Now Reading
ਕਿਸਾਨਾਂ ਵਲੋਂ ਵਿਸ਼ਾਲ ਧਰਨਾ ਦਿੱਤਾ

ਕਿਸਾਨਾਂ ਵਲੋਂ ਵਿਸ਼ਾਲ ਧਰਨਾ ਦਿੱਤਾ

ਗੁਰਦਾਸਪੁਰ, 26 ਮਾਰਚ (ਸੰਗਰਾਮੀ ਲਹਿਰ ਬਿਊਰੋ)- ਰੇਲਵੇ ਸਟੇਸ਼ਨ ਨਜ਼ਦੀਕ ਪਠਾਨਕੋਟ ਰੋਡ ਸਥਿਤ ਫਾਟਕ ‘ਤੇ ਕਿਸਾਨਾਂ ਵਲੋਂ ਵਿਸ਼ਾਲ ਧਰਨਾ ਦਿੱਤਾ ਗਿਆ ਜਿਸ ਦੀ ਅਗਵਾਈ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ, ਜਿਸ ਵਿਚ ਜਮਹੂਰੀ ਕਿਸਾਨ ਸਭਾ ਤੋਂ ਮੱਖਣ ਸਿੰਘ, ਪੰਜਾਬ ਕਿਸਾਨ ਯੂਨੀਅਨ ਤੋਂ ਬਲਬੀਰ ਸਿੰਘ ਉੱਚਾ ਧਕਾਲਾ, ਕਿਰਤੀ ਕਿਸਾਨ ਯੂਨੀਅਨ ਤੋਂ ਮੁਖਤਾਰ ਸਿੰਘ ਮੱਲ੍ਹੀ, ਸਾਬਕਾ ਸੈਨਿਕ ਸੰਘਰਸ਼ ਕਮੇਟੀ ਤੋਂ ਐਸ.ਪੀ. ਸਿੰਘ ਗੋਸ਼ਲ, ਭਾਰਤੀ ਕਿਸਾਨ ਰਾਜੇਵਾਲ ਗੁਰਪ੍ਰੀਤ ਸਿੰਘ ਘੁੰਮਣ, ਕਰਮ ਸਿੰਘ, ਮੇਜਰ ਸਿੰਘ, ਕਾਮਰੇਡ ਅਮਰਜੀਤ ਸਿੰਘ ਸੈਣੀ ਆਦਿ ਸ਼ਾਮਿਲ ਸਨ। ਬੁਲਾਰਿਆਂ ਨੇ ਦੋਸ਼ ਲਗਾਏ ਕਿ ਮੋਦੀ ਸਰਕਾਰ ਦੇਸ਼ ਦੇ ਜਮਹੂਰੀ ਢਾਂਚੇ ਨੂੰ ਬਰਬਾਦ ਕਰ ਰਹੀ ਹੈ। ਲੋਕਾਂ ਦੀ ਆਵਾਜ਼ ਸੁਣਨ ਦੀ ਬਜਾਏ ਮੋਦੀ ਸਰਕਾਰ ਤਾਨਾਸ਼ਾਹੀ ਹੋਈ ਬੈਠੀ ਹੈ। ਆਰ.ਐਸ.ਐਸ. ਦਾ ਏਜੰਡਾ ਲਾਗੂ ਕਰਨ ਲਈ ਸਰਕਾਰ ਸਭ ਹੱਥਕੰਡੇ ਵਰਤ ਰਹੀ ਹੈ। ਉਨ੍ਹਾਂ ਦੋਸ਼ ਲਗਾਏ ਕਿ ਮੋਦੀ ਸਰਕਾਰ ਦੇਸ਼ ਦੇ ਲੋਕਾਂ ਅੰਦਰ ਫਿਰਕਾਪ੍ਰਸਤੀ ਫੈਲਾਅ ਕੇ ਆਪਸੀ ਭਾਈਚਾਰਾ ਖ਼ਤਮ ਕਰ ਰਹੀ ਹੈ। ਦੇਸ਼ ਨੂੰ ਫਿਰ ਤੋਂ ਦੇਸੀ, ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦਾ ਗੁਲਾਮ ਬਣਾਇਆ ਜਾ ਰਿਹਾ ਹੈ। ਸਿਹਤ, ਸਿੱਖਿਆ, ਪਾਣੀ, ਬਿਜਲੀ, ਰੇਲਾਂ, ਹਵਾਈ ਜਹਾਜ਼, ਹਵਾਈ ਅੱਡੇ, ਰੇਲਵੇ ਸਟੇਸ਼ਨ, ਬੰਦਰਗਾਹਾਂ, ਬੈਂਕ, ਬੀ.ਐਸ.ਐਨ.ਐੱਲ. ਤੇ ਐੱਲ.ਆਈ.ਸੀ. ਆਦਿ ਸਾਰੇ ਜਨਤਕ ਅਦਾਰਿਆਂ ਨੂੰ ਕੋਡੀਆਂ ਦੇ ਭਾਅ ਅੰਬਾਨੀਆਂ, ਅਡਾਨੀਆ ਨੂੰ ਵੇਚਿਆ ਜਾ ਰਿਹਾ ਹੈ ਤੇ ਹੁਣ ਇਕ ਸੋਚੀ ਸਮਝੀ ਚਾਲ ਤਹਿਤ ਲੋਕਾਂ ਦੇ ਮੂੰਹ ‘ਚੋਂ ਰੋਟੀ ਖੋਹਣ ਲਈ ਕਿਸਾਨਾਂ ਦੀਆਂ ਜ਼ਮੀਨਾਂ ਵੀ ਕਾਰਪੋਰੇਟਾਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ ਆਪਣਾ ਹੱਕ ਛੱਡਣ ਵਾਲੇ ਨਹੀਂ ਹਨ ਅਤੇ ਬਿਨਾਂ ਜਿੱਤੇ ਪਿੱਛੇ ਨਹੀਂ ਮੁੜਨਗੇ।

Scroll To Top