Now Reading
ਉਨਾਵ ਬਲਾਤਕਾਰ ਕਾਂਡ : ਬੀ.ਜੇ.ਪੀ. ਦਾ ਅਸਲੀ ਚਿਹਰਾ ਸਾਹਮਣੇ ਆਇਆ

ਉਨਾਵ ਬਲਾਤਕਾਰ ਕਾਂਡ : ਬੀ.ਜੇ.ਪੀ. ਦਾ ਅਸਲੀ ਚਿਹਰਾ ਸਾਹਮਣੇ ਆਇਆ

ਸ਼ਿਵ ਅਮਰੋਹੀ
ਗੱਲ 28 ਜੁਲਾਈ 2019 ਦੀ ਹੈ। ਇਕ ਕਾਰ ਜਿਸ ਵਿਚ ਇਕ ਲੜਕੀ ਦੋ ਔਰਤਾਂ ਅਤੇ ਇਕ ਆਦਮੀ ਸਵਾਰ ਸਨ, ਆਪਣੀ ਆਮ ਰਫਤਾਰ (60-70 ਕਿਲੋਮੀਟਰ) ਨਾਲ ਉਨਾਵ ਤੋਂ ਰਾਏਬਰੇਲੀ ਨੂੰ ਜਾ ਰਹੀ ਸੀ ਕਿ ਦੂਜੇ ਪਾਸੇ ਤੋਂ ਇਕ ਵੱਡਾ ਟਰੱਕ (ਸ਼ਾਇਦ ਦਸ ਟਾਇਰਾਂ ਵਾਲਾ) ਜੋ 100 ਕਿਲੋਮੀਟਰ ਤੋਂ ਵੀ ਵੱਧ ਦੀ ਰਫਤਾਰ ਨਾਲ ਦੌੜ ਰਿਹਾ ਸੀ, ਗਲਤ ਸਾਈਡ ਤੋਂ ਆ ਕੇ ਇਸ ਕਾਰ ਨੂੰ ਟੱਕਰ ਮਾਰਕੇ ਕਾਫੀ ਦੂਰ ਤੱਕ ਘਸੀਟਦਾ ਲੈ ਗਿਆ। ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਵਿਚ ਸਵਾਰ ਦੋ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਲੜਕੀ ਅਤੇ ਕਾਰ ਚਲਾ ਰਿਹਾ ਵਿਅਕਤੀ ਜੋ ਪੇਸ਼ੇ ਤੋਂ ਵਕੀਲ ਹੈ ਬੁਰੀ ਤਰ੍ਹਾਂ ਜਖ਼ਮੀ ਹੋਣ ਕਾਰਨ ਹਸਪਤਾਲ ਵਿਚ ਵੈਂਟੀਲੇਟਰ ‘ਤੇ ਹਨ ਅਤੇ ਕੋਈ ਨਹੀਂ ਕਹਿ ਸਕਦਾ ਕਿ ਇਹ ਦੋਵੇਂ ਜਖਮੀ ਬਚ ਜਾਣਗੇ ਜਾਂ ਨਹੀਂ। ਹਾਂ ਅਸੀਂ ਗੱਲ ਕਰ ਰਹੇ ਹਾਂ ਓਨਾਵ (ਜੋ ਉਤਰ ਪ੍ਰਦੇਸ਼ ਵਿਚ ਹੈ) ਦੀ ਇਕ ਗਰੀਬ ਪਰਿਵਾਰ ਦੀ ਲੜਕੀ ਜਿਸ ਨਾਲ ਉਤਰ ਪ੍ਰਦੇਸ਼ ਦੇ ਇਕ ਵਿਧਾਇਕ ਕੁਲਦੀਪ ਸੇਂਗਰ ਨੇ ਕਥਿਤ ਤੌਰ ‘ਤੇ ਜੂਨ 2017 ਦੇ ਸ਼ੁਰੂ ਵਿਚ ਬਲਾਤਕਾਰ ਕੀਤਾ ਸੀ।
