Now Reading
ਕਾਤਲਾਂ ਦੀ ਗ੍ਰਿਫ਼ਤਾਰੀ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਚੱਲ ਰਹੇ ਸੰਗਰਾਮ ਨੂੰ ਸਹਿਯੋਗ ਦੇਣ ਦਾ ਐਲਾਨ

ਕਾਤਲਾਂ ਦੀ ਗ੍ਰਿਫ਼ਤਾਰੀ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਚੱਲ ਰਹੇ ਸੰਗਰਾਮ ਨੂੰ ਸਹਿਯੋਗ ਦੇਣ ਦਾ ਐਲਾਨ

ਜਲੰਧਰ : ਦਿਹਾਤੀ ਮਜ਼ਦੂਰ ਸਭਾ ਦੀ ਪੰਜਾਬ ਇਕਾਈ ਵਲੋਂ, ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਚੱਕ ਜਵਾਹਰ ਸਿੰਘ ਵਾਲਾ ਵਿਖੇ, ਦਲਿਤਾਂ ‘ਤੇ ਕਾਤਲਾਨਾ ਹਮਲਾ ਕਰਕੇ ਦੋ ਵਿਅਕਤੀਆਂ ਨੂੰ ਮਾਰ ਮੁਕਾਉਣ ਅਤੇ ਤਿੰਨ ਹੋਰਾਂ ਨੂੰ ਗੰਭੀਰ ਜ਼ਖ਼ਮੀ ਕਰਨ ਵਾਲੇ ਸਾਰੇ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਅਤੇ ਕਾਤਲਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।।ਸਭਾ ਵਲੋਂ ਜ਼ਖ਼ਮੀ ਦਲਿਤਾਂ ਦੇ ਸਰਕਾਰੀ ਖ਼ਰਚੇ ‘ਤੇ ਮੁਕੰਮਲ ਇਲਾਜ ਅਤੇ ਸਨਮਾਨ ਯੋਗ ਮੁਆਵਜ਼ੇ ਦੀ ਵੀ ਮੰਗ ਕੀਤੀ ਗਈ। ਅੱਜ ਇੱਥੋਂ ਜਾਰੀ ਇੱਕ ਬਿਆਨ ਰਾਹੀਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਪ੍ਰਧਾਨ ਸਾਥੀ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਅਤੇ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਪਿੰਡ ਦੇ ਸਮੂਹ ਦਲਿਤਾਂ, ਵਿਸ਼ੇਸ਼ ਕਰਕੇ ਪੀੜਤ ਪਰਿਵਾਰਾਂ ਨੂੰ ਸੰਘਣੀ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਘਟਨਾ ਦੇ ਦੋ ਦਿਨ ਬੀਤ ਜਾਣ ਦੇ ਬਾਵਜੂਦ ਜ਼ਿਲ੍ਹਾ ਪੁਲਸ/ਪ੍ਰਸ਼ਾਸਨ ਸਾਰੇ ਦੇ ਸਾਰੇ ਦੋਸ਼ੀਆਂ ਨੂੰ ਫੜਨ ਲਈ ਲੋੜੀਂਦੀ ਮੁਸਤੈਦੀ ਨਹੀਂ ਦਿਖਾ ਰਿਹਾ ਕਿਉਂਕਿ ਕਾਤਲ ਅਤੇ ਹਮਲਾਵਰ ਟੋਲੇ ਦੇ ਪੰਜਾਬ ਵਿਚ ਰਾਜ ਕਰਦੀ ਪਾਰਟੀ ਨਾਲ ਗੂੜ੍ਹੇ ਸਬੰਧ ਹਨ। ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਉੱਚ ਪ੍ਰਸ਼ਾਸ਼ਕੀ ਹਲਕਿਆਂ ਦੀ ਇਸੇ ਪੱਖਪਾਤੀ ਪਹੁੰਚ ਦੇ ਸਿੱਟੇ ਵਜੋਂ ਸੂਬੇ ਦੇ ਸਾਰੇ ਭਾਗਾਂ ਅੰਦਰ ਦਬੰਗਾਂ ਵੱਲੋਂ ਦਲਿਤਾਂ, ਔਰਤਾਂ ਅਤੇ ਹੋਰਨਾਂ ਨਿਤਾਣਿਆਂ ‘ਤੇ ਘ੍ਰਿਣਾ ਯੋਗ ਹਮਲਿਆਂ ਦੀਆਂ ਵਾਰਦਾਤਾਂ ਹਰ ਰੋਜ਼ ਵਾਪਰ ਰਹੀਆਂ ਹਨ। ਆਗੂਆਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਮੌਜੂਦਾ ਅਪਰਾਧੀ ਵਾਰਦਾਤ ਦੀਆਂ ਵੀਡੀਓਜ਼ ਵੱਡੀ ਪੱਧਰ ‘ਤੇ ਸੋਸ਼ਲ ਮੀਡੀਆ ਰਾਹੀਂ ਉਜਾਗਰ ਹੋਣ ਦੇ ਬਾਵਜੂਦ ਵੀ ਕਾਤਲ ਪੁਲਸ ਦੀ ਪਕੜ ਤੋਂ ਬਾਹਰ ਕਿਉਂ ਨੇ?
ਸੂਬਾਈ ਆਗੂਆਂ ਨੇ ਐਲਾਨ ਕੀਤਾ ਕਿ ਦਿਹਾਤੀ ਮਜ਼ਦੂਰ ਸਭਾ ਕਾਤਲਾਂ ਦੀ ਗ੍ਰਿਫ਼ਤਾਰੀ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਚੱਲ ਰਹੇ ਹੱਕੀ ਸੰਗਰਾਮ ਨੂੰ ਹਰ ਕਿਸਮ ਦਾ ਸਹਿਯੋਗ ਦੇਵੇਗੀ। ਇਸੇ ਦੌਰਾਨ ਸਭਾ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਵਲੋਂ ਜ਼ਿਲ੍ਹਾ ਆਗੂਆਂ ਹਰਜੀਤ ਸਿੰਘ ਮਦਰਸਾ, ਜਗਜੀਤ ਜਸੇਆਣਾ ਅਤੇ ਹੋਰਨਾਂ ਸਮੇਤ ਇਨਸਾਫ਼ ਪ੍ਰਾਪਤੀ ਲਈ ਸ਼੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਲਗਾਤਾਰ ਧਰਨੇ ਵਿੱਚ ਸ਼ਮੂਲੀਅਤ ਕੀਤੀ। ਸਾਥੀ ਦਾਊਦ ਨੇ ਸੰਘਰਸ਼ ਦੀ ਅਗਵਾਈ ਕਰ ਰਹੀ ਐਕਸ਼ਨ ਕਮੇਟੀ ਦੀਆਂ ਸਾਰੀਆਂ ਮੰਗਾਂ ਪ੍ਰਤੀ ਯਕਜਿਹਤੀ ਦਾ ਪ੍ਰਗਟਾਵਾ ਕੀਤਾ। ਦਿਹਾਤੀ ਮਜ਼ਦੂਰ ਸਭਾ ਵਲੋਂ ਸਭਨਾਂ ਇਨਸਾਫ਼ ਪਸੰਦ ਧਿਰਾਂ ਨੂੰ ਇਸ ਹੱਕੀ ਸੰਗਰਾਮ ਦੀ ਕਾਮਯਾਬੀ ਲਈ ਹਰ ਪੱਖ ਤੋਂ ਸਹਾਇਤਾ ਦੇਣ ਦੀ ਅਪੀਲ ਕੀਤੀ ਗਈ।

Scroll To Top