Now Reading
ਕਿਸਾਨ ਵਿਰੋਧੀ-ਖੇਤੀ ਵਿਰੋਧੀ ਨੀਤੀਆਂ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ

ਕਿਸਾਨ ਵਿਰੋਧੀ-ਖੇਤੀ ਵਿਰੋਧੀ ਨੀਤੀਆਂ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ

ਬਠਿੰਡਾ – ਕੁੱਲ ਹਿੰਦ ਕਿਸਾਨ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਅੱਜ ਇੱਥੇ ਭਾਰੀ ਗਿਣਤੀ ਕਿਸਾਨਾਂ ਨੇ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀਆਂ ਕਿਸਾਨ ਵਿਰੋਧੀ-ਖੇਤੀ ਵਿਰੋਧੀ ਨੀਤੀਆਂ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਉਕਤ ਪ੍ਰਦਰਸ਼ਨ ਅੱਜ ਦੇਸ਼ ਦੇ ਸਾਰੇ ਜ਼ਿਲ੍ਹਾ ਕੇਂਦਰਾਂ ‘ਤੇ ਜੰਗ ਏ ਆਜ਼ਾਦੀ ਦੀ ਪਹਿਲੀ ਲੜਾਈ 1857 ਦੇ ਵਿਦਰੋਹ ਦੀ ਸਾਲ ਗਿਰ੍ਹਾ ਮਨਾਉਣ ਹਿਤ ਕਿਸਾਨੀ ਮੰਗਾਂ ਮੰਨਵਾਉਣ ਲਈ ਕੀਤੇ ਜਾ ਰਹੇ ਹਨ। ਅੱਜ ਦੇ ਪ੍ਰਦਰਸ਼ਨ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ ਦੇ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਰਾਹੀਂ ਲੋਕ ਸਭਾ ਦੇ ਸਪੀਕਰ ਅਤੇ ਰਾਜ ਸਭਾ ਦੇ ਸਭਾ ਪਤੀ ਨੂੰ ਯਾਦ ਪੱਤਰ ਭੇਜੇ। ਕਿਸਾਨਾਂ ਦੀਆਂ ਮੁੱਖ ਮੰਗਾਂ ਸੁਆਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਵਾਉਣਾ, ਪੰਜਾਬ ਸਮੇਤ ਪੂਰੇ ਦੇਸ਼ ਅੰਦਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਵਾਉਣਾ, ਕਿਸਾਨਾਂ ਪੱਖੀ ਖੇਤੀ ਨੀਤੀ ਬਣਵਾਉਣੀ, ਕਿਸਾਨ ਪੱਖੀ ਕਰਜ਼ਾ ਨੀਤੀ ਲਾਗੂ ਕਰਵਾਉਣੀ, ਹਾੜੀ ਅਤੇ ਸਾਉਣੀ ਦੀਆਂ ਫ਼ਸਲਾਂ ਦੇ ਪੱਕੇ ਭਾਅ ਲੈਣੇ, ਝੋਨੇ ਦੀ ਬਿਜਾਈ 10 ਜੂਨ ਤੋਂ ਸ਼ੁਰੂ ਕਰਵਾਉਣੀ ਅਤੇ ਕਣਕ ਅਤੇ ਝੋਨੇ ਦੀ ਰਹਿੰਦ-ਖੂੰਹਦ ਦਾ ਪੱਕਾ ਹੱਲ ਕਰਵਾਉਣਾ ਸੀ। ਵਰਨਣਯੋਗ ਹੈ ਕਿ ਦੇਸ਼ ਭਰ ਦੀਆਂ 200 ਦੇ ਕਰੀਬ ਕਿਸਾਨ ਜਥੇਬੰਦੀਆਂ ਨੇ ਕੁਲ ਹਿੰਦ ਕਿਸਾਨ ਤਾਲਮੇਲ ਸੰਘਰਸ਼ ਕਮੇਟੀ ਦੇ ਝੰਡੇ ਹੇਠ ਕਰਜ਼ਾ ਮੁਆਫ਼ੀ ਅਤੇ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਲਈ ਦੇਸ਼ ਪੱਧਰਾਂ ਅੰਦੋਲਨ ਵਿੱਢਿਆ ਹੋਇਆ ਹੈ ਅਤੇ ਇਹ ਜ਼ਿਲ੍ਹਾ ਪੱਧਰੇ ਧਰਨੇ ਇਸੇ ਅੰਦੋਲਨ ਦੀ ਕੜੀ ਵਜੋਂ ਕੀਤੇ ਜਾ ਰਹੇ ਹਨ।
ਬਠਿੰਡਾ ਜ਼ਿਲ੍ਹਾ ਪ੍ਰਬੰਧਕੀ ਕੇਂਦਰ ਮੂਹਰੇ ਹੋਏ ਰੋਸ ਪ੍ਰਦਰਸ਼ਨ ਨੂੰ ਬਲਦੇਵ ਸਿੰਘ ਭਾਈ ਰੂਪਾ, ਸੁਖਵਿੰਦਰ ਸਿੰਘ ਫੂਲੇਵਾਲਾ, ਗੁਰਦੀਪ ਸਿੰਘ ਰਾਮਪੁਰਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਬਲਜਿੰਦਰ ਸਿੰਘ ਕਾਲਾ, ਮੁਖ਼ਤਿਆਰ ਸਿੰਘ ਬੱਜੋਆਣਾ, ਜਗਮੇਲ ਸਿੰਘ ਮਹਿਰਾਜ, ਜਮਹੂਰੀ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਨਥਾਣਾ ਅਤੇ ਦਰਸ਼ਨ ਸਿੰਘ ਫੁੱਲੋਮਿਠੀ, ਤਾਰਾ ਸਿੰਘ ਕੋਟੜਾ, ਕਿਰਤੀ ਕਿਸਾਨ ਯੂਨੀਅਨ ਦਾ ਆਗੂ ਅਮਰਜੀਤ ਸਿੰਘ ਹਨੀ, ਪੰਜਾਬ ਕਿਸਾਨ ਯੂਨੀਅਨ ਦੇ ਗੁਰਜੰਟ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।

‘ਸੰਗਰਾਮੀ ਲਹਿਰ’ ਦੀਆਂ ਖ਼ਬਰਾਂ ਵਟਸਐਪ ‘ਤੇ ਮੰਗਵਾਉਣ ਲਈ ਆਪਣਾ ਨਾਮ ਤੇ SL START ਲਿਖ ਕੇ 9814364723 ‘ਤੇ ਭੇਜੋ। ਕਿਰਪਾ ਕਰਕੇ 9814364723 ਨੰਬਰ ਨੂੰ ਆਪਣੇ ਫ਼ੋਨ ‘ਚ ਸੇਵ ਜ਼ਰੂਰ ਕਰ ਲਓ। ਜਿਨ੍ਹਾਂ ਸਾਥੀਆਂ ਨੂੰ ਪਹਿਲਾ ਹੀ ਖ਼ਬਰਾਂ ਮਿਲ ਰਹੀਆਂ ਹਨ, ਉਨ੍ਹਾਂ ਨੂੰ ਦੁਬਾਰਾ ਮੈਸੇਜ ਭੇਜਣ ਦੀ ਜ਼ਰੂਰਤ ਨਹੀਂ ਹੈ ਜੀ।

Scroll To Top