‘ਦ ਪ੍ਰਿੰਟ’ ਦੀ ਪੱਤਰਕਾਰ ਅਨੰਨਿਆ ਭਾਰਦਵਾਜ ਜੋ ਇਸ ਹੌਲਨਾਕ ਐਕਸੀਡੈਂਟ ਤੋਂ ਪਹਿਲਾਂ ਪੀੜਤ ਲੜਕੀ ਦੀ ਚਾਚੀ, ਜਿਸਦੀ ਇਸ ਐਕਸੀਡੈਂਟ ਵਿਚ ਮੌਤ ਹੋ ਗਈ ਹੈ ਅਤੇ ਹੋਰ ਪਰਿਵਾਰ ਦੇ ਮੈਂਬਰਾਂ ਨੂੰ ਮਿਲਕੇ ਆਈ ਸੀ, ਨੇ ਇਕ ਟੀ.ਵੀ. ਸ਼ੋਅ ਵਿਚ ਦੱਸਿਆ ਕਿ ਇਹ ਪਰਿਵਾਰ ਗਰੀਬ ਸੀ ਅਤੇ ਐਮ.ਐਲ.ਏ. ਦੇ ਕਾਰਨ ਹੀ ਇਸ ਪਰਿਵਾਰ ਦਾ ਗੁਜ਼ਾਰਾ ਚਲਦਾ ਸੀ, ਅਤੇ ਲੜਕੀ ਦੀ ਸਵਰਗਵਾਸੀ ਚਾਚੀ ਨੂੰ ਲੜਕੀ ਨੇ ਦੱਸਿਆ ਸੀ ਕਿ 11 ਸਾਲ ਦੀ ਉਮਰ ਤੋਂ ਹੀ ਉਸ ਨਾਲ ਵਿਧਾਇਕ ਜਿਸ ਨੂੰ ਉਹ ਦੱਦੂ ਕਹਿਕੇ ਬੁਲਾਉਂਦੀ ਸੀ, ਵਲੋਂ ਜਿਸਮਾਨੀ ਛੇੜਛਾੜ ਕੀਤੀ ਜਾ ਰਹੀ ਸੀ। ਜਦੋਂ ਜਬਰ ਜਨਾਹ ਦਾ ਪਤਾ, ਚਾਚੀ ਤੋਂ ਚਾਚੇ ਅਤੇ ਫਿਰ ਲੜਕੀ ਦੇ ਬਾਪ ਨੂੰ ਪਤਾ ਲੱਗਿਆ ਅਤੇ ਪਰਿਵਾਰ ਨੇ ਪੁਲਸ ਰਿਪੋਰਟ ਲਿਖਵਾਉਣ, ਪੁਲਸ ਰਿਪੋਰਟ ਲਿਖਵਾਉਣ ਲਈ ਕੋਰਟ ਦਾ ਸਹਾਰਾ ਲੈਣ ਅਤੇ ਫਿਰ ਲੜਕੀ ਵਲੋਂ ਮੁੱਖ ਮੰਤਰੀ ਯੋਗੀ ਦੀ ਕੋਠੀ ਸਾਹਮਣੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੀਡੀਆ ਵਿਚ ਰੌਲਾ ਰੱਪਾ ਪੈ ਗਿਆ।
ਪੁਲਸ ਨੇ ਲੰਮਾ ਸਮਾਂ ਕੋਈ ਕਾਰਵਾਈ ਨਾ ਕੀਤੀ, ਸਗੋਂ ਪੀੜਤ ਪਰਿਵਾਰ ਨੂੰ ਨਾ ਸਿਰਫ ਡਰਾਉਣਾ ਧਮਕਾਉਣਾ ਸ਼ੁਰੂ ਕੀਤਾ ਸਗੋਂ ਅਪ੍ਰੈਲ 2018 ਵਿਚ ਉਸਦੇ ਪਿਤਾ ਨੂੰ ਵਿਧਾਇਕ ਦੇ ਭਰਾ ਅਤੇ ਗੁੰਡਿਆਂ ਨੇ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਥਾਣੇ ਬੰਦ ਕਰ ਦਿੱਤਾ ਅਤੇ ਥਾਣੇ ਅੰਦਰ ਵੀ ਪੁਲਸ ਦੀ ਹਾਜ਼ਰੀ ਵਿਚ ਇੰਨਾ ਕੁੱਟਿਆ ਕਿ 9 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਉਸਦੇ ਸਰੀਰ ‘ਤੇ ਚੋਟ ਦੇ 14 ਨਿਸ਼ਾਨ ਸਨ ਅਤੇ ਅਨੇਕਾਂ ਥਾਵਾਂ ਤੋਂ ਹੱਡੀਆਂ ਟੁੱਟੀਆਂ ਹੋਈਆਂ ਸਨ। ਇੰਨਾ ਅਤਿਆਚਾਰ ਹੋਣ ਦੇ ਬਾਵਜੂਦ ਹਾਈਕੋਰਟ ਦੇ ਦਖਲ ਤੋਂ ਬਾਅਦ ਹੀ ਐਮ.ਐਲ.ਏ. ‘ਤੇ ਕੇਸ ਦਰਜ ਕੀਤਾ ਗਿਆ ਅਤੇ ਕੇਸ ਸੀ.ਬੀ.ਆਈ. ਦੇ ਹਵਾਲੇ ਕੀਤਾ ਗਿਆ। ਸੀ.ਬੀ.ਆਈ. ਨੇ ਕੁਲਦੀਪ ਸੇਂਗਰ ਨੂੰ ਗ੍ਰਿਫਤਾਰ ਕਰ ਲਿਆ, ਪਰ ਇਕ ਸਾਲ ਤੋਂ ਵੱਧ ਦਾ ਸਮਾਂ ਲੰਘ ਜਾਣ ਤੋਂ ਬਾਅਦ ਵੀ ਕੇਸ ਕੱਛੂ ਦੀ ਚਾਲ ਚੱਲਦਾ ਰਿਹਾ। ਇਸੇ ਸਮੇਂ ਦੌਰਾਨ ਹੀ ਪੀੜਤ ਲੜਕੀ ਦੇ ਪਿਤਾ ਦੀ ਕੁੱਟਮਾਰ ਦਾ ਗਵਾਹ ਭੇਤ ਭਰੇ ਢੰਗ ਨਾਲ ਮਰ ਗਿਆ। ਇਕ ਚਾਚੇ ਨੂੰ ਝੂਠੇ ਕੇਸ ਵਿਚ ਜੇਲ੍ਹ ਵਿਚ ਸੁੱਟਿਆ ਗਿਆ ਤੇ ਹੁਣ ਇਸ ਕੇਸ ਦੀ ਪ੍ਰਮੁੱਖ ਗਵਾਹ ਉਸ ਦੀ ਚਾਚੀ ਦੀ ਐਕਸੀਡੈਂਟ ਰਾਹੀਂ ਹੱਤਿਆ ਕਰ ਦਿੱਤੀ ਗਈ ਹੈ।  ਅਸਲ ਵਿਚ ਕਾਰ ਵਿਚ ਸਵਾਰ ਲੜਕੀ, ਉਸ ਦੀ ਚਾਚੀ ਅਤੇ ਮਾਸੀ, ਲੜਕੀ ਦੇ ਵਕੀਲ ਦੀ ਕਾਰ ਰਾਹੀਂ ਜੇਲ੍ਹ ਵਿਚ ਬੰਦ ਆਪਣੇ ਚਾਚਾ ਨੂੰ ਮਿਲਣ ਜਾ ਰਹੇ ਸਨ।
ਖੈਰ ਇਹ ਤਾਂ ਇਸ ਕੇਸ ਨਾਲ ਸਬੰਧਤ ਕੁਝ ਘਟਨਾਵਾਂ ਹਨ। ਅਸਲ ਵਿਚ ਸ਼ੱਕ ਅਤੇ ਸ਼ੰਕਾਵਾਂ ਅਨੇਕਾਂ ਹਨ ਜਿਹੜੀਆਂ ਸਾਰੀਆਂ ਸਾਫ ਸੰਕੇਤ ਕਰਦੀਆਂ ਹਨ ਕਿ ਨਾ ਸਿਰਫ ਕੁਲਦੀਪ ਸੇਂਗਰ ਇਕ ਬਾਹੂਬਲੀ ਹੈ, ਸਗੋਂ ਯੂ.ਪੀ. ਅਤੇ ਸਾਰੇ ਦੇਸ਼ ‘ਤੇ ਰਾਜ ਕਰ ਰਹੀ ਪਾਰਟੀ ਬੀ.ਜੇ.ਪੀ. ਦਾ ਵਿਧਾਇਕ ਵੀ ਹੈ। ਇਸ ਲਈ ਉਸਨੂੰ ਨਾ ਸਿਰਫ ਕੁਕਰਮ ਕਰਨ ਦੀ ਖੁੱਲ੍ਹੀ ਛੁੱਟੀ ਮਿਲੀ ਹੋਈ ਹੈ, ਸਗੋਂ ਸਾਰਾ ਪ੍ਰਸ਼ਾਸਨ ਅਤੇ ਯੂ.ਪੀ. ਦੇ ਮੰਤਰੀਆਂ ਦੇ ਰਿਸ਼ਤੇਦਾਰ, ਕਈ ਸਰਪੰਚ ਅਤੇ ਮਹੱਤਵਪੂਰਨ ਅਹੁਦਿਆਂ ‘ਤੇ ਬੈਠੇ ਬਾਰਸੂਖ ਵਿਅਕਤੀ ਉਸ ਦੀ ਗੁੰਡਾਗਰਦੀ ਨੂੰ ਅੰਜਾਮ ਦੇਣ ਵਿਚ ਪੂਰੀ ਤਰ੍ਹਾਂ ਵਿਧਾਇਕ ਦਾ ਸਾਥ ਦੇ ਰਹੇ ਹਨ। ਇਹ ਗੱਲ ਅਸੀਂ ਨਹੀਂ, ਸਗੋਂ ਪੀੜਤ ਲੜਕੀ ਦੇ ਨਜ਼ਦੀਕੀ ਨਾ ਸਿਰਫ ਕਹਿ ਰਹੇ ਹਨ ਸਗੋਂ ਸ਼ਰੇਆਮ ਉਨ੍ਹਾਂ ਦੇ ਨਾਂਅ ਦੱਸ ਰਹੇ ਹਨ। ਉਤਰ ਪ੍ਰਦੇਸ਼ ਪੁਲਸ ਦਾ ਰੋਲ ਇਸ ਵਿਚ ਸਭ ਤੋਂ ਵੱਧ ਮੁਜ਼ਰਮਾਨਾ ਹੈ। ਆਓ, ਉਨ੍ਹਾਂ ਤੱਥਾਂ ‘ਤੇ ਨਜ਼ਰ ਮਾਰੀਏ ਜੋ ਚੀਕ-ਚੀਕ ਕੇ ਸੱਚਾਈ ਬਿਆਨ ਕਰ ਰਹੇ ਹਨ, ਪਰ ਯੂ.ਪੀ. ਸਰਕਾਰ ਅਤੇ ਪ੍ਰਸ਼ਾਸਨ ਅਤੇ ਮੋਦੀ ਸਰਕਾਰ ਵੀ ਜਾਂ ਤਾਂ ਮੁਜ਼ਰਮਾਨਾ ਚੁੱਪ ਧਾਰੀ ਬੈਠੇ ਹਨ ਜਾਂ ਲੀਪਾਪੋਤੀ ਕਰਨ ਵਿਚ ਲੱਗੇ ਹੋਏ ਹਨ।
ਸਭ ਤੋਂ ਪਹਿਲਾਂ ਤਾਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਦੇਣ ਵਾਲੇ ਆਗੂ ਇਸ ਦਾ ਜਵਾਬ ਦੇਣ, ਕਿ ਜਦੋਂ ਓਨਾਵ ਦੀ ਇਸ ਬੇਟੀ ਨਾਲ ਉਨ੍ਹਾਂ ਦੇ ਹੀ ਇਕ ਐਮ.ਐਲ.ਏ. ਨੇ ਕੁਕਰਮ ਕੀਤਾ ਤਾਂ ਇਹ ਉਸ ਬੇਟੀ ਨੂੰ ਬਚਾਉਣ ਦੀ ਥਾਂ ਮੁਜ਼ਰਮ ਨੂੰ ਕਿਓਂ ਬਚਾਉਂਦੇ ਰਹੇ? ਕਿਉਂ ਓੁਨਾਵ ਦੇ ਲੋਕ ਸਭਾ ਮੈਂਬਰ ਸਾਕਸ਼ੀ ਮਹਾਰਾਜ ਦੋਸ਼ੀ ਨੂੰ ਮਿਲਣ ਲਈ ਜੇਲ੍ਹ ਜਾਂਦੇ ਰਹੇ?
ਇਹ ਵੀ ਸਵਾਲ ਪੁਛਣਾ ਬਣਦਾ ਹੈ ਕਿ ਦੋਸ਼ੀ ਵਿਧਾਇਕ ਵਿਰੁੱਧ ਕੇਸ ਦਰਜ ਹੋਣ, ਸੀ.ਬੀ.ਆਈ. ਵਲੋਂ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵੀ ਉਸ ਨੂੰ ਪਾਰਟੀ ਵਿਚੋਂ ਕਿਉਂ ਨਹੀਂ ਕੱਢਿਆ ਗਿਆ?
ਜੇ ਇਸ ਰਾਜ ਕਰਦੀ ਪਾਰਟੀ ਦੇ ਕੀਤੇ ਕੁਝ ਹੋਰ ਕਾਰਨਾਮਿਆਂ ‘ਤੇ ਝਾਤ ਮਾਰੀ ਜਾਵੇ, ਜਿਨ੍ਹਾਂ ਵਿਚ ਕਠੂਆ ਵਿਚ ਅੱਠ ਸਾਲ ਦੀ ਲੜਕੀ ਨਾਲ ਕੀਤੇ ਗੈਂਗਰੇਪ ਅਤੇ ਹੱਤਿਆ ਦੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਪ੍ਰਮੁੱਖ ਹੈ ਤਾਂ ਬਿਲਕੁਲ ਸਾਫ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਦੇ ਕਾਰਨਾਮਿਆਂ ਵਿਚ ਇਹ ਦੋਸ਼ੀਆਂ ਨਾਲ ਕਿਵੇਂ ਘਿਓ ਖਿਚੜੀ ਹਨ ਅਤੇ ਇਹ ਰਾਜ ਸ਼ਕਤੀ ਦਾ ਪ੍ਰਯੋਗ ਮਜਲੂਮਾਂ ਦੀ ਸੁਰੱਖਿਆ ਦੀ ਥਾਂ ਦੋਸ਼ੀਆਂ ਨੂੰ ਹੱਲਾਸ਼ੇਰੀ ਦੇਣ ਲਈ ਕਰਦੇ ਹਨ।
ਬੀ.ਜੇ.ਪੀ. ਦੇ ਜਿਹੜੇ ਲੀਡਰ ਇਹ ਦਲੀਲ ਦੇ ਰਹੇ ਹਨ ਕਿ ਕੇਸ ਸੀ.ਬੀ.ਆਈ. ਦੇ ਹਵਾਲੇ ਕੀਤਾ ਹੋਇਆ ਹੈ, ਉਹ ਇਹ ਦੱਸਣ ਦੀ ਖੇਚਲ ਕਰਨ ਕਿ ਇਕ ਸਾਲ ਤੋਂ ਵੀ ਵੱਧ ਸਮਾਂ ਯੂ.ਪੀ. ਦੀ ਪੁਲਸ ਕੀ ਕਰਦੀ ਰਹੀ? ਉਸਨੇ ਕਾਫੀ ਸਮੇਂ ਤੱਕ ਬਲਾਤਕਾਰ ਦਾ ਕੇਸ ਕਿਉਂ ਦਰਜ ਨਹੀਂ ਕੀਤਾ? ਉਸ ਵਿਚ ਮੁੱਖ ਦੋਸ਼ੀ ਕੁਲਦੀਪ ਸੇਂਗਰ ਦਾ ਨਾਂਅ ਦਰਜ ਕਿਉਂ ਨਹੀਂ ਕੀਤਾ? ਪੀੜਤ ਲੜਕੀ ਦੇ ਘਰ ਦੇ ਮੈਂਬਰਾਂ ਦੀ ਅਤੇ ਗਵਾਹਾਂ ਦੀ ਸੁਰੱਖਿਆ ਨੂੰ ਅਣਗੌਲਿਆਂ ਕਿਓਂ ਕੀਤਾ ਗਿਆ? ਲੜਕੀ ਦੇ ਪਿਤਾ ਦੀ ਮੁੱਖ ਦੋਸ਼ੀ ਦੇ ਗੁੰਡਿਆਂ ਵਲੋਂ ਥਾਣੇ ਅੰਦਰ ਬੇਰਹਿਮੀ ਨਾਲ ਕੀਤੀ ਕੁੱਟਮਾਰ ਜਿਸ ਨਾਲ ਉਸ ਦੀ ਮੌਤ ਹੋ ਗਈ ਕੀ ਇਹ ਜੰਗਲ ਰਾਜ ਦੀ ਨਿਸ਼ਾਨੀ ਨਹੀਂ ਹੈ? ਦੋਸ਼ੀਆਂ ਦੀ ਪਹੁੰਚ ਅਤੇ ਲੰਮੇ ਹੱਥਾਂ ਦਾ ਕਰਿਸ਼ਮਾ ਹੀ ਹੈ ਕਿ ਪੀੜਤ ਪਰਿਵਾਰ ਵਲੋਂ ਸੁਰੱਖਿਆ ਅਤੇ ਧਮਕੀਆਂ ਸਬੰਧੀ ਲਿਖੀਆਂ ਗਈਆਂ 35 ਚਿੱਠੀਆਂ ਕੂੜਾ ਸਮਝ ਕੇ ਉਨ੍ਹਾਂ ‘ਤੇ ਧਿਆਨ ਹੀ ਨਹੀਂ ਦਿੱਤਾ ਗਿਆ। ਇੱਥੇ ਤੱਕ ਕਿ ਦੇਸ਼ ਦੇ ਚੀਫ ਜਸਟਿਸ ਨੂੰ ਲਿਖੀ ਗਈ ਚਿੱਠੀ ਵੀ ਉਨ੍ਹਾਂ ਤੱਕ ਪਹੁੰਚਣ ਨਹੀਂ ਦਿੱਤੀ ਗਈ।
