Now Reading
ਕਾਰਲ ਮਾਰਕਸ ਦੇ ਵਿਲੱਖਣ ਸਹਿਯੋਗੀ ਤੇ ਮਿੱਤਰ ਫਰੈਡਰਿਕ ਏਂਗਲਜ

ਕਾਰਲ ਮਾਰਕਸ ਦੇ ਵਿਲੱਖਣ ਸਹਿਯੋਗੀ ਤੇ ਮਿੱਤਰ ਫਰੈਡਰਿਕ ਏਂਗਲਜ

ਵੀ.ਆਈ. ਲੈਨਿਨ
ਫਰੈਡਰਿਕ ਏਂਗਲਜ, ਜਿਨ੍ਹਾਂ ਦੀ ਇਸ ਵਰ੍ਹੇ ਆਪਾਂ ਦੂਜੀ ਜਨਮ ਸ਼ਤਾਬਦੀ ਮਨਾ ਰਹੇ ਹਾਂ, ਮਜਦੂਰ ਜਮਾਤ ਤੇ ਸਮੁੱਚੀ ਮਨੁੱਖਤਾ ਦੀ ਮੁਕਤੀ ਦੀ ਵਿਚਾਰਧਾਰਾ, ਵਿਗਿਆਨ ਦੇ ਸਿਧਾਂਤ ਨੂੰ ਵਿਕਸਿਤ ਕਰਨ ਵਾਲੇ ਕਾਰਲ ਮਾਰਕਸ ਦੇ ਵਿਲੱਖਣ ਸਹਿਯੋਗੀ ਤੇ ਮਿੱਤਰ ਸਨ। ਆਧੁਨਿਕ ਪਰੋਲੇਤਾਰੀ ਦੇ ਮਹਾਨ ਅਧਿਆਪਕਾਂ ਵਜੋਂ ਕਾਰਲ ਮਾਰਕਸ ਤੋਂ ਬਾਅਦ ਉਨ੍ਹਾਂ ਦਾ ਹੀ ਨਾਂਅ ਆਉਂਦਾ ਹੈ। ਮਾਰਕਸ ਦੀ ਮੌਤ ਤੋਂ ਲੈ ਕੇ, ਏਂਗਲਜ ਅਪਣੇ ਅੰਤਮ ਸਾਹਾਂ ਤਕ ਯੂਰਪ ਦੇ ਸਮਾਜਵਾਦੀਆਂ ਦੇ ਅਧਿਆਪਕ, ਆਗੂ ਤੇ ਸਲਾਹਕਾਰ ਦੀ ਭੂਮਿਕਾ ਨਿਭਾਉਂਦੇ ਰਹੇ। ਦੁਨੀਆ ਭਰ ਦੀ ਮਜਦੂਰ ਜਮਾਤ, ਏਂਗਲਜ ਦੇ ਸ਼੍ਰੇਸ਼ਠ ਸੰਘਰਸ਼ਾਂ ਨਾਲ ਭਰਪੂਰ ਜੀਵਨ, ਮਾਰਕਸ ਨਾਲ ਉਨ੍ਹਾਂ ਦੀ ਗ੍ਰੀਕ ਮਿਥਕਾਂ ਵਰਗੀ ਮਿੱਤਰਤਾ ਅਤੇ ਉਨ੍ਹਾਂ ਦੀਆਂ ਮਹਾਨ ਵਿਚਾਰਧਾਰਕ ਘਾਲਣਾਵਾਂ ‘ਤੇ ਹਮੇਸ਼ਾ ਮਾਣ ਕਰਦੀ ਰਹੇਗੀ। ਅਸੀਂ ਇੱਥੇ ਰੂਸੀ ਇਨਕਲਾਬ ਦੇ ਰੂਹੇ-ਰਵਾਂ, ਸੰਸਾਰ ਕਿਰਤੀ ਦੇ ਮਹਾਨ ਆਗੂ ਲੈਨਿਨ ਦੇ ਮਸ਼ਹੂਰ ਲੇਖ ਦੇ ਮਹੱਤਵਪੂਰਨ ਅੰਸ਼ ਪੇਸ਼ ਕਰ ਰਹੇ ਹਾਂ ਜਿਹੜਾ ਉਨ੍ਹਾਂ ਨੇ ਏਂਗਲਜ ਦੇ ਦਿਹਾਂਤ ‘ਤੇ 1895 ਵਿਚ ਲਿਖਿਆ ਸੀ

-ਸੰਪਾਦਕੀ ਮੰਡਲ

ਤਰਕ ਦੀ ਮਸ਼ਾਲ ਕਿਸ ਤਰ੍ਹਾਂ ਬੁੱਝ ਗਈ,
ਕਿਸ ਤਰ੍ਹਾਂ ਹੋ ਗਈ ਨਿਰਜੀਵ!
ਏਂਗਲਜ ਦਾ ਜਨਮ 1820 ਵਿਚ ਪ੍ਰਸ਼ੀਆ ਸੂਬੇ ਦੇ ਰਾਈਨ ਪ੍ਰਾਂਤ ਦੇ ਬਾਰਮੇਨ ਸ਼ਹਿਰ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕਾਰਖਾਨੇਦਾਰ ਸਨ। ਪਰਿਵਾਰਕ ਹਲਾਤਾਂ ਕਰਕੇ 1838 ਵਿਚ ਏਂਗਲਜ ਨੂੰ ਸਕੂਲੀ ਸਿੱਖਿਆ ਪੂਰੀ ਕੀਤੇ ਬਿਨਾਂ ਹੀ ਬਾਰਮੇਨ ਦੀ ਇਕ ਵਪਾਰਕ ਕੰਪਨੀ ਵਿਚ ਕਲਰਕ ਦੀ ਨੌਕਰੀ ਕਰਨੀ ਪਈ। ਪਰ ਏਂਗਲਜ ਨੇ ਵਿਗਿਆਨ ਤੇ ਰਾਜਨੀਤੀ ਦੀ ਸਿਖਿਆ ਜਾਰੀ ਰੱਖੀ, ਉਸ ਵਿਚ ਵਪਾਰਕ ਮਾਮਲੇ ਕੋਈ ਅੜਿੱਕਾ ਨਹੀਂ ਡਾਹ ਸਕੇ। ਜਦੋਂ ਉਹ ਸਕੂਲ ਵਿਚ ਪੜ੍ਹ ਰਹੇ ਸਨ, ਉਸੇ ਸਮੇਂ ਤੋਂ ਹੀ ਉਹ ਤਾਨਾਸ਼ਾਹ ਹਕੂਮਤ ਤੇ ਅਧਿਕਾਰੀਆਂ ਦੇ ਅਤਿਆਚਾਰਾਂ ਨੂੰ ਨਫਰਤ ਕਰਨ ਲੱਗ ਪਏ ਸਨ। ਫਿਲਾਸਫੀ ਦੇ ਅਧਿਐਨ ਨੇ ਉਨ੍ਹਾਂ ਦੇ ਮਨ-ਮਸਤਕ ਵਿਚ ਇਹ ਨਫਰਤ ਹੋਰ ਵਧਾ ਦਿੱਤੀ। ਉਨ੍ਹਾਂ ਦਿਨਾਂ ਵਿਚ ਜਰਮਨ ਫਲਸਫੇ ‘ਤੇ ਹੀਗਲ ਦੀ ਵਿਚਾਰਧਾਰਾ ਦਾ ਪ੍ਰਭਾਵ ਸੀ ਅਤੇ ਏਂਗਲਜ ਉਸਦੇ ਪੈਰੋਕਾਰ ਬਣ ਗਏ। ਭਾਵੇਂ ਕਿ ਹੀਗਲ ਖੁਦ ਤਾਨਾਸ਼ਾਹ ਪ੍ਰਸ਼ੀਆਈ ਹਕੂਮਤ ਦੇ ਸਮਰਥਕ ਸਨ ਅਤੇ ਬਰਲਿਨ ਯੂਨੀਵਰਸਿਟੀ ਵਿਚ ਇਕ ਪ੍ਰੋਫੈਸਰ ਵਜੋਂ ਸਟੇਟ ਦੀ ਸੇਵਾ ਕਰ ਰਹੇ ਸਨ, ਪਰ ਉਨ੍ਹਾਂ ਦੀ ਵਿਚਾਰਧਾਰਾ ਇਨਕਲਾਬੀ ਸੀ। ਜੇਕਰ ਸੰਸਾਰ ਦੀ ਹਰੇਕ ਵਸਤੂ ਵਿਕਾਸ ਕਰਦੀ ਹੈ, ਜੇਕਰ ਇਕ ਤਰ੍ਹਾਂ ਦੀ ਸੰਸਥਾ ਦੀ ਥਾਂ ਦੂਜੀ ਤਰ੍ਹਾਂ ਦੀ ਸੰਸਥਾ ਲੈੰਦੀ ਹੈ, ਤਾਂ ਪ੍ਰਸ਼ੀਆਈ ਰਾਜੇ ਜਾਂ ਰੂਸੀ ਜਾਰ ਦੀ ਤਾਨਾਸ਼ਾਹੀ, ਵਿਸ਼ਾਲ ਬਹੁਗਿਣਤੀ ਨੂੰ ਨੁਕਸਾਨ ਪਹੁੰਚਾਕੇ ਨਿਗੂਣੀ ਜਿਹੀ ਘਟਗਿਣਤੀ ਦੀ ਖੁਸ਼ਹਾਲੀ ਜਾਂ ਜਨਤਾ ਉੱਤੇ ਪੂੰਜੀਪਤੀ ਜਮਾਤ ਦਾ ਗਲਬਾ ਹਮੇਸ਼ਾ ਕਿਸ ਤਰ੍ਹਾਂ ਬਣਿਆ ਰਹਿ ਸਕਦਾ ਸੀ? ਹੀਗਲ ਤੇ ਹੋਰ ਹੀਗਲਵਾਦੀਆਂ ਦੇ ਉਲਟ ਮਾਰਕਸ ਤੇ ਏਂਗਲਜ ਪਦਾਰਥਵਾਦੀ ਸਨ। ਸੰਸਾਰ ਤੇ ਮਨੁੱਖ ਜਾਤੀ ਨੂੰ ਪਦਾਰਥਵਾਦੀ ਨਜਰੀਏ ਤੋਂ ਦੇਖਦੇ ਹੋਏ ਉਨ੍ਹਾਂ ਨੇ ਅਨੁਭਵ ਕੀਤਾ ਕਿ ਜਿਸ ਤਰ੍ਹਾਂ ਕੁਦਰਤ ਦੇ ਸਮੂਚੇ ਵਰਤਾਰਿਆਂ ਦੀ ਬੁਨਿਆਦ ਵਿਚ ਪਦਾਰਥਕ ਕਾਰਨ ਹੁੰਦੇ ਹਨ, ਉਸੇ ਤਰ੍ਹਾਂ ਮਨੁੱਖੀ ਸਮਾਜ ਦਾ ਵਿਕਾਸ ਵੀ ਪਦਾਰਥਕ ਸ਼ਕਤੀਆਂ, ਉਤਪਾਦਕ ਸ਼ਕਤੀਆਂ ਦੇ ਵਿਕਾਸ ਰਾਹੀਂ ਨਿਰਧਾਰਤ ਹੁੰਦਾ ਹੈ। ਮਨੁੱਖੀ ਲੋੜਾਂ ਦੀ ਪੂਰਤੀ ਲਈ ਲੋੜੀਂਦੀਆਂ ਵਸਤਾਂ ਦਾ ਉਤਪਾਦਨ ਕਰਦਿਆਂ ਮਨੁੱਖਾਂ ਦਰਮਿਆਨ ਜਿਹੜੇ ਪਰਸਪਰ ਰਿਸ਼ਤੇ ਸਥਾਪਤ ਹੁੰਦੇ ਹਨ ਉਹ ਉਤਪਾਦਕ ਸ਼ਕਤੀਆਂ ਦੇ ਵਿਕਾਸ ‘ਤੇ ਹੀ ਨਿਰਭਰ ਕਰਦੇ ਹਨ । ਅਤੇ ਇਨ੍ਹਾਂ ਰਿਸ਼ਤਿਆਂ ਵਿਚ ਹੀ ਸਮਾਜਕ ਜੀਵਨ ਦੇ ਸਮੁੱਚੇ ਵਰਤਾਰਿਆਂ, ਮਨੁੱਖੀ ਆਸਾਂ-ਉਮੰਗਾਂ, ਵਿਚਾਰਾਂ ਤੇ ਨਿਯਮਾਂ ਦੀ ਵਿਆਖਿਆ ਸਮੋਈ ਹੁੰਦੀ ਹੈ। ਉਤਪਾਦਕ ਸ਼ਕਤੀਆਂ ਦਾ ਵਿਕਾਸ ਨਿੱਜੀ ਮਲਕੀਅਤ ‘ਤੇ ਆਧਾਰਿਤ ਸਮਾਜਿਕ ਰਿਸ਼ਤਿਆਂ ਨੂੰ ਜਨਮ ਦਿੰਦਾ ਹੈ, ਪਰ ਹੁਣ ਅਸੀਂ ਦੇਖਦੇ ਹਾਂ ਕਿ ਉਤਪਾਦਕ ਰਿਸ਼ਤਿਆਂ ਦਾ ਇਹ ਹੀ ਵਿਕਾਸ ਬਹੁਗਿਣਤੀ ਨੂੰ ਉਸਦੀ ਮਲਕੀਅਤ ਤੋਂ ਵਾਂਝਾ ਕਰ ਦਿੰਦਾ ਹੈ ਅਤੇ ਉਸਨੂੰ ਨਿਗੂਣੀ ਜਿਹੀ ਘਟਗਿਣਤੀ ਦੇ ਹੱਥਾਂ ਵਿਚ ਕੇਂਦਰਤ ਕਰ ਦਿੰਦਾ ਹੈ। ਉਹ ਮਲਕੀਅਤ ਨੂੰ, ਭਾਵ ਆਧੁਨਿਕ ਸਮਾਜਿਕ ਵਿਵਸਥਾ ਦੇ ਆਧਾਰ ਨੂੰ ਹੀ ਨਸ਼ਟ ਕਰ ਦਿੰਦਾ ਹੈ, ਉਹ ਖੁਦ ਹੀ ਉਸ ਨਿਸ਼ਾਨੇ ਵੱਲ ਵਧਦਾ ਹੈ, ਜਿਹੜਾ ਸਮਾਜਵਾਦੀਆਂ ਨੇ ਅਪਣੇ ਸਾਹਮਣੇ ਰਖਿਆ ਹੋਇਆ ਹੈ। ਸਮਾਜਵਾਦੀਆਂ ਲਈ ਸਿਰਫ ਇਹ ਹੀ ਕਾਰਜ ਰਹਿ ਜਾਂਦਾ ਹੈ ਕਿ ਉਹ ਇਹ ਸਮਝਣ ਕਿ ਕਿਹੜੀ ਸਮਾਜਿਕ ਸ਼ਕਤੀ ਮੌਜੂਦਾ ਸਮਾਜ ਵਿਚ ਅਪਣੀ ਸਥਿਤੀ ਕਰਕੇ ਸਮਾਜਵਾਦ ਦੀ ਸਥਾਪਨਾ ਵਿਚ ਦਿਲਚਸਪੀ ਰੱਖਦੀ ਹੈ, ਅਤੇ ਇਹ ਸਮਝਕੇ ਉਸ ਸ਼ਕਤੀ ਨੂੰ ਉਸਦੇ ਹਿਤਾਂ ਤੇ ਉਸਦੇ ਇਤਿਹਾਸਕ ਮਿਸ਼ਨ ਦੀ ਚੇਤਨਾ ਪ੍ਰਦਾਨ ਕਰਨ। ਇਹ ਸ਼ਕਤੀ ਹੈ, ਪਰੋਲੇਤਾਰੀ ਜਮਾਤ।


