ਬਠਿੰਡਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਕਾਰਕੁਨਾਂ ਵੱਲੋਂ ਅੱਜ ਸੰਗਤ ਮੰਡੀ ਦੇ ਮੁੱਖ ਬਾਜ਼ਾਰਾਂ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮਗਰੋਂ ਬੱਸ ਅੱਡੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਹਕੂਮਤਾਂ ਦਾ ਪੁਤਲਾ ਫੂਕਿਆ ਗਿਆ।
ਪ੍ਰਦਰਸ਼ਨਕਾਰੀਆਂ ਦੀ ਅਗਵਾਈ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੈਸ਼ੀਅਰ ਮਿੱਠੂ ਸਿੰਘ ਘੁੱਦਾ ਤੇ ਪ੍ਰਕਾਸ਼ ਨੰਦਗੜ੍ਹ ਨੇ ਕੀਤੀ। ਪ੍ਰਦਰਸ਼ਨਕਾਰੀ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧੇ, ਮਹਿੰਗਾਈ ਅਤੇ ਬੇਰੁਜ਼ਗਾਰੀ ਖਿਲਾਫ ਸਖ਼ਤ ਰੋਸ ਪ੍ਰਗਟ ਕਰ ਰਹੇ ਸਨ।
ਪ੍ਰਦਰਸ਼ਨਕਾਰੀਆਂ ਨੇ ਮੰਡੀ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਭਲਕੇ 10 ਸਤੰਬਰ ਨੂੰ ਖੱਬੀਆਂ ਪਾਰਟੀਆਂ ਦੇ ਭਾਰਤ ਬੰਦ ਦੇ ਸੱਦੇ ’ਤੇ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਕਰ ਕੇ ਸਰਕਾਰ ਨੂੰ ਸਖਤ ਸੁਨੇਹਾ ਦਿੱਤਾ ਜਾਵੇ।
ਸਥਾਨਕ ਬੱਸ ਅੱਡੇ ’ਤੇ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਆਰਐੱਮਪੀਆਈ ਦੇ ਕੇਂਦਰੀ ਕਮੇਟੀ ਦੇ ਮੈਂਬਰ ਮਹੀਪਾਲ ਨੇ ਕਿਹਾ ਕਿ ਕੌਮਾਂਤਰੀ ਮੰਡੀ ਵਿੱਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਡਿੱਗਣ ਦੇ ਬਾਵਜੂਦ ਮੋਦੀ ਹਕੂਮਤ ਤੇਲ ਕੰਪਨੀਆਂ ਦੇ ਮੁਨਾਫੇ ਵਧਾਉਣ ਲਈ ਲਗਭਗ ਹਰ ਰੋਜ਼ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਕਰ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਖੱਬੀਆਂ ਪਾਰਟੀਆਂ ਵੱਲੋਂ ਭਲਕੇ 10 ਸਤੰਬਰ ਨੂੰ ਬਠਿੰਡਾ ਸ਼ਹਿਰ ਵਿੱਚ ਸਾਂਝਾ ਰੋਸ ਮਾਰਚ ਕੀਤਾ ਜਾਵੇਗਾ। ਇਸ ਮੌਕੇ ਸੰਪੂਰਨ ਸਿੰਘ , ਮਲਕੀਤ ਸਿੰਘ , ਉਮਰ ਦੀਨ , ਚੰਦ ਸਿੰਘ , ਸਰੂਪ ਸਿੰਘ , ਵੀਰ ਸਿੰਘ, ਨਰਦੇਵ ਸਿੰਘ ਟੈਣੀ, ਕ੍ਰਿਸ਼ਨ ਕੁਮਾਰ, ਮੱਖਣ ਸਿੰਘ ਸ਼ਾਮਲ ਹੋਏ।