ਲੁਧਿਆਣਾ : ਕਾਮਾਗਾਟਾਮਾਰੂ ਯਾਦਗਾਰ ਕਮੇਟੀ ਨੇ ਫ਼ਾਸ਼ੀਵਾਦੀ ਤਾਕਤਾਂ ਦਾ ਅਸਰਦਾਰ ਢੰਗ ਨਾਲ ਟਾਕਰਾ ਕਰਨ ਲਈ ਦੇਸ਼ ਵਿੱਚ ਫ਼ਿਰਕੂ ਫ਼ਾਸ਼ੀਵਾਦੀ ਵਿਰੋਧੀ ਜਨ ਮੋਰਚਾ ਉਸਾਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਜ਼ਿਲ੍ਹਾ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਦੇ ਹੋਏ ਚੌਥੇ ਆਮ ਇਜਲਾਸ ਦੌਰਾਨ ਕਿਹਾ ਗਿਆ ਹੈ ਕਿ ਜਨ ਮੋਰਚਾ ਉਸਾਰਨਾ ਸਮੇਂ ਦੀ ਵੱਡੀ ਲੋੜ ਹੈ ਤਾਂ ਜੋ ਦੇਸ਼ ਭਗਤੀ ਦੇ ਜਜ਼ਬੇ ਨੂੰ ਬਚਾਇਆ ਜਾ ਸਕੇ।
ਸਮਾਗਮ ਦੀ ਪ੍ਰਧਾਨਗੀ ਜਸਦੇਵ ਸਿੰਘ ਲਲਤੋਂ, ਰਘਵੀਰ ਸਿੰਘ ਬੈਨੀਪਾਲ, ਉਜਾਗਰ ਸਿੰਘ ਬੱਦੋਵਾਲ, ਬਾਲ ਕ੍ਰਿਸ਼ਨ, ਗੁਰਨਾਮ ਸਿੰਘ ਸਿੱਧੂ ਅਤੇ ਸ਼ਿੰਦਰ ਸਿੰਘ ਜਵੱਦੀ ਨੇ ਕੀਤੀ। ਇਸ ਮੌਕੇ ਸਮੂਹ ਮੈਂਬਰਾਂ ਨੇ ਕਾਮਾਗਾਟਾਮਾਰੂ ਸਾਕਾ ਬਜ-ਬਜ ਘਾਟ, ਕਲਕੱਤਾ ਸਮੇਤ ਸਮੂਹ ਦੇਸ਼ ਭਗਤ ਸ਼ਹੀਦਾਂ ਅਤੇ ਯੋਧਿਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦਾ ਸੰਚਾਲਨ ਕਰਦਿਆਂ ਸਾਥੀ ਰਘਵੀਰ ਸਿੰਘ ਬੈਨੀਪਾਲ ਨੇ ਕਾਮਾਗਾਟਾਮਾਰੂ ਦੇ ਇਤਿਹਾਸਕ ਸਾਕੇ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵਿਦਿਆਰਥੀ ਆਗੂ ਉਮਰ ਖਾਲਿਦ ਅਤੇ ਜਮਹੂਰੀ ਆਗੂ ਸਵਾਮੀ ਅਗਨੀਵੇਸ਼ ’ਤੇ ਹੋਏ ਫ਼ਿਰਕੂ ਫ਼ਾਸ਼ੀ ਹਮਲਿਆਂ ਅਤੇ ਦੇਸ਼ ਭਰ ਦੀਆਂ ਜੇਲ੍ਹਾਂ ਵਿੱਚ ਡੱਕੇ ਬੁੱਧੀਜੀਵੀਆਂ ਦੀ ਰਿਹਾਈ ਸਬੰਧੀ ਕਮੇਟੀ ਦੀ ਪਹਿਲਕਦਮੀ ਹੇਠ ਦਰਜਨ ਤੋਂ ਵੱਧ ਜਥੇਬੰਦੀਆਂ ਵੱਲੋਂ 27 ਅਗਸਤ ਨੂੰ ਕੀਤੀ ਗਈ ਵੱਡੀ ਰੈਲੀ ਅਤੇ ਮਾਰਚ ਨੇ ਨਵੀਂ ਲਹਿਰ ਪੈਦਾ ਕੀਤੀ ਹੈ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕੇਂਦਰ ਦੀ ਫ਼ਾਸ਼ੀਵਾਦੀ ਕੌਮੀ ਹਕੂਮਤ ਦੀ ਕਮਾਂਡ ਹੇਠ ਫ਼ਿਰਕੂ ਫ਼ਾਸ਼ੀ ਤਾਕਤਾਂ ਵੱਲੋਂ ਆਏ ਦਿਨ ਲੋਕ ਪੱਖੀ ਬੁੱਧੀਜੀਵੀਆਂ, ਪੱਤਰਕਾਰਾਂ, ਮੁਸਲਮਾਨਾਂ, ਦਲਿਤਾਂ, ਈਸਾਈਆਂ, ਔਰਤਾਂ, ਆਦੀਵਾਸੀਆਂ ਅਤੇ ਜੁਝਾਰੂ ਕਿਸਾਨ-ਮਜ਼ਦੂਰਾਂ ਉੱਤੇ ਫ਼ਿਰਕੂ ਫ਼ਾਸ਼ੀ ਹਮਲੇ ਹੋਰ ਤੇਜ਼ ਹੁੰਦੇ ਜਾ ਰਹੇ ਹਨ। ਇਸ ਦਾ ਅਸਰਦਾਰ ਟਾਕਰਾ ਕਰਨ ਲਈ ਦੇਸ਼ ਵਿੱਚ ਫਿਰਕੂ ਫਾਸ਼ੀਵਾਦੀ ਵਿਰੋਧੀ ਜਨ ਮੋਰਚਾ ਉਸਾਰਨ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਇਜਲਾਸ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਦੇਸ਼ ਭਗਤਾਂ ਦੇ ਵਾਰਸਾਂ ਦੇ ਸਰਟੀਫਿਕੇਟ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਇੱਕ ਹਫ਼ਤੇ ਦੇ ਅੰਦਰ ਜਾਰੀ ਕੀਤੇ ਜਾਣ, ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚੋਂ ਭਜਾ ਕੇ ਪ੍ਰਾਈਵੇਟ ਸਕੂਲਾਂ ਵਿੱਚ ਭੇਜਣ ਦੀ ਖੇਡ ਬੰਦ ਕੀਤੀ ਜਾਵੇ, ਲੁਧਿਆਣਾ ਦੇ ਪੁਲੀਸ ਕਮਿਸ਼ਨਰ ਵੱਲੋਂ ਲਗਾਈ ਦਫ਼ਾ 144 ਖ਼ਤਮ ਕੀਤੀ ਜਾਵੇ ਅਤੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਮਨਘੜਤ ਕੇਸਾਂ ਵਿੱਚ ਫੜੇ ਗਏ ਸਿਆਸੀ ਕੈਦੀਆਂ ਅਤੇ ਸਜ਼ਾ ਭੁਗਤ ਚੁੱਕੇ ਸਿਆਸੀ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਇਸ ਮੌਕੇ ਅਗਲੇ ਇੱਕ ਸਾਲ ਲਈ ਕਾਮਾਗਾਟਾਮਾਰੂ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਵਿੱਚ ਗੁਰਨਾਮ ਸਿੱਧੂ, ਸਰੋਜ ਕੁਮਾਰ, ਜਸਦੇਵ ਸਿੰਘ ਲਲਤੋਂ, ਰਮਨਜੀਤ ਸੰਧੂ, ਰਘਬੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ, ਉਜਾਗਰ ਸਿੰਘ ਬੱਦੋਵਾਲ, ਕੁਲਦੀਪ ਸਿੰਘ ਐਡਵੋਕੇਟ, ਮਲਕੀਤ ਸਿੰਘ, ਸੁਖਦੇਵ ਸਿੰਘ, ਸ਼ਿੰਦਰ ਜਵੱਦੀ, ਦਲਜੀਤ ਸਿੰਘ ਤੇ ਜੋਰਾ ਸਿੰਘ ਆਦਿ ਨੂੰ ਮੈਂਬਰ ਚੁਣਿਆ ਗਿਆ।