਸਾਰੀਆਂ ਜਾਇਦਾਦਾਂ ਦਾ ਵੀ ਉਹ ਮਾਲਕ ਹੁੰਦਾ ਹੈ। ਉਹ ਹੀ ਇਨ੍ਹਾਂ ਜਾਇਦਾਦਾਂ ਦੇ ਜਾਇਜ ਜਾਂ ਨਾਜਾਇਜ਼ ਪ੍ਰਬੰਧਨ ਦੇ ਫੈਸਲੇ ਕਰਦਾ ਹੈ। ਮੈਨੂੰ ਪਤਾ ਲੱਗਾ ਹੈ ਕਿ ਬਿਸ਼ਪ ਮੁਲੱਕਲ ਦੇ ਕੁੱਲ ਅਸਾਸੇ 3000 ਕਰੋੜ ਰੁਪਏ ਦੀ ਕੀਮਤ ਦੇ ਹਨ। ਇਸ ਲਈ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਬਾਕੀ ਬਿਸ਼ਪਾਂ ਅਤੇ ਰਾਜਨੀਤਕ ਆਗੂਆਂ ‘ਤੇ ਕਿੰਨਾ ਪ੍ਰਭਾਵ ਰੱਖਦਾ ਹੋਵੇਗਾ। ਇਸ ਦੇ ਉਲਟ, ਵਿਚਾਰੀ ਪੀੜਤ ਨਨ ਬਿਸ਼ਪ ਵਲੋਂ ਦਿੱਤੇ ਜਾਂਦੇ ਖਾਣੇ, ਰਿਹਾਇਸ਼ ਤੇ ਸਿਫਰ 500 ਰੁਪਏ ਮਹੀਨਾ ਦੇ ਨਿੱਜੀ ਭੱਤੇ ‘ਤੇ ਜੀਵਨ ਗੁਜ਼ਾਰ ਰਹੀ ਹੈ। ਇਥੋਂ ਤੱਕ ਕਿ ਸ਼ੁਰੂ ‘ਚ ਪੀੜਤਾ ਅਤੇ ਪਿਛਲੇ ਮਹੀਨੇ ਤੋਂ ਉਸਦੇ ਹੋਰ ਸਮਰਥਕਾਂ ਨੂੰ ਇਹ ਭੱਤਾ ਦੇਣਾ ਵੀ ਬੰਦ ਕਰ ਦਿੱਤਾ ਸੀ ਅਤੇ ਚਰਚ ਉਦੋਂ ਹੀ ਇਹ ਭੱਤਾ ਦੇਣਾ ਮੰਨਿਆ ਜਦੋਂ ਸਿਵਲ ਸਮਾਜ ਨੂੰ ਇਸ ਮਸਲੇ ‘ਤੇ ਹਾਂ ਪੱਖੀ ਦਖਲ ਦਿੰਦੇ ਦੇਖਿਆ।
ਪੰਜਾਬ ਵਿਚ ਜਦੋਂ ਫਰੈਂਕੋ ਮੁਲੱਕਲ ਸੱਤਾ ਦੀਆਂ ਪੌੜੀਆਂ ਤੇ ਚੜ੍ਹਿਆ ਤਾਂ ਉਸਨੇ ਉਨ੍ਹਾਂ ਸਾਰੇ ਪਾਦਰੀਆਂ ਨੂੰ ਗੁੱਠੇ ਲਾਈਨ ਕੀਤਾ ਜੋ ਉਸ ਲਈ ਖਤਰਾ ਪੈਦਾ ਕਰ ਸਕਦੇ ਸਨ। ਉਹ ਉਸ ਬਿਸ਼ਪ ਮਕਾਨ ‘ਚ ਰਹਿੰਦਾ ਹੈ ਜੋ ਕਿ ਜਲੰਧਰ ਡਾਇਓਸੈਸ ਧਾਰਮਿਕ ਸੂਬੇ (ਪ੍ਰਾਂਤ) ਦੇ ਸਾਰੇ ਪਾਦਰੀਆਂ ਲਈ 4 ਮੰਜਲਾ ਬਿਲਡਿੰਗ ਦਾ ਹਿੱਸਾ ਹੈ। ਉਸਦੇ ਪ੍ਰਭਾਵ ਤੇ ਤਾਕਤ ਨੂੰ ਇਸ ਧਾਰਮਿਕ ਸੂਬੇ ਦੀ ਉਸ ਆਰਥਿਕ ਹਾਲਤ ਦੇ ਸੰਦਰਭ ‘ਚ ਦੇਖਣਾ ਚਾਹੀਦਾ ਜੋ ਉਦੋਂ ਕੀ ਸੀ ਤੇ ਹੁਣ ਕੀ ਹੈ? ਜਦੋਂ ਸੂਬਾ ਬਣਿਆ ਤਾਂ ਇਹ ਕਰਜ਼ਈ ਸੀ। ਜਦੋਂ ਮੁਲੱਕਲ ਨੇ ਚਾਰਜ ਸੰਭਾਲਿਆ ਤਾਂ ਇਸਨੇ 65-75 ਅੰਗਰੇਜ਼ੀ ਮੀਡੀਅਮ ਸਕੂਲ ਬਣਾਏ। ਉਸਨੇ ਕਈ ਤਰ੍ਹਾਂ ਦੀਆਂ ਕੰਪਨੀਆਂ ਖੜ੍ਹੀਆਂ ਕੀਤੀਆਂ ਜਿਵੇਂ ਕੰਨਸਟਰੱਕਸ਼ਨ ਕੰਪਨੀ, ਟਰਾਂਸਪੋਰਟ ਕੰਪਨੀ, ਸਕਿਊਰਿਟੀ ਸੇਵਾਵਾਂ ਵਗੈਰਾ। ਅਸਲ ‘ਚ ਮੁਲੱਕਲ ਨੇ ਇੱਥੇ ਪੰਜਾਬ ‘ਚ ਹੁਣ ਇਕ ਤਰ੍ਹਾਂ ਦਾ ਸਾਮਰਾਜ ਖੜ੍ਹਾ ਕਰ ਲਿਆ ਹੈ। ਕਾਨੂੰਨ ਅਜਿਹੀਆਂ ਵਿਸ਼ਵਾਸ ਪੂਰਨ ਤੇ ਦਬਦਬੇ ਵਾਲੇ ਅਹੁਦਿਆਂ ‘ਤੇ ਬੈਠੇ ਲੋਕਾਂ ਵਲੋਂ ਕੀਤੇ ਬਲਾਤਕਾਰਾਂ ਨੂੰ ਜ਼ਿਆਦਾ ਗੰਭੀਰਤਾ ਨਾਲ ਲੈਣ ਤੇ ਸਖਤ ਸਜ਼ਾਵਾਂ ਦੇਣ ਦੇ ਪ੍ਰਾਵਧਾਨ ਕਰਦਾ ਹੈ। ਕਿਸੇ ਨਨ ‘ਤੇ ਬਿਸ਼ਪ ਦੀ ਤਾਕਤ ਬੇਹੱਦ ਜ਼ਿਆਦਾ ਹੈ ਤੇ ਉਹ ਉਸ ਲਈ ਇਕ ਤਰ੍ਹਾਂ ਦਾ ਰੱਬ ਹੈ।
ਜਦੋਂ ਸਾਡੀ ਸਤਿਕਾਰਯੋਗ ਪੀੜਤ ਭੈਣ ਨੇ ਆਪਣੀ ਹੱਡ ਬੀਤੀ ਦਾ ਸ਼ਰੇਆਮ ਖੁਲਾਸਾ ਕੀਤਾ ਅਤੇ ਅਪਰਾਧਕ ਸ਼ਿਕਾਇਤ ਦਰਜ ਕਰਵਾਈ ਤਾਂ ਚਰਚ ਦੇ ਅੰਦਰ ਅਤੇ ਬਾਹਰ ਉਸਦੇ ਸਮਰਥਕਾਂ ਨੇ ‘ਆਪਣੀ ਸਿਸਟਰਜ (ਭੈਣਾਂ) ਬਚਾਓ’ ਕਮੇਟੀ (Save our S}sters-S®S) ਦਾ ਗਠਨ ਕੀਤਾ। ਇਸ ਕਮੇਟੀ ਨੇ ਕੇਰਲਾ ਦੇ ਕੇਂਦਰੀ ਸਥਾਨ ਏਰਨਾਕੂਲਮ, ਜਿਥੇ ਹਾਈ ਕੋਰਟ ਹੈ, ਵਿਖੇ ਧਰਨਾ ਹੜਤਾਲ ਸ਼ੁਰੂ ਕਰ ਦਿੱਤੀ। ਉਹ 5 ਸਿਸਟਰਜ਼ ਜੋ ਪੀੜਤ ਨਨ ਦੇ ਨਾਲ ਸਨ, ਸ਼ਰੇਆਮ ਉਸਦੇ ਸਮਰਥਨ ‘ਚ ਕੁੱਦ ਪਈਆਂ ਅਤੇ ਸਵੇਰ ਤੋਂ ਸ਼ਾਮ ਤੱਕ ਦੇ ਧਰਨੇ-ਹੜਤਾਲ ‘ਚ ਫਰੈਂਕੋ ਮੁਲੱਕਲ, ਜੋ ਬਲਾਤਕਾਰੀ ਹੈ, ਨੂੰ ਗ੍ਰਿਫਤਾਰ ਕਰਾਉਣ ਦੀ ਮੰਗ ਲਈ ਸ਼ਾਮਲ ਹੋ ਗਈਆਂ। ਸੰਘਰਸ਼ ਨੇ ਸ਼ੁਰੂ ਹੁੰਦਿਆਂ ਹੀ ਜ਼ੋਰ ਫੜ ਲਿਆ ਅਤੇ ਜ਼ਿੰਦਗੀ ਦੇ ਹਰ ਖੇਤਰ ਦੇ ਲੋਕ ਕਮੇਟੀ ਵਲੋਂ ਵਿੱਢੇ ਸੰਘਰਸ਼ ‘ਚ ਸ਼ਾਮਲ ਹੋਣ ਲੱਗੇ। ਇਸ ਲਹਿਰ ਨੂੰ ਮਿਲੇ ਵੱਡੇ ਹੁੰਗਾਰੇ ਨੇ ਮੀਡੀਆ ਨੂੰ ਇਸ ਮੁੱਦੇ ਨੂੰ ਮੁੱਖ ਮੁੱਦੇ ਵਜੋਂ ਲੈਣ ਲਈ ਮਜ਼ਬੂਰ ਕਰ ਦਿੱਤਾ। ਇਸਦੇ ਮੱਦੇਨਜ਼ਰ ਕੇਰਲਾ ਦੇ ਸਰਕਾਰੀ ਤੰਤਰ ਕੋਲ ਜਾਂਚ ‘ਚ ਤੇਜ਼ੀ ਲਿਆਉਣ ਤੋਂ ਬਿਨਾਂ ਕੋਈ ਚਾਰਾ ਨਾ ਬਚਿਆ। ਇਹ ਜਾਂਚ ਸੀਰੋ ਮਾਲਾਬਾਰ ਚਰਚ ਦੇ ਪ੍ਰਭਾਵ ਅਧੀਨ ਲਗਭਗ ਠੱਪ ਪਈ ਸੀ। ਪੁਲਿਸ ਨੇ ਆਪਣੀ ਜਾਂਚ ਉਪਰੰਤ ਦੋਸ਼ੀ ਬਿਸ਼ਪ ਨੂੰ ਗ੍ਰਿਫਤਾਰ ਕੀਤਾ ਅਤੇ ਉਹ ਲਗਭਗ 20 ਦਿਨ ਉਨ੍ਹਾਂ ਦੀ ਹਿਰਾਸਤ ‘ਚ ਰਿਹਾ ਅਤੇ ਕੇਰਲਾ ‘ਚ ਉਸਦੇ ਦਾਖਲੇ ‘ਤੇ ਪਾਬੰਦੀ ਦੇ ਨਿਰਦੇਸ਼ ਨਾਲ ਉਸਦੀ ਹਾਈਕੋਰਟ ਵਲੋਂ ਰਿਹਾਈ ਸੰਭਵ ਹੋਈ। ਇਸ ਤਰ੍ਹਾਂ ਆਪਣੀਆਂ ਭੈਣਾਂ ਨੂੰ ਬਚਾਓ (S®S) ਕਮੇਟੀ ਵਲੋਂ ਕੀਤਾ ਸੰਘਰਸ਼ ਫਰੌਂਕੋ ਮੁਲੱਕਲ ਦੀ ਗ੍ਰਿਫਤਾਰੀ ਨਾਲ ਸਿੱਟੇ ਭਰਪੂਰ ਰਿਹਾ। ਪ੍ਰੰਤੂ, ਫਿਰ ਵੀ ਪੀੜਤਾ ਦੇ ਸਮਰਥਕਾਂ ਨੂੰ ਚਰਚ ਦੀ ਅੰਦਰੂਨੀ ਅਥਾਰਟੀ ਵਲੋਂ ਧਮਕੀਆਂ ਬਾਦਸਤੂਰ ਜਾਰੀ ਹਨ। ਉਦਾਹਰਣ ਵਜੋਂ ਸਤਿਕਾਰਤ ਫਾਦਰ ਕੁਰੀਆਕੋਜ਼ ਕੱਟੂਥਾਰਾ ਦਾ ਕੇਸ ਹੀ ਦੇਖ ਲਈਏ। ਉਹ ਇਸਾਈ ਸੰਗਤ ਦੇ ਮਿਸ਼ਨਰੀਜ਼ ਦਾ ਅਧਿਆਤਮਕ ਡਾਇਰੈਕਟਰ ਸੀ ਤੇ ਉਸਨੇ ਫਰੈਂਕੋ ਮੁਲੱਕਲ ਵਿਰੁੱਧ ਪੁਲਿਸ ਕੋਲ ਲਿਖਤੀ ਬਿਆਨ ਦਿੱਤਾ ਸੀ ਅਤੇ ਬਲਾਤਕਾਰ ਪੀੜਤਾ ਦਾ ਸਰੇਆਮ ਸਮਰੱਥਨ ਵਿਚ ਸੀ। ਉਸਨੇ ਇਕ ਮਲਿਆਲਮ ਚੈਨਲ ਨੂੰ ਦਿੱਤੀ ਇੰਟਰਵਿਊ ‘ਚ ਕਿਹਾ ਸੀ ਕਿ ਕਿੰਨੀਆਂ ਹੀ ਨਨਜ ਜੋ ਕਿ ਪਹਿਲਾਂ ਇਸਾਈ ਸੰਗਤ ਛੱਡ ਚੁੱਕੀਆਂ ਹਨ, ਨੇ ਉਸਨੂੰ ਰੋਂਦਿਆ ਹੋਇਆਂ ਦੱਸਿਆ ਸੀ ਕਿ ਜਿੰਨਾ ਚਿਰ ਇਹ ਬਿਸ਼ਪ ਉਨ੍ਹਾਂ ਦੇ ਧਾਰਮਿਕ ਸੂਬੇ ਦਾ ਬਿਸ਼ਪ ਰਹੇਗਾ, ਉਨ੍ਹਾ ਚਿਰ ਉਹ ਚੈਨ ਤੇ ਸ਼ਾਂਤੀ ਨਾਲ ਨਹੀਂ ਜੀਅ ਸਕਦੀਆਂ ਤੇ ਇਸ ਲਈ ਛੱਡ ਕੇ ਜਾ ਰਹੀਆਂ ਹਨ।
