Now Reading
ਇੰਜਨੀਅਰਾਂ ਦਾ ਜਥਾ ਕਿਸਾਨੀ ਸੰਘਰਸ਼ ਦੀ ਹਮਾਇਤ ਲਈ ਦਿੱਲੀ ਰਵਾਨਾ

ਇੰਜਨੀਅਰਾਂ ਦਾ ਜਥਾ ਕਿਸਾਨੀ ਸੰਘਰਸ਼ ਦੀ ਹਮਾਇਤ ਲਈ ਦਿੱਲੀ ਰਵਾਨਾ

ਪਟਿਆਲਾ, 22 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਡਿਪਲੋਮਾ ਇੰਜਨੀਅਰ ਐਸੋਸੀਏਸ਼ਨ ਪੰਜਾਬ (ਜਲ ਸਪਲਾਈ) ਦੇ ਬੈਨਰ ਹੇਠ 150 ਦੇ ਕਰੀਬ ਇੰਜਨੀਅਰਾਂ ਦਾ ਜਥਾ ਮੁੱਖ ਦਫਤਰ ਪਟਿਆਲਾ ਜਲ ਸਪਲਾਈ ਤੇ ਸੈਨੀਟੇਸ਼ਨ ਤੋਂ ਕਿਸਾਨੀ ਸੰਘਰਸ਼ ਦੀ ਹਮਾਇਤ ਲਈ ਦਿੱਲੀ ਰਵਾਨਾ ਹੋਇਆ। ਇਸ ਜਥੇ ਦੀ ਅਗਵਾਈ ਸੂਬਾਈ ਪ੍ਰਧਾਨ ਸੁਖਮਿੰਦਰ ਸਿੰਘ ਲਵਲੀ, ਸੂਬਾਈ ਜਨਰਲ ਸਕੱਤਰ ਕਰਮਜੀਤ ਸਿੰਘ ਬੀਹਲਾ ਅਤੇ ਕਰਮਜੀਤ ਸਿੰਘ ਪਟਿਆਲਾ ਨੇ ਕੀਤੀ। ਇਕੱਤਰ ਹੋਏ ਇੰਜਨੀਅਰਾਂ ਨੂੰ ਰਵਾਨਾ ਕਰਨ ਤੋਂ ਪਹਿਲਾ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਬੇਲੂਮਾਜਰਾ ਨੇ ਕਿਹਾ ਕਿ ਇਹ ਘੋਲ ਹੁਣ ਇਕੱਲਾ ਕਿਸਾਨੀ ਦਾ ਨਹੀਂ ਸਗੋਂ ਸਮੂਹ ਲੁਕਾਈ ਦਾ ਬਣ ਗਿਆ ਹੈ, ਜਿੱਥੇ ਕਿਸਾਨ ਜ਼ਮੀਨ ਦੀ ਲੜਾਈ ਲੜ ਰਿਹਾ ਹੈ ਉੱਥੇ ਮੁਲਾਜ਼ਮ ਪਬਲਿਕ ਸੈਕਟਰ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ।

ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨੀ ਘੋਲ ਵਿੱਚ ਪੰਜਾਬ ਦੇ ਇੰਜਨੀਅਰ ਆਪਣੀ ਸ਼ਕਤੀ ਅਨੁਸਾਰ ਗਿਣਤੀ ਅਤੇ ਆਰਥਕ ਹਿੱਸਾ ਪਾਉਣਗੇ। ਵੱਖ ਵੱਖ ਜ਼ਿਲ੍ਹਿਆਂ ਤੋਂ ਗੁਰਦੀਪ ਸਿੰਘ ਬਰਨਾਲਾ, ਅਸ਼ਵਨੀ ਕੁਮਾਰ ਅਮ੍ਰਿੰਤਸਰ, ਵਿੰਸਨੂੰ ਸੈਣੀ ਹੁਸ਼ਿਆਰਪੁਰ, ਜਗਦੀਪ ਸਿੰਘ ਬਠਿੰਡਾ, ਗੁਰਮੁਖ ਸਿੰਘ ਫ਼ਿਰੋਜਪੁਰ, ਜਲੌਰ ਸਿੰਘ ਮੁਕਤਸਰ, ਸੁਖਰਾਜ ਸਿੰਘ ਲੁਧਿਆਣਾ, ਮਨਿੰਦਰਪਾਲ ਸਿੰਘ ਸੰਗਰੂਰ, ਕਰਮਜੀਤ ਸਿੰਘ ਮਾਨਸਾ, ਅਰਵਿੰਦ ਸੈਣੀ ਨਵਾਂਸ਼ਹਿਰ, ਹੰਸ ਰਾਜ ਗੁਰਦਾਸਪੁਰ, ਗੁਰਜੀਤ ਸਿੰਘ ਪਟਿਆਲਾ ਦੀ ਅਗਵਾਈ ਹੇਠ ਸਾਥੀ ਸ਼ਾਮਲ ਹੋਏ।

Scroll To Top