ਕੀ ਬੀ.ਜੇ.ਪੀ. ਦੀ ਸੂਬਾਈ ਅਤੇ ਕੇਂਦਰ ਦੀ ਸਰਕਾਰ ਦੇਸ਼ ਦੀ ਜਨਤਾ ਨੂੰ ਦੱਸੇਗੀ, ਕਿ ਬਲਾਤਕਾਰ ਅਤੇ ਇਸ ਨਾਲ ਜੁੜੇ ਹੋਰ ਗਵਾਹਾਂ ਦੀ ਹੱਤਿਆ ਨੂੰ ਰੋਕਣ ਵਿਚ ਫੇਲ੍ਹ ਹੋਣ ਦੀ ਨੈਤਿਕ ਤੇ ਕਾਨੂੰਨੀ ਜ਼ਿੰਮੇਵਾਰੀ ਕਿਸ ਦੀ ਹੈ ਅਤੇ ਇਹ ਨਿਭਾਈ ਕਿਓਂ ਨਹੀਂ ਗਈ? ਕੀ ਦੋਸ਼ੀਆਂ ਵਲੋਂ ਲੜਕੀ ਦੇ ਪਿਤਾ ਨੂੰ ਥਾਣੇ ਅੰਦਰ ਕੁੱਟ ਕੁੱਟ ਕੇ ਮਾਰ ਦੇਣ ਤੋਂ ਬਾਅਦ ਵੀ ਦੋਸ਼ੀਆਂ ਦੇ ਬਾਰੇ ਅਜੇ ਕੋਈ ਭੁਲੇਖਾ ਹੈ?
ਕੀ ਟਰੱਕ ਦੁਰਘਟਨਾ ਵਾਲੇ ਦਿਨ ਪੀੜਤ ਲੜਕੀ ਦੇ ਨਾਲ ਡਿਊਟੀ ਤੇ ਲਗਾਏ ਚਾਰ ਸੁਰੱਖਿਆ ਕਰਮੀਆਂ ਦਾ ਨਾ ਜਾਣਾ, ਟਰੱਕ ਦੇ ਨੰਬਰ ‘ਤੇ ਕਾਲੀ ਸਿਆਹੀ ਫੇਰਨਾ, ਟਰੱਕ ਦਾ ਗਲਤ ਸਾਈਡ ਤੋਂ ਆਉਣਾ, ਤੇਜ਼ ਗਤੀ ਨਾਲ ਆ ਕੇ ਟੱਕਰ ਮਾਰ ਕੇ, ਕਾਰ ਨੂੰ ਦੂਰ ਤੱਕ ਘਸੀਟ ਕੇ ਲਿਜਾਣਾ, ਕੀ ਇਹ ਵੇਖਣ ਤੋਂ ਬਾਅਦ ਵੀ ਹੋਰ ਸਬੂਤਾਂ ਦੀ ਲੋੜ ਹੈ?
ਕੀ ਭਾਰਤੀ ਜਨਤਾ ਪਾਰਟੀ ਆਪਣੇ ਉਨ੍ਹਾਂ ਆਗੂਆਂ ‘ਤੇ ਕੋਈ ਕਾਰਵਾਈ ਕਰੇਗੀ ਜੋ ਕੁਲਦੀਪ ਸੇਂਗਰ ਨੂੰ ਜੇਲ੍ਹ ‘ਚ ਮਿਲਣ ਜਾਂਦੇ ਰਹੇ, ਜੋ ਜੇਲ੍ਹ ਵਿਚੋਂ ਉਸ ਦੇ ਬੇਦਾਗ ਛੁੱਟਣ ਦੀਆਂ ਅਰਦਾਸਾਂ ਕਰਦੇ ਰਹੇ? ਕੀ ਭਾਰਤੀ ਜਨਤਾ ਪਾਰਟੀ ਰੱਖੜੀ ਦੇ ਮੌਕੇ ‘ਤੇ ਕੁਲਦੀਪ ਸੇਂਗਰ ਦੀ ਫੋਟੋ ਵਾਲੇ ਪੋਸਟਰ ਉਨਾਵ ਸ਼ਹਿਰ ਵਿਚ ਲਗਾਉਣ ਵਾਲਿਆਂ ਵਿਰੁੱਧ ਕਾਰਵਾਈ ਕਰੇਗੀ?
