5 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮੁਜ਼ੱਫਰਨਗਰ ਵਿਖੇ ਹੋਈ ਕਿਸਾਨ ਮਹਾਂਪੰਚਾਇਤ ਲਾਮਿਸਾਲ ਕਾਮਯਾਬ ਰਹੀ ਹੈ। ਨਾ ਕੇਵਲ ਇਕੱਠ ਦੀ ਵਿਸ਼ਾਲਤਾ ਅਤੇ ਬਣਤਰ ਪੱਖੋਂ, ਬਲਕਿ ਬੁਲਾਰਿਆਂ ਦੇ ਭਾਸ਼ਣਾਂ ਅਤੇ ਮੰਚ ਤੋਂ ਵਾਰ-ਵਾਰ ਗੂੰਜਾਏ ਗਏ ਹਾਂ ਵਾਚਕ ਨਾਹਰਿਆਂ ਨੇ ਵੀ ਦੇਸ਼ ਦੇ ਜਮਹੂਰੀ ਅੰਦੋਲਨ ਦੇ ਨਰੋਏ ਭਵਿੱਖ ਪ੍ਰਤੀ ਭਰਪੂਰ ਆਸ ਜਗਾਈ ਹੈ। ਇਸ ਮਹਾਂਰੈਲੀ ਨੇ ਇਹ ਭਰਮਾਊ ਪ੍ਰਚਾਰ ਵੀ ਚਕਨਾਚੂਰ ਕਰ ਦਿੱਤਾ ਹੈ ਕਿ ਦਿੱਲੀ ਦੀਆਂ ਜੂਹਾਂ ’ਤੇ ਲੱਗੇ ਮੋਰਚੇ ਕੇਵਲ ਪੰਜਾਬ ਦੇ ਕਿਸਾਨਾਂ ਦੇ ਇੱਕ ਹਿੱਸੇ ਦੀ ਸ਼ਮੂਲੀਅਤ ਤੱਕ ਹੀ ਸੀਮਤ ਹਨ। ਮਹਾਂ ਇਕੱਠ ਨੇ ਰਾਕੇਸ਼ ਟਿਕੈਤ ਦੀ ਹਰਮਨ ਪਿਆਰਤਾ ਦੀ ਮੁੜ ਸ਼ਨਾਖਤ ਕੀਤੀ ਹੈ ਅਤੇ ਕਿਸਾਨ ਸੰਘਰਸ਼ ਦਾ ਮੋਕਲਾ ਘੇਰਾ ਹੋਰ ਵਸੀਹ ਕਰਨ ਦੀਆਂ ਅਸੀਮ ਸੰਭਾਵਨਾਵਾਂ ਜਗਾਈਆਂ ਹਨ।
ਭਾਜਪਾ ਨੂੰ ਚੋਣ ਅਖਾੜੇ ’ਚ ਚਿੱਤ ਕਰਨ ਲਈ ਜੋਰਦਾਰ ਢੰਗ ਨਾਲ ਉਠਾਏ ਗਏ ‘ਵੋਟ ਕੀ ਚੋਟ’ ਅਤੇ ‘ਮਿਸ਼ਨ ਯੂਪੀ’ ਤੇ ‘ਮਿਸ਼ਨ ਉੱਤਰਾਖੰਡ’ ਵਰਗੇ ਨਾਹਰਿਆਂ ਨੂੰ ਵਿਸ਼ਲੇਸ਼ਕ ਹੀ ਨਹੀਂ ਬਲਕਿ ਆਮ ਲੋਕ ਵੀ ਬਹੁਤ ਮਹੱਤਵ ਦੇ ਰਹੇ ਹਨ।
ਐਪਰ ਸਾਡੇ ਮੁਤਾਬਕ, ਭਾਜਪਾ ਅਤੇ ਉਸ ਦੇ ਖੇਵਣਹਾਰ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਹੋਂਦ ਦੇ ਆਧਾਰ ਸਤੰਭ, ਫਿਰਕੂ ਵੰਡ ਦੀ ਸਾਜਿਸ਼ੀ ਵਿਉਂਤਬੰਦੀ ਨੂੰ ਚੁਣੌਤੀ ਦੇਣਾ ਇਸ ਮਹਾਂ ਇਕੱਤਰਤਾ ਦਾ ਦੇਸ਼ ਅਤੇ ਦੇਸ਼ ਵਾਸੀਆਂ ਦੇ ਹਕੀਕੀ ਫਿਕਰਮੰਦਾਂ ਲਈ ਕਿਸੇ ਬੇਸ਼ਕੀਮਤੀ ਸੁਗਾਤ ਤੋਂ ਘੱਟ ਨਹੀਂ।
ਜਦੋਂ ਤੋਂ ਇਸ ਮਹਾਂਪੰਚਾਇਤ ਦਾ ਐਲਾਨ ਹੋਇਆ ਸੀ ਉਦੋਂ ਤੋਂ ਹੀ ਕਿਸਾਨ ਸੰਘਰਸ਼ ਨਾਲ ਨੇੜਿਓਂ ਜੁੜੇ, ਦਿੱਲੀ ਤੋਂ ਇਲਾਵਾ ਹਰਿਆਣਾ ਤੇ ਪੰਜਾਬ ਵਿਖੇ ਕੀਤੀਆਂ ਗਈਆਂ ਅਜਿਹੀਆਂ ਸ਼ਾਨਦਾਰ ਇਕੱਤਰਤਾਵਾਂ ਵਿੱਚ ਕਈ-ਕਈ ਵਾਰ ਸ਼ਾਮਲ ਹੋ ਚੁੱਕੇ ਆਗੂਆਂ ਅਤੇ ਵਰਕਰਾਂ ਦੇ ਮਨਾਂ ’ਚ ਨਿਵੇਕਲਾ ਉਤਸ਼ਾਹ ਸੀ। ਮੁਜ਼ੱਫ਼ਰਨਗਰ ਜਾਣ ਦਾ ਉਤਸ਼ਾਹ ਪਹਿਲਾਂ ਨਾਲੋਂ ਕੁਝ ਨਿਵੇਕਲਾ ਇਸ ਲਈ ਵੀ ਸੀ ਕਿਉਂਕਿ ਜਦੋਂ ਤੋਂ ਦਿੱਲੀ ਦੀਆਂ ਜੂਹਾਂ ’ਤੇ ਕਿਸਾਨ ਮੋਰਚੇ ਲੱਗੇ ਹਨ ਉਦੋਂ ਤੋਂ ਲੈ ਕੇ ਹੁਣ ਤੱਕ ਉੱਤਰ ਪ੍ਰਦੇਸ਼ ਵਿੱਚ ਹੋਣ ਜਾ ਰਹੀ ਇਹ ਪਹਿਲੀ ਮਹੱਤਵਪੂਰਨ ਜਨ ਸਭਾ ਸੀ। ਲੋਕਾਂ ਨੂੰ ਲਗਦਾ ਸੀ ਕਿ ਇਸ ਵਿਸ਼ਾਲ ਇਕੱਠ ਰਾਹੀਂ ਦੇਸ਼ ਦੀ ਮਿਹਨਤੀ ਲੋਕਾਈ ਵੱਲੋਂ ਭਾਰਤ ਦਾ ਜੋ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ ਉਸ ਦਾ ਹਿੱਸਾ ਜ਼ਰੂਰ ਬਣਿਆ ਜਾਵੇ। ਕਿਲਾ ਰਾਇਪੁਰ, ਕਲਾਨੌਰ, ਹਰਸ਼ੇ ਮਾਨਸਰ, ਗੁਰਦਾਸਪੁਰ, ਬਰਨਾਲਾ, ਜਗਰਾਓਂ ਆਦਿ ਮੋਰਚਿਆਂ ਚੋਂ ਕਿਰਤੀ ਕਿਸਾਨਾਂ ਨੇ ਆਕਾਸ਼ ਗੂੰਜਾਊ ਜੋਸ਼ੀਲੇ ਨਾਹਰੇ ਮਾਰਦਿਆਂ ਜਦੋਂ ਮੁਜਫਰਨਗਰ ਨੂੰ ਚਾਲੇ ਪਾਏ ਤਾਂ ਉਹ ਇਉਂ ਮਹਿਸੂਸ ਕਰ ਰਹੇ ਸਨ ਜਿਵੇਂ ਕੋਈ ਕਿਲ੍ਹਾ ਫਤਹਿ ਕਰਨ ਜਾ ਰਹੇ ਹੋਣ।
ਯੂ.ਪੀ., ਭਾਜਪਾ ਦਾ ਗੜ੍ਹ ਸਮਝਿਆ ਜਾਂਦਾ ਹੈ। ਇੱਥੋਂ ਦੀਆਂ 80 ਲੋਕ ਸਭਾ ਸੀਟਾਂ ਹਨ ਤੇ ਮੰਨਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਜਾਂਦਾ ਰਾਹ ਇੱਥੋਂ ਦੀ ਹੋ ਕੇ ਜਾਂਦਾ ਹੈ।
ਪੰਜਾਬ ਦੇ ਅੰਦੋਲਨਕਾਰੀ ਜਦੋਂ ਹਰਿਆਣਾ ਟੱਪ ਕੇ ਯੂਪੀ ਦੀ ਹੱਦ ’ਚ ਦਾਖਲ ਹੋਏ ਤਾਂ ਕਈ ਥਾਂਵਾਂ ’ਤੇ ਅੱਡਿਆਂ ਉੱਪਰ ਹਿੰਦੂ-ਮੁਸਲਿਮ ਨੌਜਵਾਨ ਵਾਲੰਟੀਅਰ ਗਾਈਡ ਕਰਦੇ ਦਿਸੇ। ਇਹ ਦੇਖ ਕੇ ਬਹੁਤ ਚੰਗਾ ਲੱਗਾ ਕਿਉਂਕਿ ਅਜਿਹੇ ਹੀ ਨੌਜਵਾਨ ਭਵਿੱਖ ਵਿੱਚ ਫਿਰਕੂ ਹਨ੍ਹੇਰੀ ਦੇ ਰਾਹ ਦੀ ਮਜਬੂਤ ਦੀਵਾਰ ਬਣਨ ਦੀ ਸਮਰੱਥਾ ਰੱਖਦੇ ਹਨ।
ਕਈ ਥਾਵਾਂ ਤੇ ਨੌਜਵਾਨ ਖੁਸ਼ੀ-ਖੁਸ਼ੀ ਹੱਥ ਜੋੜ ਕੇ ਲੰਗਰ ਛਕਣ ਲਈ ਬੇਨਤੀ ਕਰਦੇ ਵੀ ਦੇਖੇ ਗਏ।
ਇਨ੍ਹਾਂ ਨੂੰ ਦੇਖ ਕੇ ਪੰਜਾਬ ਚ ਲੱਗਦੇ ਲੰਗਰਾਂ ਦਾ ਭੁਲੇਖਾ ਪੈ ਰਿਹਾ ਸੀ।
ਪੰਜਾਬ ਤੋਂ ਗਏ ਇੱਕ ਸਾਂਝੇ ਕਿਸਾਨ ਜੱਥੇ ਨੇ ਜਮਹੂਰੀ ਕਿਸਾਨ ਸਭਾ ਦੇ ਸੀਨੀਅਰ ਆਗੂ ਸਾਥੀ ਸੁਰਜੀਤ ਸਿੰਘ ਸੀਲੋਂ ਦੇ ਕਿਸੇ ਦੂਰ ਦੇ ਰਿਸ਼ਤੇਦਾਰ ਦੇ ਘਰ ਰੁਕਣਾ ਸੀ। ਉਹ ਸਾਰੇ ਕਿਸਾਨਾਂ ਨੂੰ ਬੜੇ ਸਤਿਕਾਰ ਨਾਲ ਘਰ ਲੈ ਕੇ ਗਏ ਤੇ ਅੱਗੋਂ ਬੱਚਿਆਂ-ਬਜੁਰਗਾਂ ਸਾਰਿਆਂ ਨੇ ਹੀ ਪੰਜਾਬੀ ਕਿਸਾਨਾਂ ਦਾ ਬੜਾ ਨਿੱਘਾ ਸੁਆਗਤ ਕੀਤਾ। ਬੜੇ ਅਦਬ ਨਾਲ ਲੰਗਰ ਛਕਾਇਆ ਤੇ ਆਂਢ-ਗੁਆਂਢ ਦੇ ਕਈ ਘਰਾਂ ਚ ਸਭਨਾਂ ਦੀ ਰਿਹਾਇਸ਼ ਦਾ ਬੜਾ ਸੋਹਣਾ ਇੰਤਜਾਮ ਕੀਤਾ। ਕੁਝ ਸਾਥੀ ਕਿਸੇ ਹਿੰਦੂ ਪਰਿਵਾਰ ਕੋਲ ਵੀ ਠਹਿਰੇ। ਅਗਲੀ ਸਵੇਰ ਪਤਾ ਲੱਗਾ ਕਿ ਪੰਜਾਬ ਹੀ ਨਹੀਂ ਬਲਕਿ ਹਰਿਆਣਾ ਦੇ ਅਸੰਧ ਸ਼ਹਿਰ ਅਤੇ ਹੋਰਨਾਂ ਥਾਵਾਂ ਤੋਂ ਆਏ ਅਨੇਕਾਂ ਲੋਕ ਉੱਥੇ ਹੀ ਠਹਿਰੇ ਹੋਏ ਸਨ ਤੇ ਮਹਾਂਪੰਚਾਇਤ ’ਚ ਸ਼ਾਮਿਲ ਹੋਣ ਲਈ ਪੁੱਜਣ ਵਾਲੇ ਹੋਰ ਅਨੇਕਾਂ ਲੋਕਾਂ ਦੀ ਵੀ ਮੇਜ਼ਬਾਨ ਪਰਿਵਾਰ ਪਲਕਾਂ ਵਿਛਾਈ ਉਡੀਕ ਕਰ ਰਿਹਾ ਸੀ। ਇਹ ਸਭ ਦੇਖ ਕੇ ਪੰਜਾਬ ’ਚ ਲੱਗਣ ਵਾਲੇ ਗੁੱਗਾ ਮਾੜੀ ਜਿਹੇ ਮਸ਼ਹੂਰ ਮੇਲਿਆਂ ਨਾਲ ਜੁੜੇ ਉਹ ਖੂਬਸੂਰਤ ਪਲ ਚੇਤੇ ਆ ਰਹੇ ਸਨ ਜਦੋਂ ਸਾਰੇ ਪਿੰਡ ਦੇ ਕੋਠੇ ਦੂਰੋਂ-ਨੇੜਿਓਂ ਆਏ ਰਿਸ਼ਤੇਦਾਰਾਂ ਲਈ ਡਾਹੇ ਮੰਜਿਆਂ ਨਾਲ ਭਰੇ ਪਏ ਹੁੰਦੇ ਸਨ। ਇਹ ਦੇਖਣਾ ਇੱਕ ਸੁਖਦ ਅਹਿਸਾਸ ਹੈ ਕਿ ਪੰਜਾਬੀ ਲੋਕਾਂ ਨੇ ਉੱਥੇ ਰਹਿੰਦੇ ਹਿੰਦੂ ਪਰਿਵਾਰਾਂ ਨਾਲ ਭਾਜਪਾ ਦੇ ਕਿਸਾਨ ਵਿਰੋਧੀ ਨਫਰਤੀ ਪ੍ਰਚਾਰ ਦੇ ਬਾਵਜੂਦ ਭਾਈਚਾਰਕ ਸਾਂਝ ਮਜਬੂਤ ਬਣਾ ਕੇ ਰੱਖੀ ਹੋਈ ਹੈ।
5 ਸਤੰਬਰ ਨੂੰ ਸਵੇਰੇ 10 ਵਜੇ ਦੇ ਕਰੀਬ ਰੈਲੀ ਵਾਲੇ ਸਥਾਨ ਦੇ ਨੇੜੇ-ਤੇੜੇ ਕਿਸੇ ਵੀ ਚੌਂਕ ਚ ਖੜ੍ਹ ਕੇ ਦੇਖਿਆਂ ਹਰ ਪਾਸੇ, ਹਰ ਸੜਕ, ਹਰ ਗਲੀ ’ਚ ਲੋਕ ਹੀ ਲੋਕ ਨਜ਼ਰ ਆ ਰਹੇ ਸਨ।
ਗੁਰਦੁਆਰਾ ਸਾਹਿਬ ’ਚ ਲੰਗਰ ਛਕਣ ਵਾਲੀ ਭੀੜ ਦੀ ਗਿਣਤੀ ਅੰਦਾਜ਼ਿਆਂ ਤੋਂ ਬਾਹਰ ਸੀ। ਰੈਲੀ ਵਾਲੀ ਗਰਾਊਂਡ ’ਚ ਦਾਖ਼ਲ ਹੋਣ ਤੇ ਬੈਠਣ ਲਈ ਕੋਈ ਥਾਂ ਲੱਭਣ ’ਚ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਸੀ।
ਇਸ ਕਰਕੇ ਰੈਲੀ ’ਚ ਪੁੱਜਣ ਵਾਲੇ ਵਿਸ਼ਾਲ ਜੱਥੇ 4-4 ਜਾਂ 5-5 ਦੇ ਗਰੁੱਪਾਂ ’ਚ ਜਿੱਥੇ ਕਿਤੇ ਵੀ ਥਾਂ ਮਿਲਦੀ ਉੱਥੇ ਹੀ ਬੈਠ ਰਹੇ ਸਨ।
ਇੱਕ ਤਜ਼ਰਬੇਕਾਰ ਆਗੂ ਨੇ ਖੜ੍ਹੇ ਹੋ ਕੇ ਗਿਣਤੀ ਕੀਤੀ ਤੇ ਉਸ ਮੁਤਾਬਕ ਕੋਈ ਢਾਈ ਹਜ਼ਾਰ ਤੋਂ ਵੱਧ ਪੱਲੇ ਲੱਗੇ ਹੋਏ ਸਨ ਤੇ ਪਲਿਆਂ ਤੋਂ ਬਾਹਰ ਦੀ ਖਲਕਤ ਵੱਖਰੀ ਸੀ। ਸਟੇਜ ਤੇ ਆਗੂ ਆਉਂਦੇ ਜਾ ਰਹੇ ਸਨ ਤੇ ਹਰੇਕ ਨੂੰ ਸਿਰਫ਼ 1-1 ਮਿੰਟ ਦਾ ਸਮਾਂ ਹੀ ਦਿੱਤਾ ਜਾ ਰਿਹਾ ਸੀ ਪਰ ਫਿਰ ਵੀ ਗਿਲਾ ਕੋਈ ਨਹੀਂ ਸੀ ਕਰ ਰਿਹਾ।
