ਤਰਨ ਤਾਰਨ : ਕਿਸਾਨਾਂ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਵੱਖ ਵੱਖ ਕਿਸਾਨ ਜਥੇਬੰਦੀਆਂ ’ਤੇ ਆਧਾਰਿਤ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ ਗਿਆ|
ਧਰਨੇ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲਾਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਧੂੰਦਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਦੇ ਆਗੂ ਸੁਖਦੇਵ ਸਿੰਘ ਸੀਤੋ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਭੁਪਿੰਦਰ ਸਿੰਘ ਤਖ਼ਤਮੱਲ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪਰਸ਼ੋਤਮ ਸਿੰਘ ਗਹਿਰੀ ਵੱਲੋਂ ਕੀਤੀ ਗਈ। ਇਸ ਦੌਰਾਨ ਕਿਸਾਨਾਂ ਦੇ ਇਕੱਠ ਨੂੰ ਕਿਸਾਨ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ, ਇੰਦਰਜੀਤ ਸਿੰਘ ਕੋਟ ਬੁੱਢਾ, ਹਰਜਿੰਦਰ ਸਿੰਘ ਟਾਡਾ, ਦਾਤਾਰ ਸਿੰਘ ਤੇ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਮੰਡੀਆਂ ਵਿੱਚ ਸਰਕਾਰ ਵੱਲੋਂ ਖਰੀਦ ਦੇ ਬੰਦੋਬਸਤ ਨਾ ਕੀਤੇ ਜਾਣ ਕਰ ਕੇ ਸਰਕਾਰ ਨੇ ਜਾਣ-ਬੁਝ ਕੇ ਕਿਸਾਨਾਂ ਨੂੰ ਨਿੱਜੀ ਕੰਪਨੀਆਂ ਅੱਗੇ ਲੁੱਟ ਵਾਸਤੇ ਸੁੱਟ ਦਿੱਤਾ ਹੈ| ਆਗੂਆਂ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਅੱਗ ਨਾ ਲਗਾਉਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਹਕੀਕਤਾਂ ਤੋਂ ਕੋਰੇ ਹਨ| ਆਗੂਆਂ ਨੇ ਝੋਨੇ ਦੀ ਪਰਾਲੀ ਸਾਂਭਣ ਲਈ ਕਿਸਾਨ ਨੂੰ ਪ੍ਰਤੀ ਏਕੜ 5000 ਰੁਪਏ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ| ਆਗੂਆਂ ਨੇ ਇਲਾਕੇ ਦੀ ਸਹਿਕਾਰੀ ਖੰਡ ਮਿੱਲ ਸ਼ੇਰੋਂ ਨੂੰ ਬਿਨਾਂ ਦੇਰੀ ਚਾਲੂ ਕੀਤੇ ਜਾਣ, ਜ਼ਿਲ੍ਹੇ ਅੰਦਰ ਖੇਤੀ ਆਧਾਰਿਤ ਸਨਅਤਾਂ ਲਗਾਉਣ, ਮੰਡੀ ਵਿੱਚ ਆਉਂਦੀ ਝੋਨੇ ਦੀ ਹਰ ਢੇਰੀ ਰਿਕਾਰਡ ਵਿੱਚ ਦਰਜ ਕਰਨਾ ਯਕੀਨੀ ਬਣਾਉਣ, ਝੋਨੇ ਦੀ ਸਰਕਾਰੀ ਖਰੀਦ ਤੁਰੰਤ ਸ਼ੁਰੂ ਕਰਨ ਆਦਿ ’ਤੇ ਵੀ ਜ਼ੋਰ ਦਿੱਤਾ| ਇਸ ਮੌਕੇ ਪਰਗਟ ਸਿੰਘ ਜਾਮਾਰਾਏ, ਤਾਰਾ ਸਿੰਘ ਖਹਿਰਾ, ਕਰਮਜੀਤ ਸਿੰਘ ਤਲਵੰਡੀ, ਬਾਬਾ ਮਹਿੰਦਰ ਸਿੰਘ ਵੇਈਂਪੂਈਂ, ਕਾਰਜ ਸਿੰਘ ਘਰਿਆਲਾ, ਮਾ. ਦਲਜੀਤ ਸਿਂਘ ਦਿਆਲਪੁਰਾ, ਸੁੱਚਾ ਸਿੰਘ, ਦਵਿੰਦਰ ਸੋਹਲ, ਜਸਬੀਰ ਸਿੰਘ ਗੰਡੀਵਿੰਡ ਤੇ ਧਨਵੰਤ ਸਿੰਘ ਖਤਰਾਏ ਕਲਾਂ ਆਦਿ ਨੇ ਵੀ ਸੰਬੋਧਨ ਕੀਤਾ| ਸਟੇਜ ਦਾ ਸੰਚਾਲਨ ਜੈਮਲ ਸਿਂਘ ਬਾਠ ਵੱਲੋਂ ਕੀਤਾ ਗਿਆ।