ਅੱਜ ਸਾਰਾ ਦੇਸ਼ ਬੀ.ਜੇ.ਪੀ. ਤੋਂ ਪੁੱਛ ਰਿਹਾ ਹੈ ਕਿ ਤੁਹਾਡੀਆਂ ਫਾਇਰ ਬਰਾਂਡ ਮਹਿਲਾ ਆਗੂ ਸਿਮਰਿਤੀ ਇਰਾਨੀ, ਉਮਾ ਭਾਰਤੀ ਅਤੇ ਨੰਨ੍ਹੀ ਛਾਂ ਹਿਮਾਇਤੀ ਪੰਜਾਬ ਦੀ ਇਕ ਵੱਡੀ ਲੀਡਰ ਚੁੱਪ ਕਿਉਂ ਹਨ? ਉਨ੍ਹਾਂ ਦੇ ਬੁੱਲ੍ਹ ਸੀਤੇ ਕਿਉਂ ਗਏ ਹਨ?
ਕੀ ਇਹ ਹੀ ਰਾਮ ਰਾਜ ਹੈ, ਜਿਸ ਨੂੰ ਲਿਆਉਣ ਦੇ ਸੁਪਨੇ ਦੇਸ਼ਵਾਸੀਆਂ ਨੂੰ ਵਿਖਾਏ ਜਾ ਰਹੇ ਹਨ? ਉਤਰ ਪ੍ਰਦੇਸ਼ ਦੀ ਮਹਿਲਾ ਆਯੋਗ, ਕੇਂਦਰ ਦੀ ਮਹਿਲਾ ਆਯੋਗ, ਇਹ ਸਭ ਆਪਣਾ ਬਣਦਾ ਰੋਲ ਨਿਭਾਅ ਕਿਉਂ ਨਹੀਂ ਰਹੀਆਂ? ਪ੍ਰਧਾਨ ਮੰਤਰੀ ਵਲੋਂ ਇਸ ਸੰਬੰਧ ਵਿਚ ਦੇਸ਼ਵਾਸੀਆਂ ਨੂੰ ਕੋਈ ਭਰੋਸਾ ਦੇਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ? ਅਨੇਕਾਂ ਸਵਾਲ ਹਨ, ਪਰ ਜਿਨ੍ਹਾਂ ਨੇ ਇਸ ਦਾ ਉਤਰ ਦੇਣਾ ਹੈ ਉਹ ਸਭ ਚੁੱਪ ਹਨ, ਕਿਉਂਕਿ ਇੰਨਾ ਕੁਝ ਹੋਣ ਦੇ ਬਾਵਜੂਦ ਉਨ੍ਹਾਂ ਦੀ ਜੁਬਾਨ ਬੰਦ ਹੈ!
ਅਸਲ ਵਿਚ ਦੇਸ਼ ਚਲਾਉਣ ਲਈ ਸਥਾਪਤ ਬਹੁਤੀਆਂ ਨਿਰਪੱਖ ਤੇ ਸੁਤੰਤਰ ਸੰਸਥਾਵਾਂ ਦੇ ਖੰਭ ਕੁਤਰ ਦਿੱਤੇ ਗਏ ਹਨ, ਪੁਲਸ ਤਾਂ ਸਰਕਾਰ ਦੀ ਪੱਕੀ ਜੀ ਹਜੂਰੀ ਕਰਨ ਵਾਲੀ ਹੈ, ਪਰ ਸੀ.ਬੀ.ਆਈ. ਜੋ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਹੈ, ਉਸ ਦੇ ਦੁਰਪਯੋਗ ਦੇ ਕਿੱਸੇ ਵੀ ਸਭ ਦੇ ਸਾਹਮਣੇ ਹਨ। ਪਿਛਲੇ ਇਕ ਸਾਲ ਦੇ ਸਮੇਂ ਵਿਚ ਉਪਰੋਕਤ ਕੇਸ ਵਿਚ ਸੀ.ਬੀ.ਆਈ. ਦੀ ਢਿੱਲੀ ਕਾਰਗੁਜ਼ਾਰੀ ਕਈ ਨਵੇਂ ਸ਼ੰਕੇ ਪੈਦਾ ਕਰਨ ਵਾਲੀ ਹੈ।