ਸਟੇਜ ਤੋਂ ਬੋਲੇ ਜਾ ਰਹੇ ਨਾਵਾਂ ਤੋਂ ਪਤਾ ਲੱਗਦਾ ਸੀ ਕਿ ਹਿਮਾਚਲ, ਮੱਧ ਪ੍ਰਦੇਸ਼, ਰਾਜਸਥਾਨ ਆਦਿ ਸਮੇਤ ਭਾਰਤ ਦੇ ਵੱਡੀ ਗਿਣਤੀ ਸੂਬਿਆਂ ਦੇ ਮਜ਼ਦੂਰ-ਕਿਸਾਨ ਉੱਥੇ ਹਾਜ਼ਰ ਸਨ। ਦੱਖਣੀ ਭਾਰਤ ਦੇ ਬੁਲਾਰਿਆਂ ਦੇ ਕੰਨੜ, ਤਾਮਿਲ, ਤੇਲਗੂ ਆਦਿ ਭਾਸ਼ਾਵਾਂ ’ਚ ਕੀਤੇ ਗਏ ਭਾਸ਼ਣਾਂ ਦਾ ਹਿੰਦੀ ’ਚ ਨਾਲੋ-ਨਾਲ ਹੋ ਰਿਹਾ ਅਨੁਵਾਦ ਕਿਸਾਨ ਮੋਰਚੇ ਦੀ ਵੱਡੀ ਤਾਕਤ ਦਾ ਸੁਨੇਹਾ ਦੇ ਰਿਹਾ ਸੀ। ਅਨੇਕਾਂ ਹੰਢੇ-ਵਰਤੇ ਆਗੂ ਇਹ ਜਾਨਣ ਲਈ ਉਤਸੁਕ ਸਨ ਕਿ ਰੈਲੀ ’ਚ ਸ਼ਾਮਲ ਮੁਸਲਮਾਨਾਂ ਦੀ ਗਿਣਤੀ ਕਿੰਨੀ ਕੁ ਸੀ? ਘੋਖਿਆਂ ਪਤਾ ਲੱਗਾ ਕਿ ਰੈਲੀ ਵਿੱਚ ਹਰ ਥਾਂ ਤੇ ਖਿੱਲਰੇ ਰੂਪ ’ਚ ਮੁਸਲਿਮ ਭਰਾਵਾਂ ਦੀ ਗਿਣਤੀ ਬਹੁਤ ਵੱਡੀ ਸੀ।
‘ਜਨਚੌਂਕ’ ਦੇ ਪੱਤਰਕਾਰ ਯੂਸਫ ਕਿਰਮਾਨੀ ਨੇ ਆਪਣੀ ਦਿੱਲੀ ਤੋਂ ਮੁਜੱਫਰਨਗਰ ਤੱਕ ਦੀ ਯਾਤਰਾ ਨੂੰ ਬਿਆਨ ਕਰਦਿਆਂ ਲਿਖਿਆ ਹੈ ਕਿ ਪਹਿਲਾਂ ਤਾਂ ਮੁਸਲਿਮ ਨਾਵਾਂ ਵਾਲੇ ਕਿਸਾਨ ਏਕਤਾ ਜ਼ਿੰਦਾਬਾਦ ਦਾ ਨਾਅਰਾ ਬੁਲੰਦ ਕਰਦੇ ਹੋਰਡਿੰਗ ਟਾਵੇਂ- ਟਾਵੇਂ ਹੀ ਸਨ ਪਰ ਜਿਉਂ-ਜਿਉਂ ਮੁਜ਼ੱਫਰਨਗਰ ਨੇੜੇ ਆ ਰਿਹਾ ਸੀ ਇਨ੍ਹਾਂ ਹੋਰਡਿੰਗਾਂ ਦੀ ਗਿਣਤੀ ਬੇਸ਼ੁਮਾਰ ਵਧਦੀ ਜਾ ਰਹੀ ਸੀ।
