Now Reading
ਇਕਜੁੱਟ ਸੰਘਰਸ਼ਾਂ ਰਾਹੀਂ ਅਜਿਹੇ ਜਾਤੀ ਹੰਕਾਰ ਨੂੰ ਨੱਥ ਪਾਈ ਜਾ ਸਕਦੀ ਹੈ

ਇਕਜੁੱਟ ਸੰਘਰਸ਼ਾਂ ਰਾਹੀਂ ਅਜਿਹੇ ਜਾਤੀ ਹੰਕਾਰ ਨੂੰ ਨੱਥ ਪਾਈ ਜਾ ਸਕਦੀ ਹੈ

ਗੁਰਨਾਮ ਸਿੰਘ ਦਾਊਦ
ਦਲਿਤਾਂ ਉਪਰ ਅੱਤਿਆਚਾਰਾਂ ਦੀ ਕਹਾਣੀ ਬਹੁਤ ਪੁਰਾਣੀ ਹੈ ਅਤੇ ਇਸ ਵਿਚ ਲਗਾਤਾਰ ਤੇਜੀ ਆ ਰਹੀ ਹੈ। ਜਦੋਂ 2014 ਦੀਆਂ ਪਾਰਲੀਮੈਂਟ ਚੋਣਾਂ ਵਿਚ ਬੀਜੇਪੀ ਦੀ ਅਗਵਾਈ ਵਿਚ ਨਰਿੰਦਰ ਮੋਦੀ ਦੀ ਸਰਕਾਰ ਬਣ ਗਈ ਤਾਂ ਇਹਨਾਂ ਜ਼ੁਲਮਾਂ ਵਿਚ ਤਿੱਖਾ ਵਾਧਾ ਵੇਖਣ ਨੂੰ ਮਿਲਿਆ। ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਨੂੰ ਮੁਖ ਨਿਸ਼ਾਨਾ ਬਣਾ ਕੇ ਹਮਲੇ ਅਤੇ ਬਲਾਤਕਾਰ ਰੋਜ਼ਮਰਾ ਦੀ ਗੱਲ ਬਣ ਗਈ। ਜਿਸ ਦਾ ਵਿਸਥਾਰ ਕਰਨਾ ਅੱਜ ਦੀ ਇਸ ਲਿਖਤ ਦਾ ਵਿਸ਼ਾ ਨਹੀਂ ਹੈ। ਅੱਜ ਤਾਂ ਅਸੀਂ ਮੁਕਤਸਰ ਜ਼ਿਲ੍ਹੇ ਦੇ ਪਿੰਡ ਜਵਾਹਰੇਵਾਲਾ ਵਿਚ ਹੋਏ ਦਿਲ ਕੰਬਾਊ ਅਤਿਆਚਾਰ ਦੀ ਕਹਾਣੀ ਲੋਕਾਂ ਸਾਹਮਣੇ ਪੇਸ਼ ਕਰਨੀ ਚਾਹੁੰਦੇ ਹਾਂ।
ਜਵਾਹਰੇਵਾਲਾ ਪਿੰਡ ਵਿਚ ਕਰੀਬ 1200 ਵੋਟ ਹਨ, ਜਿੰਨ੍ਹਾਂ ਵਿਚੋਂ ਕਰੀਬ 300 ਵੋਟ ਜਨਰਲ ਭਾਈਚਾਰੇ ਦੀ ਹੈ ਅਤੇ ਕਰੀਬ 750 ਵੋਟ ਐਸ.ਸੀ. ਭਾਈਚਾਰੇ ਦੀ ਤੇ ਕਰੀਬ 150 ਵੋਟ ਬੀ.ਸੀ. ਭਾਈਚਾਰੇ ਦੀ ਹੈ। ਇਕ ਹੋਰ ਗੱਲ ਵੀ ਧਿਆਨ ਗੋਚਰੀ ਹੈ ਕਿ ਥੋੜੇ ਘਰਾਂ ਨੂੰ ਛੱਡ ਕੇ ਬਾਕੀ ਸਾਰਾ ਪਿੰਡ ਕਾਂਗਰਸ ਦਾ ਹੀ ਸਮਰਥਕ ਹੈ। ਫਰਕ ਸਿਰਫ ਇਹ ਹੈ ਕਿ ਜਨਰਲ ਭਾਈਚਾਰੇ ਵਾਲੇ ਰਾਜਾ ਵੜਿੰਗ ਦੇ ਨੇੜੇ ਹਨ ਅਤੇ ਐਸ.ਸੀ. ਤੇ ਬੀ.ਸੀ. ਬਿਰਾਦਰੀ ਦੇ ਲੋਕ ਕਰਨ ਬਰਾੜ ਨਾਲ ਨੇੜਤਾ ਰੱਖਦੇ ਹਨ।