ਜੇ ਪੀੜਤ ਲੜਕੀ ਦੇ ਪਿਤਾ ਦੀ ਥਾਣੇ ਅੰਦਰ ਹੋਈ ਮੌਤ ਦਾ ਹਾਈ ਕੋਰਟ ਨੋਟਿਸ ਨਾ ਲੈਂਦਾ ਅਤੇ ਕੇਸ ਦਰਜ ਕਰਨ ਤੇ ਕੇਸ ਸੀ.ਬੀ.ਆਈ. ਨੂੰ ਦੇਣ ਦੀ ਹਦਾਇਤ ਨਾ ਕਰਦਾ ਤਾਂ ਸ਼ਾਇਦ ਕੁਲਦੀਪ ਸਿੰਘ ਸੇਂਗਰ ਅੱਜ ਵੀ ਖੁੱਲ੍ਹੇਆਮ ਘੁੰਮ ਰਿਹਾ ਹੁੰਦਾ।
ਹੌਸਲਾ ਦੇਣ ਵਾਲੀ ਗੱਲ ਇਹ ਹੈ ਕਿ ਦੇਸ਼ ਭਰ ਵਿਚ ਇਨਸਾਫ ਪਸੰਦ ਲੋਕਾਂ ਨੇ ਕਠੂਆ ਕਾਂਡ ਦੀ ਤਰ੍ਹਾਂ ਉਨਾਵ ਕਾਂਡ ਵਿਰੁੱਧ ਵੀ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤੇ ਹਨ। ਹਾਲਾਂਕਿ ਇਲੈਕਟਰੋਨਿਕ ਮੀਡੀਆ ਦਾ ਵੱਡਾ ਭਾਗ ਬੀ.ਜੇ.ਪੀ. ਸਰਕਾਰ ਦਾ ਗੁਣਗਾਨ ਹੀ ਕਰਦਾ ਹੈ ਤਾਂ ਵੀ ਇਸ ਦੇ ਕੁੱਝ ਹਿੱਸੇ ਨੇ ਅਤੇ ਵਿਸ਼ੇਸ਼ ਤੌਰ ‘ਤੇ ਸੋਸ਼ਲ ਮੀਡੀਆ ਉਤੇ ਇਸ ਦਾ ਵੱਡੇ ਪੱਧਰ ‘ਤੇ ਵਿਰੋਧ ਵੇਖਣ ਨੂੰ ਮਿਲਿਆ ਹੈ।
ਇਸ ਕਾਂਡ ਨਾਲ ਬੀ.ਜੇ.ਪੀ. ਦੇ ਪਰਦੇ ਪਿੱਛੇ ਛਿਪੇ ਹੋਏ ਇਰਾਦੇ ਹੋਰ ਸਾਫ਼ ਹੋ ਕੇ ਲੋਕਾਂ ਸਾਹਮਣੇ ਆਏ ਹਨ। ਲੋਕ ਇਹ ਗੱਲ ਸਮਝਣ ਲੱਗੇ ਹਨ ਕਿ ਘੱਟ ਗਿਣਤੀ, ਦਲਿਤ, ਆਦਿਵਾਸੀ ਅਤੇ ਔਰਤਾਂ ਇਨ੍ਹਾਂ ਦੇ ਨਿਸ਼ਾਨੇ ‘ਤੇ ਹਨ ਅਤੇ ਇਨ੍ਹਾਂ ਦੇ ਲਈ ਬਰਾਬਰਤਾ ਲਈ ਕੋਈ ਥਾਂ ਨਹੀਂ। ਔਰਤਾਂ ਨੂੰ ਇਨਸਾਨ ਦੀ ਥਾਂ ਸ਼ੋਪੀਸ ਜਾਂ ਵਸਤੂ ਜਾਂ ਘਰ ਅੰਦਰ ਲੁੱਕ ਕੇ ਰਹਿਣ ਵਾਲੀ ਸ਼ੈਅ ਦਾ ਦਰਜ਼ਾ ਅਤੇ ਘੱਟ  ਗਿਣਤੀਆਂ, ਦਲਿਤਾਂ ਨੂੰ ਦੂਜੇ ਦਰਜ਼ੇ ਦੇ ਸ਼ਹਿਰੀ ਬਣਾਉਣਾ ਆਰ.ਐਸ.ਐਸ. ਜਿਸ ਦੇ ਨਿਰਦੇਸ਼ਾਂ ‘ਤੇ ਬੀ.ਜੇ.ਪੀ. ਚੱਲਦੀ ਹੈ, ਦਾ ਪੁਰਾਣਾ ਸਿਧਾਂਤ ਹੈ।
ਜੇ ਦੇਸ਼ਵਾਸ਼ੀ ਜਾਗਰੂਕ ਹੋ ਕੇ ਇਸ ਦਾ ਵਿਰੋਧ ਕਰਨ ਲਈ ਅੱਗੇ ਨਾ ਆਏ ਤਾਂ ਇਸ ਤਰ੍ਹਾਂ ਦੇ ਕਹਿਰ ਭਰੇ ਵਰਤਾਰੇ ਹੋਰ ਤੇਜ਼ ਹੋਣਗੇ।

Scroll To Top