ਪਰੋਲੇਤਾਰੀ ਜਮਾਤ ਨਾਲ ਏਂਗਲਜ ਦੀ ਜਾਣ-ਪਛਾਣ ਇੰਗਲੈਂਡ ਦੇ ਉਦਯੋਗਿਕ ਕੇਂਦਰ ਮਾਨਚੈਸਟਰ ਵਿਚ ਹੋਈ, ਜਿੱਥੇ ਉਹ ਇਕ ਵਪਾਰਕ ਕੰਪਨੀ ਵਿਚ ਨੌਕਰੀ ਸ਼ੂਰੁ ਕਰਕੇ 1842 ਵਿਚ ਵਸ ਗਏ ਸਨ। ਉਨ੍ਹਾ ਦੇ ਪਿਤਾ ਇਸ ਕੰਪਨੀ ਦੇ ਹਿੱਸੇਦਾਰ ਸਨ। ਇਥੇ ਏਂਗਲਜ ਸਿਰਫ ਫੈਕਟਰੀ ਦੇ ਦਫਤਰ ਵਿਚ ਹੀ ਨਹੀਂ ਬੈਠੇ ਰਹੇ ਬਲਕਿ ਉਨ੍ਹਾ ਨੇ ਉਨ੍ਹਾਂ ਗੰਦੀਆਂ ਬਸਤੀਆਂ ਦੇ ਵੀ ਚੱਕਰ ਲਾਏ, ਜਿੱਥੇ ਮਜਦੂਰ ਦੜਬਿਆਂ ਵਰਗੀਆਂ ਥਾਵਾਂ ਵਿਚ ਰਹਿੰਦੇ ਸਨ। ਉਨ੍ਹਾਂ ਨੇ ਅਪਣੀਆਂ ਅੱਖਾਂ ਨਾਲ ਉਨ੍ਹਾਂ ਦੀ ਕੰਗਾਲੀ ਤੇ ਦੁਰਦਸ਼ਾ ਦੇਖੀ। ਪਰ ਉਹ ਸਿਰਫ ਅਪਣੀ ਖੁਦ ਦੀ ਘੋਖ-ਪੜਤਾਲ ਨਾਲ ਹੀ ਸੰਤੁਸ਼ਟ ਨਹੀਂ ਹੋ ਗਏ। ਬ੍ਰਿਟਿਸ਼ ਮਜਦੂਰ ਜਮਾਤ ਬਾਰੇ ਜਿਹੜੀ ਵੀ ਸਮੱਗਰੀ ਉਨ੍ਹਾਂ ਦੇ ਹੱਥ ਲੱਗੀ, ਉਨ੍ਹਾਂ ਨੇ ਉਹ ਸਾਰੀ ਹੀ ਪੜ੍ਹ ਲਈ ਅਤੇ ਜਿਹੜੇ ਵੀ ਸਰਕਾਰੀ ਕਾਗਜਾਤ ਉਪਲਬਧ ਹੋ ਸਕੇ, ਉਨ੍ਹਾਂ ਸਭ ਦਾ ਘੋਖਵਾਂ ਅਧਿਐਨ ਕੀਤਾ। ਇਨ੍ਹਾਂ ਅਧਿਐਨਾਂ ਤੇ ਘੋਖ-ਪੜਤਾਲ ਦਾ ਨਤੀਜਾ ਸੀ 1845 ਵਿਚ ਪ੍ਰਕਾਸ਼ਿਤ ‘ਇੰਗਲੈਂਡ ਦੀ ਮਜਦੂਰ ਜਮਾਤ ਦੀ ਦਸ਼ਾ’ ਨਾਮੀ ਪੁਸਤਕ, ਜਿਸ ਦਾ ਲੇਖਕ ਹੋਣ ਦੇ ਨਾਤੇ ਏਂਗਲਜ ਨੇ ਜਿਹੜੀ ਮੁੱਖ ਸੇਵਾ ਕੀਤੀ, ਉਸਦਾ ਵਰਨਣ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ। ਏਂਗਲਜ ਤੋਂ ਪਹਿਲਾਂ ਵੀ ਕਿੰਨੇ ਹੀ ਲੋਕਾਂ ਨੇ ਪਰੋਲੇਤਾਰੀ ਜਮਾਤ ਦੇ ਦੁੱਖਾਂ ਦਾ ਵਰਨਣ ਅਤੇ ਉਨ੍ਹਾਂ ਦੀ ਸਹਾਇਤਾ ਦੀ ਲੋੜ ਵੱਲ ਸੰਕੇਤ ਕੀਤਾ ਸੀ। ਪਰ ਏਂਗਲਜ ਹੀ ਉਹ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਕਿਹਾ ਸੀ ਕਿ ਪਰੋਲੇਤਾਰੀ ਨਾ ਸਿਰਫ ਦੁੱਖਾਂ ਨਾਲ ਗ੍ਰਸੀ ਜਮਾਤ ਹੈ ਬਲਕਿ ਪਰੋਲੇਤਾਰੀ ਦੀ ਸ਼ਰਮਨਾਕ ਆਰਥਿਕ ਹਾਲਤ ਹੀ ਉਹ ਚੀਜ ਹੈ, ਜਿਹੜੀ ਉਸਨੂੰ ਬਿਨਾਂ ਕਿਸੇ ਰੋਕ ਤੋਂ ਅੱਗੇ ਵਧਾਅ ਰਹੀ ਹੈ ਤੇ ਉਸਨੂੰ ਅਪਣੀ ਪੂਰਣ ਮੁਕਤੀ ਲਈ ਲੜਨ ਲਈ ਮਜਬੂਰ ਕਰ ਰਹੀ ਹੈ। ਅਤੇ ਸੰਘਰਸ਼ਸ਼ੀਲ ਪਰੋਲੇਤਾਰੀ ਜਮਾਤ ਖੁਦ ਅਪਣੀ ਮਦਦ ਕਰ ਲਵੇਗੀ। ਮਜਦੂਰ ਜਮਾਤ ਦਾ ਰਾਜਨੀਤਕ ਅੰਦੋਲਨ ਲਾਜ਼ਮੀ ਰੂਪ ਵਿਚ ਉਸਨੂੰ ਮਹਿਸੂਸ ਕਰਵਾਏਗਾ ਕਿ ਉਸਦੀ ਮੁਕਤੀ ਦਾ ਇੱਕੋ-ਇੱਕ ਰਾਹ ਸਮਾਜਵਾਦ ਹੈ। ਦੂਜੇ ਪਾਸੇ, ਸਮਾਜਵਾਦ ਤਾਂ ਹੀ ਇਕ ਸ਼ਕਤੀ ਬਣੇਗਾ, ਜਦੋਂ ਉਹ ਮਜਦੂਰ ਜਮਾਤ ਦੇ ਰਾਜਨੀਤਕ ਸੰਘਰਸ਼ ਦਾ ਉਦੇਸ਼ ਬਣ ਜਾਵੇਗਾ। ਇਹ ਹਨ ਇੰਗਲੈਂਡ ਦੀ ਮਜਦੂਰ ਜਮਾਤ ਦੀ ਸਥਿਤੀ ਨਾਲ ਸਬੰਧਤ ਏਂਗਲਜ ਦੀ ਪੁਸਤਕ ਦੇ ਮੁੱਖ ਵਿਚਾਰ। ਇਹ ਵਿਚਾਰ ਹੁਣ ਸਾਰੇ ਵਿਚਾਰਸ਼ੀਲ ਤੇ ਸੰਘਰਸ਼ਸ਼ੀਲ ਪਰੋਲੇਤਾਰੀਆਂ ਨੇ ਅਪਨਾ ਲਏ ਹਨ, ਪਰ ਉਸ ਸਮੇਂ ਇਹ ਬਿਲਕੁਲ ਨਵੇਂ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਕਾਸ਼ਨ ਇਕ ਅਜਿਹੀ ਪੁਸਤਕ ਵਿਚ ਹੋਇਆ ਸੀ, ਜਿਹੜੀ ਦਿਲ ਨੂੰ ਛੂਹ ਲੈਣ ਵਾਲੀ ਸ਼ੈਲੀ ਵਿਚ ਲਿਖੀ ਹੋਈ ਸੀ, ਅਤੇ ਬ੍ਰਿਟਿਸ਼ ਪਰੋਲੇਤਾਰੀ ਦੀ ਤਰਸਯੋਗ ਹਾਲਤ ਦੀਆਂ ਬੇਹੱਦ ਪ੍ਰਮਾਣਿਕ ਤੇ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨਾਲ ਭਰਪੂਰ ਸੀ। ਇਸ ਪੁਸਤਕ ਨੇ ਪੂੰਜੀਵਾਦ ਤੇ ਪੂੰਜੀਪਤੀ ਜਮਾਤ ਨੂੰ ਭਿਆਨਕ ਅਪਰਾਧੀ ਕਰਾਰ ਦਿੱਤਾ ਅਤੇ ਲੋਕਾਂ ‘ਤੇ ਡੂੰਘਾ ਪ੍ਰਭਾਵ ਪਾਇਆ। ਆਧੁਨਿਕ ਪਰੋਲੇਤਾਰੀ ਦੀ ਸਥਿਤੀ ਦਾ ਸਰਵਉਤੱਮ ਚਿੱਤਰ ਪੇਸ਼ ਕਰਨ ਵਾਲੀ ਪੁਸਤਕ ਦੇ ਰੂਪ ਵਿਚ ਏਂਗਲਜ ਦੀ ਇਸ ਰਚਨਾ ਦਾ ਸਭ ਪਾਸੇ ਹਵਾਲਾ ਦਿੱਤਾ ਜਾਣ ਲੱਗ ਪਿਆ। ਅਸਲ ਵਿਚ ਨਾ 1845 ਤੋਂ ਪਹਿਲਾਂ ਅਤੇ ਨਾ ਹੀ ਪਿਛੋਂ ਮਜਦੂਰ ਜਮਾਤ ਦੀ ਅਜਿਹੀ ਤਰਸਯੋਗ ਹਾਲਤ ਦੀ ਐਨੀ ਪ੍ਰਭਾਵਸ਼ਾਲੀ ਤੇ ਸੱਚਾਈ ਦਰਸਾਉਂਦੀ ਤਸਵੀਰ ਹੋਰ ਕਿਤੇ ਪੇਸ਼ ਹੋ ਸਕੀ ਹੈ।
ਇੰਗਲੈਂਡ ਵਿਚ ਵਸਣ ਤੋਂ ਬਾਅਦ ਹੀ ਏਂਗਲਜ ਸਮਾਜਵਾਦੀ ਬਣੇ। ਮਾਨਚੈਸਟਰ ਵਿਚ, ਉਨ੍ਹਾਂ ਨੇ ਉਸ ਸਮੇਂ ਦੇ ਬ੍ਰਿਟਿਸ਼ ਮਜਦੂਰ ਅੰਦੋਲਨ ਵਿਚ ਸਰਗਰਮੀ ਨਾਲ ਭਾਗ ਲੈਣ ਵਾਲੇ ਲੋਕਾਂ ਨਾਲ ਸੰਪਰਕ ਸਥਾਪਿਤ ਕੀਤਾ ਅਤੇ ਬ੍ਰਿਟਿਸ਼ ਸਮਾਜਵਾਦੀ ਪ੍ਰਕਾਸ਼ਨਾਵਾਂ ਲਈ ਲੇਖ ਲਿਖਣੇ ਸ਼ੁਰੂ ਕੀਤੇ। 1844 ਵਿਚ ਜਰਮਨੀ ਵਾਪਸ ਜਾਂਦੇ ਸਮੇਂ ਪੈਰਿਸ ਵਿਚ ਉਨ੍ਹਾਂ ਦੀ ਮਾਰਕਸ ਨਾਲ ਜਾਣ-ਪਛਾਣ ਹੋਈ। ਮਾਰਕਸ ਨਾਲ ਉਨ੍ਹਾਂ ਦਾ ਚਿੱਠੀ-ਪੱਤਰੀ ਰਾਹੀਂ ਸੰਵਾਦ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ। ਪੈਰਿਸ ਵਿਚ ਫਰਾਂਸੀਸੀ ਸਮਾਜਵਾਦੀਆਂ ਤੇ ਫਰਾਂਸੀਸੀ ਜੀਵਨ ਦੇ ਪ੍ਰਭਾਵ ਹੇਠ ਮਾਰਕਸ ਵੀ ਸਮਾਜਵਾਦੀ ਬਣ ਗਏ ਸਨ। ਇਥੇ ਦੋਹਾਂ ਮਿੱਤਰਾਂ ਨੇ ਰਲਕੇ ਇਕ ਕਿਤਾਬ ਲਿਖੀ, ਜਿਸਦਾ ਸਿਰਲੇਖ ਹੈ ‘ਪਵਿੱਤਰ ਪਰਿਵਾਰ ਜਾਂ ਆਲੋਚਨਾਤਮਕ ਆਲੋਚਨਾ ਦੀ ਆਲੋਚਨਾ’। ਇਹ ਪੁਸਤਕ ‘ਇੰਗਲੈਂਡ ਦੀ ਮਜਦੂਰ ਜਮਾਤ ਦੀ ਦਸ਼ਾ’ ਤੋਂ ਇਕ ਸਾਲ ਪਹਿਲਾਂ ਪ੍ਰਕਾਸ਼ਿਤ ਹੋਈ ਅਤੇ ਇਸਦਾ ਵੱਡਾ ਹਿੱਸਾ ਮਾਰਕਸ ਨੇ ਲਿਖਿਆ। ਉਪਰ ਜਿਸ ਇਨਕਲਾਬੀ-ਪਦਾਰਥਵਾਦੀ ਸਮਾਜਵਾਦ ਦੇ ਮੁੱਖ ਵਿਚਾਰਾਂ ਦੀ ਵਿਆਖਿਆ ਅਸੀਂ ਕਰ ਚੁੱਕੇ ਹਾਂ, ਉਸਦੇ ਬੁਨਿਆਦੀ ਸਿਧਾਂਤ ਇਸ ਪੁਸਤਕ ਵਿਚ ਪੇਸ਼ ਕੀਤੇ ਗਏ ਹਨ। ‘ਪਵਿੱਤਰ ਪਰਿਵਾਰ’ ਦੀ ਪ੍ਰਕਾਸ਼ਨਾ ਤੋਂ ਪਹਿਲਾਂ ਹੀ ਏਂਗਲਜ ਨੇ ਮਾਰਕਸ ਤੇ ਰੂਗੇ ਦੀ ‘ਜਰਮਨ-ਫਰਾਂਸੀਸੀ ਪਤ੍ਰਿਕਾ’ ਵਿਚ ਆਪਣੀ ਰਚਨਾ ‘ਰਾਜਨੀਤਕ ਅਰਥਸ਼ਾਸਤਰ ‘ਤੇ ਆਲੋਚਨਾਤਮਕ ਨਿਬੰਧ’ ਪ੍ਰਕਾਸ਼ਿਤ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਸਮਾਜਵਾਦੀ ਨਜਰੀਏ ਤੋਂ ਸਮਕਾਲੀਨ ਆਰਥਿਕ ਵਿਵਸਥਾ ਦੇ ਮੁੱਖ ਵਰਤਾਰਿਆਂ ਦੀ ਘੋਖ-ਪੜਤਾਲ ਕੀਤੀ ਸੀ ਅਤੇ ਇਹ ਸਿੱਟਾ ਕੱਢਿਆ ਸੀ ਕਿ ਇਹ ਨਿੱਜੀ ਮਲਕੀਅਤ ਦੇ ਗ਼ਲਬੇ ਦਾ ਲਾਜ਼ਮੀ ਨਤੀਜਾ ਹੈ। ਮਾਰਕਸ ਨੇ ਰਾਜਨੀਤਕ ਅਰਥਸ਼ਾਸਤਰ ਦਾ ਅਧਿਐਨ ਕਰਨ ਦਾ ਜਿਹੜਾ ਮਨ ਬਣਾਇਆ ਸੀ, ਉਸ ਵਿਚ ਬਿਨਾਂ ਸ਼ੱਕ ਏਂਗਲਜ ਨਾਲ ਉਨ੍ਹਾਂ ਦਾ ਸੰਪਰਕ ਇਕ ਕਾਰਕ ਸੀ। ਇਸ ਵਿਗਿਆਨ ਦੇ ਖੇਤਰ ‘ਚ ਮਾਰਕਸ ਦੀਆਂ ਰਚਨਾਵਾਂ ਨੇ ਅਸਲ ਵਿੱਚ ਇਕ ਇਨਕਲਾਬ ਲਿਆ ਦਿੱਤਾ।
1845 ਤੋਂ 1847 ਤਕ ਏਂਗਲਜ ਬਰੁਸੇਲਸ ਤੇ ਪੈਰਿਸ ਵਿਚ ਰਹੇ ਅਤੇ ਉਨ੍ਹਾਂ ਨੇ ਵਿਗਿਆਨਕ ਕਾਰਜ ਕਰਨ ਦੇ ਨਾਲ-ਨਾਲ ਉੱਥੋਂ ਦੇ ਜਰਮਨ ਮਜਦੂਰਾਂ ਦਰਮਿਆਨ ਅਮਲੀ ਕਾਰਵਾਈਆਂ ਵੀ ਕੀਤੀਆਂ। ਇਥੇ ਮਾਰਕਸ ਤੇ ਏਂਗਲਜ ਨੇ ਰੂਹਪੋਸ਼ ਦਲ ਜਰਮਨ ‘ਕਮਿਊਨਿਸਟ ਲੀਗ’ ਨਾਲ ਸੰਪਰਕ ਸਥਾਪਿਤ ਕੀਤਾ ਅਤੇ ਲੀਗ ਨੇ ਉਨ੍ਹਾਂ ਨੂੰ ਉਨ੍ਹਾਂ ਵਲੋਂ ਖੋਜੇ ਸਮਾਜਵਾਦ ਦੇ ਮੁੱਖ ਸਿਧਾਂਤਾਂ ਦੀ ਵਿਆਖਿਆ ਕਰਨ ਦਾ ਕਾਰਜ ਸੌਂਪਿਆ। ਇਸ ਤਰ੍ਹਾਂ ਮਾਰਕਸ ਤੇ ਏਂਗਲਜ ਦੀ ਪ੍ਰਸਿੱਧ ਰਚਨਾ ‘ਕਮਿਊਨਿਸਟ ਪਾਰਟੀ ਦਾ ਘੋਸ਼ਣਾ ਪੱਤਰ’ ਦਾ ਜਨਮ ਹੋਇਆ। ਇਹ 1848 ਵਿਚ ਪ੍ਰਕਾਸ਼ਿਤ ਹੋਇਆ। ਇਹ ਛੋਟਾ ਜਿਹਾ ਕਿਤਾਬਚਾ ਅਨੇਕਾਂ ਗ੍ਰੰਥਾਂ ਦੇ ਬਰਾਬਰ ਹੈ। ਅੱਜ ਵੀ ਉਸਦੀ ਜਿਉਂਦੀ-ਜਾਗਦੀ ਵਿਚਾਰਧਾਰਾ ਸਮੁੱਚੇ ਸੱਭਿਆ ਸੰਸਾਰ ਦੇ ਜੱਥੇਬੰਦ ਤੇ ਸੰਘਰਸ਼ਸ਼ੀਲ ਪਰੋਲੇਤਾਰੀ ਨੂੰ ਊਰਜਾ ਤੇ ਪ੍ਰੇਰਣਾ ਪ੍ਰਦਾਨ ਕਰਦੀ ਹੈ।
1848 ਦਾ ਇਨਕਲਾਬ, ਜਿਹੜਾ ਕਿ ਪਹਿਲਾਂ ਫਰਾਂਸ ਵਿਚ ਸ਼ੂਰੂ ਹੋਇਆ ਅਤੇ ਫਿਰ ਪੱਛਮੀ ਯੂਰਪ ਦੇ ਹੋਰ ਦੇਸ਼ਾਂ ਵਿਚ ਫੈਲ ਗਿਆ, ਤੋਂ ਪ੍ਰੇਰਿਤ ਹੋ ਕੇ ਮਾਰਕਸ ਤੇ ਏਂਗਲਜ ਮੁੜ ਅਪਣੀ ਮਾਤਭੂਮੀ ਪਰਤ ਆਏ। ਇੱਥੇ ਆ ਕੇ ਰਾਇਨੀ, ਪ੍ਰਸ਼ਾ ‘ਚ ਉਨ੍ਹਾਂ ਨੇ ਕੋਲੋਨ ਤੋਂ ਪ੍ਰਕਾਸ਼ਿਤ ਹੋਣ ਵਾਲੇ ਜਮਹੂਰੀ ਅਖਬਾਰ ‘ਨਿਊ ਰਾਇਨੀ’ ਦੀ ਬਾਗਡੋਰ ਆਪਨੇ ਹੱਥਾਂ ਵਿਚ ਲਈ। ਇਹ ਦੋਵੇਂ ਮਿੱਤਰ ਰਾਇਨੀ ਪ੍ਰਸ਼ਾ ਦੀਆਂ ਸਮੂਚੀਆਂ ਇਨਕਲਾਬੀ-ਜਮਹੂਰੀ ਆਸਾਂ-ਉਮੰਗਾਂ ਦਾ ਕੇਂਦਰ ਤੇ ਪ੍ਰੇਰਣਾ ਸਰੋਤ ਸਨ। ਜਨਤਾ ਦੇ ਹਿੱਤਾਂ ਤੇ ਆਜ਼ਾਦੀ ਦੀ ਰੱਖਿਆ ਹਿੱਤ ਉਨ੍ਹਾਂ ਨੇ ਅੰਤਿਮ ਸੰਭਾਵਨਾ ਤਕ ਸੱਜ-ਪਿਛਾਖੜੀ ਸ਼ਕਤੀਆਂ ਨਾਲ ਲੋਹਾ ਲਿਆ। ਜਿਵੇਂ ਕਿ ਅਸੀਂ ਜਾਣਦੇ ਹਾਂ, ਸੱਜ-ਪਿਛਾਖੜੀ ਸ਼ਕਤੀਆਂ ਦਾ ਪਲੜਾ ਭਾਰਾ ਰਿਹਾ। ‘ਨਿਊ ਰਾਇਨੀ’ ਅਖਬਾਰ ਦਾ ਗਲਾ ਘੁੱਟ ਦਿੱਤਾ ਗਿਆ। ਮਾਰਕਸ, ਜਿਹੜੇ ਪਿਛਲੇ ਪ੍ਰਵਾਸ ਕਾਲ ਵਿਚ ਅਪਣੀ ਨਾਗਰਿਕਤਾ ਗੁਆ ਚੁੱਕੇ ਸਨ, ਨੂੰ ਪ੍ਰਸ਼ੀਆ ਤੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ; ਏਂਗਲਜ ਨੇ ਹਥਿਆਰਬੰਦ ਲੋਕ-ਬਗਾਵਤ ਵਿਚ ਭਾਗ ਲਿਆ, ਆਜਾਦੀ ਲਈ ਲੜੀਆਂ ਗਈਆਂ ਤਿੰਨ ਲੜਾਈਆਂ ਵਿਚ ਹਿੱਸਾ ਲਿਆ ਅਤੇ ਬਾਗੀਆਂ ਦੀ ਹਾਰ ਤੋਂ ਬਾਅਦ ਉਹ ਸਵਿਟਜਰਲੈਂਡ ਦੇ ਰਾਹ ਹੁੰਦੇ ਹੋਏ ਲੰਡਨ ਪਹੁੰਚ ਗਏ।
ਮਾਰਕਸ ਵੀ ਲੰਡਨ ਵਿਚ ਹੀ ਵਸ ਗਏ। ਐਂਗਲਜ ਮੁੜ ਇਕ ਵਾਰ ਮਾਨਚੈਸਟਰ ਦੀ ਉਸੇ ਕੰਪਨੀ ਵਿਚ ਕਲਰਕ ਬਣ ਗਏ, ਜਿੱਥੇ ਉਹ 19ਵੀਂ ਸਦੀ ਦੇ ਪੰਜਵੇਂ ਦਹਾਕੇ ਵਿਚ ਕੰਮ ਕਰਦੇ ਸਨ। ਬਾਅਦ ਵਿਚ ਉਹ ਉਸੇ ਕੰਪਨੀ ਵਿਚ ਹਿੱਸੇਦਾਰ ਬਣੇ। 1870 ਤਕ ਉਹ ਮਾਨਚੈਸਟਰ ਵਿਚ ਰਹੇ ਜਦੋਂਕਿ ਮਾਰਕਸ ਲੰਡਨ ਵਿਚ ਰਹਿੰਦੇ ਸਨ। ਫੇਰ ਵੀ ਉਨ੍ਹਾਂ ਦੇ ਬਹੁਤ ਹੀ ਊਰਜਾਵਾਨ ਵਿਚਾਰ-ਵਟਾਂਦਰੇ ਜਾਰੀ ਰਹਿਣ ਵਿੱਚ ਕੋਈ ਅੜਿੱਕਾ ਨਹੀਂ ਪਿਆ, ਲਗਭਗ ਰੋਜ ਹੀ ਉਨ੍ਹਾਂ ਦੀ ਚਿੱਠੀ-ਪੱਤਰੀ ਹੁੰਦੀ ਰਹੀ। ਇਸ ਖਤੋ-ਖਿਤਾਬਤ ਰਾਹੀਂ ਇਨ੍ਹਾਂ ਦੋਹਾਂ ਮਿੱਤਰਾਂ ਨੇ ਵਿਚਾਰਾਂ ਤੇ ਖੋਜਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਵਿਗਿਆਨਕ ਸਮਾਜਵਾਦ ਦੀ ਰਚਨਾ ਵਿੱਚ ਸਹਿਯੋਗ ਜਾਰੀ ਰਖਿਆ। 1870 ਵਿਚ ਏਂਗਲਜ ਵੀ ਲੰਡਨ ਚਲੇ ਗਏ ਅਤੇ ਉਥੇ ਉਨ੍ਹਾਂ ਦੋਹਾਂ ਦਾ ਸਾਂਝਾ ਬੌਧਿਕ ਜੀਵਨ ਸਖਤ ਤਪਸਿਆ ਭਰਿਆ ਜੀਵਨ 1883 ਤਕ, ਭਾਵ ਮਾਰਕਸ ਦੇ ਦਿਹਾਂਤ ਤਕ ਜਾਰੀ ਰਿਹਾ। ਇਸ ਤਪਸਿਆ ਦਾ ਫਲ ਮਾਰਕਸ ਦੀ ਰਚਨਾ ‘ਪੂੰਜੀ’ ਦੇ ਰੂਪ ਵਿਚ ਸਾਹਮਣੇ ਆਇਆ, ਜਿਹੜੀ ਰਾਜਨੀਤਕ ਅਰਥਸ਼ਾਸਤਰ ਦੇ ਖੇਤਰ ਵਿਚ ਸਾਡੇ ਯੁਗ ਦੀ ਸਭ ਤੋਂ ਮਹਾਨ ਰਚਨਾ ਹੈ, ਅਤੇ ਏਂਗਲਜ ਵਲੋਂ ਕਿੰਨੀਆਂ ਹੀ ਛੋਟੀਆਂ ਤੇ ਵੱਡੀਆਂ ਰਚਨਾਵਾਂ ਵੀ ਇਸੇ ਹੀ ਕਾਲਖੰਡ ਵਿਚ ਸਿਰਜੀਆਂ ਗਈਆਂ। ਮਾਰਕਸ ਨੇ ਪੂੰਜੀਵਾਦੀ ਅਰਥਚਾਰੇ ਦੇ ਗੁੰਝਲਦਾਰ ਵਰਤਾਰਿਆਂ ਦੇ ਵਿਸ਼ਲੇਸ਼ਣ ‘ਤੇ ਕੰਮ ਕੀਤਾ। ਏਂਗਲਜ ਨੇ ਸਰਲ ਭਾਸ਼ਾ ਵਿਚ ਲਿਖੀਆਂ ਅਤੇ ਅਕਸਰ ਵਾਦ-ਵਿਵਾਦ ਵਾਲੀ ਸ਼ੈਲੀ ‘ਤੇ ਅਧਾਰਤ ਰਚਨਾਵਾਂ ਵਿਚ ਆਮ ਵਿਗਿਆਨਕ ਸਮੱਸਿਆਵਾਂ ਅਤੇ ਅਤੀਤ ਤੇ ਵਰਤਮਾਨ ਦੇ ਵੰਨ-ਸੁਵੰਨੇ ਵਰਤਾਰਿਆਂ ਦਾ ਵਿਸ਼ਲੇਸ਼ਣ ਇਤਿਹਾਸ ਦੀ ਪਦਾਰਥਵਾਦੀ ਧਾਰਣਾ ਤੇ ਮਾਰਕਸ ਦੇ ਸਿਧਾਂਤ ਦੀ ਰੌਸ਼ਨੀ ਵਿਚ ਕੀਤਾ। ਏਂਗਲਜ ਦੀਆਂ ਇਨ੍ਹਾਂ ਰਚਨਾਵਾਂ ਵਿਚ ਅਸੀਂ ਹੇਠ ਲਿਖਿਤ ਰਚਨਾਵਾਂ ਦਾ ਵਰਨਣ ਕਰਾਂਗੇ : ਡਯੂਹਰਿੰਗ ਵਿਰੁੱਧ ਖੰਡਨ-ਮੰਡਨ ਅਧਾਰਤ ਰਚਨਾ (ਜਿਸ ਵਿਚ ਫਲਸਫੇ, ਕੁਦਰਤੀ ਵਿਗਿਆਨ ਤੇ ਸਮਾਜਿਕ ਵਿਗਿਆਨ ਦੇ ਖੇਤਰ ਦੀਆਂ ਬਹੁਤ ਹੀ ਮਹੱਤਵਪੂਰਨ ਸੱਮਸਿਆਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ), ‘ਟੱਬਰ, ਨਿੱਜੀ ਜਾਇਦਾਦ ਅਤੇ ਰਾਜ ਦੀ ਉੱਤਪਤੀ’, ‘ਲੁਡਬਿਗ ਫਾਇਰਬਾਖ’, ਆਵਾਸ (ਰਿਹਾਇਸ਼ੀ ਘਰਾਂ) ਦੀ ਸੱਮਸਿਆ ਬਾਰੇ ਸ਼ਾਨਦਾਰ ਲੇਖ ਅਤੇ ਅੰਤ ਵਿਚ, ਰੂਸ ਦੇ ਆਰਥਿਕ ਵਿਕਾਸ ਬਾਰੇ ਦੋ ਛੋਟੇ, ਪਰ ਬਹੁਤ ਹੀ ਮੁੱਲਵਾਨ ਲੇਖ। ‘ਪੂੰਜੀ’ ਨਾਲ ਸਬੰਧਤ ਵਿਸ਼ਾਲ ਕਾਰਜ ਪੂਰਾ ਹੋਣ ਤੋਂ ਪਹਿਲਾਂ ਹੀ ਮਾਰਕਸ ਦਾ ਦਿਹਾਂਤ ਹੋ ਗਿਆ ਸੀ। ਪਰ ਇਹ ਪੁਸਤਕ ਅਪਣੇ ਮੂਲ ਰੂਪ ਵਿੱਚ ਤਿਆਰ ਹੋ ਚੁੱਕੀ ਸੀ। ਅਪਣੇ ਮਿੱਤਰ ਦੀ ਮੌਤ ਤੋਂ ਬਾਅਦ ਏਂਗਲਜ ਨੇ ‘ਪੂੰਜੀ’ ਦੇ ਦੂਜੇ ਤੇ ਤੀਜੇ ਖੰਡਾਂ ਦੇ ਪ੍ਰਕਾਸ਼ਨ ਸਬੰਧੀ ਤਿਆਰੀ ਤੇ ਪ੍ਰਕਾਸ਼ਨ ਦਾ ਵੱਡਾ ਕਾਰਜ ਆਪਣੇ ਮੋਢਿਆਂ ‘ਤੇ ਲਿਆ। ਉਨ੍ਹਾਂ ਨੇ ਦੂਜਾ ਖੰਡ 1885 ਵਿਚ ਅਤੇ ਤੀਜਾ ਖੰਡ 1894 ਵਿਚ ਪ੍ਰਕਾਸ਼ਿਤ ਕੀਤਾ (ਉਨ੍ਹਾਂ ਦੀ ਮੌਤ ਦੇ ਕਾਰਨ ਚੌਥੇ ਖੰਡ ਦੀ ਤਿਆਰੀ ਵਿਚ ਅੜਿੱਕਾ ਪਿਆ)। ਉਕਤ ਦੋਹਾਂ ਖੰਡਾਂ ਦੇ ਪ੍ਰਕਾਸ਼ਨ ਦੀ ਤਿਆਰੀ ਦਾ ਕਾਰਜ ਬਹੁਤ ਹੀ ਸਖ਼ਤ ਮਿਹਨਤ ਵਾਲਾ ਸੀ। ਆਸਟਰੀਆ ਦੇ ਸੋਸ਼ਲ-ਡੈਮੋਕ੍ਰੇਟ ਐਡਲਰ ਨੇ ਦਰੁਸਤ ਹੀ ਕਿਹਾ ਸੀ ਕਿ ” ‘ਪੂੰਜੀ’ ਦੇ ਦੂਜੇ ਤੇ ਤੀਜੇ ਖੰਡਾਂ ਦੇ ਪ੍ਰਕਾਸ਼ਨ ਰਾਹੀਂ ਏਂਗਲਜ ਨੇ ਅਪਣੇ ਪ੍ਰਤਿਭਾਸ਼ਾਲੀ ਮਿੱਤਰ ਦੀ ਸ਼ਾਨਦਾਰ ਯਾਦਗਾਰ ਉਸਾਰੀ ਹੈ, ਇਕ ਅਜਿਹੀ ਯਾਦਗਾਰ, ਜਿਸ ਉੱਤੇ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਨੇ ਅਪਣਾ ਨਾਂਅ ਅਮਿੱਟ ਰੂਪ ਵਿਚ ਲਿਖ ਦਿੱਤਾ ਹੈ।” ਅਸਲ ਵਿਚ ‘ਪੂੰਜੀ’ ਦੇ ਇਹ ਦੋ ਖੰਡ ਦੋ ਵਿਅਕਤੀਆਂ ਮਾਰਕਸ ਤੇ ਏਂਗਲਜ ਦੀਆਂ ਸਾਂਝੀਆਂ ਰਚਨਾਵਾਂ ਹਨ। ਪ੍ਰਾਚੀਨ ਗਾਥਾਵਾਂ ਵਿਚ ਮਿੱਤਰਤਾ ਦੇ ਕਿੰਨੇ ਹੀ ਦਿਲ ਨੂੰ ਛੂਹ ਲੈਣ ਵਾਲੇ ਉਦਾਹਰਨ ਮਿਲਦੇ ਹਨ। ਯੂਰਪ ਦਾ ਪਰੋਲੇਤਾਰੀ ਕਹਿ ਸਕਦਾ ਹੈ ਕਿ ਉਸਦੇ ਵਿਗਿਆਨ ਦੀ ਰਚਨਾ ਦੋ ਅਜਿਹੇ ਵਿਦਵਾਨਾਂ ਤੇ ਯੋਧਿਆਂ ਨੇ ਕੀਤੀ ਹੈ, ਜਿਨ੍ਹਾਂ ਦੇ ਆਪਸੀ ਸੰਬੰਧਾਂ ਸਾਹਮਣੇ ਮਨੁੱਖੀ ਮਿੱਤਰਤਾ ਦੀਆਂ ਅੱਤ ਦੀਆਂ ਹਿਰਦੇ ਨੂੰ ਛੂਹ ਲੈਣ ਵਾਲੀਆਂ ਪੌਰਾਣਿਕ ਕਥਾਵਾਂ ਵੀ ਫਿੱਕੀਆਂ ਪੈ ਜਾਂਦੀਆਂ ਹਨ। ਏਂਗਲਜ ਸਦਾ ਹੀ ਅਤੇ ਆਮ ਤੌਰ ‘ਤੇ ਦਰੁੱਸਤ ਹੀ ਅਪਣੇ ਆਪ ਨੂੰ ਮਾਰਕਸ ਤੋਂ ਬਾਅਦ ਰਖਦੇ ਸਨ। ਮਾਰਕਸ ਦੇ ਜੀਵਨ ਕਾਲ ਦੌਰਾਨ ਉਨ੍ਹਾਂ ਨੇ ਅਪਣੇ ਇਕ ਮਿੱਤਰ ਨੂੰ ਲਿਖਿਆ ਸੀ, ”ਮੈਂ ਨਿਗੂਣੀ ਜਿਹੀ ਭੂਮਿਕਾ ਅਦਾ ਕੀਤੀ।” ਇਹ ਜਿਉਂਦੇ ਮਾਰਕਸ ਦੇ ਪ੍ਰਤੀ ਉਨ੍ਹਾਂ ਦਾ ਪਿਆਰ ਤੇ ਮਰਹੂਮ ਮਾਰਕਸ ਦੀ ਯਾਦ ਪ੍ਰਤੀ ਉਨ੍ਹਾਂ ਦਾ ਅਸੀਮ ਆਦਰ ਦਾ ਸ਼ਿਖਰ ਸੀ। ਇਸ ਦ੍ਰਿੜ੍ਹ ਯੋਧੇ ਤੇ ਕਠੋਰ ਸਿਧਾਂਤਕਾਰ ਦਾ ਹਿਰਦਾ ਡੂੰਘੇ ਪਿਆਰ ਨਾਲ ਲਬਾਲਬ ਸੀ।