ਵਿਰੋਧ ਦਾ ਕਾਰਨ ਹੋਰ ਕਾਰਨਾਂ ਦੇ ਨਾਲ ਇਹ ਬਣ ਗਿਆ ਕਿ ਪੰਜ ਸਾਲ ਪਹਿਲਾਂ ਹੋਈਆਂ ਪੰਚਾਇਤ ਚੋਣਾਂ ਵਿਚ ਹੁਣ ਵਾਲੇ ਹਮਲਾਵਰ ਗਰੁੱਪ ਵਿਚੋਂ ਜਨਰਲ ਪਰਿਵਾਰ ਵਲੋਂ ਕਾਂਗਰਸ ਦੀ ਤਰਫ ਤੋਂ ਹਮਲਾਵਰ ਪ੍ਰਭਜੋਤ ਸਿੰਘ ਜੋਤ ਦਾ ਪਿਤਾ ਹਰਜਿੰਦਰ ਸਿੰਘ ਚੋਣ ਮੈਦਾਨ ਵਿਚ ਸੀ ਅਤੇ ਅਕਾਲੀਆਂ ਦੀ ਤਰਫ ਤੋਂ ਵਰਿੰਦਰ ਸਿੰਘ ਨਾਮ ਦਾ ਵਿਅਕਤੀ ਚੋਣ ਲੜ ਰਿਹਾ ਸੀ ਅਤੇ ਕਾਂਗਰਸੀ ਸਮਰਥਕ ਹੁੰਦਿਆਂ ਹੋਇਆਂ ਵੀ ਇਸ ਪੀੜਤ ਪਰਿਵਾਰ ਵਿਚੋਂ ਮੰਗਲ ਸਿੰਘ ਵੀ ਸਰਪੰਚੀ ਦੀ ਚੋਣ ਲੜਿਆ ਅਤੇ ਮੌਜੂਦਾ ਸਰਪੰਚ ਲਖਵਿੰਦਰ ਸਿੰਘ ਦੀ ਮਾਤਾ ਪੰਚੀ ਦੀ ਚੋਣ ਲੜੀ ਅਤੇ ਜਿੱਤ ਗਈ। ਇਸ ਸਖਤ ਮੁਕਾਬਲੇ ਵਿਚ ਕਾਂਗਰਸੀ ਉਮੀਦਵਾਰ ਉਪਰੋਕਤ ਹਰਜਿੰਦਰ ਸਿੰਘ 11 ਵੋਟਾਂ ਦੇ ਫਰਕ ਨਾਲ ਹਾਰ ਗਿਆ ਜਦਕਿ ਮੰਗਲ ਸਿੰਘ 91 ਵੋਟਾਂ ਲੈ ਗਿਆ ਤੇ ਵਰਿੰਦਰ ਸਿੰਘ ਜਿੱਤ ਕੇ ਸਰਪੰਚ ਬਣ ਗਿਆ। ਵਿਰੋਧ ਦਾ ਪਹਿਲਾ ਕਾਰਨ ਇਹ ਚੋਣ ਬਣ ਗਈ ਕਿਉਂਕਿ ਹਰਜਿੰਦਰ ਸਿੰਘ ਗਰੁੱਪ ਸਮਝਦਾ ਸੀ ਕਿ ਸਾਨੂੰ ਹਰਾਉਣ ਵਾਲਾ ਮੰਗਲ ਸਿੰਘ ਹੈ ਜਦਕਿ ਉਸ ਨੇ ਤਾਂ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕਰਦਿਆਂ ਹੀ ਚੋਣ ਲੜੀ ਸੀ।
ਹੁਣ 2018 ਵਿਚ ਹੋਈ ਪੰਚਾਇਤ ਚੋਣ ਵਿਚ ਇਹ ਪਿੰਡ ਰੀਜ਼ਰਵ ਹੋ ਗਿਆ ਅਤੇ ਮ੍ਰਿਤਕ ਕਿਰਨਦੀਪ ਸਿੰਘ ਦਾ ਭਰਾ ਲਖਵਿੰਦਰ ਸਿੰਘ ਕਾਂਗਰਸ ਦੀ ਤਰਫੋਂ ਚੋਣ ਮੈਦਾਨ ਵਿਚ ਸਰਪੰਚੀ ਲਈ ਚੋਣ ਲੜਿਆ। ਦੂਜੀ ਧਿਰ ਵਲੋਂ ਕਾਂਗਰਸ ਦੀ ਤਰਫ਼ ਤੋਂ ਹੀ ਮਲਕੀਤ ਸਿੰਘ ਗੱਬਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ। ਉਂਜ ਗਿੰਦਰ ਸਿੰਘ ਅਤੇ ਪਰਗਟ ਸਿੰਘ ਨਾਮ ਦੇ ਆਦਮੀ ਵੀ ਚੋਣ ਲੜੇ।