ਨੇੜਲੇ ਪਿੰਡਾਂ ਦੇ ਮੁਸਲਿਮ ਨੌਜਵਾਨ ਭੱਜ-ਭੱਜ ਕਿਸਾਨਾਂ ਕੋਲ ਹਲਵੇ ਦੀਆਂ ਪਲੇਟਾਂ ਲੈ ਕੇ ਪਹੁੰਚ ਰਹੇ ਸਨ। ਪੱਤਰਕਾਰਾਂ ਨੇ ਜਦੋਂ ਇਹ ਦੱਸਿਆ ਕਿ ਉਹ ਮਹਾਂਪੰਚਾਇਤ ਦੀ ਕਵਰੇਜ ਲਈ ਜਾ ਰਹੇ ਹਨ ਤਾਂ ਉਨ੍ਹਾਂ ਦਾ ਉਚੇਚ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਯੂਸਫ ਕਿਰਮਾਨੀ ਅਨੁਸਾਰ ਜਦੋਂ ਟਰੈਕਟਰ-ਟਰਾਲੀਆਂ, ਕਾਰਾਂ, ਬੱਸਾਂ ਦੇ ਕਾਫਲੇ ਪੁੱਜਦੇ ਸਨ ਤਾਂ ਅਨੇਕਾਂ ਨੌਜਵਾਨ ਉਨ੍ਹਾਂ ਵੱਲ ਹਲਵੇ ਦੀਆਂ ਪਲੇਟਾਂ ਲੈ ਕੇ ਅਹੁਲਦੇ ਸਨ।
ਗੁਰੈਨੀ ਪਿੰਡ ਦੇ ਫੈਜਲ ਨੇ ਮਹਾਂਵੀਰ ਚੌਕ ’ਚ ਪ੍ਰੈਸ ਨਾਲ ਗੱਲ ਕਰਦਿਆਂ ਖ਼ਦਸ਼ਾ ਜਤਾਇਆ ਕਿ ਬਾਲੀਆਨ ਪੰਚਾਇਤ, ਜਾਤੀ-ਪਾਤੀ ਪ੍ਰਚਾਰ ਦੇ ਝਾਂਸੇ ’ਚ ਆ ਕੇ ਕਿਧਰੇ ਭਾਜਪਾ ਦੇ ਜਾਟ ਉਮੀਦਵਾਰ ਦੇ ਹੱਕ ’ਚ ਭੁਗਤਣ ਦਾ ਫੈਸਲਾ ਨਾ ਲੈ ਲਵੇ। ਪਰ ਜਦੋਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਟੇਜ ਤੋਂ ਆਪਣੇ ਮਰਹੂਮ ਪਿਤਾ ਮਹਿੰਦਰ ਸਿੰਘ ਟਿਕੈਤ ਤੇ ਉੱਘੇ ਕਿਸਾਨ ਆਗੂ ਚੌਧਰੀ ਗੁਲਾਮ ਮੁਹੰਮਦ ਦੇ ਹਵਾਲੇ ਨਾਲ ‘ਅੱਲ੍ਹਾ ਹੂ ਅਕਬਰ’ ਦਾ ਨਾਅਰਾ ਲਾਇਆ ਤੇ ਜਵਾਬ ਵਿਚ ਹੇਠੋਂ ਭੀੜ ਨੇ ‘ਹਰ ਹਰ ਮਹਾਂਦੇਵ’ ਕਿਹਾ ਤਾਂ ਨੌਜਵਾਨਾਂ ਦੇ ਤੌਖਲੇ ਰਫੂਚੱਕਰ ਹੋ ਗਏ।
ਸ਼੍ਰੀ ਟਿਕੈਤ ਨੇ ਜਦੋਂ ਕਿਹਾ ਕਿ ‘ਉਹ’ ਤੋੜਨਗੇ-ਅਸੀਂ ਜੋੜਾਂਗੇ’ ਤਾਂ ਲੱਗਾ ਕਿ ਭਾਜਪਾ ਨੇ 2013 ਦੇ ਦੰਗੇ ਕਰਵਾ ਕੇ, ਹਿੰਦੂ-ਮੁਸਲਿਮ ਏਕਤਾ ਤੋੜ ਕੇ ਜੋ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਉਸਦਾ ਰਾਹ ਹੁਣ ਬੰਦ ਹੋ ਗਿਆ ਹੈ। ਜਿਹੜਾ ਮੁਜ਼ੱਫਰਨਗਰ ਉਦੋਂ ਦੰਗਿਆਂ ਦੀ ਅੱਗ ’ਚ ਝੁਲਸਾ ਦਿੱਤਾ ਗਿਆ ਸੀ ਉਹੀ ਮੁਜ਼ੱਫਰਨਗਰ ਹੁਣ ਅੰਗਰੇਜ਼ਾਂ ਦੀ ਵਿਚਾਰਧਾਰਕ ਔਲਾਦ, ਆਰ.