Now Reading
ਕਾਮਰੇਡ ਗੁਰਦਿਆਲ ਘੁਮਾਣ ‘ਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ

ਕਾਮਰੇਡ ਗੁਰਦਿਆਲ ਘੁਮਾਣ ‘ਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ

ਦੋਸ਼ੀ ਗੁੰਡਿਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ

ਜਲੰਧਰ, 9 ਅਪ੍ਰੈਲ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਸੂਬਾਈ ਆਗੂਆਂ ਸਰਵਸਾਥੀ ਰਤਨ ਸਿੰਘ ਰੰਧਾਵਾ, ਹਰਕੰਵਲ ਸਿੰਘ ਅਤੇ ਲਾਲ ਚੰਦ ਕਟਾਰੂਚੱਕ ਨੇ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਜਿਲ੍ਹਾ ਗੁਰਦਾਸਪੁਰ ਦੇ ਉਘੇ ਪਾਰਟੀ ਆਗੂ ਕਾਮਰੇਡ ਗੁਰਦਿਆਲ ਸਿੰਘ ਘੁਮਾਣ ਉਪਰ ਬੀਤੀ ਰਾਤ ਤਿੰਨ ਗੁੰਡਿਆਂ ਵਲੋਂ ਕੀਤੇ ਗਏ ਕਾਤਲਾਨਾ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਪਾਰਟੀ ਆਗੂਆਂ ਨੇ ਪੁਲਸ ਜ਼ਿਲ੍ਹਾ ਬਟਾਲਾ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਜਾਨਲੇਵਾ ਹਮਲੇ ਲਈ ਜ਼ੁੰਮੇਵਾਰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇ। ਕਾਮਰੇਡ ਗੁਰਦਿਆਲ ਸਿੰਘ ਉਪਰ ਇਹ ਘਾਤਕ ਹਮਲਾ ਉਦੋਂ ਕੀਤਾ ਗਿਆ ਜਦੋਂ ਕਿ ਉਹ ਆਰ.ਐਮ.ਪੀ.ਆਈ. ਅਤੇ  ਪੰਜਾਬ ਜਮਹੂਰੀ ਗਠਜੋੜ ਦੇ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਲਈ ਉਮੀਦਵਾਰ ਕਾਮਰੇਡ ਲਾਲ ਚੰਦ ਕਟਾਰੂਚੱਕ ਦੇ ਸਮਰਥਨ ਵਿਚ ਬਟਾਲਾ ਖੇਤਰ ਅੰਦਰ ਮੀਟਿੰਗਾਂ ਕਰਾਕੇ ਰਾਤ ਪੌਣੇ ਨੌ ਵਜੇ ਦੇ ਕਰੀਬ ਆਪਣੇ ਘਰ ਕੋਟਲੀ ਵਾਪਸ ਆ ਰਿਹਾ ਸੀ। ਇਸ ਦੌਰਾਨ ਮੋਟਰ ਸਾਇਕਲ ‘ਤੇ ਸਵਾਰ ਤਿੰਨ ਗੁੰਡਿਆਂ ਨੇ ਗੁਰਦਿਆਲ ਸਿੰਘ ਉਪਰ ਦਾਤਰਾਂ ਨਾਲ ਵਾਰ ਵਾਰ ਹਮਲੇ ਕਰਕੇ ਉਸਨੂੰ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ। ਇਸ ਤਰ੍ਹਾਂ ਇਹ ਹਮਲਾ ਚੁਣਾਵੀ ਵਿਰੋਧਾਂ ਦਾ ਸਿੱਟਾ ਵੀ ਹੋ ਸਕਦਾ ਹੈ। ਇਸ ਤੋਂ ਬਿਨਾਂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਲੰਮਾਂ ਸਮਾਂ ਸੂਬਾਈ ਆਗੂ ਰਹੇ ਕਾਮਰੇਡ ਗੁਰਦਿਆਲ ਘੁਮਾਣ ਇਲਾਕੇ ਦੇ ਮੰਨੇ ਪ੍ਰਮੰਨੇ ਕਮਿਊਨਿਸਟ ਆਗੂ ਹਨ ਅਤੇ ਉਸਦੀ ਸਪੁਤਨੀ ਕਾਮਰੇਡ ਨੀਲਮ ਘੁਮਾਣ ਵੀ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਨਰਲ ਸਕੱਤਰ ਹੈ। ਇਸ ਤਰ੍ਹਾਂ ਸਮੁੱਚਾ ਪਰਵਾਰ ਹੀ ਗਰੀਬਾਂ, ਮਜ਼ਦੂਰਾਂ ਤੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਹਿੱਤਾਂ ਲਈ ਜੂਝ ਰਹੀ ਲਹਿਰ ਵਿਚ ਤਨੋਂ, ਮਨੋਂ ਕਿਰਿਆਸ਼ੀਲ ਹੈ ਅਤੇ ਆਮ ਲੋਕਾਂ ਦੇ ਡੂੰਘੇ ਸਤਿਕਾਰ ਦਾ ਪਾਤਰ ਹੈ। ਏਸੇ ਲਈ ਸਿਆਸੀ ਸ਼ਹਿ ਪ੍ਰਾਪਤ ਸਮਾਜ ਵਿਰੋਧੀ ਅਨਸਰ ਤੇ ਲੁਟੇਰੇ ਧਨਾਢ ਉਹਨਾਂ ਨਾਲ ਖਾਰ ਖਾਂਦੇ ਹਨ। ਇਹ ਕਾਤਲਾਨਾ ਹਮਲਾ ਅਜੇਹੇ ਅਨਸਰਾਂ ਦੀ ਕਿਸੇ ਡੂੰਘੀ ਸਾਜਿਸ਼ ਦਾ ਸਿੱਟਾ ਵੀ ਹੋ ਸਕਦਾ ਹੈ। ਪਾਰਟੀ ਆਗੂਆਂ ਨੇ ਪੰਜਾਬ ਦੇ ਡੀ.ਜੀ.ਪੀ. ਤੋਂ ਵੀ ਮੰਗ ਕੀਤੀ ਹੈ ਕਿ ਉਹ ਗੁਰਦਿਆਲ ਘੁਮਾਣ ਉਪਰ ਹੋਏ ਇਸ ਘਾਤਕ ਹਮਲੇ ਦੀ ਮੁਕੰਮਲ ਛਾਣਬੀਣ ਕਰਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦੇਣ। ਪਾਰਟੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਪੁਲਸ ਵਲੋਂ ਇਸ ਪੱਖੋਂ ਲਾਪਰਵਾਹੀ ਵਰਤਣ ਦੀ ਸੂਰਤ ਵਿਚ ਪਾਰਟੀ ਵਲੋਂ ਸਖਤ ਜਨਤਕ ਕਾਰਵਾਈ ਕੀਤੀ ਜਾਵੇਗੀ।

Scroll To Top