ਫਿਲੌਰ : ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਨੇ ਕੇਂਦਰ ਸਰਕਾਰ ਦੁਆਰਾ ਦਲਿਤ ਵਿਦਿਆਰਥੀਆਂ ਨੂੰ ਮਿਲ ਰਹੀ ਸਕਾਲਰਸ਼ਿਪ ਸਕੀਮ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਐਸ.ਡੀ.ਐਮ ਫਿਲੌਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪੀ.ਐਸ.ਐਫ ਦੇ ਜਨਰਲ ਸਕੱਤਰ ਅਜੈ ਫਿਲੌਰ ਅਤੇ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਸਕਾਲਰਸ਼ਿਪ ਸਕੀਮ ਵਿੱਚ ਸੋਧਾਂ ਕਰਕੇ ਦੇਸ਼ ਦੇ ਹਾਕਮ ਗ਼ਰੀਬ ਵਿਦਿਆਰਥੀਆਂ ਕੋਲੋਂ ਸਿੱਖਿਆ ਦਾ ਅਧਿਕਾਰ ਖੋਹ ਕੇ ਅਮੀਰਾਂ ਲਈ ਰਾਖਵੀਂ ਕਰਕੇ ਗ਼ਰੀਬਾਂ ਦੇ ਬੱਚਿਆਂ ਨੂੰ ਅਨਪੜ੍ਹ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਾਕਮਾਂ ਵੱਲੋਂ ਬੜੀ ਤੇਜ਼ੀ ਨਾਲ ਸਿੱਖਿਆ ਦਾ ਨਿੱਜੀਕਰਨ, ਵਪਾਰੀਕਰਨ ਕੀਤਾ ਜਾ ਰਿਹਾ ਹੈ ਜਿਸ ਦਾ ਵਿਰੋਧ ਕਰਨ ‘ਤੇ ਵਿਦਿਆਰਥੀਆਂ ‘ਤੇ ਜਬਰ ਢਾਹਿਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਐਸ.ਸੀ. ਵਿਦਿਆਰਥੀਆਂ ਨੂੰ ਮਿਲ ਰਹੀ ਸਕਾਲਰਸ਼ਿਪ ਸਕੀਮ ਨੂੰ ਲਾਗੂ ਨਾ ਕਰਨ ਵਾਲੇ ਕਾਲਜਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਕੂਲਾਂ ਕਾਲਜਾਂ ‘ਚ ਐਸ. ਸੀ. ਵਿਦਿਆਰਥੀਆਂ ਨੂੰ ਬਿਨਾਂ ਕੋਈ ਫ਼ੀਸ ਲਏ ਦਾਖਲਾ ਦਿੱਤਾ ਜਾਵੇ। ਐਸ. ਸੀ. ਸਕਾਲਰਸ਼ਿਪ ਸਕੀਮ ਦੇ ਰੁਕੇ ਹੋਏ ਪੈਸੇ ਤੁਰੰਤ ਜਾਰੀ ਕਰਦੇ ਹੋਏ ਸਕੂਲਾਂ ਕਾਲਜਾਂ ‘ਚ ਤੁਰੰਤ ਰੈਗੂਲਰ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਪੂਰਾ ਕੀਤਾ ਜਾਵੇ। ਵਿਦਿਆਰਥੀ ਬੱਸ ਪਾਸ ਸਹੂਲਤ ਨੂੰ ਹਰ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ ਅੰਦਰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਇਸ ਮੌਕੇ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਅਤੇ ਮੱਖਣ ਸੰਗਰਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਚਹੇਤਿਆਂ ਨੂੰ ਖ਼ੁਸ਼ ਕਰਨ ਵਾਸਤੇ ਸਾਡੇ ਕੁਦਰਤੀ ਸਰੋਤਾਂ ਜਲ, ਜੰਗਲ ਅਤੇ ਜ਼ਮੀਨ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੈਸ਼ਨ 2018-19 ਲਈ ਕੇਂਦਰ ਅਤੇ ਸੂਬਾ ਸਰਕਾਰ ਦਲਿਤ ਵਿਦਿਆਰਥੀਆਂ ਦੇ ਮੁਫ਼ਤ ਦਾਖ਼ਲੇ ਅਤੇ ਪੜ੍ਹਾਈ ਕਰਵਾਉਣ ਦਾ ਨੋਟੀਫ਼ਿਕੇਸ਼ਨ ਜਾਰੀ ਨਹੀਂ ਕਰਦੀ ਤਾਂ ਜਥੇਬੰਦੀ ਇਸ ਖ਼ਿਲਾਫ਼ ਲਾਮਬੰਦ ਘੋਲ ਕਰੇਗੀ। ਇਸ ਮੌਕੇ ਜੱਸਾ ਰੁੜਕਾ, ਸੰਦੀਪ ਸਿੰਘ, ਪ੍ਰਭਾਤ ਕਵੀ, ਵਿਜੈ ਰੁੜਕਾ, ਰਿੱਕੀ ਮਿਓਵਾਲ, ਓਂਕਾਰ ਵਿਰਦੀ, ਵਿੱਕੀ ਬਿਰਦੀ, ਮਨੀ ਸੁੰਦਰ, ਬਲਦੇਵ ਫਿਲੌਰ, ਸਨੀ ਫਿਲੌਰ ਆਦਿ ਹਾਜ਼ਰ ਸਨ।