ਮੁਲੱਕਲ, 25 ਦਿਨ ਜੇਲ੍ਹ ਦੀ ਹਵਾ ਖਾਣ ਉਪਰੰਤ 16 ਅਕਤੂਬਰ  2018 ਨੂੰ ਰਿਹਾ ਹੋਇਆ ਅਤੇ ਦੂਸਰੇ ਹੀ ਦਿਨ ਉਸਦਾ ਜਲੰਧਰ ‘ਚ ਸ਼ਾਨਦਾਰ ਸਵਾਗਤ ਹੋਇਆ। ਇਸ ਤੋਂ ਮਹਿਜ 4 ਦਿਨਾਂ ਬਾਅਦ ਹੀ 22 ਅਕਤੂੂਬਰ ਨੂੰ ਫਾਦਰ ਕੁਰੀਆਕੋਜ਼ ਕੱਟੂਥਾਰਾ ਨੂੰ ਆਪਣੇ ਕਮਰੇ ‘ਚ ਮਰਿਆ ਪਾਇਆ ਗਿਆ। ਜਦਕਿ ਇਸ ਤੋਂ ਇਕ ਦਿਨ ਪਹਿਲਾਂ ਹੀ ਉਸਨੇ ਦਸੂਹਾ ਦੇ ਮੇਰੀ ਚਰਚ ਵਿਖੇ ਸਵੇਰ ਦੀ ਪ੍ਰਾਥਨਾ ਦੀ ਅਗਵਾਈ ਕੀਤੀ ਸੀ। ਅਧਿਕਾਰੀਆਂ ਵਲੋਂ ਉਸ ਦੀ ਮੌਤ ਦੇ ਕਾਰਨ ਅਜੇ ਤੱਕ ਵੀ ਪਤਾ ਨਹੀਂ ਲਗਾਏ ਗਏ।  ਉਨ੍ਹਾਂ ਨੇ ਇਸ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਆਪਣੇ ‘ਤੇ ਪੈ ਰਹੇ ਦਬਾਅ ਬਾਰੇ ਤੇ ਬਿਸ਼ਪ ਫਰੌਂਕੋ ਦੇ ਸਮਰਥਕਾਂ ਵਲੋਂ ਲਗਾਤਾਰ ਹੋ ਰਹੀ ਪ੍ਰੇਸ਼ਾਨੀ ਬਾਰੇ ਦੱਸਿਆ ਸੀ। ਉਨ੍ਹਾਂ ਦੀ ਮੌਤ ਬਾਰੇ ਘੁੰਮਦੀ ਸ਼ੱਕ ਦੀ ਸੂਈ ਅਜੇ ਤੱਕ ਵੀ ਠੱਲ  ਨਹੀਂ ਹੋਈ ਕਿ ਸਿਰਫ ਬਲੱਡ ਪ੍ਰੈਸ਼ਰ ਤੋਂ ਇਲਾਵਾ ਕਿਸੇ ਵੀ ਹੋਰ ਬੀਮਾਰੀ ਤੋਂ ਰਹਿਤ ਸਤਿਕਾਰਤ ਫਾਦਰ ਦੀ ਮੌਤ ਆਖਰ ਕਿਵੇਂ ਹੋ ਗਈ। ਇਹ ਤੱਕ ਕਿ ਉਨ੍ਹਾਂ ਦੀ ਮੌਤ ਕੇਰਲਾ ਪੁਲਿਸ ਦੀ ਜੱਦ ਤੋਂ ਬਾਹਰ ਹੋਈ ਹੈ, ਉਹ ਇਸ ਕੇਸ ਦੀ ਜਾਂਚ ਨੂੰ ਘੁੰਮਣਘੇਰੀ ‘ਚ ਪਾਉਂਦੀ ਹੈ। ਇਸ ਲਈ ਫਾਦਰ ਕੁਰੀਆਕੋਜ਼ ਕੱਟੂਥਾਰਾ ਦੇ ਸਕੇ ਸਬੰਧੀਆਂ ਨੂੰ ਵੀ ਉਨ੍ਹਾਂ ਦੀ ਮੌਤ ਦੀ ਕੋਈ ਪੈੜ ਨਹੀਂ ਲੱਭ ਰਹੀ ਤੇ ਉਹ ਲਗਾਤਾਰ ਅੰਦੋਲਨ ਕਰ ਰਹੇ ਹਨ। ਇਸ ਸਾਰੇ ਦ੍ਰਿਸ਼ ‘ਚ ਸੰਗਤ ਦੀਆਂ ਉਨ੍ਹਾਂ ਨਨਜ਼ ਨੂੰ ਟਰਾਂਸਫਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਜੋ ਜੀਵਤ ਪੀੜਤਾ ਨਾਲ ਖੜ੍ਹੀਆਂ ਹਨ ਤੇ ਕੇਸ ਦੀਆਂ ਗਵਾਹ ਵੀ ਹਨ, ਇਸੇ ਫਾਦਰ ਕੁਰੀਆਕੋਜ਼ ਦੀ ਮੌਤ ਦੇ ਪੱਖ ਤੋਂ ਦੇਖਣਾ ਚਾਹੀਦਾ ਹੈ। ਜਦੋਂ ਤੋਂ ਉਨ੍ਹਾਂ ਨੇ ਉਪਰੋਕਤ ਬਿਆਨੇ ਏਰਨਾਕੂਲਮ ਵਿਖੇ ਇਕ ਮਹੀਨਾ ਚੱਲੇ ਸੰਘਰਸ਼ ‘ਚ ਹਿੱਸਾ ਲਿਆ ਹੈ, ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਨਿਸ਼ਾਨਾ ਬਣਾ ਕੇ ਕਾਨਵੈਂਟ ਦੇ ਅੰਦਰ ਚਰਚ ਅਥਾਰਟੀ ਵਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪ੍ਰੰਤੂ ਕਿਉਂਕਿ ਜੀਵਤ ਪੀੜਤਾ ਦੀ ਸੁਰੱਖਿਆ ਲਈ ਕਾਨਵੈਂਟ ਅੰਦਰ ਪੁਲਿਸ ਮੁਲਾਜ਼ਮ ਲਗਾਤਾਰ ਹਾਜ਼ਰ ਰਹਿੰਦੇ ਹਨ ਇਸ ਲਈ ਪ੍ਰੇਸ਼ਾਨ ਕਰਨ ਦੇ ਜ਼ਾਹਰਾ ਤੇ ਸਪੱਸ਼ਟ ਹਥਕੰਡੇ ਇਸ ਵਕਤ ਸੰਭਵ ਨਹੀਂ। ਪ੍ਰੰਤੂ ਕਿਉਂਕਿ ਸਰਕਾਰ ਵਲੋਂ ਕੇਸ ਦੀ ਮੁਕੰਮਲ ਪੈਰਵੀ ਕੀਤੀ ਜਾ ਰਹੀ ਹੈ ਇਸਦੇ ਮੱਦੇਨਜ਼ਰ ਚਰਚ ਨੇ ਗਵਾਹਾਂ ਨੂੰ ਪ੍ਰਭਾਵਤ ਕਰਨ ਤੇ ਦਖਲ-ਅੰਦਾਜ਼ੀ ਕਰਨ ਲਈ ਦਬਾਊ ਹਥਕੰਡੇ ਤੇਜ਼ ਕਰ ਦਿੱਤੇ ਹਨ। ਸਾਰੀਆਂ ਨਨਜ਼ ਨੂੰ ਪੰਜਾਬ, ਝਾਰਖੰਡ, ਬਿਹਾਰ ਅਤੇ ਕੰਨੂਰ ਵਿਖੇ ਹਾਜ਼ਰ ਹੋਣ ਲਈ ਕਿਹਾ ਜਾ ਰਿਹਾ ਹੈ ਜਿਥੇ ਕਿ ਫਰੈਂਕੋ ਮੁਲੱਕਲ ਦੀ ਰਿਹਾਇਸ਼ ਦੱਸੀ ਜਾ ਰਹੀ ਹੈ। ਸਾਰੀਆਂ 5 ਨਨਜ਼, ਕਿਉਂਕਿ ਫਰੈਂਕੋ ਵਿਰੁੱਧ ਰੇਪ ਕੇਸ ਦੀਆਂ ਪ੍ਰਮੁੱਖ ਗਵਾਹ ਹਨ, ਇਸ ਲਈ ਉਨ੍ਹਾਂ ਨੂੰ ਕੇਰਲਾ ਤੋਂ ਬਾਹਰ ਦੂਰ ਦੂਰ ਭੇਜਣਾ, ਇਸ ਕੇਸ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੀ ਸੁਪੀਰੀਅਰ ਮਦਰ, ਸੀਨੀਅਰ ਰੈਜਾਈਨਾ, ਬਿਸ਼ਪ ਫਰੈਂਕੋ ਦੀ ਮਜ਼ਬੂਤ ਸਮਰਥਕ ਹੈ ਅਤੇ ਉਨ੍ਹਾਂ ਨੇ ਫਰੈਂਕੋ ਦੇ ਬਚਾਅ ਲਈ ਬਿਆਨ ਦੇਣ ਤੋਂ ਇਲਾਵਾ, ਪ੍ਰਿੰਟ ਤੇ ਇਲੈਕਟਰੋਨਿਕ ਮੀਡੀਆ ਅੱਗੇ ਫਰੈਂਕੋ ਦਾ ਨੰਗਾ-ਚਿੱਟਾ ਸਮਰਥਨ ਕੀਤਾ ਹੈ। ਇਹੀ ਸੀਨੀਅਰ ਰੈਜਾਈਨਾ, ਸਿਸਟਰਜ਼ ਨੂੰ ਪਰੇਸ਼ਾਨੀ ਕਰਨ ਵਿਚ ਇਹ ਮੋਹਰੇ ਵਜੋਂ ਕੰਮ ਕਰਦੀ ਹੈ। ਫਰੈਂਕੋ ਮੁਲੱਕਲ ਦੀ ਰਿਹਾਈ ਉਪਰੰਤ ਜਲੰਧਰ ਧਾਰਮਿਕ ਪ੍ਰਾਂਤ ਅੰਦਰ ਫਾਦਰ ਕੁਰੀਆਕੋਜ਼ ਦੀ ਸ਼ੱਕੀ ਮੌਤ ਦੇ ਮੱਦੇਨਜ਼ਰ ਚਰਚ ਵਲੋਂ ਇਨ੍ਹਾਂ ਨਨਜ਼ ਦੀਆਂ ਬਦਲੀਆਂ ਇਸੇ ਨੁਕਤੇ-ਨਿਗਾਹ ਤੋਂ ਦੇਖਣੀਆਂ ਬਣਦੀਆਂ ਹਨ। ਇਨ੍ਹਾਂ ਨਨਜ਼ ਦੇ ਸਬੂਤਾਂ ਨੂੰ ਪ੍ਰਭਾਵਤ ਕਰਨ ਦੇ ਮੰਦੇ ਇਰਾਦਿਆਂ ਨਾਲ ਫਰੈਂਕੋ ਮੁਲੱਕਲ ਤੇ ਉਸਦੇ ਸਮਰਥਕਾਂ ਨਾਲ ਇਨ੍ਹਾਂ ਦਾ ਮਿਲਾਪ ਕਰਾਉਣ ਅਤੇ ਇਨਸਾਫ ਦੇ ਰਾਹ ‘ਚ ਰੁਕਾਵਟਾਂ ਖੜ੍ਹੀਆਂ ਕਰਨ ਦੀਆਂ ਚਰਚ ਸੰਗਤ ਦੀਆਂ ਕੋਸ਼ਿਸ਼ਾਂ ਵਜੋਂ ਹੀ, ਇਹ ਬਦਲੀਆਂ ਹੋ ਰਹੀਆਂ ਹਨ ਤੇ ਇਹ ਕੋਸ਼ਿਸ਼ਾਂ ਇਸ ਲਈ ਵੀ ਹਨ ਕਿ ਇਸ ਮੁੱਦੇ ‘ਤੇ ਚਰਚ ਦੇ ਅੰਦਰ ਅਤੇ ਬਾਹਰ ਪਬਲਿਕ ਵਿਚ ਪੈਦਾ ਹੋਈ ਯਕਯਹਿਤੀ ਨੂੰ ਖਿੰਡਾ-ਪੁੰਡਾ ਦਿੱਤਾ ਜਾਵੇ। ਮਾਨਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਗਵਾਹਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ ਕਿ ਗਵਾਹ ਤੇ ਦੋਸ਼ੀ ਜਾਂਚ ਜਾਂ ਮੁਕੱਦਮੇ ਦੌਰਾਨ ਇਕ ਦੂਜੇ ਦੇ ਸਾਹਮਣੇ ਨਾ ਆਉਣ ਦਿੱਤੇ ਜਾਣ। ਇਸ ਸਭ ਦੇ ਬਾਵਜੂਦ, ਫਰੈਂਕੋ ਮੁਲੱਕਲ, ਜੋ ਸੰਗਤ ਮੈਂਬਰਾਂ, ਪਾਦਰੀਆਂ, ਸਹਿਕਰਮੀਆਂ, ਨਨਜ਼ ਅਤੇ ਆਮ ਜਨਤਾ ‘ਚ ਕੇਰਲਾ ਵਿਚ ਤੇ ਕੇਰਲਾ ਤੋਂ ਬਾਹਰ ਭਾਰੀ ਦਬਦਬਾ ਰੱਖਦਾ ਹੈ, ਬਲਾਤਕਾਰ ਪੀੜਤਾ ਨੂੰ ਇਨਸਾਫ ਮਿਲਣ ਲਈ ਬੜਾ ਭਾਰੀ ਖਤਰਾ ਹੈ। ਸਿਰਫ ਵੱਡੇ ਵੱਡੇ ਰੋਸ ਮੁਜ਼ਾਹਰਿਆਂ ਉਪਰੰਤ ਹੀ, ਮੌਜੂਦਾ ਪ੍ਰਬੰਧਕ ਬਿਸ਼ਪ ਐਗਨੈਲੋ ਨੇ ਨਨਜ਼ ਦੀਆਂ ਬਦਲੀਆਂ ਨੂੰ ਹਾਲ ਦੀ ਘੜੀ ਟਾਲ ਦਿੱਤਾ ਹੈ ਤੇ ਕਿਹਾ ਹੈ ਕਿ ਉਸਦੇ ਸਿੱਧੇ ਧਿਆਨ ‘ਚ ਲਿਆਂਦੇ ਬਗੈਰ ਉਹ ਕਿਸੇ ਵੀ ਹੁਕਮਾਂ ‘ਤੇ ਅਮਲ ਨਾ ਕਰਨ। ਇਸਦੇ ਬਾਵਜੂਦ ਵੀ, ਅਗਲੇ ਹੀ ਦਿਨ ਜਲੰਧਰ ਧਾਰਮਿਕ ਪ੍ਰਾਂਤ ਦੇ ਲੋਕ ਸੂਚਨਾ ਅਧਿਕਾਰੀ ਨੇ ਮੀਡੀਆ ਦੇ ਸਾਹਮਣੇ ਐਲਾਨ ਕੀਤਾ ਕਿ ਪ੍ਰਬੰਧਕ ਬਿਸ਼ਪ ਕੋਲ ਅਜਿਹੇ ਕੋਈ ਅਧਿਕਾਰ ਨਹੀਂ ਹਨ ਤੇ ਬਦਲੀਆਂ ਦੇ ਹੁਕਮ ਅਜੇ ਵੀ ਕਾਇਮ ਹਨ। ਚਰਚ ਨੇ ਇਕ ਹੋਰ ਪ੍ਰਮੁੱਖ ਗਵਾਹ ਸਿਸਟਰ ਲਿੱਸੀ ਵਡੈਕਲ ਦੀ ਵੀ ਬਦਲੀ ਕੀਤੀ ਹੈ, ਜਦੋਂ ਉਸਨੂੰ ਪਤਾ ਲੱਗਾ ਕਿ ਇਸਨੇ ਵੀ ਬਿਸ਼ਪ ਵਿਰੁੱਧ ਆਪਣਾ ਬਿਆਨ ਦਿੱਤਾ ਹੈ। ਵਿਜੈਵਾੜਾ ‘ਚ ਜਿੱਥੇ ਉਸਨੂੰ ਬਦਲਿਆ ਗਿਆ ਹੈ, ਉਹ ਘਰ ‘ਚ ਨਜ਼ਰਬੰਦ ਹੈ ਤੇ ਉਹ ਉਥੋਂ ਟੈਲੀਫੋਨ ਵੀ ਨਹੀਂ ਵਰਤ ਸਕਦੀ। ਕਿਸੇ ਨਾ ਕਿਸੇ ਤਰੀਕੇ ਉਹ ਉਥੋਂ ਖਿਸਕ ਕੇ ਕੇਰਲਾ ਪਹੁੰਚੀ ਤੇ ਉਸਦੇ ਭਰਾ ਨੇ ਉਸਨੂੰ ਜਬਰੀ ਬੰਦੀ ਬਣਾਏ ਜਾਣ ਸਬੰਧੀ, ਪੁਲਿਸ ਕੋਲ ਸ਼ਿਕਾਹਿਤ ਕੀਤੀ। ਇਸ ਮਾਮਲੇ ‘ਚ ਮਾਨਯੋਗ ਅਦਾਲਤ ਨੇ ਦਖਲ ਦਿੱਤਾ ਤੇ ਕਿਹਾ ਕਿ ਉਸਨੂੰ ਉਥੇ ਰੱਖਿਆ ਜਾਵੇ, ਜਿੱਥੇ ਉਹ ਸੁਰੱਖਿਅਤ ਮਹਿਸੂਸ ਕਰਦੀ ਹੈ। ਰਾਜ ਦੇ ਅਦਾਲਤੀ ਪ੍ਰਬੰਧ ਨੂੰ ਨੰਗੇ ਚਿੱਟੇ ਰੂਪ ਵਿਚ ਚੈਲਿੰਜ ਕਰਦਿਆਂ ਚਰਚ ਅਥਾਰਟੀ ਵਲੋਂ ਉਸਨੂੰ ਕੇਰਲਾ ਦੇ ਮੁਵਾਟੂਪੂਜ਼ੇ ਨੇੜੇ ਕਾਨਵੈਂਟ ਵਿਚ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿੱਥੇ ਕਿ ਉਹ ਬਾਹਰੀ ਦੁਨੀਆਂ ਤੇ ਜਬਰੀ ਬੇਗਾਨਗੀ ਦੇ ਆਲਮ ‘ਚ ਜੀਅ ਰਹੀ ਹੈ।