ਐੱਸ.ਐੱਸ. ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਵਿਰੁੱਧ ਚੇਤਨਾ ਦੀ ਅਲਖ ਜਗਾ ਕੇ ਸਾਡੇ ਦੇਸ਼ ਦੇ ਨਰੋਏ ਭਵਿੱਖ ਲਈ ਚਾਨਣ ਮੁਨਾਰਾ ਬਣਦਾ ਜਾਪ ਰਿਹਾ ਸੀ।
ਨਿਊਜ਼ੀਲੈਂਡ ਦੇ ਇੱਕ ਪੰਜਾਬੀ ਚੈਨਲ ਨਾਲ ਜੁੜੇ ਆਜ਼ਾਦ ਪੱਤਰਕਾਰ ਗੁਰਸ਼ਮਸ਼ੇਰ ਸਿੰਘ ਨੇ ਟਿੱਪਣੀ ਕੀਤੀ, “ਇਹ ਮਹਾਂਪੰਚਾਇਤ ਸਿਰਫ਼ ਪੰਜਾਬ-ਹਰਿਆਣੇ ਦੀ ਹੀ ਨਹੀਂ ਸੀ ਲੱਗ ਰਹੀ, ਬਲਕਿ ਇਸ ਵਿੱਚ ਯੂ.ਪੀ. ਤੇ ਹੋਰ ਸੂਬਿਆਂ ਦੇ ਲੋਕਾਂ ਦੀ ਬਹੁਤ ਵੱਡੀ ਸ਼ਮੂਲੀਅਤ ਹੈ ਤੇ ਇਹ ਵੀ ਸਾਫ ਹੋ ਗਿਆ ਕਿ ਪੱਛਮੀ ਯੂ.ਪੀ. ’ਚ ਟਿਕੈਤ ਦੀ ਜਥੇਬੰਦਕ ਪਕੜ ਬਹੁਤ ਮਜਬੂਤ ਹੈ।’’
ਉਸ ਮੁਤਾਬਕ ਮੁਸਲਿਮਾਂ ਦੀ ਹਾਜ਼ਰੀ ਵੀ ਬਹੁਤ ਭਰਵੀਂ ਸੀ ਅਤੇ ਸ਼ਹਿਰ ਦੇ ਅੱਡ-ਅੱਡ ਹਿੱਸਿਆਂ ਵਿੱਚ ਅਣਗਿਣਤ ਲੰਗਰ ਚੱਲ ਰਹੇ ਸਨ ਜਿੱਥੇ ਹਿੰਦੂ-ਮੁਸਲਿਮ ਨੌਜਵਾਨ ਇਕੱਠੇ ਸੇਵਾ ਕਰ ਰਹੇ ਸਨ। ਉਹ ਬੜੀ ਨਿਮਰਤਾ ਨਾਲ ਕਹਿ ਰਹੇ ਸਨ ਕਿ ਅਸੀਂ ਇਹ ਸੇਵਾ ਭਾਵ ਪੰਜਾਬੀਆਂ, ਖਾਸ ਕਰਕੇ ਸਿੱਖ ਭਾਈਚਾਰੇ ਤੋਂ ਸਿੱਖਿਆ ਹੈ। ਉਸ ਨੇ ਕੁਝ ਲੋਕਾਂ ਨੂੰ ਜਾਤ-ਪਾਤ ਦੇ ਪੱਖ ਤੋਂ ਗੱਲਾਂ ਕਰਦੇ ਵੀ ਦੇਖਿਆ ਤੇ ਇਹ ਵੀ ਨੋਟ ਕੀਤਾ ਕਿ ਔਰਤਾਂ ਦੀ ਸੰਖਿਆ ਮੁਕਾਬਲਤਨ ਘੱਟ ਸੀ। ਪਰ ਪੰਡਾਲ ਦੇ ਅੰਦਰ-ਬਾਹਰ ਤੇ ਸਾਰੇ ਸ਼ਹਿਰ ਵਿੱਚ ਰਾਜਨੀਤਕ ਚੇਤਨਾ ਸਪਸ਼ਟ ਦਿਖਾਈ ਦਿੰਦੀ ਸੀ। ਤਕਰੀਬਨ ਹਰ ਬੰਦਾ 2013 ਦੇ ਦੰਗਿਆਂ ਦੇ ਪਿਛੋਕੜ ’ਚ ਹੋਈ ਭਾਜਪਾ ਦੀ ਵੱਡੀ ਜਿੱਤ ਤੋਂ ਬਾਅਦ 2021 ਦੀ ਇਸ ਮਹਾਂ ਪੰਚਾਇਤ ਨਾਲ ਭਾਜਪਾ ਦੇ ਖ਼ਾਤਮੇ ਦੀ ਗੱਲ ਵੀ ਕਰ ਰਿਹਾ ਸੀ।