ਘਟਨਾ ਇਹ ਵਾਪਰੀ ਕਿ ਮਲਕੀਤ ਸਿੰਘ ਗਬਰ ਦੇ ਕਾਗਜ਼ ਦਾਖਲ ਕਰਨ ਵੇਲੇ ਉਹਨਾਂ ਵਲੋਂ ਪੁਰਾਣੀ ਵੋਟਰ ਲਿਸਟ ਕਾਗਜਾਂ ਨਾਲ ਲਾ ਦਿੱਤੀ ਜਿਸ ਕਰਕੇ ਉਸ ਦੇ ਕਾਗਜ ਰੱਦ ਹੋ ਗਏ ਤੇ ਤਿੰਨ ਉਮੀਦਵਾਰ ਮੈਦਾਨ ਵਿਚ ਰਹਿ ਗਏ। ਹਮਲਾਵਰ ਗਰੁੱਪ ਇਹ ਸਮਝਦਾ ਸੀ ਕਿ ਦਲਿਤਾਂ ਨੇ ਹੀ ਸਾਡੇ ਉਮੀਦਵਾਰ ਦੇ ਕਾਗਜ਼ ਰੱਦ ਕਰਵਾਏ ਹਨ। ਇਸ ਚੋਣ ਵਿਚ ਇਸੇ ਪੀੜਤ ਪਰਿਵਾਰ ਦਾ ਉਮੀਦਵਾਰ ਕਰੀਬ 300 ਵੋਟਾਂ ਦੇ ਫਰਕ ਨਾਲ ਜੇਤੂ ਰਿਹਾ ਅਤੇ ਨਾਲ 4 ਪੰਚ ਵੀ ਉਸ ਦੇ ਹੀ ਦਲਿਤਾਂ ਵਿਚੋਂ ਜਿੱਤ ਗਏ। ਜਨਰਲ ਕੈਟਾਗਰੀ ਵਿਚੋਂ ਜਿਤੇ 3 ਪੰਚਾਂ ਵਿਚੋਂ 2 ਮੌਜੂਦਾ ਸਰਪੰਚ ਦੀ ਹਮਾਇਤ ਕਰਨੀ ਚਾਹੁੰਦੇ ਹਨ। ਇਸ ਤੋਂ ਅੱਗੇ ਨਫਰਤ ਵਿਚ ਲਗਾਤਾਰ ਵਾਧਾ ਹੁੰਦਾ ਗਿਆ। ਪਹਿਲਾ ਵਿਰੋਧ ਉਸ ਵੇਲੇ ਸ਼ੁਰੂ ਹੋਇਆ ਜਦੋਂ ਪੰਚਾਇਤ ਨੇ ਆਪਣੀ ਬਹੁ ਸੰਮਤੀ ਨਾਲ ਪਿੰਡ  ਦੇ ਵਿਕਾਸ ਅਤੇ ਹੋਰ ਕੰਮ ਕਰਨੇ ਸ਼ੁਰੂ ਕਰ ਦਿੱਤੇ। ਹਮਲਾਵਰ ਗਰੁੱਪ ਦੇ ਆਗੂ ਲਗਾਤਾਰ ਐਮ.ਐਲ.ਏ. ਰਾਜਾ ਵੜਿੰਗ ਨਾਲ ਸੰਪਰਕ ਰੱਖਦੇ ਹਨ ਤੇ ਉਸ ਨੂੰ ਮਿਲਦੇ ਵੀ ਰਹਿੰਦੇ ਹਨ। ਉਹ ਚਾਹੁੰਦੇ ਹਨ ਕਿ ਪਿੰਡ ਦੀ ਪੰਚਾਇਤ ਉਹਨਾਂ ਦੀ ਅਧੀਨਗੀ ਹੇਠ ਅਤੇ ਉਹਨਾਂ ਦੀ ਮਰਜ਼ੀ ਤੇ ਸਰਦਾਰੀ ਹੇਠ ਚੱਲੇ। ਜੋ ਮੌਜੂਦਾ ਪੰਚਾਇਤ ਨੇ ਕਬੂਲ ਨਹੀਂ ਕੀਤਾ।
ਦੂਸਰਾ ਤਿੱਖਾ ਵਿਰੋਧ ਉਸ ਵੇਲੇ ਸ਼ੁਰੂ ਹੋ ਗਿਆ ਜਦੋਂ ਪਿੰਡ ਦੇ ਡੀਪੂ ਹੋਲਡਰ ਨੇ 2 ਰੁਪਏ ਕਿਲੋ ਵਾਲੀ ਕਣਕ ਲਿਆ ਕੇ ਮੌਜੂਦਾ ਪੰਚਾਇਤ ਦੀ ਹਾਜ਼ਰੀ ਵਿਚ ਵੰਡਣੀ ਸ਼ੁਰੂ ਕੀਤੀ। ਬਦਕਿਸਮਤੀ ਨਾਲ ਪਬਲਿਕ ਵੰਡ ਪ੍ਰਣਾਲੀ ਦੀ ਗਲਤੀ ਤੇ ਬੇਈਮਾਨੀ ਨਾਲ ਕਣਕ ਦੇ ਬੋਰੇ ਕੋਈ 1 ਕਿਲੋ, ਕੋਈ 500 ਗ੍ਰਾਮ, ਕੋਈ 200 ਗ੍ਰਾਮ ਤੋਲ ਵਿਚ ਘੱਟ ਪਾਇਆ ਗਿਆ। ਇਸ ਦਾ ਇਲਜਾਮ ਵੀ ਹਮਲਾਵਰ ਗਰੁੱਪ ਨੇ ਡੀਪੂ ਹੋਲਡਰ ਜਾਂ ਮਹਿਕਮੇਂ ‘ਤੇ ਪਾਉਣ ਦੀ ਬਜਾਏ ਪੀੜਤ ਪਰਿਵਾਰ ਸਿਰ ਮੜ੍ਹਨ ਦਾ ਅਸਫਲ ਯਤਨ ਕੀਤਾ। ਡੀਪੂ ਹੋਲਡਰ ਨੇ ਆਰ.ਟੀ.ਆਈ. ਰਾਹੀਂ ਤੋਲ ਦੀ ਜਾਂਚ ਕਰਵਾ ਕੇ ਸਬੰਧਤ ਇੰਸਪੈਕਟਰ ਉਪਰ ਕੇਸ ਕਰਵਾ ਦਿੱਤਾ ਜੋ ਬਾਅਦ ਵਿਚ ਗਲਤੀ ਮੰਨ ਕੇ ਅਤੇ ਅੱਗੇ ਤੋਂ ਪੂਰੀ ਕਣਕ ਦੇਣ ਦਾ ਵਾਅਦਾ ਕਰਨ ਨਾਲ ਹੱਲ ਹੋ ਗਿਆ।
ਤਾਜੀ ਘਟਨਾ ਇਹ ਵਾਪਰੀ ਕਿ 13 ਜੁਲਾਈ ਨੂੰ ਮਨਰੇਗਾ ਦਾ ਕੰਮ ਚਲ ਰਿਹਾ ਸੀ ਅਤੇ ਇੰਟਰਲੋਕ ਟਾਈਲਾਂ ਲਾ ਕੇ ਗਲੀਆਂ ਪੱਕੀਆਂ ਕੀਤੀਆਂ ਜਾ ਰਹੀਆਂ ਸਨ। ਮੰਗਲ ਸਿੰਘ (ਮੁਖ ਗਵਾਹ), ਧਰਮਿੰਦਰ ਸਿੰਘ (ਜਖ਼ਮੀ), ਪਰਵਿੰਦਰ ਕੌਰ, ਕਿਰਨਦੀਪ ਸਿੰਘ (ਮ੍ਰਿਤਕ), ਗੁਰਜੀਤ ਸਿੰਘ (ਜਖ਼ਮੀ), ਮਿੰਨੀ ਰਾਣੀ (ਮ੍ਰਿਤਕ) ਅਤੇ ਹੋਰ ਮਨਰੇਗਾ ਮਜ਼ਦੂਰ ਕੰਮ ਕਰ ਰਹੇ ਸੀ ਤੇ ਕੰਮ ਵੀ ਪੀੜਤ ਪਰਿਵਾਰ ਦੇ ਘਰਾਂ ਸਾਹਮਣੇ ਚਲ ਰਿਹਾ ਸੀ। ਕਰੀਬ 10.30 ਵਜੇ ਹਮਲਾਵਰ ਗਰੁੱਪ ਜਿੰਨ੍ਹਾ ਵਿਚ ਪਲਵਿੰਦਰ ਸਿੰਘ ਉਰਫ ਪੱਪੂ ਸਾਬਕਾ ਸਰਪੰਚ, ਗੁਰਜੀਤ ਸਿੰਘ, ਦੁਗੀ ਸਿੰਘ, ਅੰਗਰੇਜ਼ ਸਿੰਘ, ਜਸਵੀਰ ਸਿੰਘ, ਗੁਲਜਾਰ ਸਿੰਘ, ਹਰਦਮ ਸਿੰਘ, ਗੱਬਰ ਸਿੰਘ, ਈਸ਼ਵਰ ਸਿੰਘ, ਸੰਦੀਪ ਸਿੰਘ ਸੀਪਾ, ਕਾਂਗਰਸ ਦੇ ਯੂਥ ਵਿੰਗ ਦਾ ਜ਼ਿਲ੍ਹਾ ਆਗੂ ਪ੍ਰਭਜੋਤ ਸਿੰਘ, ਜੋਤ ਬਰਾੜ, ਦਵਿੰਦਰ ਸਿੰਘ ਬਿੰਦੂ ਅਤੇ ਹੋਰ ਆਦਮੀ ਬੰਦੂਕਾਂ, ਪਿਸਤੌਲਾਂ, ਅਤੇ ਰਵਾਇਤੀ ਹਥਿਆਰਾਂ ਡਾਂਗਾਂ, ਗੰਡਾਸਿਆਂ ਨਾਲ ਲੈਸ ਹੋ ਕੇ ਚਲਦੇ ਕੰਮ ਵਾਲੀ ਥਾਂ ‘ਤੇ ਆ ਗਏ ਅਤੇ ਕਹਿਣ ਲੱਗੇ ਕਿ ਤੁਹਾਨੂੰ ਸਾਡੀ ਆਗਿਆ ਤੋਂ ਬਿਨਾਂ ਕੰਮ ਕਰਨ ਕਿਸ ਨੇ ਲਾਇਆ ਹੈ। ਜਦ ਅੱਗਿਓਂ ਜਵਾਬ ਮਿਲਿਆ ਕਿ ਅਸੀਂ ਪੰਚਾਇਤ ਦੀ ਆਗਿਆ ਨਾਲ ਕੰਮ ਕਰ ਰਹੇ ਹਾਂ ਤਾਂ ਦੋਸ਼ੀਆਂ ਨੇ ਤੁਰੰਤ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਕਿਰਨਦੀਪ ਸਿੰਘ, ਮਿੰਨੀ ਰਾਣੀ, ਧਰਮਿੰਦਰ ਸਿੰਘ, ਗੁਰਜੀਤ ਸਿੰਘ ਅਤੇ 8-9 ਸਾਲ ਦੇ ਬੱਚੇ ਸ਼ਹਿਦ ਦੇ ਲੱਗੀਆਂ। ਕਿਰਨਦੀਪ ਸਿੰਘ ਅਤੇ ਮਿੰਨੀ ਰਾਣੀ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਗੁਰਜੀਤ ਸਿੰਘ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਧਰਮਿੰਦਰ ਸਿੰਘ ਅਤੇ ਛੋਟਾ ਬੱਚਾ ਸ਼ਹਿਦ ਜਖਮੀ ਹਾਲਤ ਵਿਚ ਹਨ। ਮ੍ਰਿਤਕਾਂ ਅਤੇ ਜਖਮੀਆਂ ਨੂੰ ਤੁਰੰਤ ਮੁਕਤਸਰ ਦੇ ਹਸਪਤਾਲ ਲਿਆਂਦਾ ਗਿਆ ਤੇ ਇਲਾਜ ਸ਼ੁਰੂ ਕਰਵਾਇਆ ਗਿਆ। ਇਹ ਖਬਰ ਜੰਗਲ ਦੀ ਅੱਗ ਵਾਂਗੂੰ ਫੈਲ ਗਈ। ਜਿੱਥੋਂ ਤੱਕ ਸਾਡੀ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਦਾ ਸਬੰਧ ਹੈ ਉਸ ਦੇ ਆਗੂ ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ ਤੁਰੰਤ ਹਸਪਤਾਲ ਪਹੁੰਚੇ ਅਤੇ ਪੀੜਤ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦੀ ਪੇਸ਼ਕਸ਼ ਕੀਤੀ।
ਅਗਲੇ ਦਿਨ ਮਿਤੀ 14 ਜੁਲਾਈ 2019 ਨੂੰ ਦਿਹਾਤੀ ਮਜਦੂਰ ਸਭਾ ਦੇ ਕਾਫੀ ਸਾਥੀ ਸਵੇਰੇ ਹੀ ਪਿੰਡ ਜਵਾਹਰੇ ਵਾਲਾ ਪੁੱਜ ਗਏ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਨ ਤੋਂ ਬਾਅਦ ਸੰਘਰਸ਼ ਲਈ ਤਿਆਰ ਕਰਕੇ ਮੁਕਤਸਰ ਲੈ ਆਂਦਾ ਅਤੇ ਚੌਕ ਵਿਚ ਧਰਨਾ ਆਰੰਭ ਕਰ ਦਿੱਤਾ ਜਿਸ ਤੋਂ ਬਾਅਦ ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਸੰਵਿਧਾਨ ਬਚਾਓ ਮੰਚ, ਪੀ.ਐਸ.ਯੂ., ਬਾਲਮੀਕ ਸਭਾ, ਆਦ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ, ਸ਼੍ਰੀ ਰਵੀਦਾਸ ਵਿਕਾਸ ਮੰਚ, ਕ੍ਰਾਂਤੀਕਾਰੀ ਨਿਰਮਾਣ ਯੂਨੀਅਨ, ਬਹੁਜਨ ਸਮਾਜ ਪਾਰਟੀ, ਰੰਘਰੇਟਾ ਦਲ ਅਤੇ ਹੋਰ ਜਥੇਬੰਦੀਆਂ ਇਸ ਸੰਘਰਸ਼ ਵਿਚ ਸ਼ਾਮਲ ਹੁੰਦੀਆਂ ਗਈਆਂ ਤੇ ਐਕਸ਼ਨ ਕਮੇਟੀ ਬਣਾ ਕੇ ਲਗਾਤਾਰ ਸੰਘਰਸ਼ ਵਿੱਢ ਦਿੱਤਾ ਗਿਆ।
ਸਿਤਮ ਦੀ ਗੱਲ ਇਹ ਹੈ ਕਿ 14 ਜੁਲਾਈ ਤੋਂ ਚਲ ਰਹੇ ਸੰਘਰਸ਼ ਦੌਰਾਨ ਵੀ ਪੁਲਸ ਅਜੇ ਤੱਕ ਸਿਰਫ ਪੰਜ ਦੋਸ਼ੀ ਗ੍ਰਿਫਤਾਰ ਕਰ ਸਕੀ ਹੈ ਅਤੇ ਬਾਕੀ ਦੋਸ਼ੀਆਂ, ਜੋ ਕਿ ਵੱਡੀਆਂ ਜਗੀਰਾਂ ਵਾਲੇ ਅਤੇ ਧਨ ਕੁਬੇਰ ਹਨ, ਉਹਨਾਂ ਨੂੰ ਹੱਥ ਨਹੀਂ ਪਾ ਰਹੀ। ਇਹ ਸਤਰਾਂ ਲਿਖਣ ਤੱਕ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਕਰਵਾਇਆ ਗਿਆ। ਪੁਲਸ ਪੋਸਟਮਾਰਟਮ ਕਰਾਉਣ ਲਈ ਤਾਂ ਜ਼ੋਰ ਲਾ ਰਹੀ ਹੈ ਪਰ ਦੋਸ਼ੀਆਂ ਨੂੰ ਫੜਨ ਵਿਚ ਪੂਰੀ ਤਰ੍ਹਾਂ ਨਾਕਾਮ ਹੈ। ਅਤੇ 7 ਦੋਸ਼ੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾਵਰ ਧਿਰ ਵਲੋਂ ਪੰਜ ਆਡੀਓ ਰੀਲੀਜ਼ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਪੁਲਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਦਕਿ ਅੱਜ ਦੀ ਤਕਨੀਕ ਇਸ ਬਾਰੇ ਪਤਾ ਲਾਉਣ ਦੇ ਸਮਰੱਥ ਹੈ।
ਅਸੀਂ ਦਿਹਾਤੀ ਮਜ਼ਦੂਰ ਸਭਾ ਵਲੋਂ ਕਹਿਣਾ ਚਾਹੁੰਦੇ ਹਾਂ ਕਿ ਇਹ ਹਮਲਾ ਜਿੱਥੇ ਉਚ ਜਾਤੀ ਹੰਕਾਰ ਅਧੀਨ ਦਲਿਤਾਂ ਨੂੰ ਦਬਾਅ ਕੇ ਰੱਖਣ ਦਾ ਹੈ ਉਥੇ ਮਜ਼ਦੂਰਾਂ ਦੀ ਅਗਵਾਈ ਵਿਚ ਚੱਲਦੀਆਂ ਪੰਚਾਇਤਾਂ ਨੂੰ ਬਰਦਾਸ਼ਤ ਨਾ ਕਰਨ ਦਾ ਵੀ ਹੈ ਅਤੇ ਆਪਣੇ ਹੱਥ ਠੋਕੇ ਬਣਾ ਕੇ ਚਲਾਉਣ ਦਾ ਵੀ ਹੈ। ਇਸ ਸਾਰੇ ਵਰਤਾਰੇ ਪਿੱਛੇ ਮੌਜੂਦਾ ਕਾਂਗਰਸ ਸਰਕਾਰ ਦੀ ਅਤੇ ਸਾਬਕਾ ਅਕਾਲੀ ਸਰਕਾਰ ਦੀ ਮਾਨਸਿਕਤਾ ਵੀ ਸਪੱਸ਼ਟ ਨਜ਼ਰ ਆਉਂਦੀ ਹੈ।
ਇਸ ਕੇਸ ਵਿਚ ਧਾਰਾ 307, 302, 120ਬੀ, 148, 149, 25/27/54/59, 452 ਅਤੇ ਐਸ.ਸੀ.ਐਸ.ਟੀ. ਐਕਟ ਲੋਕ ਸੰਘਰਸ਼ ਦੇ ਦਬਾਅ ਹੇਠ ਲੱਗੀਆਂ ਹੋਈਆਂ ਹਨ। ਅਸੀਂ ਜਿੱਥੇ ਪੁਲਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਜ਼ੋਰਦਾਰ ਮੰਗ ਕਰਦੇ ਹਾਂ ਉਥੇ ਅਸੀਂ ਮਜ਼ਦੂਰ ਜਥੇਬੰਦੀਆਂ, ਮਜ਼ਦੂਰ ਹਿਤੈਸ਼ੀ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੰਦੇ ਹਾਂ। ਹੋਰ ਜਮਹੂਰੀ ਤੇ ਅਮਨ ਪਸੰਦ ਤਾਕਤਾਂ, ਮਨੁੱਖਤਾ ਦੇ ਹਾਮੀ, ਇਨਸਾਨੀਅਤ ਦੇ ਕਦਰਦਾਨ, ਲੋਕਾਂ ਅਤੇ ਇਨਸਾਫ ਲਈ ਲੜਨ ਵਾਲੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਇਸ ਸੰਘਰਸ਼ ਵਿਚ ਤਨ, ਮਨ, ਧਨ ਨਾਲ ਮਦਦ ਕਰਨ ਦੀ ਜ਼ੋਰਦਾਰ ਅਪੀਲ ਕਰਦੇ ਹਾਂ ਤਾਂ ਕਿ ਆਉਣ ਵਾਲੇ ਵੱਡੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਹੁਣ ਤੋਂ ਹੀ ਇਕੱਠੇ ਹੋ ਕੇ ਲੜੀਏ ਅਤੇ ਮੁਕਾਬਲਾ ਕਰ ਸਕੀਏ। ਇਸ ਇਕੱਠ ਦੀ ਜਰੂਰਤ ਬਾਰੇ ਅਸੀਂ ਇਕ ਹੋਰ ਗੱਲ਼ ਪੂਰੇ ਜੋਰ ਨਾਲ ਕਹਿਣਾ ਚਾਹੁੰਦੇ ਹਾਂ ਕਿ ਇਕ ਮਹੀਨਾ ਪਹਿਲਾਂ ਮੁਕਤਸਰ ਵਿਚ ਹੀ ਕਾਂਗਰਸ ਦੇ ਭੂਤਰੇ ਹੋਏ ਗੁੰਡਿਆਂ ਨੇ ਰਾਕੇਸ਼ ਚੌਧਰੀ ਦੇ ਇਸ਼ਾਰੇ ਤੇ ਇਕ ਔਰਤ ਨੂੰ ਘਰ ਤੋਂ ਖਿੱਚ ਕੇ ਬਾਹਰ ਗਲੀ ਵਿਚ ਸੁੱਟ ਕੇ ਬੇਤਹਾਸ਼ਾ ਮਾਰਕੁਟ ਕਰਕੇ ਅੱਧ ਮੋਈ ਕਰ ਦਿੱਤਾ ਸੀ ਪਰ ਉਸ ਕੇਸ ਵਿਚ ਕਾਂਗਰਸ ਸਰਕਾਰ ਦੀ ਸ਼ਹਿ ‘ਤੇ ਅਜੇ ਵੀ ਤਿੰਨ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਆਓ ਸੁਚੇਤ ਹੋ ਕੇ ਲੋਕਾਂ ਨੂੰ ਜਾਗਰੂਕ ਕਰੀਏ ਤੇ ਸੰਘਰਸ਼ ਦੇ ਰਾਹ ਪਾਈਏ। ਕਿਤੇ ਇਸ ਮੌਜੂਦਾ ਕੇਸ ਵਿਚ ਵੀ ਦੋਸ਼ੀ ਬਚ ਨਾ ਜਾਣ। ਇਸਦਾ ਇਕੋ ਇਕ ਹੱਲ ਜ਼ੋਰਦਾਰ ਸੰਘਰਸ਼ ਹੀ ਹੈ।
ਇਸੇ ਭਾਵਨਾ ਨੂੰ ਮੁੱਖ ਰੱਖਦਿਆਂ ਸੰਘਰਸ਼ ਦੀ ਅਗਵਾਈ ਕਰ ਰਹੀ ਐਕਸ਼ਨ ਕਮੇਟੀ ਵਲੋਂ 22 ਜੁਲਾਈ ਨੂੰ ਪੰਜਾਬ ਪੱਧਰ ਦਾ ਇਕੱਠ ਕਰਕੇ ਸੜਕ ਜਾਮ ਕੀਤੀ ਗਈ। ਮ੍ਰਿਤਕਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਕਮੇਟੀ ਮ੍ਰਿਤਕਾਂ ਦਾ ਪੋਸਟ ਮਾਰਟਮ ਅਤੇ ਅੰਤਮ ਸੰਸਕਾਰ ਕਰਨ ਲਈ ਸਹਿਮਤ ਹੋ ਗਈ। ਪ੍ਰੰਤੂ ਐਕਸ਼ਨ ਕਮੇਟੀ ਨੇ ਐਲਾਨ ਕੀਤਾ ਹੈ ਕਿ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਪ੍ਰਸ਼ਾਸਨ ਵਲੋਂ ਕੀਤੇ ਗਏ ਕੋਲ ਕਰਾਰ ਪੂਰੇ ਨਾ ਹੋਣ ਦੀ ਸੂਰਤ ਵਿਚ ਹੋਰ ਤਿੱਖਾ ਸੰਘਰਸ਼ ਛੇੜਿਆ ਜਾਵੇਗਾ। ਇਸੇ ਦੌਰਾਨ ਡੀਸੀ ਮੁਕਤਸਰ ਨੇ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਦੋਹਾਂ ਮ੍ਰਿਤਕਾਂ ਦੇ ਵਾਰਸਾਂ ਨੂੰ 16.50 ਲੱਖ ਰੁਪਏ ਦਿੱਤੇ ਜਾਣਗੇ। ਪਰਿਵਾਰਕ ਜੀਆਂ ਨੂੰ ਸਰਕਾਰੀ ਨੌਕਰੀ ਦੇਣ ਸਬੰਧੀ ਪੰਜਾਬ ਸਰਕਾਰ ਨੂੰ ਸਿਫਾਰਸ਼ ਕੀਤੀ ਜਾਵੇਗੀ ਅਤੇ 5000 ਰੁਪਏ ਪ੍ਰਤੀ ਮਹੀਨਾ ਪ੍ਰਤੀ ਪਰਿਵਾਰ ਪੈਨਸ਼ਨ ਦਿੱਤੀ ਜਾਵੇਗੀ। ਐਕਸ਼ਨ ਕਮੇਟੀ ਨੇ ਸੰਘਰਸ਼ ਦੀ ਅਗਲੀ ਰੂਪ ਰੇਖਾ ਮ੍ਰਿਤਕਾਂ ਦੇ ਭੋਗ ਸਮਾਗਮ ਵਾਲੇ ਦਿਨ ਉਲੀਕਣ ਦਾ ਨਿਰਣਾ ਲਿਆ ਹੈ।
(24-7-2019)

Scroll To Top