ਪਠਾਨਕੋਟ, 3 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਦਿੱਲੀ ਕਿਸਾਨ ਅੰਦੋਲਨ ਜੋ ਹੁਣ ਜਨ ਅੰਦੋਲਨ ਦਾ ਰੂਪ ਧਾਰਨ ਕਰ ਗਿਆ ਹੈ ਲਈ ਵੱਖ ਵੱਖ ਥਾਵਾਂ ‘ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲੱਗੇ ਧਰਨਿਆਂ ਦੌਰਾਨ ਅਤਿ ਦੀ ਸਰਦੀ ਦੇ ਬਾਵਜੂਦ ਕਿਸਾਨਾਂ ਮਜ਼ਦੂਰਾਂ ਦਾ ਧਰਨਿਆਂ ਵਿੱਚ ਸ਼ਾਮਲ ਹੋਣਾ ਲਗਾਤਾਰ ਜਾਰੀ ਹੈ।
ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਪਠਾਨਕੋਟ ਦੀ ਅਗਵਾਈ ਹੇਠ ਅੱਜ ਪਠਾਨਕੋਟ ਤੋਂ ਕਿਸਾਨ ਮਜਦੂਰ ਜਥੇਬੰਦੀਆਂ ਦੇ ਆਗੂਆਂ ਕਾਮਰੇਡ ਨੱਥਾ ਢਡਵਾਲ, ਇੰਦਰਜੋਤ ਸਿੰਘ ਪਿੰਡ ਕਲਿਆਰੀ ਲੰਗਰ ਸੇਵਾ ਵਿੱਚ 40 ਕਿਲੋਗ੍ਰਾਮ ਸ਼ਹਿਦ ਲੈ ਕੇ, ਬਲਵੰਤ ਸਿੰਘ ਘੋਹ, ਨਰਿੰਜਨ ਸਿੰਘ, ਸੁਖਦੇਵ ਸਿੰਘ ਦੀ ਅਗਵਾਈ ਹੇਠ ਇੱਕ ਜਥਾ ਰਵਾਨਾ ਹੋਇਆ। ਰਵਾਨਗੀ ਮੌਕੇ ਕਾਮਰੇਡ ਸ਼ਿਵ ਕੁਮਾਰ ਉਚੇਚੇ ਤੌਰ ‘ਤੇ ਹਾਜ਼ਰ ਸਨ।

ਆਗੂਆਂ ਨੇ ਦੱਸਿਆ ਕਿ ਪੰਜ ਜਨਵਰੀ ਨੂੰ ਇਕ ਹੋਰ ਜੱਥਾ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਜਾਵੇਗਾ। ਜਦੋਂ ਤੱਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਪਠਾਨਕੋਟ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਤੋਂ ਦਿੱਲੀ ਕਿਸਾਨ ਜਨ ਅੰਦੋਲਨ ਦੀ ਹਮਾਇਤ ਵਿੱਚ ਮਜ਼ਦੂਰਾਂ ਕਿਸਾਨਾਂ ਦੀ ਸਮੂਲੀਅਤ ਕਰਾਉਣ ਲਈ ਜਮਹੂਰੀ ਕਿਸਾਨ ਸਭਾ, ਸੀ ਟੀ ਯੂ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਵੱਲੋਂ ਮੀਟਿੰਗਾਂ ਕਰਨ ਤੇ ਫੰਡ ਇਕੱਤਰ ਕਰਨ ਲਈ ਜਨਤਕ ਉਗਰਾਹੀ ਕੀਤੀ ਜਾ ਰਹੀ, ਜਿਸਦਾ ਹਰ ਵਰਗ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ ਤੇ ਸਿਲਸਿਲਾ ਲਗਾਤਾਰ ਜਾਰੀ ਰਹੇਗਾ।