
ਫਿਲੌਰ, 23 ਅਗਸਤ (ਸੰਗਰਾਮੀ ਲਹਿਰ ਬਿਊਰੋ)- ਅੱਜ ਇੱਥੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ ਅਨੁਸਾਰ ਪੈਨਸ਼ਨ ਫੰਡ ਰੈਗੂਲੇਟਰੀ ਐੰਡ ਡਿਵੈਲਪਮੈਂਟ ਅਥਾਰਟੀ ਐਕਟ ਦੀਆਂ ਕਾਪੀਆਂ ਸਾੜ ਕੇ ਐਨ ਪੀ ਐਸ ਮੁਲਾਜ਼ਮਾਂ ਨੇ ਰੋਸ਼ ਜਾਹਿਰ ਕੀਤਾ। ਇਸ ਸਮੇਂ ਰੋਸ ਰੈਲੀ ਦੀ ਅਗਵਾਈ ਗੁਰਚਰਨ ਸਿੰਘ ਤੇ ਸਤਵਿੰਦਰ ਸਿੰਘ ਨੇ ਕੀਤੀ। ਇਸ ਮੌਕੇ ਬੋਲਦਿਆਂ ਜਿਲਾ ਜਲੰਧਰ ਦੇ ਕਨਵੀਨਰ ਕੁਲਦੀਪ ਵਾਲ਼ੀਆ ਨੇ ਕਿਹਾ ਕਿ ਸਰਕਾਰ ਹਰ ਪਾਸੇ ਲੋਕ ਵਿਰੋਧੀ ਕਾਲੇ ਕਾਨੂੰਨ ਲੈ ਕੇ ਆ ਰਹੀ ਹੈ ਇੱਕ ਪਾਸੇ ਕਿਸਾਨ ਕਾਲੇ ਕਾਨੂੰਨਾਂ ਖਿਲਾਫ ਦਿੱਲੀ ਇਤਿਹਾਸਕ ਲੜਾਈ ਲੜ ਰਹੇ ਹਨ ਦੂਜੇ ਪਾਸੇ ਐਨ ਪੀ ਐਸ ਮੁਲਾਜਮ ਪੀ ਐਫ ਆਰ ਡੀ ਏ ਐਕਟ ਦੇ ਕਾਲੇ ਕਾਨੂੰਨ ਖਿਲਾਫ ਲਗਾਤਾਰ ਸੰਘਰਸ਼ ਵਿੱਚ ਹਨ। ਸਰਕਾਰ ਤੁਰੰਤ ਐਨ.ਪੀ.ਐਸ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰੇ। ਉਹਨਾਂ ਕਿਹਾ ਕਿ ਅੱਜ ਪ੍ਰਦੇਸ਼ ਭਰ ਵਿਚ ਪੀ.ਐਫ.ਆਰ.ਡੀ.ਏ ਦੇ 2003 ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਐਨ.ਪੀ.ਐਸ ਪੀੜਤ ਕਰਮਚਾਰੀ ਰੋਸ ਦਾ ਪ੍ਰਗਟਾਵਾ ਕਰ ਰਹੇ ਹਨ।
ਇਸ ਮੌਕੇ ਬੋਲਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਜਿਲਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਨੇ ਕਿਹਾ ਕਿ ਸਰਕਾਰ ਨੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੈਨਸ਼ਨ ਸੁਧਾਰ ਦੇ ਨਾਂ ਤੇ ਸਮਾਜਿਕ ਸੁਰੱਖਿਆ ਖੋਹ ਲਈ ਹੈ ਤੇ ਸ਼ੇਅਰ ਬਜਾਰ ਅਧਾਰਿਤ ਪੈਨਸ਼ਨ ਦੇ ਭਰੋਸੇ ਛੱਡ ਦਿੱਤਾ ਹੈ ਜਿੱਥੇ ਨਿਗੁਣੀ ਤੇ ਨਾਮਾਤਰ ਪੈਨਸ਼ਨ ਕਰਮਚਾਰੀ ਸੇਵਾਮੁਕਤੀ ਤੋਂ ਬਾਅਦ ਪ੍ਰਾਪਤ ਕਰ ਰਹੇ ਹਨ। ਜਿਸ ਕਾਰਣ ਕਰਮਚਾਰੀਆ ਵਿੱਚ ਜਬਰਦਸਤ ਰੋਹ ਪਾਇਆ ਜਾ ਰਿਹਾ ਹੈ ਜੋ ਕਿ 29 ਅਗਸਤ ਨੂੰ ਸੂਬਾ ਪੱਧਰੀ ਲੁਧਿਆਣਾ ਵੰਗਾਰ ਰੈਲੀ ਵਜੋਂ ਜਲੌਅ ਦਾ ਰੂਪ ਧਾਰਨ ਕਰੇਗਾ। ਜੇਕਰ ਸਰਕਾਰ ਨੇ ਤੁਰੰਤ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾਂ 29 ਅਗਸਤ ਨੂੰ ਲੁਧਿਆਣਾ ਵਿਖੇ ਹੋਣ ਜਾ ਰਹੀ ਵੰਗਾਰ ਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ।
ਉਹਨਾਂ ਨੇ ਸਮੂਹ ਐਨ.ਪੀ.ਐਸ ਕਰਮਚਾਰੀਆਂ ਨੂੰ 29 ਅਗਸਤ ਨੂੰ ਸਾਥੀਆਂ ਸਮੇਤ ਲੁਧਿਆਣੇ ਵੱਲ ਵਹੀਰਾਂ ਘੱਤਣ ਦੀ ਪੁਰਜੋਰ ਅਪੀਲ ਕੀਤੀ। ਇਸ ਮੌਕੇ ਸਰਬਜੀਤ ਸਿੰਘ ਢੇਸੀ, ਬਲਕਾਰ ਸਿੰਘ, ਕੁਲਦੀਪ ਸਿੰਘ ਕੌੜਾ, ਨਿਰਮੋਲਕ ਸਿੰਘ ਹੀਰਾ, ਅਕਲ ਚੰਦ, ਅੰਗਰੇਜ਼ ਸਿੰਘ, ਲੇਖ ਰਾਜ ਪੰਜਾਬੀ, ਜਗਜੀਤ ਸਿੰਘ, ਸੁਖਦੀਪ ਸਿੰਘ, ਜਤਿਨ ਕੁਮਾਰ, ਗੋਪਾਲ ਸਿੰਘ ਰਾਵਤ, ਹਰੀ ਚੰਦ, ਕਸਤੂਰੀ ਲਾਲ, ਬੂਟਾ ਰਾਮ, ਬਖਸ਼ੀ ਰਾਮ, ਜੀਤ ਰਾਮ, ਮਨਪ੍ਰੀਤ ਸਿੰਘ, ਰਾਮ ਮੂਰਤੀ, ਬਲਵੀਰ ਕੌਰ, ਕਾਂਤਾ, ਰਾਣੀ, ਮੋਨਿਕਾ, ਰਣਜੀਤ ਕੌਰ, ਸੀਮਾਂ, ਸੁਰਿੰਦਰ ਕੌਰ, ਰਾਜਵਿੰਦਰ ਕੌਰ, ਜਸਵਿੰਦਰ ਕੌਰ, ਸੰਤੋਸ਼ ਰਾਣੀ, ਗੁਰਦੇਵ ਕੌਰ, ਆਸ਼ਾ ਰਾਣੀ, ਸਿਮਰਜੀਤ ਕੌਰ, ਕਮਲਾ ਦੇਵੀ, ਬਲਵੀਰ ਕੌਰ ਨਗਰ, ਭਜਨੋਂ, ਸੁਰਜੀਤ ਕੌਰ, ਸ਼ਰਨਜੀਤ ਕੌਰ, ਸੀਮਾਂ ਹਾਜ਼ਰ ਸਨ।