1848-1849 ਦੇ ਦੇਸ਼ ਨਿਕਾਲੇ ਸਮੇਂ ਮਾਰਕਸ ਤੇ ਏਂਗਲਜ ਸਿਰਫ ਵਿਗਿਆਨਕ ਖੋਜ ਕਾਰਜ ਵਿਚ ਹੀ ਰੁੱਝੇ ਨਹੀਂ ਰਹੇ। 1864 ਵਿਚ ਮਾਰਕਸ ਨੇ ‘ਕੌਮਾਂਤਰੀ ਮਜਦੂਰ ਸੰਘ’ ਦੀ ਸਥਾਪਨਾ ਕੀਤੀ ਅਤੇ ਪੂਰੇ ਦਹਾਕੇ ਭਰ ਇਸਦੀ ਅਗਵਾਈ ਕੀਤੀ। ਏਂਗਲਜ ਨੇ ਵੀ ਇਸ ਸੰਸਥਾ ਦੇ ਕਾਰਜ ਵਿਚ ਸਰਗਰਮੀ ਨਾਲ ਹਿੱਸਾ ਲਿਆ। ‘ਕੌਮਾਂਤਰੀ ਸੰਘ’ ਦਾ ਕਾਰਜ, ਜਿਸਨੇ ਮਾਰਕਸ ਦੇ ਵਿਚਾਰਾਂ ਮੁਤਾਬਕ ਸਾਰੇ ਦੇਸ਼ਾਂ ਦੇ ਪਰੋਲੇਤਾਰੀਆਂ ਨੂੰ ਇਕਜੁੱਟ ਕੀਤਾ, ਮਜਦੂਰ ਅੰਦੋਲਨ ਦੇ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਸੀ। ਪਰ 19ਵੀਂ ਸਦੀ ਦੇ 8ਵੇਂ ਦਹਾਕੇ ਵਿਚ ਉਕਤ ਸੰਘ ਦੇ ਬੰਦ ਹੋ ਜਾਣ ਤੋਂ ਬਾਅਦ ਵੀ ਮਾਰਕਸ ਤੇ ਏਂਗਲਜ ਦੀ ਇਕਜੁੱਟਤਾ ਸਬੰਧੀ ਭੂਮਿਕਾ ਸਮਾਪਤ ਨਹੀਂ ਹੋਈ। ਇਸਦੇ ਉਲਟ ਕਿਹਾ ਜਾ ਸਕਦਾ ਹੈ, ਮਜਦੂਰ ਅੰਦੋਲਨ ਦੇ ਸਿਧਾਂਤਕ ਆਗੂਆਂ ਦੇ ਰੂਪ ਵਿੱਚ ਉਨ੍ਹਾਂ ਦਾ ਮਹੱਤਵ ਨਿਰੰਤਰ ਵੱਧਦਾ ਰਿਹਾ, ਕਿਉਂਕਿ ਇਹ ਅੰਦੋਲਨ ਖੁਦ ਵੀ ਬਿਨਾਂ ਅੜਿੱਕਿਆਂ ਤੋਂ ਤਰੱਕੀ ਕਰਦਾ ਰਿਹਾ। ਮਾਰਕਸ ਦੀ ਮੌਤ ਤੋਂ ਬਾਅਦ ਵੀ ਇੱਕਲੇ ਏਂਗਲਜ ਯੂਰਪੀਅਨ ਸਮਾਜਵਾਦੀਆਂ ਦੇ ਸਲਾਹਕਾਰ ਤੇ ਆਗੂ ਬਣੇ ਰਹੇ। ਉਨ੍ਹਾਂ ਦੀ ਸਲਾਹ ਤੇ ਮਾਰਗ-ਦਰਸ਼ਨ ਦੇ ਜਰਮਨ ਸਮਾਜਵਾਦੀ, ਜਿਨ੍ਹਾਂ ਦੀ ਤਾਕਤ ਸਰਕਾਰੀ ਤਸੀਹਿਆਂ ਦੇ ਬਾਵਜੂਦ ਤੇਜੀ ਨਾਲ ਤੇ ਨਿਰੰਤਰ ਵੱਧ ਰਹੀ ਸੀ, ਅਤੇ ਸਪੇਨ, ਰੁਮਾਨੀਆ, ਰੂਸ ਆਦਿ ਵਰਗੇ ਪਿਛੜੇ ਦੇਸ਼ਾਂ ਦੇ ਨੁਮਾਇੰਦੇ, ਜਿਹੜੇ ਅਪਣੇ ਮੁਢਲੇ ਕਦਮ ਬਹੁਤ ਹੀ ਸੋਚ-ਸਮਝ ਕੇ ਤੇ ਸੰਭਲ ਕੇ ਰੱਖਣ ਲਈ ਮਜਬੂਰ ਸਨ, ਸਾਰੇ ਸਮਾਨ ਰੂਪ ਵਿਚ ਤਲਬਗਾਰ ਸਨ। ਉਹ ਸਭ ਬਜੁਰਗ ਏਂਗਲਜ ਦੇ ਗਿਆਨ ਤੇ ਅਨੁਭਵ ਦੇ ਜ਼ਰਖੇਜ਼ ਖਜ਼ਾਣੇ ਦਾ ਲਾਭ ਲੈਂਦੇ ਸਨ।
….”ਪਰੋਲੇਤਾਰੀ ਦੀ ਮੁਕਤੀ ਖੁਦ ਪਰੋਲੇਤਾਰੀ ਦੇ ਹੱਥੀਂ ਸੰਪੰਨ ਹੋ ਸਕਦੀ ਹੈ”, ਮਾਰਕਸ ਤੇ ਏਂਗਲਜ ਹਮੇਸ਼ਾ ਇਹ ਹੀ ਸਿਖਿਆ ਦਿੰਦੇ ਰਹੇ । ਪਰ ਅਪਣੀ ਆਰਥਕ ਮੁਕਤੀ ਲਈ ਸੰਘਰਸ਼ ਕਰਨ ਲਈ ਇਹ ਜਰੂਰੀ ਹੈ ਕਿ ਪਰੋਲੇਤਾਰੀ ਕੁਝ ਰਾਜਨੀਤਿਕ ਅਧਿਕਾਰ ਪ੍ਰਾਪਤ ਕਰੇ ।….
ਪਰੋਲੇਤਾਰੀਆਂ ਦੇ ਮਹਾਨ ਯੋਧੇ ਤੇ ਅਧਿਆਪਕ ਫਰੈਡਰਿਕ ਏਂਗਲਜ ਦੀ ਯਾਦ ਹਮੇਸ਼ਾ ਅਮਰ ਰਹੇ!
(*ਰੂਸੀ ਕਵੀ ਨੇਕ੍ਰਾਸੋਵ ਦੀਆਂ
ਪ੍ਰਸਿੱਧ ਸਤਰਾਂ ਜਿਹੜੀਆਂ ਉਨ੍ਹਾਂ ਨੇ
ਮਹਾਨ ਲੇਖਕ ਦੋਬ੍ਰੋਲਿਉਬੋਵ ਦੇ
ਦਿਹਾਂਤ ਮੌਕੇ ਲਿਖਿਆਂ ਸਨ)।

ਫਰੈਡਰਿਕ ਏਂਗਲਜ

Scroll To Top