
ਨੌਸ਼ਹਿਰਾ ਪਨੂੰਆ – ਜਮਹੂਰੀ ਕਿਸਾਨ ਸਭਾ ਦੀ ਏਰੀਆ ਕਮੇਟੀ ਨੌਸ਼ਹਿਰਾ ਪਨੂੰਆਂ ਦੀ ਮੀਟਿੰਗ ਕਿਸਾਨ ਆਗੂ ਸਰਿੰਦਰ ਸਿੰਘ ਖੱਬੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਹੀਰਾ ਸਿੰਘ ਨੌਸ਼ਹਿਰਾ ਨੇ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲੋਕਾਂ ਦੀ ਜਮਹੂਰੀ ਆਵਾਜ਼ ਨੂੰ ਦਬਾਉਣ ਲਈ ਲਾਗੂ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਖਿਲਾਫ 17 ਫਰਵਰੀ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਮਹਾਂਰੈਲੀ ਵਿੱਚ ਇਲਾਕੇ ਵਿਚਂੋ ਸਂੈਕੜੇ ਕਿਸਾਨ ਭਾਗ ਲੈਣਗੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰੈੱਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਚੋਣਾਂ ਦੌਰਾਨ ਡਾ. ਸਵਾਮੀਨਾਥਨ ਦੇ ਫਾਰਮੂਲੇ ਮੁਤਾਬਿਕ ਭਾਅ ਦੇਣ ਦਾ ਵਾਅਦਾ ਕਰਕੇ ਮੁੱਕਰ ਗਈ ਅਤੇ ਹੁਣ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਜੁਮਲੇ ਛੱਡ ਰਹੀ ਹੈ।ਉਨ੍ਹਾਂ ਪੰਜਾਬ ਦੀ ਕਂਗਰਸ ਦੀ ਕੈਪਟਨ ਸਰਕਾਰ ‘ਤੇ ਵਾਅਦਿਆਂ ਤੋਂ ਭੱਜਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਿਸਾਨਾਂ-ਮਜ਼ਦੂਰਾ ਦੇ ਕਰਜ਼ੇ ਮੁਆਫ ਕਰਨ ਦੀ ਬਜਾਇ ਕਿਸਾਨਾਂ ਦੀਆਂ ਮੋਟਰਾਂ ‘ਤੇ ਮੀਟਰ ਲਾ ਕੇ ਨਿਗੁਣੀ ਮਿਲਦੀ ਸਹੂਲਤ ਵੀ ਖੋਹਣਾ ਚਾਹੁੰਦੀ ਹੈ।ਹਰ ਪਰਵਾਰ ਦੇ ਇੱਕ ਮਂੈਬਰ ਨੂੰ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੀ ਥਾਂ ਸਰਕਾਰੀ ਥਰਮਲ, ਸਕੂਲ ਬੰਦ ਕਰਕੇ ਰੋਜ਼ਗਾਰ ਖੋਹਣ ਦੇ ਰਾਹ ਪੈ ਗਈ ਹੈ।ਕਿਸਾਨ ਆਗੂਆਂ ਨੇ ਮੰਗ ਕੀਤੀ ਕਿ 10 ਏਕੜ ਤੱਕ ਦੇ ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ।ਕਿਸਾਨੀ ਜਿਣਸਾਂ ਦੇ ਭਾਅ ਡਾ. ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਤੈਅ ਕਰਕੇ ਸਰਕਾਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ।ਬਿਜਲੀ ਮੀਟਰ ਬੰਬੀਆਂ ਉੱਪਰ ਲਾਉਣੇ ਬੰਦ ਕੀਤੇ ਜਾਣ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕੇ ਜਿਥੇ ਕਿਸਾਨਾਂ-ਮਜ਼ਦੂਰਾਂ ਦੀ ਹਾਲਤ ਦਿਨੋ-ਦਿਨ ਨਿਘਰਦੀ ਜਾ ਰਹੀ ਹੈ, ਉਥੇ ਅੱਜ ਦੀ ਬੇਰੁਜ਼ਗਾਰ ਜਵਾਨੀ ਨਸ਼ਿਆਂ ਦੇ ਜਾਲ ਵਿੱਚ ਫਸ ਕੇ ਗੈਰ-ਸਮਾਜੀ ਕੰਮਾਂ ਵੱਲ ਧੱਕੀ ਜਾ ਰਹੀ ਹੈ।ਮੀਟਿੰਗ ਵਿੱਚ ਸਤਵਿੰਦਰ ਸਿੰਘ ਨੌਸ਼ਹਿਰਾ, ਕਾਬਲ ਸਿੰਘ, ਮੰਗਲ ਸਿੰਘ, ਕੇਵਲ ਸਿੰਘ, ਹਰਭਜਨ ਸਿੰਘ, ਜੋਗਿੰਦਰ ਸਿੰਘ, ਮਹਿੰਦਰ ਸਿੰਘ, ਤਰਸੇਮ ਸਿੰਘ ਢੋਟੀਆਂ, ਬਲਵੰਤ ਸਿੰਘ, ਆਤਮਾ ਸਿੰਘ ਗੰਡੀਵਿੰਡ ਆਦਿ ਹਾਜ਼ਰ ਸਨ।