Now Reading
ਐਸ. ਸੀ., ਐਸ. ਟੀ. ਐਕਟ ਦੇ ਮੁੱਢਲੇ ਰੂਪ ਵਿਚ ਬਹਾਲ ਹੋਣ ਦੀ ਜਿੱਤ ਦੀ ਖੁਸ਼ੀ ਮਨਾਈ

ਐਸ. ਸੀ., ਐਸ. ਟੀ. ਐਕਟ ਦੇ ਮੁੱਢਲੇ ਰੂਪ ਵਿਚ ਬਹਾਲ ਹੋਣ ਦੀ ਜਿੱਤ ਦੀ ਖੁਸ਼ੀ ਮਨਾਈ

ਰਈਆ : ਅੱਜ ਸਥਾਨਕ ਕਸਬੇ ਅੰਦਰ ਦਿਹਾਤੀ ਮਜ਼ਦੂਰ ਸਭਾ ਦੇ ਸੈਂਕੜੇ ਵਰਕਰਾਂ ਵਲੋਂ ਐਸ. ਸੀ., ਐਸ. ਟੀ. ਐਕਟ ਦੇ ਮੁੱਢਲੇ ਰੂਪ ਵਿਚ ਬਹਾਲ ਹੋਣ ਦੀ ਜਿੱਤ ਵਜੋਂ ਇਕੱਠ ਕਰਕੇ ਮਾਰਚ ਕਰਦਿਆਂ ਅਕਾਸ਼ ਗੁੰਜਾਊ ਨਾਅਰਿਆਂ ਨਾਲ ਮਜ਼ਦੂਰ ਦਲਿਤ ਲਹਿਰ ਦੀ ਜਿੱਤ ਦੀ ਖੁਸ਼ੀ ਮਨਾਈ | ਜਿੱਤ ਮਾਰਚ ਦੀ ਅਗਵਾਈ ਨਰਿੰਦਰ ਸਿੰਘ ਵਡਾਲਾ, ਗੁਰਨਾਮ ਸਿੰਘ ਭਿੰਡਰ, ਨਿਰਮਲ ਸਿੰਘ ਛੱਜਲਵੱਡੀ ਆਦਿ ਆਗੂਆਂ ਨੇ ਕੀਤੀ | ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਕੇਂਦਰ ਦੀ ਦਲਿਤ ਵਿਰੋਧੀ ਮੋਦੀ ਸਰਕਾਰ ਵਲੋਂ ਦਲਿਤਾਂ ਦੇ ਹੱਕ ਵਿਚ ਬਣੇ ਐਸ. ਸੀ. ਐਸ. ਟੀ. ਐਕਟ ਨੂੰ ਕਮਜ਼ੋਰ ਕਰਦਿਆਂ ਸੋਧ ਕੀਤੀ ਸੀ ਕਿ ਦਲਿਤਾਂ ਤੇ ਜਾਤੀ ਅਧਾਰਿਤ ਉਤਪੀੜਨ ਕਰਨ ਵਾਲੇ ਦੋਸ਼ੀ ਨੂੰ ਤੁਰੰਤ ਗਿ੍ਫਤਾਰ ਕਰਨ ਦੀ ਥਾਂ ਐਸ. ਐਸ. ਪੀ. ਰੈਂਕ ਦਾ ਅਧਿਕਾਰੀ ਇਸ ਦੀ ਜਾਂਚ ਕਰੇਗਾ | ਅਜਿਹਾ ਹੋਣ ਨਾਲ ਰਸੂਖਦਾਰ ਲੋਕ ਜਾਂਚ ਦੌਰਾਨ ਦੋਸ਼ ਮੁਕਤ ਕਰ ਦਿੱਤੇ ਜਾਦੇ ਸਨ | ਪਰ ਦੇਸ਼ ਅੰਦਰ ਦਲਿਤ ਹਿਤੈਸ਼ੀ ਜਥੇਬੰਦੀਆਂ ਦੇ ਸੰਘਰਸ਼ ਕਾਰਨ ਸਰਕਾਰ ਨੂੰ ਐਕਟ ਨੂੰ ਪਹਿਲੇ ਰੂਪ ਵਿਚ ਹੀ ਬਹਾਲ ਕਰਨਾ ਪਿਆ ਹੈ, ਜੋ ਕਿ ਦਿਹਾਤੀ ਮਜ਼ਦੂਰ ਸਭਾ ਅਤੇ ਦਲਿਤ ਜਥੇਬੰਦੀਆਂ ਦੀ ਜਿੱਤ ਹੈ | ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾਈ ਮੀਤ ਪ੍ਰਧਾਨ ਸਾਥੀ ਅਮਰੀਕ ਸਿੰਘ ਦਾਊਦ ਨੇ ਕਿਹਾ ਕਿ ਪੰਜਾਬ ਅੰਦਰ ਦਲਿਤਾਂ ਦੀ ਵੱਡੀ ਵਸੋਂ ਰੋਟੀ, ਕੱਪੜਾ, ਮਕਾਨ, ਵਿੱਦਿਆ ਅਤੇ ਸਿਹਤ ਸਹੂਲਤਾਂ ਵਰਗੀਆਂ ਮੁੱਢਲੀਆਂ ਲੋੜਾਂ ਤੋਂ ਵਾਂਝੀ ਹੈ ਅਤੇ ਕੇਂਦਰ ਤੇ ਪ੍ਰਾਂਤ ਸਰਕਾਰ ਦਲਿਤਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ | ਉਨ੍ਹਾਂ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਲਈ ਜਥੇਬੰਦੀ ਤਿੱਖਾ ਸੰਘਰਸ਼ ਕਰੇਗੀ | ਇਸ ਮੌਕੇ ਤਹਿਸੀਲ ਪ੍ਰਧਾਨ ਪਲਵਿੰਦਰ ਸਿੰਘ ਮਹਿਸਮਪੁਰ, ਕਮਲ ਸ਼ਰਮਾ ਮੱਦ, ਹਰਭਜਨ ਸਿੰਘ ਫੱਤੂਵਾਲ, ਬਲਵਿੰਦਰ ਸਿੰਘ ਖਿਲਚੀਆਂ, ਕਸ਼ਮੀਰ ਸਿੰਘ ਤਿੰਮੋਵਾਲ, ਸੁਖਵਿੰਦਰ ਸਿੰਘ ਧਾਰੜ, ਬਖਸ਼ੀਸ਼ ਸਿੰਘ ਤਲਾਵਾਂ, ਜਸਵੰਤ ਸਿੰਘ, ਛੱਜਲਵੱਡੀ, ਜਸਵੰਤ ਸਿੰਘ ਬਾਬਾ ਬਕਾਲਾ, ਵਰਿੰਦਰ ਸਿੰਘ ਉੱਦੋਨੰਗਲ, ਅਰਜਨ ਸਿੰਘ ਖੱਬੇ ਰਾਜਪੂਤਾਂ, ਵਾਲਮੀਕ ਮਜ਼੍ਹਬੀ ਸਿੱਖ ਮੋਰਚੇ ਦੇ ਆਗੂ ਰਣਜੀਤ ਸਿੰਘ ਗੱਗੜਭਾਣਾ, ਜਸਪਾਲ ਸਿੰਘ ਰਜਧਾਨ ਉਚੇਚੇ ਤੌਰ ‘ਤੇ ਹਾਜ਼ਰ ਹੋਏ | ਜਮਹੂਰੀ ਕਿਸਾਨ ਸਭਾ ਦੇ ਆਗੂਆਂ ਗੁਰਮੇਜ ਸਿੰਘ ਤਿੰਮੋਵਾਲ, ਹਰਪ੍ਰੀਤ ਸਿੰਘ ਬੁਟਾਰੀ ਨੇ ਦਲਿਤ ਸੰਘਰਸ਼ ਦੀ ਹਿਮਾਇਤ ਕਰਦਿਆਂ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ |

Scroll To Top