ਇੰਨੇ ਵੱਡੇ ਇਕੱਠ ਦਾ ਅਮਨ-ਅਮਾਨ ਨਾਲ ਸਫਲਤਾਪੂਰਵਕ ਸਿਰੇ ਚੜ੍ਹਨਾ ਵੀ ਆਪਣੇ ਆਪ ਵਿਚ ਇਕ ਵੱਡੀ ਪ੍ਰਾਪਤੀ ਹੈ।
ਜਨ ਅੰਦੋਲਨ ਬਣ ਚੁੱਕੇ ਦੇਸ਼ ਵਿਆਪੀ ਕਿਸਾਨ ਸੰਘਰਸ਼ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ ਵਿਰੁੱਧ ਤੇ ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਲਈ, ਸਾਰੀਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਦੇਸ਼ ਦੇ ਸਭ ਕਿਰਤੀਆਂ ਦੀ ਜਾਨ ਦਾ ਖੌਅ ਬਣੀਆਂ ਨਵ-ਉਦਾਰਵਾਦੀ ਨੀਤੀਆਂ ਵਿਰੁੱਧ ਤੇ ਆਰ.ਐੱਸ.ਐੱਸ. ਦੇ ਹਿੰਦੂਤਵੀ ਦੈਂਤ ਦੀ ਫਿਰਕਾਪ੍ਰਸਤੀ ਖ਼ਿਲਾਫ਼ ਇਤਿਹਾਸਕ ਲੋਕ ਲਾਮਬੰਦੀ ਕਰਦਿਆਂ ਲਾਮਿਸਾਲ ਜਨ ਚੇਤਨਾ ਦਾ ਸੰਚਾਰ ਕੀਤਾ ਹੈ।
ਬਹੁਸੰਮਤੀ ਦੇ ਹੰਕਾਰ ਚ ਅੰਨ੍ਹੀ ਹੋਈ, ਹੱਕੀ ਸੰਘਰਸ਼ ਤੋਂ ਘੇਸਲ ਮਾਰੀ ਬੈਠੀ ਮੋਦੀ ਸਰਕਾਰ ਦੀ ਅੜ ਭੰਨਣ ਲਈ ‘ਮਿਸ਼ਨ ਯੂ.ਪੀ.’ ਤਹਿਤ ਇਸ ਮਹਾਂਪੰਚਾਇਤ ਨੇ ‘ਵੋਟ ਰਾਹੀਂ ਚੋਟ’ ਦਾ ਫ਼ੌਰੀ ਸੁਨੇਹਾ ਵੀ ਦਿੱਤਾ ਤੇ ਜਿਉਂਦੇ ਰਹਿਣ ਦੀ ਮੁੱਢਲੀ ਸ਼ਰਤ, ਧਰਮਾਂ ਤੋਂ ਉਪਰ ਉਠ ਕੇ ਜਮਾਤੀ ਏਕੇ ਦੀ ਉਸਾਰੀ ਦਾ ਪੈਗ਼ਾਮ ਵੀ ਦਿੱਤਾ। ਨੇੜ ਭਵਿੱਖ ’ਚ ਉੱਤਰ ਪ੍ਰਦੇਸ਼ ’ਚ 18 ਹੋਰ ਥਾਂਵਾਂ ’ਤੇ ਅਜਿਹੀਆਂ ਮਹਾਂਪੰਚਾਇਤਾਂ ਕਰਨ ਦਾ ਪ੍ਰੋਗਰਾਮ ਹੈ। ਆਗਾਜ ਬਹੁਤ ਸ਼ਾਨਦਾਰ ਹੈ ਅਤੇ ਲੋਕਾਂ ਦਾ ਰੌਂਅ ਦੱਸਦਾ ਹੈ ਕਿ ਅੰਜ਼ਾਮ ਵੀ ਸ਼ਾਨਦਾਰ ਹੀ ਹੋਵੇਗਾ।
– ਪ੍ਰੋ. ਜੈਪਾਲ ਸਿੰਘ