ਇਸ ਨਾਲ ਅਸੀਂ ਇਸ ਮੋੜ ‘ਤੇ ਆ ਖੜ੍ਹੇ ਹਾਂ, ਜਿਥੇ ਚਰਚ ਵਿਰੁੱਧ ਹੋਰ ਰੋਸ ਐਕਸ਼ਨ ਨਵੇਂ ਸਿਰੇ ਤੋਂ ਕੀਤੇ ਜਾਣ ਤਾਂ ਕਿ ਫਰੈਂਕੋ ਮੁਲੱਕਲ ਕੇਸ ਨੂੰ ਕਮਜ਼ੋਰ ਕਰਨ ਲਈ ਆਪਣੀ ਕੋਈ ਵੀ ਸ਼ਕਤੀ ਨਾ ਵਰਤ ਸਕੇ। ਇਹ ਅਤੀ ਜ਼ਰੂਰੀ ਹੈ ਕਿ ਉਸਨੂੰ ਚਰਚ ‘ਚੋਂ ਬਾਹਰ ਕੱਢਿਆ ਜਾਵੇ ਤੇ ਉਸਨੂੰ ਪਾਦਰੀ ਵਜੋਂ ਜਾਰੀ ਨਾ ਰਹਿਣ ਦਿੱਤਾ ਜਾਵੇ। ਇਹ ਸ਼ੁਭ ਸ਼ਗਨ ਹੈ ਕਿ ਕੁਰੂਵਿਲੰਗੜ ਦੀਆਂ ਸਾਡੀਆਂ ਭੈਣਾਂ ਉਨ੍ਹਾਂ ਦੇ ਚਰਚ ਵਲੋਂ ਪਾਏ ਦਬਾਅ ਅੱਗੇ ਟੱਸ ਤੋਂ ਮੱਸ ਨਹੀਂ ਹੋਈਆਂ। ਪੀੜਤਾ ਦੀ ਪ੍ਰਮੁੱਖ ਸਮਰਥਕ, ਸਿਸਟਰ ਅਨੁਪਮਾ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਵੀ ਨਹੀਂ ਲੱਗਦਾ ਕਿ ਉਨ੍ਹਾਂ ਨੇ ਕੋਈ ਗਲਤੀ ਕੀਤੀ ਹੈ। ਉਸਨੇ ਇਹ ਵੀ ਕਿਹਾ ਕਿ ਉਹ ਸੱਚਾਈ ਨਾਲ ਚਟਾਨ ਵਾਂਗ ਖੜ੍ਹੀਆਂ ਹਨ ਤੇ ਉਨ੍ਹਾਂ ਦੀ ਸਹਿਕਰਮੀ ਸਿਸਟਰ ਲਈ ਲੋੜੀਂਦੇ ਇਨਸਾਫ ਨਾਲ ਖੜ੍ਹੀਆਂ ਹਨ, ਇਹੀ ਉਨ੍ਹਾਂ ਦੀ ਭਾਵਨਾ ਹੈ।
ਮੈਂ ਅੱਜ ਦੇ ਇਸ ਮਹਾਨ ਦਿਵਸ ਤੇ ਕੇਰਲਾ ਤੋਂ ਇਹੀ ਸੁਨੇਹਾ ਲੈ ਕੇ ਆਈ ਹਾਂ। ਤਾਕਤ, ਏਕਤਾ ਤੇ ਉਮੀਦ ਦਾ ਸੁਨੇਹਾ। ਇਸ ਵਕਤ ਦੀ ਆਮ ਲੋੜ ਵੀ ਇਹੀ ਹੈ ਕਿ ਅਸੀਂ ਸਾਰੇ ਆਪਣੀਆਂ ਭੈਣਾਂ ਨਾਲ ਖੜ੍ਹੀਏ ਤਾਂ ਕਿ ਉਨ੍ਹਾਂ ਲਈ ਇਨਸਾਫ ਅਤੇ ਉਨ੍ਹਾਂ ਦੇ ਨਾਗਰਿਕ ਤੇ ਮੌਲਿਕ ਅਧਿਕਾਰਾਂ ਦੀ ਵਰਤੋਂ ਦੀ ਆਜ਼ਾਦੀ ਯਕੀਨੀ ਬਣਾਈ ਜਾ ਸਕੇ।

Scroll To Top